MeghrajRalla7ਮੈਂ ਆਪਣੇ ਬੇਟੇ ਦੇ ਵਿਆਹ ਵਿੱਚ ਇਹੀ ਪ੍ਰੋਗਰਾਮ ਕਰਾਉਣਾ ਹੈ। ਤੁਸੀਂ ਮੇਰੀ ਬੇਨਤੀ ਮੰਨੋ ਤੇ ...
(3 ਮਾਰਚ 2018)

 

ਗੂਹਲਾ ਚੀਕਾ ਤੋਂ ਦੁਖਦਾਈ ਖਬਰ ਆਈ ਕਿ ਵਿਆਹ ਸਮਾਗਮ ਦੀਆਂ ਮਨਾਈਆਂ ਜਾ ਰਹੀਆਂ ਖੁਸ਼ੀਆਂ (ਲੇਡੀਜ਼ ਸੰਗੀਤ) ਦੌਰਾਨ ਨੱਚਣ, ਟੱਪਣ ਤੇ ਡੀ. ਜੇ. ਦੇ ਸ਼ੋਰ ਸ਼ਰਾਬੇ ਵਿੱਚ ਗੋਲੀ ਚੱਲਣ ਨਾਲ ਵਿਆਂਦੜ ਮੁੰਡੇ (ਲਾੜੇ) ਦੀ ਮੌਤ ਹੋ ਗਈ ਹੈ। ਉਸਦੇ ਦੋ ਸਕੇ ਭਰਾ ਗੰਭੀਰ ਜ਼ਖਮੀ ਹੋ ਗਏ। ਵਿਆਹ ਵਾਲਾ ਮੁੰਡਾ ਤੇ ਉਸ ਦੇ ਦੋਸਤ ਡੀ.ਜੇ. ਤੇ ਨੱਚ ਰਹੇ ਸਨ। ਇਸੇ ਦੌਰਾਨ ਕਿਸੇ ਨੇ ਬੰਦੂਕ ਨਾਲ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਗੋਲੀ ਨਹੀਂ ਚੱਲੀ, ਕਾਰਤੂਸ ਬੰਦੂਕ ਦੀ ਨਾਲੀ ਵਿੱਚ ਫਸ ਗਿਆ ਸੀ। ਜਦੋਂ ਉਸ ਵਿਅਕਤੀ ਨੇ ਬੰਦੂਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਗੋਲੀ ਚੱਲ ਗਈ ਤੇ ਵਿਆਂਦੜ ਮੁੰਡਾ ਗੋਲੀ ਦਾ ਸ਼ਿਕਾਰ ਹੋ ਗਿਆ।

ਜਿੱਥੇ ਇਸ ਲਾੜੇ ਨੇ ਤਲਵਾਰ ਫੜਕੇ, ਸਿਹਰਾ ਸਜਾ ਕੇ, ਲਾੜੀ ਨੂੰ ਵਿਆਹੁਣ ਜਾਣਾ ਸੀ ਤੇ ਬਰਾਤੀਆਂ ਦੇ ਕਾਫਲੇ ਅੱਗੇ ਤੁਰਨਾ ਸੀ, ਉੱਥੇ ਹੁਣ ਉਹ ਫੁੱਲਾਂ ਵਾਲੀ ਕਾਰ (ਡੋਲੀ) ਦੀ ਥਾਂ ਅਰਥੀ ਉੱਤੇ ਪੈ ਸਿਵਿਆਂ ਵੱਲ ਜਾ ਕੇ ਭਰ ਜਵਾਨੀ ਵਿੱਚ ਸੁਆਹ ਦੀ ਮੁੱਠੀ ਬਣ ਜਾਏਗਾ। ਵਿਆਹ ਦੀ ਰਸਮ ‘ਨ੍ਹਾਈ ਧੋਈ’ ਦੀ ਜਗਾਹ ਲਾਸ਼ ਨੂੰ ਨੁਹਾਇਆ ਜਾਏਗਾ। ਸ਼ਗਨਾਂ ਵਾਲੇ ਸੂਟ ਦੀ ਥਾਂ ਕੱਫਣ ਪਹਿਨਾਇਆ ਜਾਏਗਾ। ਮਾਂ ਪਾਣੀ ਵਾਰ ਕੇ ਪੀਣ ਦੀ ਥਾਂ ਖਾਰੇ ਪਾਣੀਆਂ ਦੇ ਹੰਝੂਆਂ ਦੀਆਂ ਨਦੀਆਂ ਵਗਾਏਗੀ। ਭੈਣ ਘੋੜੀ ਦੀ ਵਾਗ ਗੁੰਦਣ ਦੀ ਥਾਂ ਅਰਥੀ ਦੀਆਂ ਰੱਸੀਆਂ ਬੰਨ੍ਹੇਗੀ। ਭਾਬੀਆਂ ਸੁਰਮਾ ਪਾਉਣ ਦੀ ਥਾਂ ਜਾਂਦੀ ਵਾਰ ਲਾਸ਼ ਦਾ ਮੂੰਹ ਦੇਖਣਗੀਆਂ।

