ShamSingh7ਹੁਣ ਪੜ੍ਹੇ-ਲਿਖੇ ਚੁਸਤ-ਚਲਾਕ ਲੋਕ ਇੱਕੀਵੀਂ ਸਦੀ ਵਿੱਚ ਬੈਂਕਾਂ ਨੂੰ ਸ਼ਰੇਆਮ ਹੀ ਲੁੱਟਣ ...
(28 ਫਰਬਰੀ 2018)

 

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆ ਪਹਿਲਾਂ ਨਾਲੋਂ ਵਿਕਸਤ ਹੋ ਗਈ ਹੈ। ਕਈ ਖੇਤਰਾਂ,ਅਤੇ ਕਾਢਾਂ ਵਿੱਚ ਏਨੀਆਂ ਉੱਚੀਆਂ ਪ੍ਰਾਪਤੀਆਂ ਕੀਤੀਆਂ ਹਨ, ਜਿਨ੍ਹਾਂ ’ਤੇ ਜਿੰਨਾ ਮਾਣ ਕਰੋ, ਉੰਨਾ ਹੀ ਥੋੜ੍ਹਾ। ਸਭ ਤੋਂ ਲਾਹਾ ਲਿਆ ਜਾ ਰਿਹਾ ਹੈ, ਜਿਸ ਨਾਲ ਦੁਨੀਆ ਇੱਕ-ਮਿੱਕ ਹੋ ਗਈ ਲੱਗੇਪਰ ਕਈ ਮੁਲਕਾਂ ਅਤੇ ਖੇਤਰਾਂ ਵਿੱਚ ਸੋਚ ਸਮੇਂ ਦੇ ਹਾਣ ਦੀ ਨਹੀਂ ਹੋ ਸਕੀ। ਇੰਜ ਲੱਗਦਾ ਹੈ, ਜਿਵੇਂ ਸਮਾਜਾਂ ਦੇ ਸਮਾਜ ਪਿਛਲੀਆਂ ਸਦੀਆਂ ਵਿੱਚ ਹੀ ਜੀਅ ਰਹੇ ਹੋਣ। ਮਨੁੱਖਾਂ ਮਨੁੱਖਾਂ ਵਿੱਚ ਪਾੜਾ ਪਾਉਣ ਵਾਲੇ ਸਮਾਜਾਂ ਨੂੰ ਪਿਛਲ-ਪੈਰ ਤੋਰਨ ਤੋਂ ਬਾਜ਼ ਨਹੀਂ ਆਉਂਦੇ। ਮਨੁੱਖਾਂ ਵਿੱਚ ਨਫ਼ਰਤ ਦੀਆਂ ਦੀਵਾਰਾਂ ਬਾਰੇ ਜਦ ਵੀ ਖ਼ਬਰਾਂ ਛਪਦੀਆਂ ਹਨ ਤਾਂ ਇਹੀ ਜਾਪਦਾ ਹੈ ਕਿ ਮਨੁੱਖ ਸੋਚ ਪੱਖੋਂ ਅੱਜ ਵੀ ਅਤੀਤ ਦੀਆਂ ਹਨੇਰੀਆਂ ਗਲੀਆਂ ਤੋਂ ਬਾਹਰ ਨਹੀਂ ਆਇਆ।

