BalbirSikand7ਕਾਹਨੂੰ ਐਨੀਆਂ ਲੰਬੀਆਂ ਚੌੜੀਆਂ ਲਿਸਟਾਂ ਗਿਣਾਕੇ ਆਪਣਾ ਤੇ ਮੇਰਾ ਵਕਤ ਖ਼ਰਾਬ ਕਰਦੇ ਰਹਿੰਦੇ ਹੋਜਿਹੜਾ ਇੱਕ ਅੱਧਾ ਪੁਰਜ਼ਾ ...
(6 ਮਾਰਚ 2018)

 

BalbirSikand3

(10 ਮਈ 1942  -  2 ਫਰਬਰੀ 2018)

 

ਸਵੈਜੀਵਨੀ ‘ਜ਼ੰਗਾਲਿਆ ਕਿੱਲ’ ਵਿੱਚੋਂ ਇਕ ਕਾਂਡ

 

BalbirSikandB2ਵੈਨਕੂਵਰ ਸ਼ਹਿਰ ਨੂੰ ਜੇ ਧਰਤੀ ’ਤੇ ਸਿਰਜਿਆ ਸਵਰਗ ਕਹਾਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀਇਉਂ ਲਗਦਾ ਹੈ ਜਿਵੇਂ ਦਾਤੇ ਨੇ ਆਪ ਖ਼ਾਸ ਵਿਹਲ ਕੱਢ ਕੇ, ਪੂਰੇ ਚਾਵਾਂ ਮਲ੍ਹਾਰਾਂ ਨਾਲ, ਆਪਣੀ ਕਲਾ ਕਿਰਤ ਦਿਖਾਵਣ ਲਈ ਸਾਰੀ ਸ੍ਰਿਸ਼ਟੀ ਵਿੱਚ ਇੱਕ ਤੋਂ ਇੱਕ ਵਧੀਆ ਸੁਹੱਪਣ ਦੇ ਨਜ਼ਾਰੇ ਚੁਣ ਚੁਣਕੇ, ਇਸ ਧਰਤੀ ਦੇ ਖ਼ਾਸ ਖਿੱਤੇ ਨੂੰ ਸਜਾ ਦਿੱਤਾ ਹੋਵੇਜਾਂ, ਇਉਂ ਵੀ ਕਹਿ ਸਕਦੇ ਹਾਂ ਕਿ ਜਿਵੇਂ ਦਾਤੇ ਨੇ ਬਾਬਾ ਵਿਸ਼ਕਰਮਾ ਜੀ ਦੀ ਇਸ ਮਹਾਨ ਕਾਰਜ ਲਈ ਖਾਸ ਨਿਯੁਕਤੀ ਕੀਤੀ ਹੋਵੇ ਕਿ ਕਿਸੇ ਪਾਸਿਉਂ ਵੀ ਕੋਈ ਕਮੀ ਨਹੀਂ ਰਹਿਣੀ ਚਾਹੀਦੀਜਿੱਧਰ ਵੀ ਨਜ਼ਰ ਉੱਠਦੀ ਬੱਸ ਉੱਥੇ ਹੀ ਟਿਕੀ ਰਹਿ ਜਾਂਦੀਇੰਨੇ ਰਮਣੀਕ, ਸੁੰਦਰ ਬਾਗ ਬਗੀਚੇ ..., ਦੂਰ ਦੂਰ ਤੱਕ ਫੈਲੀਆਂ, ਛੋਟੀਆਂ ਛੋਟੀਆਂ, ਹਰੀਆਂ ਭਰੀਆਂ ਖ਼ਮਲੀ, ਉੱਚੀਆਂ ਨੀਵੀਆਂ ਘਾਟੀਆਂ! ਅਤੇ ਧਰਤੀ ਦੀ ਹਿੱਕ ਤੇ ਸੱਪਾਂ ਵਾਂਗੂੰ ਮੇਲ੍ਹਦੇ ਦਰਿਆ, ਉਨ੍ਹਾਂ ਉੱਤੇ ਇੰਨੇ ਉੱਚੇ ਤੇ ਲੰਬੇ ਲੰਬੇ ਪੁਲ, ਜਿਵੇਂ ਕਿਸੇ ਨੇ ਅਰਸ਼ ਨੂੰ ਪੀਂਘਾਂ ਪਾਈਆਂ ਹੋਣ ... ਤੇ ਸ਼ਹਿਰ ਦੇ ਇੱਕ ਪਾਸੇ ਲਗਦਾ ਵਿਸ਼ਾਲ ਸਮੁੰਦਰ ਦਾ ਕਿਨਾਰਾ ਜਿਵੇਂ ਕਹਿੰਦੇ ਹਨ ਕਿ ਹਰ ਸੋਹਣੀ ਸ਼ੈਅ ਨੰ ਜ਼ਰੂਰ ਕਿਸੇ ਦੀ ਬੁਰੀ ਨਜ਼ਰ ਲੱਗ ਜਾਂਦੀ ਹੈ, ਸੋਹਣੇ ਚੰਨ ਨੂੰ ਵੀ ਗ੍ਰਹਿਣ ਲੱਗ ਜਾਂਦਾ ਹੈ, ਇਵੇਂ ਇਸ ਖ਼ੂਬਸੂਰਤ ਬੰਦਰਗਾਹ ਨੁਮਾ ਕਿਨਾਰੇ ਨੂੰ ਵੀ ਕੁਝ ਦਹਾਕੇ ਪਹਿਲਾਂ, ਕਾਮਾਗਾਟਾ ਮਾਰੂ, ਵਾਲਾ ਗ੍ਰਹਿਣ ਲੱਗ ਚੁੱਕਾ ਹੈ, ਜੋ ਮਨੁੱਖਤਾ ਦੇ ਸੁੱਚੇ ਪੱਲੂ ਤੇ ਬਦਨੁਮਾ ਕਲੰਕਿਤ ਧੱਬਾ ਸਦਾ ਲਈ ਰਹੇਗਾਅੱਛਾ ਖ਼ੈਰ ... ਜੋ ਉਸਦੀ ਰਜ਼ਾ ...

ਜੇ ਰੱਬ ਨੇ ਵੈਨਕੂਵਰ ਦੀ ਧਰਤੀ ਤੇ ਆਪ ਆਪਣੇ ਹੱਥੀਂ ਇੱਥੇ ਸਵਰਗ ਵਸਾਇਆ ਹੈ ਸ਼ਾਇਦ ਇਸੇ ਰੱਬ ਨੇ ਆਪਣੇ ਸਵਰਗ ਵਿੱਚੋਂ ਹੀ ਦੇਵਤਿਆਂ ਵਰਗੇ ਵਧੀਆ ਬੰਦੇ ਵੀ ਇੱਥੇ ਵਸਾਏ ਨੇ ਹੋ ਸਕਦਾ ਹੈ 5-10% ਚੋਰੀ ਛਿਪੀਂ ਕਿਤੋਂ ਗੈਰਕਾਨੂੰਨੀ ਤੌਰ ’ਤੇ ਉਦੋਂ ਦੈਂਤ ਵੀ ਆਣ ਵਸੇ ਹੋਣਪਰ ਜ਼ਿਆਦਾਤਰ ਲੋਕਾਂ ਵਿੱਚ ਇੱਥੇ ਨਿਮਰਤਾ, ਪਿਆਰ, ਅਪਣੱਤ ਤੇ ਮਿਲਾਪੜਾਪਣ ਡੁੱਲ੍ਹ ਡੁੱਲ੍ਹ ਪੈਂਦਾ ਹੈਸਾਰੇ ਹੀ ਇੱਕ ਤੋਂ ਇੱਕ ਵਧੀਆ, ਦਰਿਆ-ਦਿਲ, ਦਰਵੇਸ਼ ਤਬੀਅਤ ਵਾਲੇ, ਮਿੱਠਬੋਲੜੇ ਤੇ ਨਿੱਘੇ, ਮਨੁੱਖਤਾ ਨੂੰ ਪਿਆਰ ਕਰਨ ਵਾਲੇ ਬੰਦੇ ਨੇਸਭ ਦੇ ਚਿਹਰਿਆਂ ਤੇ ਰੱਬੀ ਨੂਰ ਦੀ ਝਲਕ ਪੈਂਦੀ ਹੈਈਰਖਾ, ਦਵੇਸ਼, ਕਲੇਸ਼, ਨਿੰਦਾ ਜਿਹੀਆਂ ਵਾਦੀਆਂ ਇੰਨ੍ਹਾਂ ਤੋਂ ਕੋਹਾਂ ਦੂਰ ਨੇ

