ShyamSDeepti7ਤੁਸੀਂ ਨਸ਼ਾ ਨਹੀਂ ਕਰ ਰਹੀਆਂਪਰ ਨਸ਼ਿਆਂ ਕਾਰਨ ਜੋ ਅਸਰ ਤੁਹਾਡੀ ਜ਼ਿੰਦਗੀ ਵਿੱਚ ਹੁੰਦਾ ਹੈਉਸ ਦੀ ਕੋਈ ...
(6 ਮਾਰਚ 2018)

 

ਪਿਛਲੇ ਹਫ਼ਤੇ ਲੜਕੀਆਂ ਦੇ ਇੱਕ ਕਾਲਜ ਵਿੱਚੋਂ ਲੈਕਚਰ ਦੇਣ ਲਈ ਸੱਦਾ ਆਇਆਵਿਸ਼ਾ ਸੀ ਨਸ਼ੇਨਸ਼ਿਆਂ ਦੀ ਸਥਿਤੀ ਨੂੰ ਲੈ ਕੇ ਗੱਲਬਾਤ ਕਰਨੀ ਹੋਵੇ ਤਾਂ ਅਮ੍ਰਿਤਸਰ ਵਿੱਚ ਖ਼ਾਸ ਤੌਰ ’ਤੇ ਮੈਨੂੰ ਯਾਦ ਕਰ ਲਿਆ ਜਾਂਦਾ ਹੈਵੈਸੇ ਨਸ਼ਿਆਂ ਬਾਰੇ ਮੇਰੀ ਜੋ ਧਾਰਨਾ ਹੈ, ਉਸ ਦੇ ਤਹਿਤ ਮੈਂ ਬਹੁਤ ਵਾਰੀ ਸੋਚਦਾ ਹਾਂ, ਵਿਦਿਆਰਥੀਆਂ ਨਾਲ ਨਸ਼ਿਆਂ ਬਾਰੇ ਕੀ ਗੱਲ ਕਰਨੀ ਜਾਂ ਕੀ ਗੱਲ ਕੀਤੀ ਜਾ ਸਕਦੀ ਹੈ, ਕਿਉਂ ਜੁ ਮੈਂ ਸਮਝਦਾ ਹਾਂ, ਇਹ ਤਾਂ ਸ਼ਿਕਾਰ ਨੇਇਨ੍ਹਾਂ ਨੂੰ ਤਾਂ ਖ਼ੁਦ ਮਦਦ ਦੀ ਲੋੜ ਹੈ ਇਸ ਵੇਲੇ ਤੇ ਉਹ ਮਿਲਦੀ ਹੈ ਮਾਪਿਆਂ ਤੋਂ ਜਾਂ ਅਧਿਆਪਕਾਂ ਤੋਂ ਜਾਂ ਸਮਾਜ ਦੇ ਮੋਹਤਬਰ ਲੋਕਾਂ ਕੋਲੋਂਮੇਰੀ ਸਮਝ ਹੈ ਕਿ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਲਾਹ ਜਾਂ ਸੇਧ ਦੇਣੀ ਇਨ੍ਹਾਂ ਨੂੰ ਸਗੋਂ ਹੋਰ ਖਿਝਾਉਂਦੀ ਹੈ, ਪਰ ਜਦੋਂ ਸੰਬੋਧਨ ਕਰਨਾ ਹੁੰਦਾ ਹੈ ਤਾਂ ਮੈਂ ਕੁਝ ਕੁ ਨੁਕਤੇ ਇਸ ਉਮਰ ਦੀ ਸਮਰੱਥਾ ਦੇ ਮੱਦੇ-ਨਜ਼ਰ ਜ਼ਰੂਰ ਕਰਦਾ ਹਾਂ ਤੇ ਨਾਲੇ ਅਜੇ ਇਸ ਉਮਰ ਵਿੱਚ ਬਹੁਤਿਆਂ ਨੇ ਇਸ ਵੱਲ ਰੁਝਾਨ ਵੀ ਨਹੀਂ ਕੀਤਾ ਹੁੰਦਾ, ਇਸ ਲਈ ਉਨ੍ਹਾਂ ਨੂੰ ਸੁਚੇਤ ਕਰਨਾ ਵੀ ਮਕਸਦ ਹੋ ਜਾਂਦਾ ਹੈ