ਜ਼ੋਰਾਵਰ ਮੁਲਕ ਆਪਣੀ ਧਾਂਕ ਜਮਾਈ ਰੱਖਣ ਲਈ ਅਤੇ ਰੋਹਬ ਪਾਉਣ ਲਈ ਦੂਜੇ ਮੁਲਕਾਂ ਨੂੰ ਦਬਾਉਣਾ ਤਾਂ ਕਿ ਉਨ੍ਹਾਂ ਨੂੰ ਤਰੱਕੀ ਨਾ ਕਰਨ ਦਿੱਤੀ ਜਾਵੇ। ਉਹ ਕਦੇ ਜਸੂਸਾਂ ਰਾਹੀਂ ਗੜਬੜੀਆਂ ਕਰਵਾਉਂਦੇ ਹਨ ਅਤੇ ਕਈ ਵਾਰ ਸਿੱਧਾ ਅਤੇ ਖੁੱਲ੍ਹਮ-ਖੁੱਲ੍ਹਾ ਹਮਲਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਮਾਲ-ਅਸਬਾਬ ਦਾ ਨੁਕਸਾਨ ਕਰਦੇ ਹਨ ਅਤੇ ਮਨੁੱਖੀ ਘਾਣ ਵੀ। ਉਨ੍ਹਾਂ ਦੀ ਹਉਮੈ ਤਾਂ ਸੰਤੁਸ਼ਟ ਹੋ ਜਾਂਦੀ ਹੈ ਅਤੇ ਰੋਹਬ ਵੀ ਕਾਇਮ ਹੋ ਜਾਂਦਾ ਹੈ, ਪਰ ਉਨ੍ਹਾਂ ਵੱਲੋਂ ਕੀਤਾ ਨੁਕਸਾਨ ਵਰ੍ਹਿਆਂ-ਵਰ੍ਹਿਆਂ ਤੱਕ ਪੂਰਾ ਨਹੀਂ ਹੁੰਦਾ। ਦੂਜਿਆਂ ਦਾ ਵੱਡਾ ਨੁਕਸਾਨ ਕਰ ਕੇ ਆਪਣੀ ਹਉਮੈ ਪੂਰੀ ਕਰਨਾ ਨਾ-ਮਾਫ਼ੀ ਯੋਗ ਅਪਰਾਧ ਵੀ ਹੈ, ਪਾਪ ਵੀ।

ਆਪਣੇ ਭਾਰਤ ਮਹਾਨ ਦੀ ਗੱਲ ਕਰੀਏ ਤਾਂ ਦੇਖਣ ਨੂੰ ਮਿਲੇਗਾ ਕਿ ਇੱਥੋਂ ਦਾ ਸਮਾਜ ਕਈ ਤਹਿਆਂ ਵਿੱਚ ਜੀਅ ਰਿਹਾ ਹੈ, ਜਿਸ ਨੂੰ ਸਮਝਣ ਲਈ ਬਹੁਤੀ ਦੇਰ ਨਹੀਂ ਲੱਗਦੀ। ਇੱਥੇ ਬਹੁਤ ਥਾਂਈਂ ਧਰਮਾਂ ਨੇ ਸਮਾਜ ਨੂੰ ਵੰਡਿਆ ਹੋਇਆ ਹੈ ਜਾਂ ਫੇਰ ਜਾਤ-ਪਾਤ ਨੇ, ਜਿਸ ਦਾ ਕੋਈ ਠੋਸ ਆਧਾਰ ਹੀ ਨਹੀਂ। ਕਿੱਤਿਆਂ ਦੇ ਆਧਾਰ ’ਤੇ ਕੀਤੀ ਗਈ ਵੰਡ ਅਜਿਹੀ ਜਾਤ-ਪਾਤ ਬਣ ਗਈ, ਜੋ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੀ। ਜਾਤ-ਪਾਤ ਦੇ ਨਾਂਅ ’ਤੇ ਨਫ਼ਰਤ ਦੀ ਜ਼ਹਿਰ ਫੈਲਾਈ ਜਾ ਰਹੀ ਹੈ ਅਤੇ ਦੰਗਿਆਂ ਦੀ ਲੜੀ ਬੰਦ ਨਹੀਂ ਹੋਈ। ਕਾਰਨ ਇਹ ਹੈ ਕਿ ਰਾਜਨੀਤੀ ਇਸ ਦੇ ਨਾਂਅ ’ਤੇ ਹੋਣ ਲੱਗ ਪਈ ਹੈ। ਧਰਮਾਂ ਵਿਚ ਇਸ ਦੇ ਨਾਂਅ ’ਤੇ ਵਖਰੇਵੇਂ ਅਤੇ ਭੇਦ-ਭਾਵ ਹੋਣ ਲੱਗ ਪਏ। ਉੱਚੇ-ਨੀਵੇਂ ਦੇ ਸ਼ਬਦਾਂ ਨਾਲ ਜਾਣੇ ਜਾਂਦੇ ਲੋਕਾਂ ਵਿੱਚੋਂ ਆਦਮੀਅਤ ਗੁਆਚ ਕੇ ਰਹਿ ਗਈ। ਲੋਕ ਵੱਖ-ਵੱਖ ਧਰਮਾਂ, ਫ਼ਿਰਕਿਆਂ ਅਤੇ ਜਾਤਾਂ ਦੇ ਹੋ ਗਏ, ਇਨਸਾਨ ਦਾ ਮਿਲਣਾ ਹੀ ਮੁਸ਼ਕਲ ਹੋ ਕੇ ਰਹਿ ਗਿਆ।