ਇਸੇ ਸੋਹਣੀ ਜਿਹੀ ਧਰਤੀ ਦੇ ਖਿੱਤੇ ਵਿੱਚ ਇੱਕ ਸੋਹਣੇ ਜਿਹੇ ਦਿਲ ਵਾਲਾ, ਇੱਕ ਸੋਹਣਾ ਜਿਹਾ, ਮਿਲਾਪੜਾ ਜਿਹਾ, ਇੱਕ ਸ਼ੀਸ਼ੇ ਵਰਗੀ ਉੱਚੀ ਰੂਹ ਦਾ ਮਾਲਿਕ, ਹਸੂੰ ਹਸੂੰ ਕਰਦਾ ਚਿਹਰਾ, ਮੇਰੇ ਵਰਗੇ ਲੱਖਾਂ ਸ੍ਰੋਤਿਆਂ ਦੇ ਦਿਲ ਦੀ ਧੜਕਣ, ਮੇਰੀ ਜਾਨ ਤੋਂ ਵੀ ਪਿਆਰਾ, ਮੇਰਾ ਖ਼ਾਸ ਅਜੀਜ਼ ਬਲਜਿੰਦਰ ਅਟਵਾਲ ਰਹਿੰਦਾ ਹੈਮੇਰੇ ਵਰਗੇ ਨਿਮਾਣੇ ਜਿਹੇ ਬੰਦੇ ਦੀ ਕਿੱਡੀ ਵੱਡੀ ਖ਼ੁਸ਼ਕਿਸਮਤੀ ਹੈ ਕਿ ਉਹ ਵੀ ਮੈਂਨੂੰ ਜਾਣਦਾ ਹੈ; ਕੀ ਇੰਨਾ ਮਾਣ ਮੇਰੇ ਲਈ ਘੱਟ ਹੈ? ਉਸਦੇ ਇੰਨੇ ਸਾਰੇ ਗੁਣਾਂ ਦੀ ਪਹਿਚਾਣ ਕਰਵਾਉਣਾ ਮੇਰੇ ਵਰਗੇ ਆਮ ਸਾਧਾਰਨ, ਝੱਲੇ ਜਿਹੇ ਲੇਖਕ ਦੀ ਪਹੁੰਚ ਤੋਂ ਕਿਤੇ ਬਾਹਰ ਹੈਉਹ ਜਿੰਨਾ ਵਧੀਆ ਟੀ.ਵੀ. ਅਤੇ ਰੇਡੀਓ ਹੋਸਟ ਹੈ, ਉਸ ਤੋਂ ਵੀ ਕਿਤੇ ਜ਼ਿਆਦਾ ਨਿਪੁੰਨ ਐਡੀਟਰ ਹੈਹਰ ਇੱਕ ਸੀਨ ਦੇ ਇੱਕ ਇੱਕ ਫਰੇਮ ਨੂੰ ਏਨੀ ਬਰੀਕੀ ਨਾਲ ਘੋਖਣਾ ਤੇ ਪੂਰੀ ਸ਼ਿੱਦਤ ਨਾਲ ਉਸ ਸੀਨ ਨਾਲ ਇਨਸਾਫ਼ ਕਰਨਾ ਜਾਣੋ ਉਸਦਾ ਜਨੂੰਨ ਹੈਉਹ ਆਪ ਵਿੱਚ ਹੀ ਇੱਕ ਪਾਰਸ ਹੈ; ਉਹ ਕਿਸੇ ਵੀ ਗਲ਼ੇ ਸੜੇ ਨਕਾਰਾ ਮਨੂਰ ਨੂੰ ਵੀ ਤਰਾਸ਼ਕੇ ਇੱਕ ਜਗਮਗਾਉਂਦਾ ਹੀਰਾ ਬਣਾ ਸਕਦਾ ਹੈਜਿੰਨਾ ਵਧੀਆ ਤੇ ਸਿਰੜੀ ਉਹ ਟੈਕਨੀਸ਼ਨ ਹੈ, ਉਸ ਤੋਂ ਕਈ ਹਜ਼ਾਰ ਗੁਣਾ ਵਧੀਆ ਉਹ ਮਨੁੱਖ ਹੈਉਹ ਹਰਫ਼ਨ ਮੌਲਾ ਬੰਦੇ ਦੇ ਨਾਲ ਨਾਲ ਇੱਕ ਉਮਦਾ ਯਾਰਾਂ ਦਾ ਯਾਰ ਵੀ ਹੈਉਹ ਆਪਣੇ ਮਾਂ ਪਿਉ ਦਾ ਇੱਕ ਸਰਵਣ ਪੁੱਤਰ ਵੀ ਹੈਇੱਕ ਤਨੋਂ ਮਨੋਂ ਸਮਰਪਿਤ ਆਪਣੀ ਸੁਲੱਖਣੀ ਪਤਨੀ ਦਾ ਪਤੀ ਵੀ ਹੈ ਉਹ ਇੱਕ ਹਮਦਰਦ ਸੂਝਵਾਨ ਦੋਸਤਾਂ ਵਰਗਾ ਆਪਣੇ ਬੱਚਿਆਂ ਦਾ ਪਿਉ ਵੀ ਹੈ

ਵੈਸੇ ਤਾਂ ਮੈਂ ਪਿਛਲੇ 30-32 ਸਾਲਾਂ ਤੋਂ ਕੈਨੇਡਾ ਦੀ ਧਰਤੀ ਦਾ ਵਸਨੀਕ ਹਾਂਤਕਰੀਬਨ ਪਿਛਲੇ ਦੋ ਦਹਾਕਿਆਂ ਤੋਂ ਮੇਰੀ ਬਲਜਿੰਦਰ ਨਾਲ ਬਤੌਰ ਟੀ.ਵੀ. ਹੋਸਟ, ਪ੍ਰੋਗਰਾਮ ‘ਦੇਸ-ਪਰਦੇਸ’ ਬਣੀ ਹੋਈ ਹੈਪਰ ਪਿਛਲੇ 5-7 ਸਾਲਾਂ ਤੋਂ ਇਹ ਸਾਂਝ ਕਾਫ਼ੀ ਨੇੜੇ ਹੋ ਗਈਇਹ ਸਾਂਝ ਅੱਖਾਂ ਤੋਂ ਚੱਲਕੇ ਕੰਨਾਂ ਤੱਕ ਵੀ ਪਹੁੰਚ ਗਈਫਿਰ ਕਦੇ ਕਦੇ ਫ਼ੋਨ ’ਤੇ ਵੀ ਇਸ ਪਿਆਰੇ ਜਿਹੇ ਬੱਚੇ ਨਾਲ ਗੱਲਬਾਤ ਹੋ ਜਾਣ ਲੱਗੀਇਸ ਵਧਦੀ ਨੇੜਤਾ ਨੇ ਮਿਲਾਪ ਦੀ ਤਾਂਘ ਨੂੰ ਜਨਮ ਦਿੱਤਾ ਮੈਂ ਝਕਦਿਆਂ ਝਕਦਿਆਂ ਆਪਣੀਆਂ ਕੁਝ ਰਚਨਾਵਾਂ, ਗੀਤ, ਗਜ਼ਲਾਂ ਤੇ ਆਪਣੀ ‘ਅੰਬਰੀ’ ਫਿਲਮ ਦੀ ਡੀ.ਵੀ.ਡੀ. ਬਲਜਿੰਦਰ ਬੇਟੇ ਨੂੰ ਭੇਜ ਦਿੱਤੀਆਂਮੈਂਨੂੰ ਉਕਾ ਆਸ ਨਹੀਂ ਸੀ ਕਿ ਬਲਜਿੰਦਰ ਉਸ ਨੂੰ ਨਸ਼ਰ ਕਰੇਗਾ ... ਉਹ ਵੀ ਇੰਨੇ ਮਾਣ ਸਨਮਾਨ ਨਾਲਅਚਾਨਕ ਇੱਕ ਦਿਨ ਬੇਟੇ ਦਾ ਫ਼ੋਨ ਆਇਆ ਕਿ ਅੱਜ ਦਾ ਪ੍ਰੋਗਰਾਮ ਜ਼ਰੂਰ ਦੇਖਣਾਮੈਂਨੂੰ ਇੱਕ ਦਮ ਏਡੀ ਵੱਡੀ ਖ਼ੁਸ਼ਨੁਮਾ ਹੈਰਾਨੀ ਦਿੱਤੀ ਕਿ ਮੈਂ ਦੰਗ ਹੀ ਰਹਿ ਗਿਆਇੰਨੀ ਮਿਹਨਤ ਅਤੇ ਸ਼ਿੱਦਤ ਨਾਲ ਐਡਿਟ ਕਰਕੇ ਇੱਕ ਨਗੀਨੇ ਵਾਂਗ ਤਰਾਸ਼ ਕੇ, ਸੰਵਾਰਕੇ ਏਨੀ ਖ਼ੂਬਸੂਰਤੀ ਨਾਲ ਮੇਰੀ ਇੰਟਰਵਿਊ ਤੇ ਮੇਰੀਆਂ ਸਾਰੀਆਂ ਡੀਵੀਡੀ ਦੀਆਂ ਕਲਿੱਪਸ ਲਾ ਕੇ ਇੰਨਾ ਵਧੀਆ ਸਜਾਇਆ ਕਿ ਸਾਰੇ ਦਰਸ਼ਕ ਅਸ਼ ਅਸ਼ ਕਰ ਉੱਠੇ ਜਾਣੋ ਉਨ੍ਹਾਂ ਜਿਵੇਂ ਕਿਸੇ ਮੁਰਦੇ ਵਿੱਚ ਜਾਨ ਫ਼ੂਕ ਦਿੱਤੀ ਹੋਵੇਬਹੁਤੇ ਹੋਸਟਾਂ ਨੇ ਤਾਂ ਮੀਡੀਏ ਨੂੰ ਸਿਰਫ਼ ਵਪਾਰ ਹੀ ਬਣਾ ਲਿਆ ਹੈ; ਜਾਂ ਫਿਰ ਚੜ੍ਹਦੇ ਸੂਰਜ ਨੂੰ ਹੀ ਸਲਾਮ ਕਰਨ ਵਾਲੇ ਹਨਕਿਸੇ ਬੁਝਦੇ ਦੀਵੇ ਨੂੰ ਰੋਸ਼ਨ ਕਰਨਾ ਤਾਂ ਕਿਸੇ ਵਿਰਲੇ ਜੇਰੇ ਵਾਲੇ ਕਰਮ-ਯੋਗੀ ਦਾ ਕੰਮ ਹੈਮੈਨੂੰ ਤਾਂ ਜਿਵੇਂ ਫਿਰ ਤੋਂ ਜੀਣ ਦਾ ਮਕਸਦ ਮਿਲ ਗਿਆ ਹੋਵੇ

