Krantipal7ਪੰਜਾਬੋਂ ਬਾਹਰ ਪੰਜਾਬੀ ਨਵੀਂ ਪੀੜੀ ਆਪਣੇ-ਆਪ ਨੂੰ ਪੰਜਾਬੀ ਅਖਵਾ ਕੇ ਤਾਂ ਬਹੁਤ ਖ਼ੁਸ਼ ਹੈ ਪਰ ...
(2 ਮਾਰਚ 2018)

 

ਕੋਈ ਵੀ ਭਾਸ਼ਾ ਸਿੱਖਣ ਦੇ ਚਾਰ ਪੜਾਓ ਹੁੰਦੇ ਹਨ। ਉਸ ਨੂੰ ਸਮਝ ਸਕਣਾ, ਬੋਲ ਸਕਣਾ, ਪੜ੍ਹ ਸਕਣਾ ਤੇ ਲਿਖ ਸਕਣਾ। ਘਰ ਪਰਿਵਾਰ ਵਿੱਚ ਬੱਚਾ ਸਕੂਲ ਜਾਣ ਤੋਂ ਪਹਿਲਾਂ ਆਪਣੀ ਮਾਂ ਬੋਲੀ ਨੂੰ ਸਮਝਣਾ ਤੇ ਬੋਲਣਾ ਆਰੰਭ ਕਰ ਦਿੰਦਾ ਹੈ। ਪੜ੍ਹਣ ਤੇ ਲਿਖਣ ਵਾਸਤੇ ਉਸ ਨੂੰ ਸਕੂਲ ਜਾਣਾ ਪਵੇਗਾ। ਪੰਜਾਬੀ ਸਾਡੀ ਸਭਿਆਚਾਰਕ ਭਾਸ਼ਾ ਹੈ, ਸਭਿਆਚਾਰ ਦੇ ਨਾਲ-ਨਾਲ ਇਹ ਸਾਡੇ ਧਰਮ ਦੀ ਵੀ ਭਾਸ਼ਾ ਹੈ। ਧਰਮ ਸਭਿਆਚਾਰ ਦਾ ਜਿੱਥੇ ਥੰਮ੍ਹ ਹੈ, ਪੰਜਾਬੀ ਉੱਥੇ ਸਾਡੀ ਪਹਿਚਾਣ ਚਿੰਨ੍ਹ ਹੈ।

ਪਰ ਮਸਲਾ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਿ ਪੰਜਾਬੀ ਪਰਿਵਾਰ ਦੀ ਨਵੀਂ ਪੀੜ੍ਹੀ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਹਿੰਦੀ ਭਾਸ਼ਾ ਦਾ ਇਸਤੇਮਾਲ ਵੱਧ ਕਰਦੀ ਹੈ। ਬੱਚੇ ਦੇ ਦਾਦਾ-ਦਾਦੀ ਪੰਜਾਬੀ ਬੋਲਦੇ ਹਨ ਪਰ ਉਸਦੇ ਮਾਂ-ਬਾਪ ਹਿੰਦੀ ਭਾਸ਼ਾ ਜ਼ਿਆਦਾ ਇਸਤੇਮਾਲ ਕਰਦੇ ਹਨ।

ਪਰ ਜਦੋਂ ਉਹੀ ਬੱਚਾ ਸਮੂਹ ਦਾ ਅੰਗ ਬਣਦਾ ਹੈ ਤਾਂ ਉਸ ਨੂੰ ‘ਵੱਖਰੀ ਪਹਿਚਾਣ’ ਹੋਣ ਦਾ ਅਹਿਸਾਸ ਪੈਦਾ ਹੁੰਦਾ ਹੈ। ਜਦੋਂ ਇੱਕ ਬੱਚਾ ਆਪਣੇ ਸਹਿਪਾਠੀਆਂ ਨਾਲ ਵਿਚਰਦਾ ਹੈ, ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਣ ਲਗਦਾ ਹੈ ਕਿ ਮੈਂ ਕੌਣ ਹਾਂ ਜਾਂ ਅਸੀਂ ਕੌਣ ਹੁੰਦੇ ਹਾਂ, ਤਾਂ ਉਹ ਆਪਣੇ ਆਪ ਵਾਰਤਾਲਾਪ ਵਿੱਚੋਂ ‘ਪਹਿਚਾਣ’ ਪ੍ਰਤਿ ਸੁਚੇਤ ਹੁੰਦਾ ਹੈ। ਇਹੀ ਪਹਿਚਾਣ ਅੱਗੇ ਚੱਲ ਕੇ ਆਪਣੇ-ਆਪਣੇ ਸਭਿਆਚਾਰ ਵਿਚ ਹੋ ਰਹੇ ‘ਫੈਸਟੀਵਲ’ ਬਾਰੇ ਜਾਣਕਾਰੀ ਦਿਵਾਉਂਦੀ ਹੈ।

