KuljitMianpuri7ਸੋਸ਼ਲ ਮੀਡੀਆ ਦੀ ਸਮਾਜਿਕ ਸਾਰਥਿਕਤਾ ਸਹਾਰੇ ਪ੍ਰਵਾਨ ਚੜ੍ਹੇ ਇਸ ਗੁੰਮਨਾਮ ਰਿਸ਼ਤੇ ਨੇ ਟੁੱਟ ਰਹੀ ਜ਼ਿੰਦਗੀ ...
(5 ਮਾਰਚ 2018)

 

ਲੰਘੇ ਵਰ੍ਹੇ ਦੇ ਸਤੰਬਰ ਮਹੀਨੇ ਦੀ ਗੱਲ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਡੇਂਗੂ ਕਹਿਰ ਢਾਅ ਰਿਹਾ ਸੀ। ਕਈ ਜ਼ਿਲ੍ਹਿਆਂ ਵਿਚ ਤਾਂ ਮਰੀਜ਼ਾਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਸੀ। ਮੇਰੇ ਮੁਹੱਲੇ ਵਿਚ ਰਹਿੰਦੇ ਇੱਕ ਪਰਿਵਾਰ ਦੀ ਦੋ ਕੁ ਸਾਲ ਪਹਿਲਾਂ ਵਿਆਹੀ ਲੜਕੀ, ਜਿਸ ਕੋਲ ਦੋ ਮਹੀਨਿਆਂ ਦੀ ਬੱਚੀ ਸੀ, ਡੇਂਗੂ ਦੀ ਲਪੇਟ ਵਿੱਚ ਆ ਗਈ। ਲੜਕੀ ਦੀ ਬੀਮਾਰੀ ਕਾਰਨ ਦੋਵੇਂ ਪਰਿਵਾਰ, ਸਹੁਰਾ ਤੇ ਪੇਕਾ, ਕਾਫ਼ੀ ਚਿੰਤਾ ਵਿੱਚ ਸਨ। ਲੜਕੀ ਦਾ ਇਲਾਜ ਕਈ ਡਾਕਟਰਾਂ ਤੋਂ ਕਰਾਉਣ ਦੇ ਬਾਵਜੂਦ ਜਦੋਂ ਫ਼ਰਕ ਨਾ ਪਿਆ ਤਾਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ। ਉਸ ਦੇ ਸਰੀਰ ਵਿੱਚ ਖ਼ੂਨ ਅਤੇ ਪਲੇਟਲੈਟਸ (ਸੈੱਲ) ਲਗਾਤਾਰ ਘਟ ਰਹੇ ਸਨ।

ਪੀ.ਜੀ.ਆਈ. ਵਿੱਚ ਕਈ ਦਿਨ ਦਾਖ਼ਲ ਰਹਿਣ ਮਗਰੋਂ ਮਰੀਜ਼ ਲੜਕੀ ਦੇ ਪਿਤਾ ਨੇ ਮੇਰੇ ਨਾਲ ਖ਼ੂਨਦਾਨੀ ਦਾ ਪ੍ਰਬੰਧ ਨਾ ਹੋਣ ਦੀ ਗੱਲ ਸਾਂਝੀ ਕੀਤੀ। ਮੈਂ ਕਿਹਾ, ਮੈਂ ਖ਼ੂਨ ਦਾਨ ਕਰਨ ਨੂੰ ਤਿਆਰ ਹਾਂ, ਜਦੋਂ ਤੁਸੀਂ ਕਹੋਗੇ, ਹਾਜ਼ਰ ਹੋ ਜਾਵਾਂਗਾ।”

ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਦਾ ਬਲੱਡ ਗਰੁੱਪ ਦੁਰਲੱਭ ਹੋਣ ਕਰਕੇ ਖ਼ੂਨ ਦਾਨੀ ਨਹੀਂ ਮਿਲ ਰਿਹਾ। ਮੈਂ ਪੁੱਛਿਆ ਕਿ ਅਜਿਹਾ ਕਿਹੜਾ ਬਲੱਡ ਗਰੁੱਪ ਹੈ, ਜੋ ਰੇਅਰ ਹੈ? ਉਨ੍ਹਾਂ ਦੱਸਿਆ ਕਿ ਬੰਬੇ ਬਲੱਡ ਗਰੁੱਪ। ਮੈਂ ਇਹ ਨਾਂ ਸੁਣ ਕੇ ਹੈਰਾਨ ਹੋ ਗਿਆ, ਕਿਉਂਕਿ ਖ਼ੂਨ ਦੇ ਇਸ ਗਰੁੱਪ ਬਾਰੇ ਮੈਂ ਪਹਿਲਾਂ ਕਦੇ ਨਹੀਂ ਸੀ ਸੁਣਿਆ।