ਲੁੱਟਾਂ-ਖੋਹਾਂ ਅਤੇ ਠੱਗੀਆਂ ਲੁਕ-ਛਿਪ ਕੇ ਦੇਰ ਤੋਂ ਹੋ ਰਹੀਆਂ ਹਨ ਅਤੇ ਕਦੇ ਬੰਦ ਨਹੀਂ ਹੋਈਆਂ, ਪਰ ਹੁਣ ਪੜ੍ਹੇ-ਲਿਖੇ ਚੁਸਤ-ਚਲਾਕ ਲੋਕ ਇੱਕੀਵੀਂ ਸਦੀ ਵਿੱਚ ਬੈਂਕਾਂ ਨੂੰ ਸ਼ਰੇਆਮ ਹੀ ਲੁੱਟਣ ਲੱਗ ਪਏ ਹਨ, ਜਿਨ੍ਹਾਂ ਅੱਗੇ ਸਰਕਾਰਾਂ ਵੀ ਬੇਵੱਸ ਹੋ ਗਈਆਂ ਲੱਗਦੀਆਂ ਹਨ, ਕਿਉਂਕਿ ਚੋਰ-ਮੋਰੀਆਂ ਦਾ ਫਾਇਦਾ ਉਠਾ ਕੇ ਉਹ ਵੱਡੀਆਂ ਰਕਮਾਂ ਦਾ ਕਰਜ਼ਾ ਲੈਂਦੇ ਹਨ ਅਤੇ ਦੂਜੇ ਦੇਸ਼ਾਂ ਵਿੱਚ ਆਸਰਾ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਉੱਨਤ ਹੋ ਰਹੇ ਇਸ ਦੇਸ਼ ਵਿੱਚ ਇਹ ਜੰਗਲ ਰਾਜ ਨਹੀਂ ਤਾਂ ਭਲਾ ਹੋਰ ਕੀ ਆਖਿਆ ਜਾ ਸਕਦਾ ਹੈ? ਅਜਿਹਾ ਜੰਗਲ ਰਾਜ ਕਿ ਬੈਂਕਾਂ ਵਿੱਚ ਪਿਆ ਧਨ ਵੀ ਸੁਰੱਖਿਅਤ ਨਹੀਂ ਰਹਿ ਗਿਆ, ਪਰ ਆਦਿ-ਵਾਸ ਦੇ ਸਮੇਂ ਦਾ ਇਹ ਜੰਗਲ ਰਾਜ ਹੁਣ ਸੋਭਦਾ ਨਹੀਂ।