ਇਸ ਵਾਰੀ ਵਿਸ਼ੇਸ਼ ਇਹ ਵੀ ਸੀ ਕਿ ਲੜਕੀਆਂ ਨੂੰ ਸੰਬੋਧਤ ਹੋਣਾ ਸੀਇਨ੍ਹਾਂ ਬਾਰੇ ਸਾਡਾ ਪ੍ਰਭਾਵ ਹੈ ਕਿ ਸਾਡੇ ਸਮਾਜ ਵਿੱਚ ਇਹ ਵਰਗ ਅਜੇ ਨਸ਼ਿਆਂ ਤੋਂ ਬਚਿਆ ਹੋਇਆ ਹੈਹੈ ਵੀ ਸਹੀਕੁਝ ਚੋਣਵੇਂ ਅਦਾਰੇ ਹਨ, ਜਿੱਥੇ ਔਰਤਾਂ ਥੋੜ੍ਹਾ-ਬਹੁਤ ਬੀੜੀ-ਸ਼ਰਾਬ ਦਾ ਇਸਤੇਮਾਲ ਕਰਦੀਆਂ ਹਨ, ਬਾਕੀ ਬਹੁ-ਗਿਣਤੀ ਅਜੇ ਇਸ ਤੋਂ ਦੂਰ ਹੀ ਹੈਦੂਸਰੇ ਪਾਸੇ ਹੌਲੀ-ਹੌਲੀ, ਸਮਾਜਿਕ ਤਬਦੀਲੀ ਤਹਿਤ, ਹੋਸਟਲ ਦੀ ਜ਼ਿੰਦਗੀ ਵਿੱਚ, ਲੜਕੀਆਂ ਦੇ ਸਿਲਸਿਲੇ ਵਿੱਚ ਇਹ ਹੁਣ ਦਸ ਵਿੱਚੋਂ ਇੱਕ ਲੜਕੀ ਇਸ ਪਾਸੇ ਵਧ ਰਹੀ ਹੈ, ਜਦੋਂ ਕਿ ਮੁੰਡਿਆਂ ਬਾਰੇ ਇਹ ਅੰਕੜਾ ਦਸ ਵਿੱਚੋਂ ਸੱਤ ਹੈ

ਖ਼ੈਰ, ਲੈਕਚਰ ਦੇਣ ਜਾਣਾ ਸੀਲੜਕੀਆਂ ਨੂੰ ਹਾਲ ਵਿੱਚ ਬਿਠਾਉਣ ਦੀ ਤਿਆਰੀ ਦੌਰਾਨ ਪ੍ਰਿੰਸੀਪਲ ਸਾਹਿਬਾ ਨੇ ਦੱਸਿਆ ਕਿ ਇਹ ਸਰਕਾਰ ਦਾ ਪ੍ਰੋਗਰਾਮ ਹੈ, ਜਿਸ ਦੇ ਤਹਿਤ ਉਹ ਸਕੂਲ ਅਤੇ ਕਾਲਜ ਲਏ ਗਏ ਹਨ, ਜਿੱਥੇ ਐੱਨ ਐੱਸ ਐੱਸ ਅਤੇ ਐੱਨ ਸੀ ਸੀ ਦੇ ਯੂਨਿਟ ਹਨਮਕਸਦ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਕੀਤਾ ਜਾਵੇ, ਤਾਂ ਜੁ ਉਹ ਆਪਣੇ ਨਾਲ ਰਹਿੰਦੇ ਚਾਰ-ਪੰਜ ਵਿਦਿਆਰਥੀਆਂ ਦੇ ਨਸ਼ੇ ਬਾਰੇ ਵਿਹਾਰ ਤੋਂ ਛੇਤੀ ਜਾਣੂ ਹੋ ਸਕਣ ਤੇ ਉਨ੍ਹਾਂ ਦੀ ਕੌਂਸ਼ਲਿੰਗ ਵਗੈਰਾ ਕੀਤੀ ਜਾ ਸਕੇ

ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਲੈਕਚਰ ਕਰਵਾਉਣ ਦਾ ਇਹ ਸੰਦਰਭ ਚੰਗਾ ਸੀਇੱਕ ਵਾਰੀ ਪਹਿਲਾਂ ਵੀ ਮੈਂ ਇਸੇ ਕਾਲਜ, ਐੱਨ ਐੱਸ ਐੱਸ ਦੇ ਵਿਦਿਆਰਥੀਆਂ ਨੂੰ ਏਡਜ਼ ਬਾਰੇ ਜਾਣਕਾਰੀ ਦੇਣ ਗਿਆ ਸੀਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਤਿੰਨ-ਚਾਰ ਹਜ਼ਾਰ ਵਿਦਿਆਰਥੀਆਂ ਵਾਲੇ ਕਾਲਜ ਵਿੱਚ ਲੈਕਚਰ ਸਿਰਫ਼ ਦੋ ਕੁ ਸੌ ਐੱਨ ਐੱਸ ਐੱਸ ਦੇ ਵਾਲੰਟਰੀਆਂ ਲਈ ਹੀ ਕਿਉਂ? ਦੂਸਰਾ, ਕੀ ਇਹ ਸਰਕਾਰ ਜਾਂ ਐੱਨ ਐੱਸ ਐੱਸ ਦੇ ਪ੍ਰਾਜੈਕਟ ਦਾ ਹਿੱਸਾ ਬਣ ਕੇ ਆਏ ਨੇ, ਤਾਂ ਹੀ ਇਹ ਕੰਮ ਹੋਣਾ ਹੈ? ਕੀ ਅਸੀਂ ਸਮਾਜ ਪ੍ਰਤੀ ਸੁਚੇਤ ਨਹੀਂ ਕਿ ਉਸ ਵਿੱਚ ਕੀ ਵਾਪਰ ਰਿਹਾ ਹੈ ਤੇ ਕੀ ਸਾਨੂੰ ਬੱਚਿਆਂ ਨੂੰ ਇਨ੍ਹਾਂ ਰੋਜ਼ਮਰਾ ਦੀਆਂ ਸਮਾਜਿਕ ਸਮੱਸਿਆਵਾਂ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ? ਸਿਲੇਬਸ ਤੋਂ ਬਾਹਰ ਵੀ ਬਹੁਤ ਵੱਡੀ ਜ਼ਿੰਦਗੀ ਹੈ

ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ, ਆਪਣੀ ਗੱਲ ਨੂੰ ਉਨ੍ਹਾਂ ਪਹਿਲੂਆਂ ਤੋਂ ਹੀ ਰੱਖਿਆ, ਜੋ ਮੈਂ ਸੋਚਦਾ ਹਾਂਗੱਲ ਸ਼ੁਰੂ ਕੀਤੀ ਕਿ ਇਹ ਮੰਦਭਾਗਾ ਹੈ ਕਿ ਸੱਤਰ ਸਾਲ ਦੀ ਆਜ਼ਾਦੀ ਤੋਂ ਬਾਅਦ, ਜਦੋਂ ਅਸੀਂ ਦੇਸ਼ ਦੀ ਜਵਾਨੀ ਨਾਲ, ਕੁਝ ਇਸ ਉਮਰ ਦੀਆਂ ਖ਼ਾਸੀਅਤਾਂ, ਕਾਬਲੀਅਤਾਂ ਦੀ ਗੱਲ ਕਰਨੀ ਸੀ, ਤੁਹਾਡੇ ਨਾਲ ਤੁਹਾਡੇ ਸੁਫ਼ਨਿਆਂ ਬਾਰੇ ਸੰਵਾਦ ਰਚਾਉਣਾ ਸੀ ਤੇ ਉਨ੍ਹਾਂ ਨੂੰ ਸਿਰੇ ਚਾੜ੍ਹਣ ਲਈ ਇੱਕ ਵਧੀਆ ਮਾਹੌਲ ਸਿਰਜਣ ਦੀ ਗੱਲ ਕਰਨੀ ਸੀ, ਇੱਥੇ ਨਸ਼ਿਆਂ ਬਾਰੇ ਗੱਲ ਕਰ ਰਹੇ ਹਾਂਕਰਨੀ ਪੈ ਰਹੀ ਹੈਇਸ ਸੱਚਮੁੱਚ ਹੀ ਦੁੱਖਦਾਈ ਹੈ