ਸਮੂਹ ਜਿੱਥੇ ਪਹਿਚਾਣ ਪ੍ਰਤਿ ਸੁਚੇਤ ਕਰਦਾ ਹੈ ਉੱਥੇ ਤੁਹਾਨੂੰ ਆਪਣੀ ਪਹਿਚਾਣ ਨਾਲ ਜੁੜੇ ਪਹਿਲੂਆਂ ਪ੍ਰਤਿ ਵੀ ਲੁਕਾਉਂਦਾ ਹੈ। ਤੁਹਾਡੀਆਂ ਵੱਖਰੀਆਂ ਹਰਕਤਾਂ ਤੁਹਾਨੂੰ ਪਹਿਚਾਣ ਦਿੰਦੀਆਂ ਹਨ। ਸਭਿਆਚਾਰ ਇਸੇ ਕਰਕੇ ਕੌਮਾਂ ਦੀ ਜਿੰਦਜਾਨ ਹੁੰਦਾ ਹੈ। ਸਭਿਆਚਾਰ ਤੇ ਕੰਮ ਇੱਕ-ਦੂਜੇ ਦੇ ਪਹਿਲੂ ਹਨ।

ਅਜਿਹਾ ਸਿਸਟਮ ਹੋਣ ਦੇ ਬਾਵਜੂਦ ਸਥਿਤੀ ਬਿਲਕੁਲ ਵੱਖਰੀ ਹੈ। ਵਿਸ਼ਵੀਕਰਨ ਨੇ ਇਸ ਸਥਿਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਭੀੜ ਵਿੱਚੋਂ ਆਪਣੀ ਵੱਖਰਤਾ ਬਣਾਉਣਾ ਲਾਜ਼ਮੀ ਹੋ ਗਿਆ ਹੈ। ਅੱਜ ਉਹ ਸਥਿਤੀ ਨਹੀਂ ਜਿਹੜੀ ਅੱਜ ਤੋਂ ਵੀਹ ਸਾਲ ਪਹਿਲਾਂ ਸੀ। ਉਸ ਸਮੇਂ ‘ਪ੍ਰਚਾਰਕ ਵਿਧੀਆਂ’ ਹੋਂਦ ਵਿਚ ਨਹੀਂ ਆਈਆਂ ਸਨ। ਫ਼ਿਲਮਾਂ ਤੇ ਟੀ.ਵੀ. ਸੀਰੀਅਲਾਂ ਨੇ ਇਸ ਵੱਖਰਤਾ ਨੂੰ ਸਥਾਪਿਤ ਕਰਨ ਦਾ ਯਤਨ ਕੀਤਾ ਹੈ ਇਹ ਵਿਚਾਰ ਮੂਲ ਰੂਪ ਵਿੱਚ ਮਾਰਕੀਟ ਦੀ ਦੇਣ ਸੀ ਪਰ ਇਸ ਲਈ ਰੋਲ ਪੰਜਾਬੀ ਧਰਾਤਲ ਨੇ ਪੈਦਾ ਕੀਤਾ ਹੈ। ਗੱਲ ਵਿਕਾਸ ਵੱਲ ਵਧਦੀ ਗਈ, ਸਭਿਆਚਾਰ ਵਿਕਸਤ ਤਾਂ ਹੋਇਆ ਪਰ ਉਸ ਦਾ ਪਾਪੂਲਰ ਰੂਪ ਹੀ ਸਥਾਪਿਤ ਹੋ ਕੇ ਰਹਿ ਗਿਆ। ਲਿਖਣ ਤੇ ਪੜ੍ਹਨ ਦੀ ਜ਼ਰੂਰਤ ਦਿਨੋ-ਦਿਨ ਹੋਰ ਘਟਦੀ ਜਾ ਰਹੀ ਹੈ ਕਿਉਕਿ ਨਵੀਂ ਤਕਨਾਲੌਜੀ ਨੇ ਸਿਰਫ਼ ਬੋਲਣ ਤੇ ਸੁਣਨ ਨੂੰ ਹੀ ਪਹਿਲ ਦਿੱਤੀ ਹੈ। ਖ਼ਤ ਨਾ ਕਿਸੇ ਨੇ ਲਿਖਣਾ ਹੈ ਨਾ ਕਿਸੇ ਨੇ ਪੜ੍ਹਨਾ ਹੈ। ਇਹ ਨਵੀਂ ਪੀੜ੍ਹੀ ਦੇ ਸਮਾਜ ਵਿਚ ਬਿਲਕੁਲ ਖ਼ਤਮ ਹੋਣਾ ਨਵੇਂ ਰੁਝਾਨ ਦੀ ਪੈਦਾਵਾਰ ਹੈ।

