GurmitShugli7ਨਿੱਕੇ-ਨਿੱਕੇ ਕਰਜ਼ਿਆਂ ਬਦਲੇ ਰੱਸੇ ਗਲ਼ਾਂ ਵਿੱਚ ਪਾ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਕਿਉਂ ਖੱਜਲ ...
(1 ਮਾਰਚ 2018)

 

ਪ੍ਰਧਾਨ ਮੰਤਰੀ ਸਾਹਿਬ ਜਦੋਂ ਵੀ ਲੋਕਾਂ ਨੂੰ ਆਖਦੇ ਨੇ ਕਿ ਸੁਝਾਅ ਦਿਓ ਐਤਕੀਂ ਸਾਨੂੰ ‘ਮਨ ਕੀ ਬਾਤ’ ਵਿੱਚ ਕਿਹੜੇ-ਕਿਹੜੇ ਮੁੱਦੇ ਚੁੱਕਣੇ ਚਾਹੀਦੇ ਹਨ ਤਾਂ ਲੋਕ ਹੱਸਣੋਂ ਨਹੀਂ ਰਹਿੰਦੇ। ਉਹ ਜਾਣਦੇ ਹਨ ਕਿ ‘ਮਨ ਕੀ ਬਾਤ’ ਵਿੱਚ ਸਾਡੇ ਸਵਾਲਾਂ ਨੂੰ ਕਦੇ ਚੁੱਕਿਆ ਨਹੀਂ ਗਿਆ ਤੇ ਨਾ ਚੁੱਕਿਆ ਜਾਣਾ ਹੈ। ਮੋਦੀ ਨੇ ਹਮੇਸ਼ਾ ਆਪਣੇ ਹੀ ਮਨ ਕੀ ਬਾਤ ਕੀਤੀ ਹੈ, ਲੋਕਾਂ ਦੇ ਮਨ ਕੀ ਬਾਤ ਨਹੀਂ ਕੀਤੀ। ਜਦੋਂ ਉਹ ਸੁਝਾਅ ਮੰਗਦੇ ਹਨ ਤਾਂ ਕਈ ਲੋਕ ਟਵਿਟਰ ’ਤੇ ਉਨ੍ਹਾਂ ਨੂੰ ਸੁਨੇਹਾ ਭੇਜਦੇ ਹਨ ਕਿ 2014 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਨ, ਉਹਦੇ ਬਾਰੇ ਦੱਸੋ। ਕੋਈ ਕਹਿੰਦਾ, ਪੰਦਰਾਂ-ਪੰਦਰਾਂ ਲੱਖ ਹਰ ਇੱਕ ਖਾਤੇ ਵਿੱਚ ਪਾ ਦਿਓ। ਮਹਿੰਗਾਈ ਕਿੰਨੀ ਕੁ ਘਟੀ, ਇਹਦੇ ਬਾਰੇ ਦੱਸ ਦਿਓ। ਚਲੋ ਇਹੀ ਜਾਣਕਾਰੀ ਦੇ ਦਿਓ ਕਿ ਤੁਸੀਂ ਕਾਲਾ ਧਨ ਬਾਹਰੋਂ ਕਿੰਨਾ ਕੁ ਲੈ ਕੇ ਆਏ ਹੋ? ਸਭ ਤੋਂ ਵਧੀਆ ਤੇ ਅਸਰਦਾਰ ਸਵਾਲ ਇਹ ਹੈ ਕਿ ਮੋਦੀ ਜੀ ਇਹ ਦੱਸੋ ਕਿ ਤੁਸੀਂ ਬਾਹਰਲਾ ਧਨ ਇੱਧਰ ਲਿਆਉਣ ਦਾ ਵਾਅਦਾ ਕੀਤਾ ਸੀ, ਉਹ ਉਲਟਾ ਕੰਮ ਕਿਉਂ ਸ਼ੁਰੂ ਹੋ ਗਿਆ। ਭਾਰਤ ਦਾ ਧਨ ਤੁਹਾਡੇ ਨਾਂਅ ਵਾਲੇ ਮੋਦੀ ਲੋਕ ਬਾਹਰ ਕਿਉਂ ਲਿਜਾਣ ਲੱਗ ਪਏ ਹਨ? ਜੇ ਪਹਿਲਾਂ ਫੁਰਸਤ ਨਹੀਂ ਮਿਲੀ ਤਾਂ ਅੱਜ ਦੀ ਮਨ ਕੀ ਬਾਤ’ ਵਿੱਚ ਹੀ ਫਰਮਾ ਦਿਓ।