ਅਗਲੇ ਦਿਨ ਬਲੱਡ ਦਾ ਪ੍ਰਬੰਧ ਕਰਨ ਲਈ ਮੈਂ ਆਪਣੇ ਦਫ਼ਤਰ ਵਿੱਚ ਸਾਥੀਆਂ ਨਾਲ ਚਰਚਾ ਕੀਤੀ। ਉਹ ਸਾਰੇ ਵੀ ਇਸ ਬਲੱਡ ਗਰੁੱਪ ਦਾ ਨਾਂ ਸੁਣ ਕੇ ਹੱਕੇ-ਬੱਕੇ ਰਹਿ ਗਏ ਅਤੇ ਮੇਰੀ ਗੱਲ ਦਾ ਕੋਈ ਸੱਚ ਨਹੀਂ ਸੀ ਮੰਨ ਰਿਹਾ। ਫਿਰ ਅਸੀਂ ਇੰਟਰਨੈੱਟ ਤੇ ‘ਬੰਬੇ ਬਲੱਡ ਗਰੁੱਪ’ ਪਾ ਕੇ ਸਰਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਬਲੱਡ ਗਰੁੱਪ ਲਗਭਗ ਸੱਤ ਦਹਾਕੇ ਪਹਿਲਾਂ, ਪਹਿਲੀ ਵਾਰ ਬੰਬੇ ਵਿਚ ਸਾਹਮਣੇ ਆਇਆ ਸੀ, ਜਿੱਥੇ ਇੱਕ ਮਰੀਜ਼ ਦੇ ਸਰੀਰ ਵਿਚ ਇਸ ਗਰੁੱਪ ਦੀ ਪਛਾਣ ਕੀਤੀ ਗਈ ਸੀ। ਇਸੇ ਕਾਰਨ ਇਸ ਬਲੱਡ ਗਰੁੱਪ ਦਾ ਨਾਂ ਬੰਬੇ ਬਲੱਡ ਗਰੁੱਪ’ ਪੈ ਗਿਆ ਸੀਇਸ ਗਰੁੱਪ ਨੂੰ ਐੱਚ.ਐੱਚ ਬਲੱਡ ਗਰੁੱਪ ਵੀ ਕਿਹਾ ਜਾਂਦਾ ਹੈ। ਇਸੇ ਦੌਰਾਨ ਪਤਾ ਲੱਗਿਆ ਕਿ ਇਹ ਬਲੱਡ ਗਰੁੱਪ ਦੱਖਣੀ ਭਾਰਤੀ ਲੋਕਾਂ ਵਿੱਚ ਪਾਇਆ ਜਾਂਦਾ ਹੈ। ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਬਲੱਡ ਗਰੁੱਪ ਦਸ ਹਜ਼ਾਰ ਬੰਦਿਆਂ ਪਿੱਛੇ ਕਿਸੇ ਇੱਕ ਬੰਦੇ ਵਿਚ ਪਾਇਆ ਜਾਂਦਾ ਹੈ।

ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਪੀ.ਜੀ.ਆਈ. ਦੇ ਡਾਕਟਰ ਵੀ ਆਪਣੇ ਤੌਰ ਤੇ ਇਸ ਬਲੱਡ ਗਰੁੱਪ ਦੇ ਦਾਨੀਆਂ ਨੂੰ ਲੱਭਣ ਤੇ ਖ਼ੂਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜੇ ਤੱਕ ਸਫ਼ਲਤਾ ਨਹੀਂ ਮਿਲੀ। ਇਸ ਬਲੱਡ ਗਰੁੱਪ ਬਾਰੇ ਜਾਣਕਾਰੀ ਹਾਸਲ ਕਰਨ ਬਾਅਦ ਮੈਂ ਅਤੇ ਮੇਰੇ ਸਾਥੀ, ਬੀਮਾਰ ਲੜਕੀ ਦੀ ਮਦਦ ਕਰਨ ਲਈ ਇਸ ਗਰੁੱਪ ਦੇ ਖ਼ੂਨਦਾਨੀ ਨੂੰ ਲੱਭਣ ਦੀ ਕੋਸ਼ਿਸ਼ ਕਰਨ ਲੱਗ ਪਏ। ਮੈਂ ਅਤੇ ਮੇਰੇ ਸਾਥੀ ਬਲਜਿੰਦਰ ਨੇ ਬੰਬੇ ਬਲੱਡ ਗਰੁੱਪ’ ਦੀ ਤੁਰੰਤ ਲੋੜ ਬਾਰੇ ਇੱਕ ਮੈਸੇਜ ਤਿਆਰ ਕੀਤਾ, ਜਿਸ ਵਿੱਚ ਮੈਂ ਆਪਣਾ ਸੰਪਰਕ ਨੰਬਰ, ਪਤਾ ਅਤੇ ਖ਼ੂਨ ਦੀ ਲੋੜ ਕਿੱਥੇ ਹੈ, ਆਦਿ ਜਾਣਕਾਰੀ ਸਾਂਝੀ ਕਰ ਦਿੱਤੀ।