ਜੂਨ 2009 ਨੂੰ ਬਲਜਿੰਦਰ ਬੇਟੇ ਦੇ ਖ਼ਾਸ ਸੱਦੇ ਤੇ ਮੈਂ ਕੈਨੇਡਾ ਦੀ ਧਰਤੀ ਦਾ ਖ਼ਾਸ ਸਵਰਗ ਦੇਖਣ ਪਹੁੰਚ ਗਿਆਜਾਣੋ ਇਸ ਧਰਤੀ ਦੇ ਦਰਵੇਸ਼ ਤੇ ਮਿਲਾਪੜੇ ਬੰਦਿਆਂ ਨੇ ਮੈਨੂੰ ਇੱਕ ਨਿਮਾਣੇ ਜਿਹੇ ਬੰਦੇ ਨੂੰ ਆਪਣੀਆਂ ਪਲਕਾਂ ਉੱਤੇ ਬਿਠਾਇਆ ਹੋਵੇਹਰ ਪਾਸਿਉਂ ਇੰਨਾ ਮਾਣ, ਸਤਿਕਾਰ ਅਤੇ ਪਿਆਰ ਮਿਲਿਆ, ਜਾਣੋ ਮੇਰੀਆਂ ਉਮਰ ਭਰ ਦੀਆਂ ਸਾਰੀਆਂ ਧੱਕੇ ਧੋੜੇ, ਨਾਕਾਮੀਆਂ, ਨਮੋਸ਼ੀਆਂ ਅਤੇ ਖੱਜਲ ਖੁਆਰੀਆਂ ਦੀ ਥਕਣ ਲਹਿ ਗਈ ਹੋਵੇ

ਬਲਜਿੰਦਰ ਬੇਟੇ ਨੇ ਮੈਨੂੰ ਏਅਰਪੋਰਟ ਤੋਂ ਲਿਜਾ ਕੇ ਆਪਣੇ ਹੀ ਘਰ ਵਿੱਚ ਖਾਸ ਮਹਿਮਾਨ ਬਣਾਕੇ ਰੱਖਿਆ; ਜਿਵੇਂ ਉਸਦਾ ਕੋਈ ਬਹੁਤ ਨੇੜਲਾ ਬਜ਼ੁਰਗ ਹੋਵਾਂਉਸਦੇ ਬੇਟਾ ਬੇਟੀ ਦੋਵੇਂ ਮੈਨੂੰ ਬਾਪੂ ਜੀ (ਗਰੈਂਡ ਪਾ) ਕਹਿੰਦੇ ਨਾ ਥੱਕਦੇਖ਼ਾਸ ਕਰਕੇ ਸਾਡੀ ਬਹੂ ਰਾਣੀ, ਮੇਰੀ ਪਿਆਰੀ ਜਿਹੀ ਧੀ ਬਲਬੀਰ ਕੌਰ ਨੇ ਮੈਨੂੰ ਇੰਨਾ ਮਾਣ, ਪਿਆਰ ਤੇ ਆਪਣਾਪਨ ਦਿੱਤਾ ਕਿ ਮੈਂ ਧੰਨ ਹੋ ਗਿਆਉਸਨੇ ਮੇਰੀ ਸਦੀਆਂ ਤੋਂ ਇੱਕ ਧੀ ਦੀ ਕਮੀ ਨੂੰ ਪੂਰਾ ਕਰ ਦਿੱਤਾ ਹੈਉਸਨੇ ਨਿੱਤ ਨਵੇਂ ਤੋਂ ਨਵੇਂ ਮੇਰੀ ਮਰਜ਼ੀ ਦੇ ਪਕਵਾਨ ਬਣਾਕੇ ਖੁਆਏਬਲਜਿੰਦਰ ਨੇ ਆਪਣੀ ਕਾਰ ’ਤੇ ਮੈਨੂੰ ਆਪਣੇ ਸ਼ਹਿਰ ਦਾ ਚੱਪਾ ਚੱਪਾ ਘੁਮਾਇਆਸਭ ਨਾਲੋਂ ਵੱਧ ਰਮਣੀਕ ਵਿਕਟੋਰੀਆ ਦੀ ਸਮੁੰਦਰੀ (ਜਹਾਜ਼) ਯਾਤਰਾ ਸੀ; ਜਾਣੋ ਬਾਈਬਲ ਦੀ ਫਿਲਮ ਵਾਲੇ ਬੇੜੇ ਵਾਂਗ ਇੱਕੋ ਵਾਰ ਸਾਰੀ ਸ੍ਰਿਸ਼ਟੀ ਲੱਦ ਲੈਣਾਇਸ ਵਿੱਚ ਸੈਂਕੜੇ ਕਾਰਾਂ, ਬੱਸਾਂ, ਵੱਡੇ ਟਰੱਕ ਸਣੇ ਟਰਾਲੇ, ਹਜ਼ਾਰਾਂ ਬੰਦੇ; ਜਾਣੋ ਕਿ ਸੱਤ ਮੰਜਲਾ ਕੋਈ ਪੂਰਾ ਹੀ ਪਿੰਡ ਪਾਣੀ ਦੀ ਹਿੱਕ ਉੱਤੇ ਤੈਰਦਾ ਜਾ ਰਿਹਾ ਹੋਵੇਵੇਖੋ ਕੁਦਰਤ ਦੇ ਰੰਗ ..., ਤਕਰੀਬਨ 30 ਕੁ ਮੀਲ ਸਮੁੰਦਰ ਪਾਰ ਕਰਕੇ ਇੱਕ ਬਹੁਤ ਵੱਡਾ ਖ਼ੂਬਸੂਰਤ ਟਾਪੂ ਆਬਾਦ ਹੈ ਜਿਸਨੂੰ ਬੀ.ਸੀ. ਦੇ ਸੂਬੇ ਦੀ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਹੈਰੋਜ਼ ਹਜ਼ਾਰਾਂ ਯਾਤਰੂ ਸਵੇਰੇ ਤੋਂ ਰਾਤ ਤਾਈਂ, ਇਨ੍ਹਾਂ ਬੇੜਿਆਂ ਵਿੱਚ ਕਾਰਾਂ ਸਣੇ, ਕੰਮਾਂ ’ਤੇ ਆਉਣ ਜਾਣ ਲਈ ਸਫ਼ਰ ਕਰਦੇ ਹਨਇਸੇ ਤਰ੍ਹਾਂ ਬਲਜਿੰਦਰ ਦਾ ਘਰ ਵੀ ਇੱਕ ਖ਼ੂਬਸੂਰਤ ਅਜੂਬੇ ਤੋਂ ਘੱਟ ਨਹੀਂਇੱਕ ਨਵੇਕਲੀ ਚੀਜ਼ ਜੋ ਕਈ ਵੱਡੇ ਅਰਬਪਤੀਆਂ ਦੇ ਮਹਿਲਾਂ ਵਿੱਚੋਂ ਵੀ ਨਸੀਬ ਨਾ ਹੋਵੇ; ਉਸਦੇ ਦਿਲ ਵਾਂਗ ਹੀ ਘਰ ਦੀ ਖੁੱਲ੍ਹੀ ਡੁੱਲ੍ਹੀ ਬੇਸਮੈਂਟ ... ਜਿਸ ਵਿੱਚ ਜਾਣੋ ਉਮਰ ਖਯਾਮ ਦੇ ਸੁਪਨਿਆਂ ਦੀ ਤਾਬੀਰ ਕਰਕੇ, ਇੱਕ ਬੜੀ ਹੀ ਦਿਲਕਸ਼ ਅਧੁਨਿਕ ਢੰਗ ਨਾਲ ਲੈਸ ਇੱਕ ਬਾਰ ਬਣਾਈ ਹੋਈ ਐ ਜਿਸ ਵਿੱਚ ਦੁਨੀਆ ਭਰ ਦੀ ਹਰ ਬ੍ਰਾਂਡ ਦੀ ਵਿਸਕੀ ਸੁਸ਼ੋਭਤ ਹੈਦੂਜੇ ਪਾਸੇ ਇੱਕ ਖ਼ਾਸ ਆਕਰਸ਼ਨ ਵਾਲਾ, ਉਸ ਆਪ ਡੀਜ਼ਾਈਨ ਕਰਕੇ ਇੱਕ ਹੋਮ ਥੀਏਟਰ ਬਣਾਇਆ ਹੋਇਆ ਹੈ ਜਿਸ ਵਿੱਚ ਵੱਡੀ ਸਕਰੀਨ ਲੱਗੀ ਹੋਈ ਹੈਉਮਦਾ ਲੈਦਰ ਦੇ ਸੋਫਿਆਂ ਦੇ ਸੈੱਟ ਤੇ ਸ਼ਾਹੀ ਮਾਹੌਲ ਵਿੱਚ ਬੈਠਕੇ ਖਾਣ ਪੀਣ ਦੀ ਮੌਜ ਦੇ ਨਾਲ ਮੂਵੀ ਦੇਖਣ ਦਾ ਨਜ਼ਾਰਾ ਲੈ ਸਕਦੇ ਹੋਜਿੰਨੇ ਦਿਨ ਵੀ ਮੈਂ ਉਸ ਕੋਲ ਰਿਹਾ, ਹਰ ਸ਼ਾਮ ਨੂੰ ਰੰਗੀਨ ਕਰਨ ਲਈ, ਅਕਸਰ ਹੀ ਅਸੀਂ ਉੱਥੇ ਦੀਵਾ ਬੱਤੀ ਜਾਲਦੇ ਤੇ ਧੂਫ਼ ਦਿੰਦੇ ਰਹੇਪੂਰੇ ਟਸ਼ਨ ਦੇ ਨਾਲ ਮੈਂ ਉਸਦੇ ਸ਼ਾਹੀ ਜਾਮ ਨਾਲ ਆਪਣੇ ਫੋਕੇ ਕੋਕ ਦਾ ਜਾਮ ਟਕਰਾ ਕੇ ਪੀਂਦਾ ... ਚਲੋ ਗੁੜ ਨਾ ਸਹੀ, ਗੁੜ ਵਰਗੀ ਗੱਲ ਤਾਂ ਕਰ ਹੀ ਲਈਦੀ ਸੀ