ਮਾਮਲਾ ਇਸ ਵਕਤ ਕਿਉਂਕਿ ਨੀਰਵ ਮੋਦੀ ਦਾ ਗਰਮਾਇਆ ਹੋਇਆ ਤਾਂ ਨਰਿੰਦਰ ਮੋਦੀ ਨੂੰ ਸਵਾਲ ਹੋਣੇ ਕੁਦਰਤੀ ਹਨ। ਪਿਛਲੇ ਕਈ ਦਿਨਾਂ ਤੋਂ ਲੋਕ ਆਖ ਰਹੇ ਹਨ ਕਿ ਢਾਈ ਲੱਖ ਦਾ ਹਿਸਾਬ ਦੇਣ ਵਾਲੇ ਤਾਂ ਭਾਰਤ ਵਿੱਚ ਰਹਿ ਸਕਦੇ ਹਨ, ਪਰ ਨੌਂ ਹਜ਼ਾਰ ਕਰੋੜ ਜਾਂ ਚੌਦਾਂ ਹਜ਼ਾਰ ਕਰੋੜ ਲੈ ਕੇ ਭਾਰਤ ਛੱਡਣ ਦਾ ਅਧਿਕਾਰ ਹੈ। ਮੋਦੀ ਹੁਰੀਂ ਤਾਂ ਹਰ ਨਿੱਕੀ-ਨਿੱਕੀ ਗੱਲ ’ਤੇ ਸਵਾ ਘੰਟਾ ਬੋਲਣ ਦਾ ਤਜ਼ਰਬਾ ਰੱਖਦੇ ਹਨ, ਫੇਰ ਹੁਣ ਕਿਉਂ ਨਹੀਂ ਬੋਲਦੇ? ਪਾਠਕਾਂ ਨੂੰ ਯਾਦ ਹੋਵੇਗਾ, ਜਦੋਂ ਗਊ ਰੱਖਿਆ ਦੇ ਨਾਂਅ ’ਤੇ ਬਦਮਾਸ਼ਾਂ ਨੇ ਅੱਤ ਚੁੱਕ ਲਈ ਸੀ ਤਾਂ ਮਜਬੂਰੀ ਵਿੱਚ ਮੋਦੀ ਨੇ ਚਾਰ ਸ਼ਬਦ ਆਖੇ ਸਨ, ਉਹ ਵੀ ਬਹੁਤ ਪੱਛੜ ਕੇ।