ਇਹ ਕੋਈ ਪਹਿਲੀ ਘਟਨਾ ਨਹੀਂ, ਅਜਿਹੀਆਂ ਘਟਨਾਵਾਂ ਦੀ ਲੰਬੀ ਲੜੀ ਹੈ, ਜਿਹਨਾਂ ਵਿੱਚ ਮਾਸੂਮ ਬੱਚਿਆਂ ਤੱਕ ਦੇ ਕਤਲ ਹੋਏ ਹਨ। ਸਾਡੇ ਚੇਤਿਆਂ ਵਿੱਚ ਗਾਇਕ ਦਿਲਸ਼ਾਦ ਅਖਤਰ ਅਜੇ ਵੀ ਦਸਤਕ ਦਿੰਦਾ ਹੈ, ਜਿਸ ਨੂੰ ਵਿਆਹ ਸਮਾਗਮ ਸਮੇਂ ਇੱਕ ਸ਼ਰਾਬੀ ਨੇ ਆਪਣੇ ਹਥਿਆਰ ਦਾ ਰੋਅਬ ਪਾਉਣ ਖਾਤਰ ਤੇ ਮਨ ਭਾਉਂਦਾ ਗੀਤ ਸੁਣਨ ਲਈ ਦਬਾਅ ਪਾਇਆ ਸੀ, ਪਰ ਉਹ ਸੁਰੀਲੀ ਅਵਾਜ਼ ਜਿਸ ਨੇ ਅਜੇ ਹੋਰ ਕਿੰਨੇ ਗੀਤ ਗਾਉਣੇ ਸਨ, ਉਸ ਨੂੰ ਗੋਲੀ ਮਾਰ ਕੇ ਸਦਾ ਦੀ ਨੀਂਦ ਸਵਾ ਦਿੱਤਾ।

ਮੌੜ ਮੰਡੀ ਦੇ ਇੱਕ ਹੋਰ ਵਿਆਹ ਸਮਾਗਮ ਦੀ ਘਟਨਾ, ਜਿਸ ਵਿੱਚ ਇੱਕ ਗਰੀਬ ਘਰ ਦੀ ਪੇਸ਼ਾਵਰ ਨਾਚੀ ਕਲਾਕਾਰ ਕੁੜੀ ਨੂੰ ਨੱਚਦੇ ਸਮੇਂ ਗੋਲੀ ਮਾਰ ਕੇ ਸਟੇਜ ਤੋਂ ਕਿਵੇਂ ਮਰੇ ਕੁੱਤੇ ਵਾਂਗ ਘੜੀਸਿਆ ਗਿਆ ਸੀ, ਦੀ ਦਰਦਨਾਕ ਮੌਤ ਹਾਲੇ ਭੁੱਲੀ ਨਹੀਂ।