ਫਿਰ ਬਲਜਿੰਦਰ ਨੇ ਮੈਂਨੂੰ ਆਪਣਾ ਸਟੂਡੀਓ ਦਿਖਾਇਆ, ਬਹੁਤ ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾਹਰ ਕੰਮ ਬੜੀ ਹੀ ਸੁਲਝੀ ਤਰਤੀਬ ਨਾਲ ਹੋ ਰਿਹਾ ਸੀਬਲਜਿੰਦਰ ਦਾ ਆਪਣਾ ਇੱਕ ਖ਼ਾਸ ਐਡਿਟਿੰਗ ਰੂਮ ਦੇਖਿਆ ਜਿਸ ਨੂੰ ਕੰਮ ਦੀ ਸਹੂਲਤ ਮੁਤਾਬਿਕ ਸੈੱਟ ਕੀਤਾ ਹੋਇਆ ਹੈ; ਬੜਾ ਹੀ ਸੁਖਾਵਾਂ ਮਹੌਲ ਸਿਰਜਿਆ ਹੈਉਸ ਨੇ ਮੈਨੂੰ ਸਾਰੇ ਸਟਾਫ਼ ਅਤੇ ਮਾਲਿਕ ਸੰਘੇੜਾ ਸਾਹਿਬ ਨਾਲ ਵੀ ਮਿਲਵਾਇਆਸਭ ਨੇ ਜਾਂ ਤਾਂ ਬਲਜਿੰਦਰ ਕਰਕੇ ਤੇ ਜਾਂ ਕੁਝ ਮੇਰੀ ਬਜ਼ੁਰਗੀ ਕਰਕੇ ਬੜਾ ਹੀ ਨਿੱਘਾ ਮਾਣ ਸਤਿਕਾਰ ਦਿੱਤਾਫਿਰ ਜਦੋਂ ਸਾਰਿਆਂ ਨੇ ਸਟਾਫ਼ ਦੇ ਲੰਚ ਰੂਮ ਵਿੱਚ ਬੈਠਕੇ ਇੱਕ ਦੂਜੇ ਨਾਲ ਖਾਣਾ ਸਾਂਝਾ ਕਰਕੇ ਖਾਧਾ ਤਾਂ ਬੜਾ ਹੀ ਆਨੰਦ ਆਇਆ; ਆਪਸੀ ਸਾਂਝ ਤੇ ਦਿਲੀ ਨੇੜਤਾ ਦਾ ਪ੍ਰਤੀਕ ਮਹਿਸੂਸ ਹੋਇਆ

ਅਗਲੇ ਦਿਨ ਉਨ੍ਹਾਂ ਦੇ ਜਗਤ ਪ੍ਰਸਿੱਧ 24 ਘੰਟੇ ਚੱਲਣ ਵਾਲੇ ਰੇਡੀਓ ਰੈੱਡ ਐੱਫ ਐੱਮ ਤੇ ਨਾਲ਼ ਬਿਠਾਕੇ ਪਹਿਲਾਂ ਥਿੰਦ ਸਾਹਿਬ ਵਾਲੇ ਪ੍ਰੋਗਰਾਮ ਵਿੱਚ ਅਤੇ ਫਿਰ ਅਗਲੇ ਦਿਨ ਆਪਣੇ ਖ਼ਾਸ 2 ਘੰਟੇ ਦੇ ਰੇਡੀਓ ਪ੍ਰੋਗਰਾਮ ਵਿੱਚ ਵੈਨਕੂਵਰ ਦੇ ਸ੍ਰੋਤਿਆ ਨਾਲ ਸਿੱਧੀ ਸਾਂਝ ਪੁਆਈਪੁਰਾਣਾ ਪੰਜਾਬੀ, ਹਿੰਦੀ ਸੰਗੀਤ ਸੁਣਾਇਆਕਈ ਦਿਲਚਸਪ ਵਾਰਤਾਲਾਪ ਸ੍ਰੋਤਿਆਂ ਨਾਲ ਸਾਂਝੇ ਕੀਤੇ ਕਈ ਮਨਚਲੇ ਸ੍ਰੋਤਿਆਂ ਦੇ ਸਿੱਧੇ ਫ਼ੋਨ ਸੁਣੇ ਤੇ ਉਨ੍ਹਾਂ ਦੇ ਢੁੱਕਵੇਂ ਜਵਾਬ ਦੇ ਕੇ ਉਨ੍ਹਾਂ ਨੂੰ ਪੂਰਾ ਪ੍ਰਸੰਨ ਕੀਤਾਪ੍ਰੋਗਰਾਮ ਤੋਂ ਬਾਅਦ ਵੀ ਕਿੰਨੀ ਦੇਰ ਸਟੂਡੀਓ ਵਿੱਚ ਫ਼ੋਨ ਕਾਲ ਆਉਂਦੀਆਂ ਰਹੀਆਂਉਨ੍ਹਾਂ ਆਪਣੇ ਸ਼ਹਿਰ ਆਏ ਇੱਕ ਪ੍ਰਦੇਸੀ ਮਹਿਮਾਨ ਨੂੰ ਦਿਲੋਂ ਜੀ ਆਇਆਂ ਆਖਿਆਇਸ ਨਿਮਾਣੇ ਜਿਹੇ ਬੰਦੇ ਦੀ ਖ਼ੂਬ ਹੌਸਲਾ-ਵਧਾਈ ਕੀਤੀ