ਦੂਸਰੀ ਗੱਲ, ਤੁਸੀਂ ਜਾਣਦੇ ਸੀ ਕਿ ਅੱਜ ਤੁਹਾਡੇ ਨਾਲ ਗੱਲਬਾਤ ਹੋਣੀ ਹੈ, ਨਸ਼ਿਆਂ ਦੇ ਵਿਸ਼ੇ ਨੂੰ ਲੈ ਕੇਬਹੁਤਿਆਂ ਨੇ ਸੋਚਿਆ ਹੋਣਾ ਹੈ ਕਿ ਸਾਡੇ ਨਾਲ ਇਸ ਵਿਸ਼ੇ ’ਤੇ ਗੱਲਬਾਤ ਕਿਉਂ? ਇਹ ਤਾਂ ਲੜਕਿਆਂ-ਮਰਦਾਂ ਦੀ ਸਮੱਸਿਆ ਹੈਉਨ੍ਹਾਂ ਨੂੰ ਦੱਸਣ-ਸਮਝਾਉਣ ਦੀ ਲੋੜ ਹੈਸਾਡੇ ਨਾਲ ਗੱਲਬਾਤ ਕਰਨ ਦੀ ਕੀ ਤੁਕ ਹੈ? ਠੀਕ ਹੈ, ਬਿਲਕੁਲ ਇਹੀ ਸੋਚ ਹੈ ਸਭ ਦੀ, ਤੁਹਾਡੀ ਔਰਤਾਂ-ਲੜਕੀਆਂ ਦੀ, ਪਰ ਇਸ ਦੇ ਕਈ ਅਹਿਮ ਪਹਿਲੂ ਹਨ, ਤੁਹਾਡੇ ਨਾਲ ਜੁੜੇ ਹੋਏ

ਪਿਛਲੇ ਲਗਭਗ ਇੱਕ ਦਹਾਕੇ ਤੋਂ ਨਸ਼ਾ-ਛੁਡਾਊ ਕੇਂਦਰ ਨਾਲ ਜੁੜੇ ਹੋਣ ਕਰ ਕੇ, ਮੈਂ ਮਹਿਸੂਸ ਕੀਤਾ ਹੈ ਕਿ ਜੇ ਕਿਸੇ ਦਾ ਨਸ਼ਾ ਛੁਡਾਉਣ ਲਈ ਮੇਰੇ ਕੋਲ ਫੋਨ ਆਇਆ ਹੈ ਜਾਂ ਕੋਈ ਸਿੱਧਾ ਕੇਂਦਰ ਵਿੱਚ ਪਹੁੰਚਿਆ ਹੈ, ਬਹੁਤੇ ਲੋਕਾਂ ਨਾਲ ਮਾਂ ਹੁੰਦੀ ਹੈ ਜਾਂ ਇਹ ਪਹਿਲ ਭੈਣ ਵੱਲੋਂ ਹੁੰਦੀ ਹੈਜਿੱਥੇ ਕਿਤੇ ਨੌਜਵਾਨ ਵਿਆਹਿਆ ਹੈ, ਉੱਥੇ ਉਸ ਦੇ ਨਾਲ ਉਸ ਦੀ ਪਤਨੀ ਹੁੰਦੀ ਹੈਇਹ ਤਿੰਨੇ ਹੀ ਤੁਹਾਡੇ ਰੂਪ ਨੇਆਦਮੀ ਬਹੁਤ ਘੱਟ ਹੁੰਦੇ ਹਨ ਤੇ ਉਨ੍ਹਾਂ ਦੀ ਭੂਮਿਕਾ ਮਾਰ-ਕੁੱਟ, ਗਾਲ਼-ਮੰਦਾ ਬੋਲਣ ਤੱਕ ਹੀ ਵੱਧ ਰਹਿੰਦੀ ਹੈ