ਮੈਂ ਅਤੇ ਮੇਰੇ ਸਾਥੀ ਨੇ ਇਹ ਮੈਸੇਜ, ਖ਼ਾਸ ਕਰਕੇ ਮੁੰਬਈ ਤੇ ਦੱਖਣ ਤੱਕ ਪੁੱਜਦਾ ਕਰਨ ਲਈ, ਵੱਖ ਵੱਖ ਵੱਟਸਐਪ ਗਰੁੱਪਾਂ ਵਿੱਚ ਸ਼ੇਅਰ ਕੀਤਾ। ਇਹ ਮੈਸੇਜ ਕੁੱਝ ਘੰਟਿਆਂ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੱਕ ਪਹੁੰਚ ਗਿਆ। ਸਾਡੇ ਖ਼ਿੱਤੇ ਦੇ ਦੋਸਤ-ਮਿੱਤਰ ਤੇ ਹੋਰ ਲੋਕ ਇਸ ਦੁਰਲੱਭ ਬਲੱਡ ਗਰੁੱਪ ਕਰਕੇ ਯਕੀਨ ਨਹੀਂ ਸਨ ਕਰ ਰਹੇ ਅਤੇ ਸੱਚਾਈ ਪੁੱਛਣ ਲਈ ਮੁੜ-ਮੁੜ ਫ਼ੋਨ ਕਰਦੇ ਰਹੇ ਹਾਲਾਂਕਿ ਕਰਨਾਟਕਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਸਮੇਤ ਕਈ ਪਾਸਿਓਂ ਜਿਹੜੇ ਫ਼ੋਨ ਆਏ, ਉਨ੍ਹਾਂ ਨੇ ਤੁਰੰਤ ਮਦਦ ਕਰਨ ਲਈ ਇੱਛਾ ਜ਼ਾਹਰ ਕੀਤੀ। ਇੱਕ ਫ਼ੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਬਲੱਡ ਗਰੁੱਪ ਦੀ ਤੁਰੰਤ ਲੋੜ ਸਬੰਧੀ ਕਰਨਾਟਕਾ ਦੇ ਇੱਕ ਟੀ.ਵੀ. ਚੈਨਲ ਤੋਂ ਖ਼ਬਰ ਮਿਲੀ ਹੈ। ਫ਼ੋਨ ਕਰਨ ਵਾਲੇ ਇਸ ਭਲੇ ਪੁਰਸ਼ਾਂ ਨੇ ਮਰੀਜ਼ ਲੜਕੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਮੈਨੂੰ ਕਈ ਵੈੱਬਸਾਈਟਾਂ, ਵੱਖ-ਵੱਖ ਵਿਅਕਤੀਆਂ ਦੇ ਸੰਪਰਕ ਨੰਬਰ ਵੀ ਨੋਟ ਕਰਵਾਏ ਜੋ ਬੰਬੇ ਬਲੱਡ ਗਰੁੱਪ’ ਵਾਲੇ ਸਨ। ਮੈਂ ਇਨ੍ਹਾਂ ਨੰਬਰਾਂ ਅਤੇ ਵੈਬਸਾਈਟਾਂ ਤੇ ਮਿਲੇ ਸੰਪਰਕ ਨੰਬਰਾਂ ਤੇ ਗੱਲਬਾਤ ਕੀਤੀ ਅਤੇ ਸਾਰੀ ਵਿੱਥਿਆ ਦੱਸ ਕੇ ਛੇਤੀ ਖ਼ੂਨਦਾਨ ਕਰਨ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ। ਇਨ੍ਹਾਂ ਵਿੱਚੋਂ ਕਈ ਲਗਾਤਾਰ ਕਾਫ਼ੀ ਦਿਨਾਂ ਤੱਕ ਮੈਥੋਂ ਮਰੀਜ਼ ਲੜਕੀ ਦਾ ਹਾਲ ਵੀ ਪੁੱਛਦੇ ਰਹੇ।