ਵਿਜੇ ਮਾਲਿਆ, ਲਲਿਤ ਮੋਦੀ ਤੇ ਨੀਰਵ ਮੋਦੀ ਉਹ ਵਿਅਕਤੀ ਹਨ, ਜਿਨ੍ਹਾਂ ਨੇ ਭਾਰਤ ਦੀਆਂ ਬੈਂਕਾਂ ਤੋਂ ਲੋਕਾਂ ਦਾ ਭਰੋਸਾ ਘਟਾਇਆ ਹੈ, ਜਿਸ ਕਰਕੇ ਬੈਂਕਾਂ ਦੇ ਨਿੱਜੀਕਰਨ ਦਾ ਮੁੱਦਾ ਉੱਠ ਰਿਹਾ ਹੈ, ਜੋ ਦੇਸ਼ ਦੇ ਹਿਤ ਵਿੱਚ ਹਰਗਿਜ਼ ਨਹੀਂ। ਇਨ੍ਹਾਂ ਭ੍ਰਿਸ਼ਟਾਚਾਰੀਆਂ ਸਦਕਾ ਅੱਜ ਭਾਰਤ ਭ੍ਰਿਸ਼ਟਾਚਾਰ ਸੂਚਕ ਅੰਕ ਵਿੱਚ 81ਵੇਂ ਨੰਬਰ ’ਤੇ ਹੈ। ਤੁਸੀਂ ਇੱਕ ਲੱਖ ਦਾ ਕਰਜ਼ ਲੈਣਾ ਹੋਵੇ ਤਾਂ ਅਨੇਕਾਂ ਕਾਗ਼ਜ਼ਾਂ ’ਤੇ ਦਸਤਖ਼ਤ ਕਰਨੇ ਪੈਂਦੇ ਹਨ। ਤੁਹਾਡੀ ਜਨਮ ਪੱਤਰੀ ਬੈਂਕ ਅਧਿਕਾਰੀ ਵਾਰ-ਵਾਰ ਪੜ੍ਹਦੇ ਹਨ। ਫੇਰ ਮਕਾਨ, ਦੁਕਾਨ ਜਾਂ ਹੋਰ ਜਾਇਦਾਦ ਦੀ ਰਜਿਸਟਰੀ ਬੈਂਕ ਪਾਸ ਰੱਖਣੀ ਪੈਂਦੀ ਹੈ ਤਾਂ ਜੋ ਕਰਜ਼ ਨਾ ਮੋੜ ਸਕਣ ਦੀ ਸੂਰਤ ਵਿੱਚ ਉਸ ਥਾਂ ਦੀ ਨੀਲਾਮੀ ਕਰਕੇ ਕਰਜ਼ਾ ਵਸੂਲਿਆ ਜਾ ਸਕੇ। ਖਾਲੀ ਚੈੱਕਾਂ ’ਤੇ ਦਸਤਖ਼ਤ ਕਰਕੇ ਦੇਣੇ ਪੈਂਦੇ ਹਨ, ਜਿਨ੍ਹਾਂ ਕਰਕੇ ਅਦਾਲਤੀ ਪ੍ਰਕਿਰਿਆ ਵਿੱਚ ਕੈਦ ਅਤੇ ਜੁਰਮਾਨਾ ਅਕਸਰ ਦੇਣਾ ਪੈਂਦਾ ਹੈ।

ਪਰ ਵਿਜੇ ਮਾਲਿਆ ਨੌਂ ਹਜ਼ਾਰ ਕਰੋੜ ਲੈ ਕੇ ਗਾਇਬ ਹੋ ਜਾਂਦਾ ਹੈ। ਉਹ ਕਰਜ਼ਦਾਰ ਹੋ ਕੇ ਵੀ ਰਾਜ ਸਭਾ ਦਾ ਮੈਂਬਰ ਰਹਿੰਦਾ ਹੈ। ਸਲੂਟ ਵੱਜਦੇ ਹਨ, ਕਰਜ਼ ਦੀ ਕਿਸ਼ਤ ਨਹੀਂ ਮੋੜਦਾ, ਪਰ ਕਾਂਗਰਸੀ ਤੇ ਭਾਜਪਾਈ ਆਗੂਆਂ ਨਾਲ ਨੇੜੇ ਦੀ ਸਾਂਝ ਰੱਖਦਾ ਹੈ ਤੇ ਜਦੋਂ ਸਿਰੋਂ ਪਾਣੀ ਲੰਘ ਜਾਂਦਾ ਹੈ ਤਾਂ ਉਹ ਮਲੜਕੇ ਜਿਹੇ ਦੇਸ਼ ਛੱਡ ਕੇ ਬਰਤਾਨੀਆ ਜਾ ਬੈਠਦਾ ਹੈ। ਬੈਂਕਾਂ ਉਸ ਖ਼ਿਲਾਫ਼ ਪਰਚੇ ਦਰਜ ਕਰਾਉਂਦੀਆਂ ਹਨ। ਅਦਾਲਤਾਂ ਉਸ ਨੂੰ ਭਗੌੜਾ ਐਲਾਨਦੀਆਂ ਹਨ, ਪਰ ਉਹ ਬੇਫ਼ਿਕਰ ਜ਼ਿੰਦਗੀ ਬਸਰ ਕਰਦਾ ਹੈ। ਭਾਰਤ ਦੇ ਲੋਕ ਸਭ ਕੁਝ ਦੇਖ ਹੈਰਾਨ-ਪ੍ਰੇਸ਼ਾਨ ਹੁੰਦੇ ਹਨ। ਜਿਵੇਂ ਬੱਚੇ ਨੂੰ ਕਿਹਾ ਜਾਂਦਾ ਕਿ ਤੇਰੀ ਫਲਾਣੀ ਚੀਜ਼ ਕੋਕੋ ਲੈ ਗਈ, ਮਾਲਿਆ ਕੋਕੋ ਵਾਂਗ ਸਭ ਕੁਝ ਲੈ ਜਾਂਦਾ ਹੈ ਤੇ ਸਰਕਾਰ ਬੱਚੇ ਵਾਂਗ ਦੇਖਦੀ ਰਹਿੰਦੀ ਹੈ।