ਅਜਿਹੇ ਮਾਹੌਲ ਵਿਚ ਪੰਜਾਬੀ ਸਭਿਆਚਾਰ ਤਾਂ ਜਿਉਂਦਾ ਰਹੇਗਾ ਹੀ, ਪੰਜਾਬੀ ਭਾਸ਼ਾ ਵੀ ਉਸ ਦਾ ਹਿੱਸਾ ਬਣਾ ਕੇ ਸਫ਼ਰ ਤੈਅ ਕਰਦੀ ਰਹੇਗੀ ਕਿਉਂਕਿ ਹਰ ਥਾਂ ਵਸਿਆ ਹੋਇਆ ਪੰਜਾਬੀ ਵਸੇਵਾ ਇਸ ਨੂੰ ਪ੍ਰਭਾਵਿਤ ਕਰੇਗਾ। ਮੀਡੀਏ ਨੂੰ ਇਯ ਦਾ ਸਹਿਯੋਗ ਮਿਲੇਗਾ। ਪੰਜਾਬੀ ਧਰਾਤਲ ਨਾਲ ਜੁੜਿਆ ਵਾਤਾਵਰਣ ਮਾਰਕੀਟ ਦੀ ‘ਪਾਪੂਲਰ’ ਚੀਜ਼ ਬਣੇਗਾ। ਕਈ ਪਾਪੂਲਰ ਫ਼ਿਲਮਾਂ (ਹਿੰਦੀ ਜਗਤ) ਦੀ ਕਾਮਯਾਬੀ ਇਸ ਦੀ ਉਦਾਹਰਣ ਹੈ।

ਇਨ੍ਹਾਂ ਵਿਚਾਰਾਂ ਸੰਗ ਹੀ ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਦੀ ਸਥਿਤੀ ਪੰਜਾਬੋਂ ਬਾਹਰ ਵਿਚਾਰਦੀ ਰਹਿੰਦੀ ਹੈ। ਪੰਜਾਬੀ ਗੁਰਦੁਆਰੇ ਉਸਾਰਨ ਅਤੇ ਧਾਰਮਿਕ ਪ੍ਰੋਗਰਾਮ ਤੱਕ ਹੀ ਸੀਮਿਤ ਰਹਿੰਦੇ ਹਨ ਪਰ ਉਹ ਅਜਿਹਾ ਕਰਕੇ ਆਪਣੇ ਅੰਦਰ ਬੈਠੇ ਪੰਜਾਬੀਪਣ ਨੂੰ ਮਰਨ ਨਹੀਂ ਦਿੰਦੇ, ਭਾਵੇਂ ਉਨ੍ਹਾਂ ਦੀ ਨਵੀਂ ਪੀੜ੍ਹੀ ਪੰਜਾਬੀ ਨੂੰ ਤਿਆਗ ਕੇ ਹਿੰਦੀ ਭਾਸ਼ਾ ਨੂੰ ਆਪਣੇ ਵੱਧ ਨੇੜੇ ਸਮਝਣ ਲਈ ਹਾਮੀ ਭਰਦੀ ਹੈ। ‘ਗੁਰਬਾਣੀ’ ਭਾਵੇਂ ਨਵੀਂ ਪੀੜ੍ਹੀ ਦੇ ਨੇੜੇ ਤੇੜੇ ਰਹਿੰਦੀ ਹੈ ਪਰ ਇਹ ‘ਦੇਵਨਗਰੀ’ ਲਿੱਪੀ ਸਦਕਾ ਹੀ ਉਨ੍ਹਾਂ ਸੰਗ ਵਿਚਰਦੀ ਹੈ।