ਸਾਡੇ ਸੱਭਿਆਚਾਰ ਮੁਤਾਬਕ ਵਿਆਹ ਤੋਂ ਬਾਅਦ ਆਦਮੀ ਨੂੰ ਸਾਂਭਣ ਦਾ ਕੰਮ ਪਤਨੀ ਦਾ ਹੈਫਿਰ ਮਾਂ-ਭੈਣ ਵੀ ਲਾਂਭੇ ਹੋ ਜਾਂਦੀਆਂ ਹਨਉਹ ਹੀ ਖਪੇ, ਨਿਪਟੇ ਤੇ ਭੁਗਤੇਸਾਡੇ ਸੱਭਿਆਚਾਰ ਵਿੱਚ ਇੱਕ ਹੋਰ ਰੁਝਾਨ ਇਸ ਤੋਂ ਵੀ ਖ਼ਤਰਨਾਕ ਹੈ ਕਿ ਜੇਕਰ ਮੁੰਡਾ ਵਿਗੜਿਆ ਹੈ, ਗ਼ਲਤ ਰਾਹਾਂ ’ਤੇ ਪਿਆ ਹੈ, ਬੇਕਾਬੂ ਹੈ ਤਾਂ ਇਸ ਦਾ ਵਿਆਹ ਕਰ ਦਿਉਨੱਥ ਪਾਉਣ ਵਾਲੀ ਆ ਜਾਵੇਗੀਆਪੇ ਸੁਧਰ ਜਾਵੇਗਾਅੱਜ ਦੀ ਤਾਰੀਖ ਵਿੱਚ ਵੀ ਇਹ ਸੋਚ ਭਾਰੂ ਹੈਤੁਸੀਂ ਨਸ਼ਾ ਨਹੀਂ ਕਰ ਰਹੀਆਂ, ਪਰ ਨਸ਼ਿਆਂ ਕਾਰਨ ਜੋ ਅਸਰ ਤੁਹਾਡੀ ਜ਼ਿੰਦਗੀ ਵਿੱਚ ਹੁੰਦਾ ਹੈ, ਉਸ ਦੀ ਕੋਈ ਗਿਣਤੀ-ਮਿਣਤੀ ਨਹੀਂ ਹੁੰਦੀਉਹ ਅਸਰ ਕਿਤੇ ਵੀ ਦਰਜ ਨਹੀਂ ਹੁੰਦਾਇਸ ਲਈ ਇਹ ਵਿਸ਼ਾ ਤੁਹਾਡੇ ਨਾਲ ਪੂਰੀ ਤਰ੍ਹਾਂ ਸੰਬੰਧਤ ਹੈਇੱਥੋਂ ਤੱਕ ਕਿ ਨਸ਼ਾ ਛੁਡਾਉਣ ਦੀਆਂ ਕੋਸ਼ਿਸ਼ਾਂ ਵਿੱਚ ਦਾਖ਼ਲ ਹੋਣ ਤੋਂ ਲੈ ਕੇ ਦਵਾਈ ਦੇ ਇਸਤੇਮਾਲ ਤੱਕ, ਉਸ ਨੂੰ ਜਿਸ ਤਰ੍ਹਾਂ ਦੇ ਪਿਆਰ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ, ਉਹ ਵੀ ਤੁਹਾਡੇ ਕੋਲ ਹੀ ਹੈ, ਆਦਮੀ ਦੀ ਭੂਮਿਕਾ ਉੱਥੇ ਵੀ ਨਾਂਹ ਦੇ ਬਰਾਬਰ ਹੈ