ਕੀ ਇਹੀ ਹਨ ਵਿਆਹ ਦੇ ਅਰਥ - ਵਿਆਹ ਸਮਾਗਮ ਵਿੱਚ ਸ਼ਰਾਬ, ਸ਼ਬਾਬ, ਕਬਾਬ, ਹਥਿਆਰਾਂ ਤੇ ਭੜਕਾਉ, ਕਾਮ ਉਕਸਾਊ, ਤੇ ਲੱਚਰ ਗਾਣਿਆਂ ਦਾ ਪ੍ਰਦਰਸ਼ਨ ਕਰਨਾ?। ਕਿੱਧਰ ਗਏ ਸਾਡੇ ਲੰਬੀ ਹੇਕ ਵਾਲੇ ਗੀਤ, ਸੁਹਾਗ, ਸਿੱਠਣੀਆਂ, ਜਾਗੋ, ਛੱਜ ਤੋੜਨੇ, ਵਟਨੇ ਮਲਣੇ, ਜੰਡੀ ਵੱਢਣਾ ਤੇ ਲਾੜੇ ਦੀ ਸਾਹੇ ਲੱਤ ਬੰਨ੍ਹਣ ਦੀ ਰਸਮ। ਸਾਹੇ ਲੱਤ ਬੰਨ੍ਹਣ ਦੀ ਰਸਮ ਵਿਆਹ ਤੋਂ ਸਵਾ ਮਹੀਨਾ ਪਹਿਲਾਂ ਹੁੰਦੀ ਸੀ। ਲਾੜੇ ਦੀ ਲੱਤ ਨਾਲ ਧਾਗਾ ਬੰਨ ਕੇ ਇਹ ਰਸਮ ਕੀਤੀ ਜਾਂਦੀ ਸੀ ਤੇ ਉਸਦੇ ਵਿਆਹ ਤੱਕ ਘਰੋਂ ਬਾਹਰ ਤੁਰਨ ਫਿਰਨ ਤੇ ਪਾਬੰਦੀ ਲਾ ਦਿੱਤੀ ਜਾਂਦੀ, ਤਾਂ ਜੋ ਕੋਈ ਦੁਰਘਟਨਾ ਨਾ ਵਾਪਰ ਜਾਏ। ਪਰ ਅੱਜ ਤਾਂ ਲਾੜਾ, ਲਾੜੀ ਘਰ ਤੇ ਮੈਰਿਜ ਪੈਲੇਸ ਅੰਦਰ ਵੀ ਸੁਰੱਖਿਆਤ ਨਹੀਂ।

ਮੇਰੇ ਨਾਟ ਸਫਰ ਦੌਰਾਨ ਬੜੇ ਹੀ ਮਿੱਠੇ-ਕੌੜੇ ਤਜ਼ਰਬੇ ਵੇਖਣ ਨੂੰ ਮਿਲੇ ਹਨ। ਇਸ ਨਾਟਕ ਟੀਮ ਦਾ ਉਦੇਸ਼ ਸਮਾਜ ਸੁਧਾਰਕ, ਕ੍ਰਾਂਤੀਕਾਰੀ ਤੇ ਜ਼ਿੰਦਗੀ ਦੇ ਹੋਰ ਭਖ਼ਦੇ ਮਸਲਿਆਂ ਨੂੰ ਨਾਟਕਾਂ ਤੇ ਕੋਰੀਓਗਰਾਫੀ ਦੀ ਵਿਧਾ ਰਾਹੀਂ ਪੇਸ਼ ਕਰਕੇ ਲੋਕਾਂ ਨੂੰ ਚੇਤੰਨ ਇਨਸਾਨ ਬਣਾਉਣਾ ਰਿਹਾ ਹੈ। ਕੁਝ ਚੇਤੰਨ ਲੋਕਾਂ ਵੱਲੋਂ ਵਿਆਹ ਸਮਾਗਮਾਂ ’ਤੇ ਆਪਣੀ ਕਲਾ ਦੀ ਪੇਸ਼ਕਾਰੀ ਦਾ ਸੱਦਾ ਸਾਡੀ ਟੀਮ ਨੂੰ ਮਿਲਿਆ ਹੈ। ਸਾਡੇ ਲਈ ਇਹ ਨਵੀਂ ਗੱਲ ਸੀ। ਪਹਿਲਾਂ ਤਾਂ ਅਸੀਂ ਜਵਾਬ ਦੇ ਦਿੱਤਾ ਕਿ ਸਾਡਾ ਪ੍ਰੋਗਰਾਮ ਤਾਂ ਸੰਜੀਦਾ ਕਿਸਮ ਦਾ ਹੁੰਦਾ ਹੈ, ਸਾਡਾ ਉਦੇਸ਼ ਤਾਂ ਲੋਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਸੋਚਣ ਲਾਉਣਾ ਹੈ। ਪਰ ਜਿਹਨਾਂ ਲੋਕਾਂ ਨੇ ਵਿਆਹ ਵਿੱਚ ਸਾਨੂੰ ਜ਼ੋਰ ਦੇ ਕੇ ਸੱਦਿਆ, ਉਹਨਾਂ ਦਾ ਸੰਖੇਪ ਵਰਨਣ ਕੁਝ ਇਸ ਤਰ੍ਹਾਂ ਹੈ-