ਪੰਜਾਬੋਂ ਬਾਹਰ ਵਸਦੇ ਪੰਜਾਬੀਆਂ ਲਈ ਕਿਹੋ-ਜਿਹਾ ਪਲੇਟਫ਼ਾਰਮ ਤਿਆਰ ਕੀਤਾ ਜਾਵੇ? ਪੰਜਾਬੀ ਸਾਹਿਤ ਤੇ ਭਾਸ਼ਾ ਕੀ ਉਨ੍ਹਾਂ ਦੀ ਸਥਿਤੀ ਨੂੰ ਸਮਝਣ ਦੇ ਸਮਰੱਥ ਹੈ? ਕੀ ਪੰਜਾਬੀ ਲੋਕ ਇਸ ਤੋਂ ਬਿਨਾਂ ਆਪਣਾ ਵਿਕਾਸ ਕਰਨ ਦੇ ਅਸਮਰੱਥ ਹਨ? ਇਹ ਸਵਾਲ ਅੱਜ ਵੀ ਉਸੇ ਤਰ੍ਹਾਂ ਜਵਾਬ ਮੰਗਦੇ ਹਨ।

ਇਹ ਕਹਿਣਾ ਕਿ ਮੌਜੂਦਾ ਵਿੱਦਿਅਕ ਨੀਤੀ ਤੇ ਚੈੱਨਲ ਸਿਸਟਮ ਦੇ ਪੱਛਮੀ ਸਭਿਆਚਾਰ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਖੋਰਾ ਲਾਇਆ ਹੈ, ਇਹ ਗ਼ਲਤ ਰੁਝਾਨ ਹੈ ਕਿਉਂਕਿ ਇਸੇ ਸਿਸਟਮ ਨੇ ਪੰਜਾਬੀ ਖਾਸੇ ਨੂੰ ਇੱਕ ਵਿਸ਼ੇਸ਼ ਰੁਤਬਾ ਵੀ ਦਿੱਤਾ ਹੈ। ਪੰਜਾਬੋਂ ਬਾਹਰ ਪੰਜਾਬੀ ਨਵੀਂ ਪੀੜੀ ਆਪਣੇ-ਆਪ ਨੂੰ ਪੰਜਾਬੀ ਅਖਵਾ ਕੇ ਤਾਂ ਬਹੁਤ ਖ਼ੁਸ਼ ਹੈ ਪਰ ਆਪਣੀ ਭਾਸ਼ਾ, ਸਾਹਿਤ ਤੇ ਕਲਚਰ ਤੋਂ ਦੂਰ ਰਹਿਣਾ ਉਨ੍ਹਾਂ ਦੀ ਤ੍ਰਾਸਦੀ ਹੈ। ਆਉਣ ਵਾਲੇ ਦਿਨਾਂ ਵਿਚ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਲਈ ਅਜਿਹੇ ਸੰਗਠਨ ਦਾ ਨਿਰਮਾਣ ਹੋਵੇ ਜਿਹੜਾ ਸਭਿਆਚਾਰ ਪੱਧਰ ’ਤੇ ਵਿਕਸਤ ਹੋਵੇ, ਜਿਸ ਦੀ ਸੁਰ ਪੰਜਾਬੀ ਸੁਭਾਅ ਨਾਲ ਮੇਲ ਖਾ ਸਕੇ। ਸਰਕਾਰੀ ਪੱਧਰ ’ਤੇ ਬਣੇ ਅਜਿਹੇ ਸੰਗਠਨ ਕੋਈ ਬਹੁਤੇ ਮੁੱਲਵਾਨ ਨਹੀਂ ਹੁੰਦੇ, ਜਿਵੇਂ ਪੰਜਾਬੀ ਅਕਾਦਮੀ ਉੱਤਰਪ੍ਰਦੇਸ਼ ਦਾ ਨਿਰਮਾਣ ਹੋ ਚੁੱਕਾ ਹੈ ਪਰ ਉਹ ਆਪਣਾ ਸਾਰਾ ਕੰਮ-ਕਾਜ ‘ਸੱਦਾ ਪੱਤਰ’ ਵੀ ਦੇਵਨਗਰੀ ਵਿਚ ਪੇਸ਼ ਕਰਦੀ ਹੈ