ਬਾਕੀ ਇਹ ਗੱਲ, ਜੋ ਮੈਂ ਛੋਹੀ ਸੀ ਕਿ ਸਮਾਜਿਕ ਤਬਦੀਲੀ ਦੇ ਇਸ ਦੌਰ ਵਿੱਚ ਔਰਤ ਦੀ ਸਵੈ-ਪਛਾਣ, ਆਤਮ-ਵਿਸ਼ਵਾਸ ਅਤੇ ਸਸ਼ਕਤੀਕਰਨ ਦੇ ਨਾਂਅ ’ਤੇ ਆਦਮੀ ਦੇ ਬਰਾਬਰ ਪਛਾਣ ਦੇ ਸੰਘਰਸ਼ ਨੇ, ਨਸ਼ੇ ਵੀ ਇਸ ਏਜੰਡੇ ਵਿੱਚ ਲੈ ਆਂਦੇ ਹਨਇਸ ਵਿਚਾਰ ਨੂੰ ਸਾਡਾ ਮੀਡੀਆ (ਫ਼ਿਲਮਾਂ/ਟੈਲੀਵਿਜ਼ਨ) ਵੀ ਪੂਰੀ ਤਾਕਤ ਨਾਲ ਅੱਗੇ ਲਿਆ ਰਿਹਾ ਹੈਜੋ ਕੰਮ ਅਤੇ ਮਸਤੀ ਆਦਮੀ ਦੇ ਹਿੱਸੇ ਹੈ, ਉਹ ਔਰਤ ਦੇ ਕਿਉਂ ਨਹੀਂ? ਸਮਾਜਿਕ ਬਰਾਬਰੀ ਦਾ ਪਹਿਲੂ ਕਿਸੇ ਤਰ੍ਹਾਂ ਵੀ, ਕਿਸੇ ਪੱਖੋਂ ਵੀ ਸਮਝੌਤੇ ਦੀ ਸੀਮਾ ਵਿੱਚ ਨਹੀਂ ਹੈ, ਪਰ ਇੱਥੇ ਸਵਾਲ ਮੁੰਡਿਆਂ ਨੂੰ ਇਸ ਘੇਰੇ ਵਿੱਚੋਂ ਬਾਹਰ ਕੱਢਦੇ-ਕੱਢਦੇ ਲੜਕੀਆਂ ਦੇ ਇਸ ਵਿੱਚ ਦਾਖ਼ਲ ਹੋਣ ’ਤੇ ਚਿੰਤਾ ਪ੍ਰਗਟਾਉਣ ਦਾ ਹੈ

ਮੈਂ ਸ਼ੁਰੂ ਵਿੱਚ ਕਿਹਾ ਸੀ ਤੇ ਮੇਰੀ ਇਹ ਪੱਕੀ ਧਾਰਨਾ ਹੈ ਕਿ ਨੌਜਵਾਨ ਇਸ ਦਾ ਸ਼ਿਕਾਰ ਹਨਨਸ਼ੇ ਦੀ ਆਦਤ/ਲਤ ਲਈ ਤਿੰਨ ਪਹਿਲੂ ਹੋਣੇ ਲਾਜ਼ਮੀ ਹਨ; ਨਸ਼ਿਆਂ ਦਾ ਮਿਲਣਾ, ਨਸ਼ੇ ਲੈਣ ਲਈ ਇੱਕ ਮਾਹੌਲ ਤੇ ਨਸ਼ੇ ਕਰਨ ਲਈ ਤਿਆਰ ਵਿਅਕਤੀਨਸ਼ੇ ਆਮ ਹਨਬਾਜ਼ਾਰ ਤੋਂ ਲੈ ਕੇ ਮੋਬਾਈਲ ਮੈਸੇਜ ਰਾਹੀਂਨਸ਼ੇ ਲਈ ਫਸਾਏ ਜਾਣ ਵਾਸਤੇ ਜਾਂ ਉਸ ਨੂੰ ਆਪਣੇ ਵੱਲ ਖਿੱਚਣ ਲਈ ਵਿਅਕਤੀ ਦੀ ਬੇਚੈਨ-ਪਰੇਸ਼ਾਨ ਮਾਨਸਿਕਤਾ, ਅਜੋਕੇ ਸਮੇਂ ਵਿੱਚ ਇਹ ਏਨੀ ਤੀਬਰ ਹੈ ਕਿ ਹਰ ਕੋਈ ਸਾਫ਼ ਮਹਿਸੂਸ ਕਰ ਰਿਹਾ ਹੈਪੜ੍ਹਾਈ ਦਾ ਮਹਿੰਗਾ ਹੋਣਾ ਤੇ ਸਭ ਦੀ ਪਹੁੰਚ ਵਿੱਚ ਨਾ ਆਉਣਾ ਤੇ ਰੋਜ਼ਗਾਰ ਦੇ ਮੌਕਿਆਂ ਦਾ ਦਿਨੋ-ਦਿਨ ਸੁੰਗੜਨਾ ਜਾਂ ਅੱਧ-ਪਚੱਧਾ ਹੋਣਾਬੇਚੈਨੀ ਇੱਕ ਮਾਹੌਲ ਹੁੰਦੀ ਹੈ, ਜਦੋਂ ਨਸ਼ੇ ਵੱਲ ਜਾਂਦੇ ਰਾਹ ’ਤੇ ਲੈ ਜਾਣਾ ਆਸਾਨ ਹੁੰਦਾ ਹੈਹੁਣ ਕਸੂਰ ਉਸ ਨੌਜਵਾਨ ਦਾ ਕੱਢਿਆ ਜਾਂਦਾ ਹੈ ਕਿ ਉਹ ਕਿਉਂ ‘ਨਾਂਹ’ ਨਹੀਂ ਕਰ ਸਕਦਾ, ਕੌਣ ਉਸ ਦੇ ਮੂੰਹ ਵਿੱਚ ਪਾਉਂਦਾ ਹੈ, ਉਹ ਇੰਨਾ ਕਮਜ਼ੋਰ ਕਿਉਂ ਹੈ? ਇਹ ਗੱਲ ਜਚਦੀ ਵੀ ਹੈ, ਪਰ ਨਾਂਹ ਕਹਿਣਾ, ਆਪਣੇ ਇਰਾਦੇ ਦੀ ਮਜ਼ਬੂਤੀ ਦਾ ਇਜ਼ਹਾਰ ਕਰਨਾ ਇੱਕ ਹੁਨਰ ਹੁੰਦਾ ਹੈਇਸ ਦੇ ਲਈ ਮੁਹਾਰਤ ਹਾਸਲ ਕਰਨੀ ਹੁੰਦੀ ਹੈ, ਪਰ ਇਸ ਦੀ ਸਿਖਲਾਈ ਕਿਸ ਨੇ ਦੇਣੀ ਹੁੰਦੀ ਹੈ? ਸਾਡੇ ਪਰਿਵਾਰ ਅਤੇ ਸਮਾਜ ਨੇ