ਪਹਿਲੀ ਜੋੜੀ ਹੈ ਅੰਮ੍ਰਿਤਸਰ ਸ਼ਹਿਰ ਦੇ ਦੋ ਮਿਊਂਸਪਲ ਕੌਂਸਲਰ ਸ਼੍ਰੀ ਰਾਜ ਕੁਮਾਰ ਤੇ ਉਸ ਦੀ ਜੀਵਨ ਸਾਥਣ ਪਰਵੇਸ਼ ਰਾਣੀ। ਇਸ ਜੋੜੀ ਨੇ ਆਪਣੀ ਬੇਟੀ ਦੇ ਸ਼ਾਦੀ ਸਮਾਗਮ ਵਿੱਚ ਸਾਡੀ ਟੀਮ ਨੂੰ ਸੱਦਿਆ। ਸਟੇਜ ’ਤੇ ਪ੍ਰੋਗਰਾਮ ਚਲਦਾ ਰਿਹਾ ਤੇ ਬਰਾਤੀ ਖਾ-ਪੀ ਕੇ ਕੁਰਸੀਆਂ ਤੇ ਬੈਠੇ ਨਾਟਕਾਂ ਦਾ ਆਨੰਦ ਮਾਣਦੇ ਰਹੇ। ਅਖੀਰ ਸਮਾਪਤੀ ਸਮੇਂ ਚੰਗੇ ਗੀਤਾਂ ਤੇ ਰਲ ਕੇ ਭੰਗੜਾ ਵੀ ਪਾਇਆ। ਸਮਾਪਤੀ ’ਤੇ ਵੇਟਰਾਂ ਨੇ ਮੈਨੂੰ ਦੱਸਿਆ, “ਸਰ ਅਸੀਂ ਤਾਂ ਵਿਹਲੇ ਹੀ ਬੈਠੇ ਰਹੇ, ਕੋਈ ਰਸ਼ ਹੀ ਨਹੀਂ ਪਿਆ, ਸਾਡੇ ਲਈ ਤਾਂ ਇਹ ਅਜਿਹਾ ਪਹਿਲਾ ਵਿਆਹ ਹੈ।”

ਦੂਜਾ ਸੱਦਾ ਖ਼ੁਦ ਲਾੜੇ ਵੱਲੋਂ ਹੀ ਮਿਲਿਆ - ਇਹ ਅਗਾਂਹ ਵਧੂ ਨੌਜਵਾਨ ਹੁਣ ਮੋਗੇ ਜ਼ਿਲ੍ਹੇ ਦੇ ਪਿੰਡ ਬਹੋਨਾ ਦਾ ਚਰਚਿਤ ਸਰਪੰਚ ਹੈ। ਇਸ ਨੇ ਆਪਣੇ ਵਿਆਹ ਵਿੱਚ ਜਦੋਂ ਇਹ ਪ੍ਰੋਗਰਾਮ ਕਰਵਾਇਆ ਤਾਂ ਕੁਝ ਦਹੇਜ ਵਿਰੋਧੀ ਆਈਟਮਾਂ ਦੀ ਪੇਸ਼ਕਾਰੀ ਦੇਖ ਕੇ ਕੁੜੀ ਵਾਲੇ ਕਹਿਣ ਲੱਗੇ ਕਿ ਇਹ ਪ੍ਰੋਗਰਾਮ ਤਾਂ ਸਾਰਾ ਹੀ ਸਾਡੇ ਪੱਖ ਦਾ ਹੈ। ਸਾਨੂੰ ਗਰੰਟੀ ਹੋ ਗਈ ਹੈ ਕਿ ਸਾਡੀ ਕੁੜੀ ਨੂੰ ਇੱਥੇ ਕੋਈ ਤਕਲੀਫ ਨਹੀਂ ਹੋਵੇਗੀ। ਇਸ ਨੌਜਵਾਨ ਨੇ ਜਦੋਂ ਸਰਪੰਚ ਦੀ ਚੋਣ ਜਿੱਤੀ ਤਾਂ ਪਿੰਡ ਵਾਸੀਆਂ ਦਾ ਧੰਨਵਾਦ ਵੀ ਇਨਕਲਾਬੀ ਨਾਟਕਾਂ ਦੀ ਪੇਸ਼ਕਾਰੀ ਨਾਲ ਹੀ ਕੀਤਾ।