ਪੰਜਾਬੀ ਭਾਸ਼ਾ ਅਸਲ ਵਿੱਚ ਮਾਤ ਭਾਸ਼ਾ ਤੱਕ ਹੀ ਸੀਮਿਤ ਰਹਿੰਦੀ ਹੈ। ਇਸ ਦਾ ਰਿਸ਼ਤਾ ਸਭਿਆਚਾਰਕ ਹੈ, ਗਿਆਨ ਤੇ ਵਿਗਿਆਨ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਤੋਂ ਦੂਰ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਇਹ ਭਾਸ਼ਾ ਉਨ੍ਹਾਂ ਦੀ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹੈ। ਆਧੁਨਿਕ ਸੰਸਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਵਾਲੀਆਂ ਭਾਸ਼ਾਵਾਂ ਦੇ ਵਿਹੜੇ ਵਿਚ ਅਜੇ ਇਸ ਨੇ ਕਦਮ ਨਹੀਂ ਰੱਖਿਆ। ਜਿਹੜੇ ਲੋਕ ਇਹ ਆਖਦੇ ਹਨ ਕਿ ਪੰਜਾਬੀ ਤੀਜੀ ਦੁਨੀਆਂ ਦੇ ਪੱਛੜੇ ਹੋਏ ਇੱਕ ਦੇਸ਼ ਦੇ ਇੱਕ ਸਟੇਟ ਦੀ ਭਾਸ਼ਾ ਹੈ, ਉਹ ਠੀਕ ਆਖਦੇ ਹਨ ਕਿਉਂਕਿ ਇਸ ਦੀ ਵਰਤੋਂ ਸਿਰਫ਼ ਸਭਿਆਚਾਰਕ ਪ੍ਰਗਟਾਵੇ ਲਈ ਹੀ ਰਹਿ ਗਈ ਹੈ। ਬਾਕੀ ਖੇਤਰਾਂ ਵਿੱਚ ਇਹ ਗ਼ੈਰ ਹਾਜ਼ਰ ਹੀ ਰਹਿੰਦੀ ਹੈ।