ਇਸ ਹੰਭਲੇ ਨੂੰ ਦੋ ਦਿਨ ਬੀਤ ਗਏ। ਮੈਨੂੰ ਲੜਕੀ ਦੇ ਪਿਤਾ ਦਾ ਫ਼ੋਨ ਆਇਆ ਕਿ ਬੰਬੇ ਬਲੱਡ ਗਰੁੱਪ ਦੇ ਦੋ ਦਾਨੀ ਖ਼ੂਨ ਦੇ ਗਏ ਹਨ ਤੇ ਸਾਨੂੰ ਪਤਾ ਵੀ ਨਹੀਂ ਲੱਗਿਆ ਕਿ ਉਹ ਕਿਵੇਂ ਤੇ ਕਦੋਂ ਆਏ ਅਤੇ ਕਦੋਂ ਖ਼ੂਨਦਾਨ ਕਰਕੇ ਚਲੇ ਵੀ ਗਏ।

ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਲੜਕੀ ਦੇ ਜਲਦ ਸਿਹਤਯਾਬ ਹੋਣ ਦੇ ਨਾਲ-ਨਾਲ ਅਣਜਾਣੇ ਖ਼ੂਨਦਾਨੀਆਂ ਦੀ ਲੰਮੀ ਉਮਰ ਦੀ ਦੁਆ ਕੀਤੀ। ਲੜਕੀ ਨੂੰ ਦਸਾਂ ਕੁ ਦਿਨਾਂ ਮਗਰੋਂ ਪੀ.ਜੀ.ਆਈ. ਤੋਂ ਛੁੱਟੀ ਮਿਲ ਗਈ। ਇੱਕ ਜ਼ਿੰਦਗੀ ਬਚਾਉਣ ਲਈ ਕੀਤੀ ਗਈ ਕੋਸ਼ਿਸ਼ ਤੇ ਮੈਨੂੰ ਬੇਹੱਦ ਖ਼ੁਸ਼ੀ ਹੈ।

ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਅਣਜਾਣ ਬੰਦਿਆਂ ਵਿਚਾਲੇ ਖ਼ੂਨ ਦਾ ਰਿਸ਼ਤਾ ਕਾਇਮ ਹੋ ਸਕਦਾ ਹੈ, ਜੋ ਇਨਸਾਨੀ ਰਿਸ਼ਤਿਆਂ ਦੀ ਤੰਦ ਨੂੰ ਮਜ਼ਬੂਤ ਕਰਦਾ ਹੈ। ਸੋਸ਼ਲ ਮੀਡੀਆ ਦੀ ਸਮਾਜਿਕ ਸਾਰਥਿਕਤਾ ਸਹਾਰੇ ਪ੍ਰਵਾਨ ਚੜ੍ਹੇ ਇਸ ਗੁੰਮਨਾਮ ਰਿਸ਼ਤੇ ਨੇ ਟੁੱਟ ਰਹੀ ਜ਼ਿੰਦਗੀ ਦੀ ਡੋਰ ਨੂੰ ਮੁੜ ਗੰਢ ਦਿੱਤਾ

ਸੋਸ਼ਲ ਮੀਡੀਆ ਦੀ ਸਮਰੱਥਾ ਬਾਰੇ ਤਾਂ ਮੈਨੂੰ ਪਤਾ ਹੀ ਸੀ, ਪਰ ਇਸ ਨੇਕ ਕਾਰਜ ਮਗਰੋਂ ਮੈਨੂੰ ਇਹ ਅਹਿਸਾਸ ਵੀ ਹੋ ਗਿਆ ਕਿ ਕੋਸ਼ਿਸ਼ਾਂ ਮੂਹਰੇ ਸਫ਼ਲਤਾ ਦੇ ਰਾਹ ਕਦੇ ਬੰਦ ਨਹੀਂ ਹੁੰਦੇ।

*****

(1043)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਕੁਲਜੀਤ ਮੀਆਂਪੁਰੀ

ਡਾ. ਕੁਲਜੀਤ ਮੀਆਂਪੁਰੀ

Mianpur, Roopnagar, Punjab, India.
Phone: (91 - 97800 - 36224)
Email: (kuljitmianpur@gmail.com)