ਤੀਜਾ ਤਜ਼ਰਬਾ ਬੜਾ ਕੌੜਾ, ਮਿੱਠਾ ਤੇ ਅਜੀਬੋਗਰੀਬ ਸੀ। ਪੰਜਾਬ ਦੇ ਇੱਕ ਪਿੰਡ ਵਿੱਚੋਂ ਫੋਨ ਆਇਆ, “ਜੀ ਮੇਰੇ ਬੇਟੇ ਦਾ ਵਿਆਹ ਹੈ, ਪ੍ਰੋਗਰਾਮ ਕਰਨਾ ਹੈ।”

“ਅਸੀਂ ਤਾਂ ਵਿਆਹਾਂ ਵਿੱਚ ਪ੍ਰੋਗਰਾਮ ਨਹੀਂ ਕਰਦੇ। ਸਾਡੇ ਪ੍ਰੋਗਰਾਮਾਂ ਦੀ ਸੁਰ ਤਾਂ ਹੋਰ ਕਿਸਮ ਦੀ ਹੈ।”

“ਜੀ, ਮੈਂ ਤੁਹਾਡੇ ਪ੍ਰੋਗਰਾਮ ਦੇਖੇ ਹੋਏ ਹਨ, ਮੈਂਨੂੰ ਪਸੰਦ ਹਨ। ਮੈਂ ਆਪਣੇ ਬੇਟੇ ਦੇ ਵਿਆਹ ਵਿੱਚ ਇਹੀ ਪ੍ਰੋਗਰਾਮ ਕਰਾਉਣਾ ਹੈ। ਤੁਸੀਂ ਮੇਰੀ ਬੇਨਤੀ ਮੰਨੋ ਤੇ ਤਾਰੀਖ ਨੋਟ ਕਰ ਲਵੋ।”

ਗੱਲ ਖਤਮ ਹੋ ਗਈ। ਮਿਥੀ ਤਾਰੀਖ ’ਤੇ ਨਾਟਕ ਮੰਡਲੀ ਦੱਸੇ ਸਥਾਨ ਤੇ ਪੁੱਜ ਗਈ। ਖੇਤਾਂ ਦੇ ਵਿੱਚ ਖੁੱਲ੍ਹੇ ਮੈਦਾਨ ਵਿੱਚ ਬੜਾ ਹੀ ਸੁੰਦਰ ਪੰਡਾਲ ਲੱਗਿਆ ਹੋਇਆ ਸੀ। ਮਹਿਮਾਨਾਂ ਦੀ ਪੂਰੀ ਚਹਿਲ ਪਹਿਲ ਵਿੱਚ ਸਾਡੀ ਵੀ ਆਓ ਭਗਤ ਕੀਤੀ ਤੇ ਸਾਨੂੰ ਸਟੇਜ ਤੱਕ ਪਹੁੰਚਾਇਆ। ਸਟੇਜ ’ਤੇ ਪਹੁੰਚ ਕੇ ਸਾਨੂੰ ਪਤਾ ਲੱਗਾ ਕਿ ਲਾੜੇ ਦੇ ਚਾਚੇ ਨੇ ਆਰਕੈਸਟਰਾ ਵਾਲਿਆਂ ਦਾ ਗਰੁੱਪ ਵੀ ਬੁਲਾਇਆ ਹੋਇਆ ਹੈ। ਚਾਚੇ ਨੇ ਸ਼ਰਾਬ ਪੀਤੀ ਹੋਈ ਸੀ ਤੇ ਆਰਕੈਸਟਰਾ ਵਾਲਿਆਂ ਦਾ ਪ੍ਰੋਗਰਾਮ ਕਰਾਉਣ ਦੀ ਜ਼ਿਦ ਕਰ ਰਿਹਾ ਸੀ। ਹਾਲਾਤ ਕਿਤੇ ਨਾਜ਼ੁਕ ਨਾ ਹੋ ਜਾਣ, ਇਹ ਸੋਚ ਕੇ ਅਸੀਂ ਨਾਂਹ ਕਰ ਦਿੱਤੀ, ਪਰ ਲਾੜੇ ਦਾ ਬਾਪ ਬਹੁਤ ਨਰਮ ਖਿਆਲਾਂ ਦਾ ਇਨਸਾਨ ਸੀ। ਉਸ ਨੇ ਅੱਧਾ-ਅੱਧਾ ਸਮਾਂ ਵੰਡ ਕੇ ਪ੍ਰੋਗਰਾਮ ਪੇਸ਼ ਕਰਨ ਦਾ ਫਾਰਮੂਲਾ ਰੱਖ ਦਿੱਤਾ। ਪਰ ਸ਼ਰਾਬੀ ਚਾਚੇ ਨੇ ਕਿਹਾ, “ਜੀ ਨਹੀਂ, ਅੱਧਾ-ਅੱਧਾ ਸਮਾਂ ਨਹੀਂ, ਸਗੋਂ ਇਹ ਦੋਵੇਂ ਗਰੁੱਪ ਵਾਰੀ ਵਾਰੀ ਇੱਕ ਇੱਕ ਆਈਟਮ ਪੇਸ਼ ਕਰਨਗੇ।