BalbirSikandC2ਇੱਥੇ ਹੀ ਬੱਸ ਨਹੀਂ, ਬਲਜਿੰਦਰ ਨੇ ਪਤਾ ਨਹੀਂ ਕਿਹੜੇ ਵੇਲੇ, ਇੰਨੇ ਥੋੜ੍ਹੇ ਸਮੇਂ ਦੇ ਸੱਦੇ ਤੇ ਕਿਵੇਂ ਇੰਨੀ ਵੱਡੀ ਗੋਸ਼ਟੀ ਦਾ ਪ੍ਰੋਗਰਾਮ ਕਿਸੇ ਬੈਂਕੁਅਟ ਹਾਲ ਵਿੱਚ ਉਲੀਕ ਲਿਆ ਬੜੇ ਬੜੇ ਮਹਾਨ ਬੁੱਧੀਜੀਵੀ, ਕਵੀ ਸੱਜਣ, ਗਾਇਕ ਤੇ ਬੁਲਾਰੇ ਇਕੱਠੇ ਕਰ ਲਏਸਾਰੇ ਹੀ ਸ਼ਾਇਰਾਂ ਨੇ ਬੜੀ ਦਰਿਆਦਿਲੀ ਦਿਖਾਈ ਆਪਣਾ ਆਪਣਾ ਕਲਾਮ ਨਾ ਕਹਿਕੇ, ਸਿਰਫ਼ ਮੈਨੂੰ ਖੁੱਲ੍ਹੇ ਦਿਲ ਨਾਲ ਜੀ ਆਇਆਂ ਆਖਿਆ ਤੇ ਪੂਰਾ ਆਦਰ ਸਤਿਕਾਰ ਦਿੱਤਾਦੋ ਸੁਰੀਲੀ ਆਵਾਜ਼ ਵਾਲੇ ਬੱਚਿਆਂ ਨੇ ਭਰਪੂਰ ਮਨੋਰੰਜਨ ਕੀਤਾਪਹਿਲਾਂ ਬਲਜਿੰਦਰ ਨੇ ਨਿੱਕਾ, ਨਿੱਘਾ ਅਤੇ ਮਿਲਾਪੜਾ ਜਿਹਾ ‘ਜੀ ਆਇਆਂ’ ਭਾਸ਼ਣ ਦਿੱਤਾ ਤੇ ਫਿਰ ਟੀ.ਵੀ. ਜਗਤ ਦੇ ਮਹਾਨ ਹੋਸਟ ਥਿੰਦ ਸਾਹਿਬ, ਜਿਨ੍ਹਾਂ ਦਾ ਇੰਟਰਵਿਊ ਕਰਨ ਦਾ ਆਪਣਾ ਵੱਖਰਾ ਹੀ ਅੰਦਾਜ਼ ਹੈ ਤੇ ਪੰਜਾਬੀ ਜਗਤ ਵਿੱਚ ਜਿਸਦਾ ਕੋਈ ਸਾਨੀ ਨਹੀਂ, ਇਨ੍ਹਾਂ ਦੋਨਾਂ ਦੀ ਗੱਲਬਾਤ ਨੇ ਮੈਨੂੰ ਏਨਾ ਕੁ ਭਾਵੁਕ ਕਰ ਦਿੱਤਾ ਕਿ ਖ਼ੁਸ਼ੀ ਨਾਲ ਮੇਰਾ ਗੱਚ ਭਰ ਆਇਆ ਜਾਣੋ ਮੇਰੇ ਸਾਰੇ ਸ਼ਬਦ ਗੁਆਚ ਗਏਤੇ ਮੈਂ ਡਬਡਬਾਈਆਂ ਅੱਖਾਂ ਨਾਲ ਨੀਵੀਂ ਪਾਈ ਧੰਨਵਾਦ ਵਿੱਚ ਹੱਥ ਜੋੜੀ ਖੜ੍ਹਾ ਸੀ ਕਿ ਪਤਾ ਨਹੀਂ ਕਦੋਂ ਬਲਜਿੰਦਰ ਨੇ ਮੈਨੂੰ ਕਲਾਵੇ ਵਿੱਚ ਲੈ ਲਿਆ ... ਅਤੇ ਅਚਾਨਕ ਹੀ ਕਿਸੇ ਪੈਰਾਂ ਦੀ ਮਿੱਟੀ ਨੂੰ ਮੱਥੇ ਦਾ ਤਿਲਕ ਬਣਾ ਦਿੱਤਾਅੰਤ ਵਿੱਚ ਉਨ੍ਹਾਂ ਮੈਨੂੰ ਮਿਊਜ਼ਕ ਵੇਵਜ਼ ਵੱਲੋਂ ਇੱਕ ਮਖਮਲੀ ਥੈਲੀ ਵਿੱਚ ਮਾਇਆ ਪਾ ਕੇ ਸਰੋਪਾ ਭੇਂਟ ਕੀਤਾਥਿੰਦ ਸਾਹਿਬ ਅਤੇ ਬਲਜਿੰਦਰ ਨੇ ਇੱਕ ਬਹੁਤ ਹੀ ਖ਼ੂਬਸੂਰਤ ਮੋਮੈਂਟੋ ਭੇਂਟ ਕੀਤਾ ਜਿਸ ’ਤੇ ਲਿਖਿਆ ਇੱਕ ਇੱਕ ਸ਼ਬਦ ਜਿਵੇਂ ਮੇਰੇ ਲਈ ਕੋਈ ਵਰਦਾਨ ਹੋਵੇ ... ਹੁਣ ਤਾਂ ਮੈਂ ਹੋਰ ਵੀ ਭਾਵੁਕ ਹੋ ਗਿਆ ... ਅੱਖਾਂ ਵਿੱਚੋਂ ਖ਼ੁਸ਼ੀ ਦੇ ਹੰਝੂ ਮੱਲੋਮੱਲੀ ਵਹਿ ਤੁਰੇ ... ਬੱਸ ਇਹੀ ਮੇਰਾ ਸਭ ਲਈ ਸ਼ੁਕਰਾਨਾ ਸੀ