ਮੁੰਡੇ-ਕੁੜੀ ਦੇ ਘਟ ਰਹੇ ਫ਼ਰਕ ਨੂੰ, ਨਸ਼ਿਆਂ ਦੇ ਸੰਦਰਭ ਵਿੱਚ, ਇਸ ਪਹਿਲੂ ਤੋਂ ਦੇਖਣ ਦਾ ਹੈ ਕਿ ਕਿਸ਼ੋਰ ਅਵਸਥਾ, ਜ਼ਿੰਦਗੀ ਦਾ ਸਭ ਤੋਂ ਵੱਧ ਉੱਥਲ-ਪੁੱਥਲ ਵਾਲਾ ਪੜਾਅ ਹੁੰਦਾ ਹੈਆਪਣੀ ਭੂਮਿਕਾ ਤਲਾਸ਼ ਕਰਨ ਵਾਲਾ ਤੇ ਸਮਾਜ ਵਿੱਚ ਆਪਣੀ ਭੂਮਿਕਾ ਤੈਅ ਕਰਨ ਵਾਲਾ, ਸਵਾਲ ਕਰਨ ਵਾਲਾ, ਨਵੀਂ ਸੋਚ ਅਤੇ ਕੁਝ ਕਰ ਦਿਖਾਉਣ ਵਾਲਾ, ਇਹ ਪੜਾਅ ਮੁੰਡੇ-ਕੁੜੀ ਵਿੱਚ ਫ਼ਰਕ ਨਹੀਂ ਕਰਦਾਇਹ ਤਾਂ ਸਮਾਜਿਕ ਰੀਤੀ-ਰਿਵਾਜ ਨੇ, ਜੋ ਕੁੜੀ-ਮੁੰਡੇ ਨੂੰ ਆਪਣੇ ਨੇਮਾਂ ਹੇਠ ਤਿਆਰ ਕਰਦੇ ਹਨ ਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਘੜਦੇ ਹਨਇਸੇ ਲਈ ਜਿਵੇਂ ਮੌਕੇ ਮਿਲ ਰਹੇ ਹਨ, ਇਹ ਨੇਮ ਵੀ ਟੁੱਟ ਰਹੇ ਹਨ

ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕੁੜੀਆਂ ਕੀ ਨਹੀਂ ਕਰ ਸਕਦੀਆਂ, ਤਾਂ ਅਸੀਂ ਕੀ ਕਹਿਣਾ ਚਾਹੁੰਦੇ ਹਾਂ? ਇਸ ਦੇ ਉਲਟ ਜਦੋਂ ਅਸੀਂ ਉਨ੍ਹਾਂ ਦੀ ਪੜ੍ਹਾਈ, ਨੌਕਰੀ ਤੇ ਜੀਵਨ ਸਾਥੀ ਦੀ ਚੋਣ ਵਰਗੇ ਫ਼ੈਸਲਿਆਂ ਲਈ ਉਨ੍ਹਾਂ ਨੂੰ ਸੋਚਣ ਦਾ ਮੌਕਾ ਨਹੀਂ ਦਿੰਦੇ, ਜਦੋਂ ਅਸੀਂ ਉਨ੍ਹਾਂ ਦੀ ਮਨਮਰਜ਼ੀ ਨਾਲ ਜ਼ਿੰਦਗੀ ਜੀਣ ਦੀ ਸੋਚ ’ਤੇ ਪਹਿਰੇ ਲਗਾਉਂਦੇ ਹਾਂ, ਤਾਂ ਕੀ ਕਰ ਰਹੇ ਹੁੰਦੇ ਹਾਂ? ਇਸ ਸੰਦਰਭ ਵਿੱਚ ਨਸ਼ਿਆਂ ਨੂੰ ਕੋਈ ਫ਼ਰਕ ਨਹੀਂ ਦਿਸਦਾਸ਼ਖ਼ਸ ਬੇਚੈਨ ਹੋਵੇ ਤੇ ਨਸ਼ੇ ਸਾਹਮਣੇ ਹੋਣ ਤਾਂ ਫਿਰ ਇਸ ਰਾਹ ਨੂੰ ਫੜਣ ਤੋਂ ਰੋਕਣਾ ਔਖਾ ਹੋ ਜਾਂਦਾ ਹੈ

ਜਿਹੜੇ ਤਿੰਨ ਪਹਿਲੂਆਂ ’ਤੇ ਗੱਲ ਕੀਤੀ ਹੈ ਕਿ ਨਸ਼ੇ, ਮਾਹੌਲ ਅਤੇ ਵਿਅਕਤੀ, ਇਨ੍ਹਾਂ ਵਿੱਚੋਂ ਅੱਜ ਵਿਅਕਤੀ ਦੇ ਤੌਰ ’ਤੇ ਤੁਸੀਂ ਸਾਹਮਣੇ ਹੋਤੁਸੀਂ ਜੋ ਚੰਗੇ-ਬੁਰੇ ਦੀ ਪਛਾਣ ਕਰ ਸਕਣ ਦੇ ਸਮਰੱਥ ਹੋਤੁਸੀਂ ਕੋਈ ਵੀ ਫ਼ੈਸਲਾ ਕਰ ਸਕਣ ਦੇ ਕਾਬਲ ਹੋਨਸ਼ਾ ਕੋਈ ਜ਼ਰੀਆ ਨਹੀਂ ਹੈ, ਆਪਣੀ ਸੋਚ ਅਤੇ ਤਜ਼ਰਬੇ ਕਰਨ ਦਾ, ਉਮਰ ਨੂੰ ਇਸ ਦਿਸ਼ਾ ਵੱਲ ਲੈ ਜਾ ਕੇ ਬਰਬਾਦ ਕਰਨ ਲਈਸਭ ਤੋਂ ਵੱਧ ਲੋੜ ਹੈ ਆਪਣੀ ਸਮਰੱਥਾ ਨੂੰ ਪਛਾਣਨ ਦੀ, ਜੋ ਤੁਸੀਂ ਕਰ ਸਕਦੀਆਂ ਹੋ

*****

(1044)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author