ਸਮੁੱਚੇ ਪੰਜਾਬੀ ਪਰਿਵਾਰਾਂ ਦੀ ਪਹਿਚਾਣ, ਕਲਚਰ ਦੀ ਸਮਝ, ਜਗਿਆਸਾ, ਭਾਸ਼ਾ, ਸਾਹਿਤ ਤੇ ਸਭਿਆਚਾਰ ਨਾਲ ਹੀ ਉੱਭਰਦੀ ਹੈ, ਮੀਡੀਏ ਨੇ ਉਨ੍ਹਾਂ ਨੂੰ ਇਸ ਗੱਲ ਪ੍ਰਤਿ ਸੁਚੇਤ ਕੀਤਾ ਹੈ। ਗੁਰਦੁਆਰਿਆਂ ਵਿੱਚੋਂ ਪੰਜਾਬੀ ਨੂੰ ਬਾਹਰ ਕੱਢਣ, ਨਵੇਂ ਸਿਰੇ ਤੋਂ ਧਾਰਮਿਕ ਥਾਂ ਨੂੰ ‘ਸੈਂਟਰ’ ਵਜੋਂ ਮਾਣਤਾ ਮਿਲਣੀ ਚਾਹੀਦੀ ਹੈ ਜਿਸ ਨਾਲ ਇੱਕ ਕੌਮ ਲਈ ਇਕੱਠੇ ਬੈਠਣ ਦੀ ਥਾਂ ਨਿਸ਼ਚਿਤ ਹੋ ਸਕੇ। ਪੰਜਾਬ ਨੂੰ ਖ਼ੁਦ ਪਹਿਲ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬੋਂ ਬਾਹਰ ਬੈਠੇ ਪੰਜਾਬੀਆਂ ਨੂੰ ਭਾਸ਼ਾ, ਸਾਹਿਤ ਤੇ ਸਭਿਆਚਾਰ ਸਬੰਧੀ ਸਮੱਗਰੀ ਮਿਲ ਸਕੇ।

ਉਪਰੋਕਤ ਗੱਲਾਂ ਹਾਲਾਂਕਿ ਪੰਜਾਬੋਂ ਬਾਹਰ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਗੱਲ ਕਰਦੀਆਂ ਹਨ ਪਰ ਸਮੁੱਚੇ ਪੰਜਾਬ ਦੀ ਸਥਿਤੀ ਵੀ ਇਸ ਤੋਂ ਮਾੜੀ ਹੈ। ਪੰਜਾਬੀ ਭਾਸ਼ਾ ਤੇ ਸਭਿਆਚਾਰ ਵਿਕਾਸ ਵੱਲ ਜਿਸ ਰੂਪ ਨਾਲ ਵਧ ਰਿਹਾ ਹੈ ਉਹ ਇੱਕ ਅਜਿਹੇ ‘ਬੰਦੇ’ ਦੀ ਪਰਿਭਾਸ਼ਾ ਸਿਰਜ ਰਿਹਾ ਹੈ ਜਿਸ ਦਾ ਹਰ ਪੱਖ ਤੋਂ ਅਧਿਐਨ ਕਰਨਾ ਹੋਰ ਵੀ ਜ਼ਰੂਰੀ ਹੈ। ਆਪਣੇ ‘ਨਿੱਜੀ ਸੁਆਰਥ’ ਤੇ ‘ਸਰਦਾਰੀਆਂ’ ਨੂੰ ਤਿਆਗ਼ ਕੇ ਹੀ ਇਸ ਸਮੱਸਿਆ ਪ੍ਰਤਿ ਸੋਚਿਆ ਜਾ ਸਕਦਾ ਹੈ ਕਾਗ਼ਜ਼ਾਂ ਤੇ ਫ਼ਾਈਲਾਂ ਵਿਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਤਰੱਕੀਆਂ ਭਰ ਰਿਹਾ ਹੈ, ਚੜ੍ਹਦੀ ਕਲਾ ਦੇ ਗੀਤ ਆ ਰਿਹਾ ਹੈ ਪਰ ਆਮ ਜ਼ਿੰਦਗੀ ਵਿੱਚ ਦਿਨੋ-ਦਿਨ ਸੁੰਗੜ ਰਿਹਾ ਹੈ।