ਬਾਪ ਸਾਨੂੰ ਲਗਾਤਾਰ ਮਨਾਉਣ ਵਿੱਚ ਲੱਗਾ ਰਿਹਾ। ਆਖਿਰ ਸਾਡੀ ਨਾਟਕ ਮੰਡਲੀ ਮੰਨ ਗਈ ਤੇ ਸਟੇਜ ਉੱਤੇ ਦੋਨਾਂ ਗਰੁੱਪਾਂ ਦਾ ਮੁਕਾਬਲਾ ਹੋ ਗਿਆ। ਜਿੱਥੇ ਆਰਕੈਸਟਰਾ ਵਾਲੀਆਂ ਕੁੜੀਆਂ ਨੇ ਭੜਕੀਲੇ ਤੇ ਅੱਧ-ਨੰਗੇ ਲਿਬਾਸ ਵਿੱਚ ਅਸ਼ਲੀਲ ਗੀਤ ਤੇ ਨਾਚ ਕੀਤਾ, ਉੱਥੇ ਸਾਡੀ ਟੀਮ ਦੇ ਕਲਾਕਾਰ ਨੇ ਆਪਣੀ ਸੁਰੀਲੀ ਤੇ ਦਰਦਭਰੀ ਅਵਾਜ਼ ਵਿੱਚ ਇਹ ਗੀਤ ਗਾਇਆ-

ਨੱਚਣ ਦਾ ਨਾ ਸ਼ੌਕ ਕੋਈ, ਨੱਚਣ ਦੀ ਦਰਦ ਕਹਾਣੀ ਏ,
ਮੈਂ ਇਸ ਹਾਸਿਆਂ ਦੇ ਥੱਲੇ, ਇੱਕ ਰੁੱਤ ਹੰਝੂਆਂ ਦੀ ਮਾਣੀ ਏ
ਇੱਕ ਪਾਸੇ ਪਾਇਆ ਹੁਸਨਾਂ ਨੂੰ, ਇੱਕ ਪਾਸੇ ਕਿਸਮਤ ਖੋਟੀ ਨੂੰ,
ਮੈਂ ਲੱਕ ਹੁਲਾਰੇ ਤਾਂ ਮਾਰਾਂ, ਬੱਸ ਦੋ ਵੇਲਿਆਂ ਦੀ ਰੋਟੀ ਨੂੰ।...