BalbirSikandA2ਮੈਂ ਥਿੰਦ ਸਾਹਿਬ ਦਾ ਸ਼ੁਰੂ ਤੋਂ ਹੀ ਬੜਾ ਮੁਰੀਦ ਸੀਖਾਸ ਕਰਕੇ ਇਨ੍ਹਾਂ ਦਾ ਇੰਟਰਵਿਊ ਲੈਣ ਦਾ ਅੰਦਾਜ਼ ਬੜਾ ਹੀ ਦਿਲਕਸ਼, ਦਿਲਚਸਪ ਤੇ ਰੌਚਿਕ ਹੁੰਦਾ ਹੈਬੜੇ ਬੜੇ ਪਾਟੇ ਖਾਂ ਕਹਾਂਉਂਦੇ ਬੁਲਾਰਿਆਂ ਦੀ ਵੀ ਥਿੰਦ ਸਾਹਿਬ ਅੱਗੇ ਜਾਣੋ ਘੀਗੀ ਬੱਝ ਜਾਂਦੀ ਹੈਇੱਕ ਤਾਂ ਪੂਰੀ ਰੋਹਬਦਾਰ ਸ਼ਖ਼ਸੀਅਤ ਤੇ ਦੂਜਾ ਹਰ ਖੇਤਰ ਦਾ ਪੂਰਨ ਗਿਆਨ, ਤੀਜਾ ਕਈ ਭਾਸ਼ਾਵਾਂ ਦੇ ਸਹੀ ਤਲਫ਼ਜ਼ ਦੀ ਮੁਹਾਰਤ, ਚੌਥਾ, ਸ਼ਬਦ-ਕੋਸ਼ ਦਾ ਭੰਡਾਰ, ਉੱਪਰੋਂ ਪੂਰੀ ਚੜ੍ਹਤ ਨਾਲ ਅੱਖ ਵਿੱਚ ਅੱਖ ਪਾ ਕੇ, ਇੱਕ ਸ਼ੇਰ ਵਾਂਗੂੰ ਗਰਜ਼ਕੇ ਗੱਲ ਕਰਨੀਮੇਰੇ ਵਰਗੇ ਮਾੜੇ ਧੀੜੇ ਬੰਦੇ ਨੂੰ ਤਾਂ ਆਪਣੀ ਚੇਤੇ ਗੱਲ ਵੀ ਭੁੱਲ ਜਾਂਦੀ ਏਉਨ੍ਹਾਂ ਦੇ ਆਹਮ੍ਣੇ ਸਾਹਮਣੇ ਬਹਿ ਕੇ ਗੱਲ ਕਰਨ ਦਾ ਮੇਰਾ ਵੀ ਬੜੇ ਚਿਰਾਂ ਦਾ ਸੁਪਨਾ ਸੀਜਿਵੇਂ ਕਹਿੰਦੇ ਨੇ ਬਾਰ੍ਹੀਂ ਸਾਲੀਂ ਤਾਂ ਰੱਬ ਰੂੜੀ ਦੀ ਵੀ ਸੁਣਦਾ ਹੈ ... ਸੋ ਬਲਜਿੰਦਰ ਬੇਟੇ ਦੀ ਬਦੌਲਤ ਸਾਡੀ ਵੀ ਸੁਣੀ ਗਈਪਹਿਲਾਂ ਥਿੰਦ ਸਾਹਿਬ ਨਾਲ ਮੇਰੀ ਸਰਸਰੀ ਜਿਹੀ ਗੱਲਬਾਤ ਹੋਈ, ਫਿਰ ਉਨ੍ਹਾਂ ਨੂੰ ਮੈਂ ਆਪਣੀ ਕਿਤਾਬ ‘ਮੇਰੇ ਗੀਤ ਕੁਸੈਲੇ ਹੋਏ’ ਭੇਂਟ ਕੀਤੀ ਮੇਰੀ ਖ਼ੁਸ਼ਕਿਸਮਤੀ ਹੈ ਕਿ ਉਨ੍ਹਾਂ ਮੈਂਨੂੰ ਬੜਾ ਬੇਬਾਕ ਹੋ ਕੇ ਕਿਹਾ ਕਿ ਸਿਕੰਦ ਸਾਹਿਬ ਤੁਸੀਂ ਮੈਨੂੰ ਬੜੇ ਹੀ ਦਿਲਚਸਪ ਫਿਲਮੀ ਬੰਦੇ ਲਗਦੇ ਹੋ, ਤੁਹਾਨੂੰ ਮੈਂ ਆਮ ਲੋਕਾਂ ਵਾਂਗ ਰਲਕੇ ਇੰਟਰਵਿਊ ਦੀ ਤਿਆਰੀ ਦਾ ਮੌਕਾ ਨਹੀਂ ਦੇਣਾ ਚਾਹੁੰਦਾ, ਸਗੋਂ ਕੱਲ੍ਹ ਨੂੰ ਕੈਮਰੇ ਸਾਹਮਣੇ ਬੈਠਕੇ ਆਪਾਂ ਦੋਵੇਂ ਸਿੱਧੀਆਂ ਗੱਲਾਂ ਕਰਾਂਗੇ, ਜੋ ਮਨ ਵਿੱਚ ਆਊ ਆਪ ਨੂੰ ਪੁੱਛਾਂਗਾ ... ਅਸਲੀ ਇੰਟਰਵਿਊ ਦਾ ਮਜ਼ਾ ਤਾਂ ਇੱਦਾਂ ਹੀ ਆਉਂਦਾ ਏਫਿਰ ਥੋੜ੍ਹਾ ਜਿਹਾ ਹੱਸਕੇ ਕਹਿਣ ਲੱਗੇ ... ਉਹ ਵੀ ਕੀ ਦੋਨੋਂ ਪਾਸੇ ਗਿਣੀ ਮਿਥੀ ਗੱਲ ਕਰਦੇ ਜਾਓ

ਸੋ ਅਗਲੇ ਦਿਨ ਸਟੂਡੀਓ ਵਿੱਚ ਆਹਮਣੇ ਸਾਹਮਣੇ ਬਹਿ ਕੇ, ਟੀ.ਵੀ. ਕੈਮਰੇ ਅੱਗੇ ਦੋਨਾਂ ਦੇ ਸਿੱਧੇ ਟਾਕਰੇ ਹੋਏਥਿੰਦ ਸਾਹਿਬ ਨੇ ਦਿਲ ਖੋਲ੍ਹਕੇ, ਬੇਝਿਜਕ ਹੋ ਕੇ ਆਪਣੇ ਸਵਾਲ ਪੁੱਛੇਮੈਂ ਵੀ ਪੂਰੀ ਇਮਾਨਦਾਰੀ ਨਾਲ, ਬਿਨਾਂ ਕਿਸੇ ਲੁਕ ਲੁਕੋ ਦੇ ਜੋ ਵੀ ਮੇਰੇ ਪੱਲੇ ਸੀ ਸਭ ਕੁਝ ਸੱਚ ਸੱਚ ਦੱਸ ਦਿੱਤਾਤਕਰੀਬਨ ਘੰਟੇ ਤੋਂ ਉੱਤੇ ਸਾਡੀ ਨਾਨ-ਸਟਾਪ, ਸ਼ੂਟਿੰਗ ਤੇ ਗੱਲ ਚਲਦੀ ਰਹੀਥਿੰਦ ਸਾਹਿਬ ਇੰਟਰਵਿਊ ਕਰਕੇ ਬਹੁਤ ਖ਼ੁਸ਼ ਹੋਏਬਾਅਦ ਵਿੱਚ ਉਨ੍ਹਾਂ ਦਾ ਅਦਬ ਨਾਲ ਦਿੱਤਾ ਥਾਪੜਾ ਮੇਰੇ ਲਈ ਬਹੁਤ ਵੱਡਾ ਇਨਾਮ ਸੀਸੋਨੇ ’ਤੇ ਸੁਹਾਗੇ ਵਾਲੀ ਗੱਲ ਇਹ ਹੋਈ ਕਿ ਬਲਜਿੰਦਰ ਨੇ ਬੜੀ ਹੀ ਸ਼ਿੱਦਤ ਤੇ ਮਿਹਨਤ ਨਾਲ ਇਸ ਇੰਟਰਵਿਊ ਦੀ ਐਡਿਟਿੰਗ ਕੀਤੀਕਈ ਦਿਨਾਂ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਇਸ ਨੂੰ ਤਰਾਸਿ਼ਆ ਅਤੇ ਸਜਾਇਆ ਹੱਦੋਂ ਵੱਧ ਰੌਚਿਕ ਵੀ ਬਣਾਇਆਪਤਾ ਨਹੀਂ ਕਿੱਥੋਂ ਕਿੱਥੋਂ ਲੱਭ ਕੇ ਰੈਫਰੈਂਸ ਕਲਿੱਪ ਪਾਏ ਕਿ ਹਰ ਸੀਨ ਮੂੰਹੋਂ ਬੋਲਦਾ ਸੀ ਤੇ ਆਪਣੀ ਅਮਿੱਟ ਛਾਪ ਛੱਡਦਾ ਸੀਸਭ ਤੋਂ ਵੱਡਾ ਮੇਰੇ ’ਤੇ ਇਹ ਕਰਮ ਕੀਤਾ ਕਿ ਆਪਣੇ ਜਗਤ ਪ੍ਰਸਿੱਧ ਮਿਊਜ਼ਕ ਵੇਵਜ਼ ਦੇ ਦੇਸ ਪਰਦੇਸ ਪ੍ਰੋਗਰਾਮ ਵਿੱਚ ਲਗਾਤਾਰ ਚਾਰ ਹਫ਼ਤੇ ਮੇਰੀ ਇਸ ਰੌਚਕ ਇੰਟਰਵਿਊ ਨੂੰ ਨਸ਼ਰ ਕੀਤਾਤੇ ਨਾਲ ਹੀ ਮੇਰਾ ਫੂਨ ਨੰਬਰ ਵੀ ਸ੍ਰੋਤਿਆਂ ਲਈ ਨਸ਼ਰ ਕਰਦੇ ਰਹੇਬਲਜਿੰਦਰ ਨੇ ਇਸ ਸਾਰੇ ਪ੍ਰਾਜੈਕਟ ਨੂੰ ਹੋਰ ਵੀ ਯਾਦਗਾਰੀ ਬਣਾਉਣ ਲਈ ਇਸ ਪੂਰੇ ਪ੍ਰਾਜੈਕਟ ਦੀ ਇੱਕ ਨਾਨ-ਸਟਾਪ, ਨਾਨ-ਕਮਰਸ਼ੀਅਲ ਡੀ.ਵੀ.ਡੀ. ਤਿਆਰ ਕਰਕੇ ਚਾਹਵਾਨ ਸ੍ਰੋਤਿਆਂ ਵਿੱਚ ਵੰਡੀਆਂਇਸ ਤੋਂ ਬਾਅਦ ਸ੍ਰੋਤਿਆਂ ਦੀ ਭਾਰੀ ਮੰਗ ’ਤੇ ਸਾਰੇ ਐਪੀਸੋਡ ਇੰਟਰਨੈੱਟ ਤੇ ਪਾ ਦਿੱਤੇਇਸ ਨਾਲ ਮੇਰੀ ਪੂਰੇ ਜਗਤ ਦੇ ਪੰਜਾਬੀ ਸ੍ਰੋਤਿਆਂ ਨਾਲ ਸਾਂਝ ਪਈਕਈ ਮਹੀਨਿਆਂ ਤੱਕ ਦੇਸਾਂ ਪ੍ਰਦੇਸਾਂ ਤੋਂ ਲਗਾਤਾਰ ਸਰੋਤਿਆਂ ਦੇ ਫ਼ੋਨ ਆਉਂਦੇ ਰਹੇਬਲਜਿੰਦਰ ਦੇ ਇਸ ਉਪਕਾਰ ਸਦਕਾ ਮੈਂਨੂੰ ਕਈ ਆਪਣੇ ਵਿੱਛੜੇ ਮਿੱਤਰ ਮਿਲੇ, ਜਿਨ੍ਹਾਂ ਨਾਲ ਪਿਛਲੇ 30-40 ਸਾਲ ਤੋਂ ਰਾਬਤਾ ਟੁੱਟਿਆ ਹੋਇਆ ਸੀਉਸ ਇੱਕ ਦਫ਼ਨ, ਫ਼ਨ੍ਹਾ, ਗੁਮਨਾਮ ਜਿਹੇ ਬੰਦੇ ਨੂੰ ... ਜਿਸ ਨੂੰ ਗ਼ੈਰਾਂ ਦੇ ਨਾਲ ਨਾਲ ਆਪਣੇ ਵੀ ਭੁੱਲ ਚੁੱਕੇ ਸਨ ... ਜਾਣੋ ਉਸ ਮੈਂਨੂੰ ਮੁੜਕੇ ਜੀਂਦਾ ਕਰ ਦਿੱਤਾ ਹੋਵੇ ... ਇੱਕ ਨਵੇਂ ਜੀਵਨ ਦੀ ਪ੍ਰੇਰਨਾ ਬਖ਼ਸ਼ੀ ਹੋਵੇ