ਵਿਜੇ ਮਾਲਿਆ ਦੇ ਮਾਮਲੇ ਦੀਆਂ ਖ਼ਬਰਾਂ ਮੁੱਕੀਆਂ ਨਹੀਂ ਕਿ ਨੀਰਵ ਮੋਦੀ ਕੋਕੋ ਵਾਂਗ ਹਜ਼ਾਰਾਂ ਕਰੋੜ ਉਡਾ ਕੇ ਲੈ ਜਾਂਦਾ ਹੈ। ਦੇਸ਼ ਵਿੱਚ 82ਵੇਂ ਨੰਬਰ ਦਾ ਤੇ ਦੁਨੀਆ ’ਚ 234ਵੇਂ ਨੰਬਰ ਦਾ ਅਮੀਰ ਨੀਰਵ, ਜੋ ਰਾਜਨੀਤਿਕ ਲੋਕਾਂ ਤੋਂ ਲੈ ਕੇ ਫਿਲਮ ਜਗਤ ਤੱਕ ਦਬਦਬਾ ਰੱਖਦਾ ਸੀ, ਹੀਰਿਆਂ ਦਾ ਏਨਾ ਵੱਡਾ ਕਾਰੋਬਾਰੀ ਕਿ ਦਸ ਦੇਸ਼ਾਂ ਵਿੱਚ ਵਪਾਰ ਫੈਲਿਆ ਹੋਇਆ ਸੀ, ਇਕਦਮ ਗਾਇਬ ਕਿਵੇਂ ਹੋ ਗਿਆ? ਉਹ ਤੇ ਉਹਦਾ ਟੱਬਰ ਬਾਹਰ ਭੱਜ ਜਾਂਦਾ ਹੈ ਤਾਂ ਬਾਅਦ ਵਿੱਚ ਉਸ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਹੁੰਦਾ ਹੈ। ਭਲਾ ਉਦੋਂ ਕੀ ਫ਼ਾਇਦਾ? ਉਹ ਵਿਦੇਸ਼ ਬੈਠਾ ਆਖਦਾ ਹੈ, ਪੰਜਾਬ ਨੈਸ਼ਨਲ ਬੈਂਕ ਨੇ ਮੇਰੀ ਮਿੱਟੀ ਪੱਟ ਕੇ ਵਸੂਲੀ ਦੇ ਸਾਰੇ ਰਾਹ ਆਪ ਹੀ ਬੰਦ ਕਰ ਲਏ ਹਨ।” ਸਗੋਂ ਬੈਂਕ ਉਸ ਨੂੰ ਈਮੇਲ ਕਰਦੀ ਹੈ ਕਿ ਭੁਗਤਾਨ ਦਾ ਤਰੀਕਾ ਹੀ ਦੱਸ ਦਿਓ ਕਿ ਕਿਵੇਂ ਕਰ ਸਕਦੇ ਸੀ? ਜੇ ਕਰਜ਼ਾ ਮੋੜਨਾ ਹੀ ਹੋਵੇ ਤਾਂ ਕੀ ਪੀ ਐੱਨ ਬੀ ਬੈਂਕ ਨੂੰ ਪਤਾ ਨਹੀਂ ਕਿਵੇਂ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਵਿਧਵਾ ਨੇ ਆਪਣੇ ਪਤੀ ਦਾ ਕਰਜ਼ਾ ਆਪਣੀ ਪੈਨਸ਼ਨ ਵਿੱਚੋਂ ਅਦਾ ਕੀਤਾ ਸੀ?