ਇਹ ਗੀਤ ਸੁਣ ਕੇ ਮਾਹੌਲ ਸੰਜੀਦਾ ਹੋ ਗਿਆ ਤੇ ਆਰਕੈਸਟਰਾ ਵਾਲੀਆਂ ਕੁੜੀਆਂ ਵੀ ਭਾਵੁਕ ਹੋ ਗਈਆਂ। ਹੋਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸਦਾ ਸਾਰਿਆਂ ਨੇ ਆਨੰਦ ਮਾਣਿਆ ਤੇ ਰਿਸ਼ਤੇਦਾਰ ਨੱਚੇ ਵੀ। ਉੰਨੇ ਚਿਰ ਵਿੱਚ ਮੁੰਡੇ ਦੇ ਚਾਚੇ ਦੀ ਦਾਰੂ ਵੀ ਉੱਤਰ ਗਈ। ਆਰਕੈਸਟਰਾ ਵਾਲੀਆਂ ਕੁੜੀਆਂ ਨੇ ਸਾਡੇ ਕੋਲੋਂ ਕਾਰਡ, ਕੈਲੰਡਰ ਤੇ ਸਾਹਿਤ ਵੀ ਲਿਆ। ਉਹ ਕਹਿ ਰਹੀਆਂ ਸਨ, “ਤੁਸੀਂ ਕਿਸ ਕਿਸਮ ਦੇ ਲੋਕ ਹੋ, ਸਾਡੇ ਦਰਦ ਨੂੰ ਅੱਜ ਤੱਕ ਕਿਸੇ ਨੇ ਸਮਝਿਆ ਹੀ ਨਹੀਂਸਾਨੂੰ ਤਾਂ ਹੁਣ ਤੱਕ ਲੋਕ ਸ਼ਰਾਬ ਪਰੋਸਣ ਲਈ ਵੀ ਬੁਲਾਉਂਦੇ ਨੇ।”

ਅਖੀਰ ਅਸੀਂ ਵਿਆਹ ਵਾਲਿਆਂ ਤੋਂ ਵਿਦਾਇਗੀ ਲਈ। ਸਾਰੇ ਕਲਾਕਾਰ ਅਨੋਖਾ ਤਜ਼ਰਬਾ ਪੱਲੇ ਬੰਨ੍ਹ ਕੇ ਵਾਪਸ ਚੱਲ ਪਏ। ਰਾਹ ਵਿੱਚ ਬਹੁਤ ਚਰਚਾ ਹੋਈ। ਅਜਿਹੇ ਵਿਆਹਾਂ ਅਤੇ ਹੁੱਲੜ੍ਹਬਾਜੀ ਵਾਲੇ ਵਿਆਹਾਂ ਦੀ ਤੁਲਨਾ ਕਰਦਿਆਂ ਕੋਈ ਕਹਿ ਰਿਹਾ ਸੀ ਕਿ ਮੋਗੇ ਵਾਲੇ ਰੀਗਲ ਸਿਨਮੇ ਦੀ ਤਰ੍ਹਾਂ, ਜਿਹੜੇ ਪੈਲੇਸ ਵਿੱਚ ਗੋਲੀ ਚੱਲਣ ਨਾਲ ਜਿਸ ਦੀ ਵੀ ਮੌਤ ਹੋਵੇ, ਉੱਥੇ ਹੀ ਉਹਦੀ ਯਾਦਗਾਰ ਬਣਾ ਦੇਣੀ ਚਾਹੀਦੀ ਹੈ ਆਦਿ।

ਅਜਿਹੀਆਂ ਰੰਗ ਵਿੱਚ ਭੰਗ ਪਾਉਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਰਾਬ, ਹਥਿਆਰਾਂ ਤੇ ਲੱਚਰ ਗੀਤਾਂ ’ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ, ਤੇ ਚੰਗੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਵੇ। ਲੋਕ ਵੀ ਅਜਿਹੇ ਸਮਾਗਮਾਂ ਵਿੱਚ ਫੋਕੇ ਵਿਖਾਵੇ ਬੰਦ ਕਰਨ ਤਾਂ ਜੋ ਉਂਗਲਾਂ ਨਾਲ ਮਿਣ ਮਿਣ ਕੇ ਪਾਲ਼ੇ ਧੀਆਂ ਪੁੱਤਾਂ ਦੇ ਵਿਆਹਾਂ ਸਮੇਂ ਰੰਗ ਵਿੱਚ ਭੰਗ ਨਾ ਪਵੇ।

*****

(1040)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੇਘਰਾਜ ਰੱਲਾ

ਮੇਘਰਾਜ ਰੱਲਾ

Phone: (91 -  98558 - 30400)
Email: (meghrajralla@gmail.com)