ਹੁਣ ਮੇਰੀ ਅਨੇਕਾਂ ਨਵੇਂ ਪੁਰਾਣੇ ਸ੍ਰੋਤਿਆਂ ਨਾਲ ਮੁੜਕੇ ਸਾਂਝ ਜੀਂਦੀ ਜਾਗਦੀ ਹੋ ਗਈ ਏਇਨ੍ਹਾਂ ਰੱਬ ਵਰਗੇ ਕਈ ਸ੍ਰੋਤਿਆਂ ਨੇ ਮੈਂਨੂੰ ਵਾਰ ਵਾਰ ਇੱਕੋ ਗੱਲ ਲਈ ਪ੍ਰੇਰਿਆ ਕਿ ਬਲਬੀਰ ਜੀ ਤੁਸੀਂ ਜੀਵਨ ਵਿੱਚ ਬੜੀ ਹੀ ਸ਼ਿੱਦਤ ਨਾਲ ਹਰ ਸੰਘਰਸ਼, ਘਾਲਣਾ, ਉਤਾਰ-ਚੜ੍ਹਾਅ, ਨਮੋਸ਼ੀਆਂ, ਸਿਰੜ, ਸਿਦਕ ਨੂੰ ਆਪਣੇ ’ਤੇ ਹੱਸਕੇ ਜਰਿਆ ਹੈ ... ਤੁਸੀਂ ਆਪਣੀ ਸਵੈ-ਜੀਵਨੀ ਜ਼ਰੂਰ ਆਪਣੇ ਪਾਠਕਾਂ ਨਾਲ ਸਾਂਝੀ ਕਰੋ ... ਇਹ ਬੜੇ ਹੀ ਡਾਵਾਂ ਡੋਲ ਤੇ ਭਟਕਦੇ ਬੰਦਿਆਂ ਨੂੰ ਸੇਧ ਦੇਵੇਗੀ

ਮੇਰੇ ਰੱਬ ਵਰਗੇ ਸ੍ਰੋਤਿਓ! ਤੁਹਾਡਾ ਹੁਕਮ ਮੇਰੇ ਸਿਰ ਮੱਥੇ ’ਤੇਸੱਚ ਪੁੱਛੋ ਤਾਂ ਮੇਰੇ ਕੋਲ ਕੁਝ ਵੀ ਵਧੀਆ ਤੇ ਖ਼ਾਸ - ਵਿਲੱਖਣ ਵਾਲਾ ਕਹਿਣ ਸੁਣਨ ਨੂੰ ਨਹੀਂ ਹੈ ਜਿਸ ’ਤੇ ਮੈਂ ਮਾਣ ਕਰ ਸਕਾਂ ਜਾਂ ਤੁਹਾਨੂੰ ਭਰਮਾ ਸਕਾਂਕੀ ਨੰਗਾ ਨਹਾਊ ਤੇ ਕੀ ਨਿਚੋੜੂ ਵਾਲੀ ਗੱਲ ਹੈਬੱਸ ਮੇਰੀ ਜ਼ਿੰਦਗੀ ਪੁਰਾਣੀਆਂ, ਫ਼ਟੀਆਂ, ਮੈਲੀਆਂ ਲੀਰਾਂ ਦੀ ਖਿੱਦੋ ਵਾਂਗ ਹੈ ਜਿਸ ਨੂੰ ਮੈਂ ਆਪਣੀ ਨਮੋਸ਼ੀ ਦੀ ਬੁੱਕਲ ਵਿੱਚ ਲਕੋਈ ਫਿਰਦਾ ਹਾਂਮੇਰੇ ਪਿਆਰੇ, ਦਿਆਲੂ ਤੇ ਨਜ਼ਰਅੰਦਾਜ਼ ਕਰਨ ਵਾਲੇ ਸ੍ਰੋਤਿਓ, ਹੁਣ ਮੈਂ ਆਪ ਅੱਗੇ ਆਪਣੀ ਹੱਡ-ਬੀਤੀ ਦੀ ਖਿੱਦੋ ਫਰੋਲ ਤਾਂ ਦਿੱਤੀ ਹੈ ਰੱਬ ਦੇ ਵਾਸਤੇ ਤੁਸੀਂ ਇਸ ਫਟੀਆਂ ਪੁਰਾਣੀਆਂ, ਸੜੀਆਂ, ਗਲ਼ੀਆਂ ਲੀਰਾਂ ਦਾ ਦਰਦ ਭਾਵੇਂ ਮਹਿਸੂਸ ਕਰਨਾ, ਪਰ ਇਨ੍ਹਾਂ ਤੇ ਕਦੇ ਵੀ ਤਰਸ, ਰਹਿਮ, ਹੌਕਾ ਜਾਂ ਹੰਝੂ ਨਹੀਂ ਕੇਰਨਾਇਹ ਕਰਮ ਕਿਸੇ ਦੇ ਅਣਥੱਕ ਜਨੂੰਨ ਨੂੰ ਸਦਾ ਲਈ ਅਪਾਹਜ ਤੇ ਨਕਾਰਾ ਬਣਾ ਦਿੰਦੇ ਨੇ