ਉਹਦੀਆਂ ਖ਼ਬਰਾਂ ਦੇ ਚੱਲਦਿਆਂ “ਰੋਟੋਮੈਕ” ਪੈੱਨ ਵਾਲੇ ਵਿਕਰਮ ਕੋਠਾਰੀ ਦਾ ਮਾਮਲਾ ਸਾਹਮਣੇ ਆ ਜਾਂਦਾ ਹੈ। ਪਹਿਲਾਂ ਉਸ ’ਤੇ 800 ਕਰੋੜ ਦਾ ਰਗੜਾ ਫੇਰਨ ਦੇ ਦੋਸ਼ ਲੱਗੇ, ਪਰ ਫੇਰ ਹੋਰ ਬੈਂਕਾਂ ਤੋਂ ਲਿਆ ਕਰਜ਼ ਤੇ ਵਿਆਜ ਦੀ ਰਕਮ ਮਿਲਾ ਕੇ 3600 ਕਰੋੜ ਤੱਕ ਦੀ ਰਕਮ ਖੜ੍ਹੀ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ। ਸ਼ੁਕਰ ਹੈ ਕੋਠਾਰੀ ਦੇਸ਼ ਛੱਡ ਕੇ ਨਹੀਂ ਗਿਆ, ਨਹੀਂ ਤਾਂ ਭਾਰਤੀਆਂ ਦਾ ਸਭ ਕਾਸੇ ਤੋਂ ਯਕੀਨ ਉੱਠ ਜਾਣਾ ਸੀ। ਹੁਣ ਕੋਠਾਰੀ ਪਿਉ-ਪੁੱਤ ਕੋਲੋਂ ਸੀ ਬੀ ਆਈ ਪੁੱਛ-ਗਿੱਛ ਕਰ ਰਹੀ ਹੈ। ਬੈਂਕਾਂ ਦੀਆਂ ਸ਼ਿਕਾਇਤਾਂ ’ਤੇ ਪਰਚੇ ਦਰਜ ਹੋ ਗਏ ਹਨ ਤੇ ਮਾਮਲਾ ਪਹਿਲਾਂ ਵਾਂਗ ਕਈ ਵਰ੍ਹਿਆਂ ’ਤੇ ਪੈ ਗਿਆ ਹੈ।

ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਜਿਸ ਬੰਦੇ ਦੀ ਕੁੱਲ ਜਾਇਦਾਦ ਕੁੱਝ ਸੌ ਕਰੋੜ ਹੋਵੇ, ਉਹ ਕਈ ਹਜ਼ਾਰ ਕਰੋੜ ਦਾ ਕਰਜ਼ਾ ਕਿਵੇਂ ਲੈ ਸਕਦਾ? ਉਹ ਕਰਜ਼ਦਾਰ ਬੰਦਾ ਪ੍ਰਧਾਨ ਮੰਤਰੀ ਨਾਲ ਫੋਟੋਆਂ ਖਿਚਵਾਉਣ ਵਿੱਚ ਕਿਵੇਂ ਸਫ਼ਲ ਹੋ ਜਾਂਦਾ। ਇਹਦੇ ਵਿੱਚ ਮਿਲੀਭੁਗਤ ਕਿੱਥੇ-ਕਿੱਥੇ ਹੈ,ਇਹ ਸਭ ਜਨਤਾ ਜਾਨਣਾ ਚਾਹੁੰਦੀ ਹੈ। ਕੀ ਕਦੇ ਜਨਤਾ ਜਾਣ ਸਕੇਗੀ?