ਵੇਖਿਆ ਜਾਵੇ ਤਾਂ ਅੱਜ ਦੀ ਸਥਿਤੀ ਵਿੱਚ ਭਾਸ਼ਾ ਭਾਵੇਂ ਕੋਈ ਰੁਕਾਵਟ ਨਹੀਂ ਜੇ ਰੁਕਾਵਟ ਹੁੰਦੀ ਤਾਂ ਹਰ ਭਾਸ਼ਾ ਵਿਚ ਲਿਖਿਆ ਗਿਆ ਸਾਹਿਤ ਆਪਣੀ ਸੀਮਾ ਵਿੱਚ ਹੀ ਦੱਬ ਕੇ ਮਰ ਜਾਂਦਾ। ਉਦਾਹਰਣ ਦੇ ਤੌਰ ’ਤੇ ਪ੍ਰੇਮ ਚੰਦ ਦਾ ‘ਗੋਦਾਨ’ ਭਾਰਤੀ ਸਾਹਿਤ ਦਾ ਹਿੱਸਾ ਬਣ ਕੇ ਉੱਭਰਦਾ ਹੈ ਉਸਦੀ ਇੱਕ ਰਚਨਾ ਹਰ ਭਾਰਤੀ ਭਾਸ਼ਾ ਵਿੱਚ ਮਿਲ ਜਾਂਦੀ ਹੈ। ਸਾਹਿਤਕਾਰ ਜੋ ਰਚਦਾ ਹੈ, ਉਸਦੀ ਪੇਸ਼ਕਾਰੀ ਕਿਸੇ ਵੀ ਭਾਸ਼ਾ ਵਿੱਚ ਉਹ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਸ ਨੇ ਜੋ ਲਿਖਿਆ ਹੈ ਉਹ ਵਜ਼ਨੀ ਹੈ ਜਾਂ ਨਹੀਂ? ਕੀ ਸਮੇਂ ਦੀ ਧੂੜ ਵਿੱਚ ਉਹ ਮਿਟ ਜਾਵੇਗਾ ਜਾਂ ਸਮਾਂ ਪੈਣ ’ਤੇ ਵੱਧ ਚਮਕੇਗਾ? ਠੀਕ ਇਸੇ ਤਰ੍ਹਾਂ ਪੰਜਾਬੀ ਲੇਖਕ ਪੰਜਾਬ ਤੋਂ ਬਾਹਰ ਬੈਠਾ ਜੋ ਸਿਰਜ ਰਿਹਾ ਹੈ ਉਹ ਭਾਵੇਂ ਪੰਜਾਬੀ ਵਿਚ ਹੈ ਪਰ ਉਸਦੀ ਰਚਨਾ ਸਮਕਾਲੀ ਢਾਂਚੇ ਨਾਲ ਦੋ-ਚਾਰ ਹੁੰਦੀ ਹੋਈ ਆਪਣਾ ਸੰਵਾਦ ਰਚਾਉਂਦੀ ਹੈ ਜਾਂ ਨਹੀਂ?

ਇਸੇ ਸੰਦਰਭ ਵਿੱਚ ਇਹ ਗੱਲ ਉੱਭਰਦੀ ਹੈ ਕਿ ਕੋਈ ਰਚਨਾਕਾਰ ਕਿੱਥੇ ਬੈਠਾ, ਕੀ ਕਰ ਰਿਹਾ ਹੈ? ਕੀ ਕਰਨ ਤੋਂ ਭਾਵ ਕੀ ਸਿਰਜ ਰਿਹਾ ਹੈ? ਉਦਾਹਰਣ ਦੇ ਤੌਰ ’ਤੇ ਜੇਕਰ ਜੰਮੂ-ਕਸ਼ਮੀਰ ਜਾਂ ਦਿੱਲੀ ਦਾ ਪੰਜਾਬੀ ਲੇਖਕ ਆਪਣੇ ਆਲੇ-ਦੁਆਲੇ ਨੂੰ ਭੁੱਲ ਕੇ ਕੁਝ ਹੋਰ ਸਿਰਜਣ ਵੱਲ ਰੁਚਿਤ ਹੈ ਤਾਂ ਇਸ ਦਾ ਕੀ ਫ਼ਾਇਦਾ? ਕਿਉਕਿ ਇਹ ਤਾਂ ਹਰ ਕੋਈ ਜਾਣਦਾ ਹੈ ਕਿ ਕਸ਼ਮੀਰ ਦੇ ਮੁਸਲਮਾਨ ਨੂੰ ਪਾਕਿਸਤਾਨ ਤੇ ਸਿੱਖ ਨੂੰ ਪੰਜਾਬ ਪਿਆਰਾ ਹੈ, ਹਾਲਾਂਕਿ ਪਾਕਿਸਤਾਨੀ ਉਸ ਕਸ਼ਮੀਰੀ ਮੁਸਲਮਾਨ ਨੂੰ ਦੂਜੇ ਦਰਜੇ ਦਾ ਮੰਨਦੇ ਹਨ ਜਿਵੇਂ ਪੰਜਾਬ ਦੇ ਪੰਜਾਬੀ ਦਿੱਲੀ ਤੇ ਉੱਤਰਪ੍ਰਦੇਸ਼ ਦੇ ਪੰਜਾਬੀ ਨੂੰ।