ਸ਼ਾਇਦ ਮੈਂ ਇਹ ਨਾਕਾਮ ਜ਼ਿੰਦਗੀ ਦੀ ਸਵੈ-ਜੀਵਨੀ ਲਿਖਣ ਲਈ ਕਦੀ ਅਮਾਦਾ ਨਾ ਹੁੰਦਾ ਜੇ ਮੇਰੇ ਕੋਲ ਕੁਝ ਲਕੋਣ ਨੂੰ ਹੁੰਦਾਜਾਂ ਇਸ ਜ਼ਿੰਦਗੀ ਵਿੱਚ ਕੁਝ ਹੋਰ ਨਵਾਂ ਸਿਰਜਣ ਦੇ ਮੈਂ ਸਮਰੱਥ ਹੁੰਦਾਮੈਥੋਂ ਤਾਂ ਆਪਣਾ ਪੁਰਾਣਾ ਕੂੜ ਕਬਾੜ ਹੀ ਨਹੀਂ ਸਮੇਟਿਆ ਜਾਂਦਾਦਿਮਾਗੀ ਤੌਰ ’ਤੇ ਮੇਰੀ ਹਰ ਸੋਚ ਅਪਾਹਜ ਹੋ ਚੁੱਕੀ ਹੈਤੇ ਮੇਰਾ ਹਰ ਸ਼ੌਕ ਬਿਰਧ ਤੇ ਖ਼ਸਤਾ ਹੋ ਚੁੱਕਿਆ ਹੈਉਮਰ ਦੇ ਇਸ ਬਿਲਕੁਲ ਧੀਮੇ (ਮੱਧਮ) ਮੋੜ ’ਤੇ ਆ ਕੇ ਜ਼ਿੰਦਗੀ ਵਿੱਚ ਰਤਾ ਭਰ ਵੀ ਰਵਾਨਗੀ ਨਹੀਂ ਰਹੀਜਿਵੇਂ ਵੀ ਜਿੱਥੇ ਖੜ੍ਹੀ ਹੈ, ਬੱਸ ਉੱਥੇ ਹੀ ਖੜ੍ਹੀ ਰਹੇ ਤਾਂ ਬੜੀ ਗਨੀਮਤ ਹੈਜ਼ਿੰਦਗੀ ਤਾਂ ਹਰ ਪਲ ਰੇਤ ਵਾਂਗੂੰ ਹੱਥੋਂ ਕਿਰਦੀ ਜਾ ਰਹੀ ਹੈਹੁਣ ਰਹਿੰਦੀ ਖੂੰਹਦੀ ਜ਼ਿੰਦਗੀ ਵਿਚਾਰੀ ਡਾਕਟਰਾਂ ਦੇ ਵੱਸ ਪੈ ਗਈ ਏ! ਡਾਕਟਰ ਕਹਿੰਦੇ ਨੇ ਕੁਝ ਨਾ ਖਾਓ; ਘਿਉ ਨਹੀਂ, ਲੂਣ ਨਹੀਂ, ਮਿੱਠਾ ਨਹੀਂਜੇ ਖਾਣਾ ਹੈ ਤਾਂ ਸਿਰਫ਼ ਲੰਬੇ ਲੰਬੇ ਹੌਕੇ ਜਾਂ ਗ਼ਮ ਖਾਈ ਜਾਓਅਕਸਰ ਮੈਂਨੂੰ ਹੁਣ ਰੋਟੀ ਨਾਲੋਂ ਵੱਧ ਗੋਲੀਆਂ ਖਾਣੀਆਂ ਪੈਂਦੀਆਂ ਹਨਗਿਣਤੀ ਮਿਣਤੀ ਦਾ ਹਿਸਾਬ ਤਾਂ ਮੈਥੋਂ ਵੀ ਨਹੀਂ ਰੱਖਿਆ ਜਾਂਦਾਸਵੇਰੇ 8-10 ਗੋਲੀਆਂ ਦਾ ਫੱਕਾ ਮਾਰ ਲਈਦਾ ਏ; ਇਸੇ ਤਰ੍ਹਾਂ 12-13 ਗੋਲੀਆਂ ਰਾਤ ਨੂੰ ਛਕ ਲਈਦੀਆਂ ਨੇਡਾਕਟਰ ਅਕਸਰ ਮੈਨੂੰ ਡਰਾਉਂਦੇ ਨੇ ਕਿ ਸਿਕੰਦ ਸਾਹਿਬ ਤੁਹਾਡੀਆਂ ਦੋਨੋਂ ਹੀ ਕਿਡਨੀਆਂ ਬੱਸ ਬਿਲਕੁਲ ਬਾਰਡਰ ਲਾਈਨ ’ਤੇ ਪਹੁੰਚੀਆਂ ਹੋਈਆਂ ਨੇ ਤੁਸੀਂ ਪਰਹੇਜ਼ ਨਹੀਂ ਕਰਦੇ ਤਾਂ ਹੀ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਨਹੀਂ ਰਹਿੰਦਾ, ਹਾਰਟ ਦੀਆਂ ਚਾਰੋਂ ਆਰਟ੍ਰੀਜ਼ 60% ਤੋਂ ਵੱਧ ਬਲਾਕ ਨੇ ... ਤੁਹਾਡੇ ਫ਼ਲਾਨੇ ਫ਼ਲਾਨੇ ਅੰਗ ਖ਼ਰਾਬ ਹੋ ਚੁੱਕੇ ਨੇ ... ਮੈਂ ਅੱਕ ਕੇ ਕਈ ਵਾਰ ਕਹਿੰਦਾ ਹਾਂ ਕਿ ਕਾਹਨੂੰ ਐਨੀਆਂ ਲੰਬੀਆਂ ਚੌੜੀਆਂ ਲਿਸਟਾਂ ਗਿਣਾਕੇ ਆਪਣਾ ਤੇ ਮੇਰਾ ਵਕਤ ਖ਼ਰਾਬ ਕਰਦੇ ਰਹਿੰਦੇ ਹੋ; ਜਿਹੜਾ ਇੱਕ ਅੱਧਾ ਪੁਰਜ਼ਾ ਤੁਹਾਨੂੰ ਮੇਰੇ ਵਿੱਚ ਠੀਕ ਲਗਦਾ ਹੈ, ਤੁਸੀਂ ਉਹ ਵੀ ਕੱਢ ਲਵੋ ਤੇ ਸਾਡੀ ਛੁੱਟੀ ਕਰੋ ਤੇ ਆਪ ਵੀ ਸੁਰਖ਼ਰੂ ਹੋਵੋ

ਸੋ ਮੇਰੇ ਪਿਆਰੇ ਸ੍ਰੋਤਿਓ, ਮੈਨੂੰ ਜੋ ਵੀ ਕੁਝ ਯਾਦ ਆਇਆ ਜਾਂ ਸਮਝ ਆਇਆ ਮੈਂ ਪੂਰੀ ਈਮਾਨਦਾਰੀ ਤੇ ਸ਼ਿੱਦਤ ਨਾਲ ਤੁਹਾਡੀ ਨਜ਼ਰ ਕਰ ਦਿੱਤਾ ਹੈਬੱਸ ਆਦਿ ਤੋਂ ਅੰਤ ਤੱਕ ਇਹੀ ਨਿਕਸੁਕ ਮੇਰੀ ਪੂੰਜੀ ਸੀਸੋ ਮੇਰੀ ਸਵੈ-ਜੀਵਨੀ ਦਾ ਅੰਤ ਅੱਜ ਵੀ ਅਧੂਰਾ ਹੈ ... ਤੇ ਸ਼ਾਇਦ ਕੱਲ੍ਹ ਵੀ ਅਧੂਰਾ ਹੀ ਰਹੇਗਾਇਸ ਲਈ ਮੈਂ ਅਗੇਤੀ ਹੀ ਆਪਣੀ ਸਵੈ-ਜੀਵਨੀ ਲਿਖਕੇ ਸਿਰਫ਼ ਆਪਣੀ ਮੌਤ ਦੀ ਤਾਰੀਖ਼ ਦੀ ਥਾਂ ਖਾਲੀ ਛੱਡ ਦਿੱਤੀ ਹੈ ......!!!!

ਇੱਕ ਅਧੂਰੇ ਸਫ਼ਰਨਾਮੇ ਦਾ ਇੱਕ ਅਧੂਰਾ ਮੁਸਾਫ਼ਿਰ --- ਬਲਬੀਰ ਸਿਕੰਦ (ਕੈਨੇਡਾ)

*****

(1045)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਬੀਰ ਸਿਕੰਦ

ਬਲਬੀਰ ਸਿਕੰਦ

(10 May 1942 - 2 February 2018)