ਲੋਕ ਇਹ ਵੀ ਸੋਚ ਰਹੇ ਹਨ ਕਿ ਕੀ ਹਜ਼ਾਰਾਂ ਕਰੋੜ ਦੇ ਘਪਲੇ ਬੈਂਕਾਂ ਦੇ ਇੱਕ ਦੋ ਕਰਮਚਾਰੀਆਂ ਜਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਸਕਦੇ ਹਨ? ਕੀ ਇਹਦੇ ਲਈ ਉੱਪਰੋਂ-ਥੱਲੇ ਤੱਕ ਬਹੁਤ ਵੱਡੇ ਗਰੋਹ ਕੰਮ ਨਹੀਂ ਕਰ ਰਹੇ? ਨਿੱਕੇ-ਨਿੱਕੇ ਕਰਜ਼ਿਆਂ ਬਦਲੇ ਰੱਸੇ ਗਲ਼ਾਂ ਵਿੱਚ ਪਾ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਕਿਉਂ ਖੱਜਲ ਕੀਤਾ ਜਾਂਦਾ ਹੈ। ਕਿਸਾਨ ਕਰਜ਼ ਨਾ ਮੋੜਨ ਦੀ ਨਮੋਸ਼ੀ ਕਰਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ ਮੌਤ ਗਲ਼ ਲਾ ਛੱਡਦਾ, ਪਰ ਹਜ਼ਾਰਾਂ ਕਰੋੜਾਂ ਦੇ ਕਰਜ਼ਾਈ ਲੋਕ ਕਿਵੇਂ ਪੈੱਗ ਨਾਲ ਪੈੱਗ ਟਕਰਾ ਕੇ ਖੁਸ਼ੀ-ਖੁਸ਼ੀ ਦਿਨ ਲੰਘਾਉਂਦੇ ਹਨ ਅਤੇ ਉਹ ਵੀ ਕਿਹਨਾਂ ਦੇ ਆਸਰੇ?

ਭਾਰਤ ਦਾ ਚੌਂਕੀਦਾਰ ਹੋਣ ਦਾ ਦਾਅਵਾ ਕਰਨ ਵਾਲਾ ਪ੍ਰਧਾਨ ਮੰਤਰੀ ਘੂਕ ਕਿਉਂ ਸੁੱਤਾ ਪਿਆ? ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਬੈਂਕਾਂ ਵਿੱਚ ਵਾਟਰ ਕੂਲਰ ਕੋਲ ਪਿਆ ਗਲਾਸ ਸੰਗਲੀ ਬੰਨ੍ਹ ਕੇ ਬਚਾਇਆ ਜਾ ਸਕਦਾ, ਕਾਊਂਟਰ ’ਤੇ ਪਏ ਦੋ ਰੁਪਏ ਦੇ ਪੈੱਨ ਨੂੰ ਰੱਸੀ ਪਾ ਕੇ ਬਚਾਇਆ ਜਾ ਸਕਦਾ, ਪਰ ਥੋੜ੍ਹਾ ਪੈਸਾ ਵੀ ਬਚਾਇਆ ਜਾ ਸਕੇ, ਇਹ ਅਜੇ ਤੱਕ ਸਰਕਾਰ ਤੋਂ ਸੰਭਵ ਨਹੀਂ ਹੋ ਸਕਿਆ, ਜੋ ਭਾਰਤ ਦੀ ਬਦਕਿਸਮਤੀ ਹੈ। ਸਭ ਕੁਝ ਕੋਕੋ ਨਾ ਲੈ ਜਾਵੇ ਜਨਤਾ ਨੂੰ ਹੋਰ ਚੌਕਸ ਰਹਿਣ ਦੀ ਜ਼ਰੂਰਤ ਹੈ। ਲੁੱਟੀ ਜਾ ਰਹੀ ਜਨਤਾ ਨੂੰ ਲੁੱਟਣ ਵਾਲਿਆਂ ਖ਼ਿਲਾਫ਼ ਇੱਕ-ਜੁੱਟ ਹੋ ਕੇ ਲੜਾਈ ਦੇਣੀ ਹੋਵੇਗੀ। ਜੋ ਅੱਜ ਦੇ ਸਮੇਂ ਦੀ ਵਾਜਬ ਮੰਗ ਹੈ।

*****

(1037)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author