ਅੱਜ ਪੰਜਾਬ ਤੋਂ ਬਾਹਰ ਬੈਠੇ ਪੰਜਾਬੀ ਲੇਖਕ ਦੀ ਸਥਿਤੀ ਤਰਸਯੋਗ ਹੈ। ਉਸ ਕੋਲ ਆਪਣੇ ਆਪ ਨੂੰ ਆਪਣੀ ਸਥਿਤੀ ਨੂੰ ਸਮਝਣ ਤੇ ਪੇਸ਼ ਕਰਨ ਦੀ ਸਮਰੱਥਾ ਖ਼ਤਮ ਹੋ ਚੁੱਕੀ ਹੈ। ਉਸਦੀ ਪੰਜਾਬੀ ਸਾਹਿਤ ਨੂੰ ਦੇਣ ਉਸ ਸਮੇਂ ਹੀ ਸਹੀ ਅਰਥਾਂ ਵਿੱਚ ਪ੍ਰਭਾਵ ਪਾ ਸਕਦੀ ਹੈ ਜਦੋਂ ਉਹ ਉਸ ਧਰਾਤਲ ਦੀ ਸੰਵੇਦਨਾ ਨੂੰ ਉਜਾਗਰ ਕਰੇ। ‘ਸੰਵੇਦਨਾ’ ਰਚਨਾਕਾਰ ਦੇ ਅੰਦਰ ਪਈ ਹੈ।

ਪੰਜਾਬੋਂ ਬਾਹਰ ਪੰਜਾਬੀ ਭਾਸ਼ਾ ਸਭਿਆਚਾਰ ਤੇ ਲੇਖਕ ਦੀ ਜੋ ਸਥਿਤੀ ਹੈ ਉਸ ਬਾਰੇ ਆਵਾਮ ਚੁੱਪ ਹੈ, ਲੇਖਕ ਜਨਤਾ ਦਾ ਹਿੱਸਾ ਹੁੰਦਾ ਹੋਇਆ ਵੀ ਉਸ ਭੀੜ ਵਿੱਚੋਂ ਬਾਹਰ ਹੈ। ਪੰਜਾਬੀ ਲੇਖਕ ਕੀ ਕਰ ਰਿਹਾ ਹੈ ਇਸਦੀ ਜਾਣਕਾਰੀ ਤਾਂ ਉਸਦੀਆਂ ਲਿਖਤਾਂ ਵਿੱਚੋਂ ਲੱਭੀ ਜਾ ਸਕਦੀ ਹੈ। ਉਸਦੀਆਂ ਲਿਖਤਾਂ ਨੂੰ ਕਿਸ ਸੰਦਰਭ ਵਿੱਚ ਰੱਖ ਕੇ ਸਮਝਿਆ ਜਾਵੇ ਕਿ ਉਸਦੀ ਵੱਖਰਤਾ ਉੱਭਰ ਸਕੇ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਕਿੱਦਾਂ ਗੱਲਾਂ ਕਰਕੇ ਇਹ ‘ਨਵਾਂ ਮੁਹਾਂਦਰਾ’ ਸਿਰਜਦੀ ਹੈ, ਇਹੀ ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਵੱਲ ਵਧਦਾ ਕਦਮ ਹੈ।

*****

(1038)

ਆਪਣੇ ਵਿਚਾਰ ਸਾਂਝੇ ਕਰ: (This email address is being protected from spambots. You need JavaScript enabled to view it.)

About the Author

ਡਾ. ਕਰਾਂਤੀ ਪਾਲ

ਡਾ. ਕਰਾਂਤੀ ਪਾਲ

Phone: (91 - 92165 - 35617)
Email: (krantipal@hotmail.com)