ਰਾਜਨੀਤਕ, ਸਮਾਜਕ ਅਤੇ ਧਾਰਮਿਕ ਖੇਤਰਾਂ ਦੇ ਨੇਤਾਵਾਂ ਨੂੰ ਮਿਲ-ਬੈਠ ਕੇ, ਸਜੱਗ ਹੋ ਕੇ ਅਜਿਹੇ ਸਾਜ਼ਗਾਰ ਹਾਲਾਤ ਪੈਦਾ ਕਰਨ ਬਾਰੇ ਸੋਚਣਾ ਪਵੇਗਾ ਤਾਂ ਕਿ ਮਨੁੱਖ ਵਿੱਚੋਂ ਗੁਆਚੀ ਮਨੁੱਖਤਾ ਵਾਪਸ ਲਿਆਂਦੀ ਜਾ ਸਕੇ। ਅਜਿਹਾ ਤਾਂ ਹੀ ਸੰਭਵ ਹੈ ਜੇ ਇਮਾਨਦਾਰ ਲੋਕ ਗੰਭੀਰਤਾ ਨਾਲ ਸਮਾਜ ਨੂੰ ਸੰਵਾਰਨ ਅਤੇ ਨਿਖਾਰਨ ਵੱਲ ਰੁਚਿਤ ਹੋਣ ਦੇ ਸੁਹਿਰਦ ਜਤਨ ਕਰਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਅਜਿਹੇ ਜੰਗਲ ਰਾਜ ਪ੍ਰਤੀ ਸੁਚੇਤ ਕੀਤਾ ਜਾਵੇ ਤਾਂ ਕਿ ਉਹ ਟਾਕਰਾ ਕਰ ਸਕਣ। ਅੱਜ ਜਦੋਂ ਕਿ ਗਿਆਨ ਦਾ ਪ੍ਰਕਾਸ਼ ਹੋ ਚੁੱਕਾ ਹੈ ਅਤੇ ਹਰ ਆਦਮੀ ਹਰ ਖੇਤਰ ਵਿੱਚ ਬਰਾਬਰੀ ਦਾ ਹੱਕਦਾਰ ਹੈ ਤਾਂ ਫੇਰ ਉਸ ਨੂੰ ਹਨੇਰੀਆਂ ਨੁੱਕਰਾਂ ਵੱਲ ਨਹੀਂ ਧੱਕਿਆ ਜਾ ਸਕਦਾ। ਸਮਾਜ ਨੂੰ ਇਹ ਸਿੱਖਣ ਦੀ ਅਹਿਮ ਜ਼ਰੂਰਤ ਹੈ ਕਿ ਉਹ ਅਵਿਕਸਤ ਸਮਿਆਂ ਵਿੱਚ ਨਾ ਰਹਿ ਕੇ ਅੱਜ ਦੇ ਸਮੇਂ ਵਿੱਚ ਜੀਵੇ। ਪੁਰਾਣੀਆਂ ਗ਼ਲਤ ਗੱਲਾਂ ਤੋਂ ਤੌਬਾ ਕਰ ਕੇ, ਪੁਰਾਣੀ ਜੂਠ ਛੱਡ ਕੇ ਅੱਜ ਦੀ ਤਾਜ਼ਗੀ ਵਿੱਚ ਰਹਿਣ-ਸਹਿਣ ਕਰੇ। ਅਜਿਹਾ ਕਰਨ ਨਾਲ ਹੀ ਮਨੁੱਖ ਸਹੀ ਜੀਵਨ ਜਿਉਣ ਦੇ ਹਾਲਾਤ ਪੈਦਾ ਕਰ ਸਕਦਾ ਹੈ ਅਤੇ ਅੱਜ ਦੇ ਜਾਗਿ੍ਰਤ ਸਮੇਂ ਵਿੱਚ ਜਿਉਣ ਲਈ ਜੰਗਲ ਰਾਜ ਤੋਂ ਮੁਕਤ ਹੋ ਸਕਦਾ ਹੈ।

**

ਵਿਦਿਆਰਥੀ ਚੋਣਾਂ

ਲੋਕਤੰਤਰੀ ਦੇਸ਼ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਲਈ ਜ਼ਰੂਰੀ ਹੈ ਕਿ ਸਾਰੇ ਦੇਸ਼ ਵਿੱਚ ਵਿਦਿਆਰਥੀਆਂ ਦੀਆਂ ਸਭਾਵਾਂ, ਯੂਨੀਅਨਾਂ, ਐਸੋਸੀਏਸ਼ਨਾਂ ਅਤੇ ਸੁਸਾਇਟੀਆਂ ਦਾ ਕੰਮ-ਕਾਜ ਚਲਾਉਣ ਲਈ ਵਿਦਿਆਰਥੀਆਂ ਦੀਆਂ ਚੋਣਾਂ ਹੋਣਅਜਿਹਾ ਹੋਣ ਨਾਲ ਇਨ੍ਹਾਂ ਛੋਟੇ-ਛੋਟੇ ਅਦਾਰਿਆਂ ਦਾ ਕੰਮ ਤਾਂ ਚੱਲੇਗਾ ਹੀ, ਨਾਲ ਦੀ ਨਾਲ ਆਉਣ ਵਾਲੇ ਕੱਲ੍ਹ ਲਈ ਚੇਤੰਨ ਨੇਤਾ ਵੀ ਪੈਦਾ ਕੀਤੇ ਜਾ ਸਕਦੇ ਹਨ, ਜਿਨ੍ਹਾਂ ਬਿਨਾਂ ਚੰਗੇ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਸਾਰੇ ਸੂਬਿਆਂ ਦੇ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਤੁਰਤ-ਫੁਰਤ ਵਿਦਿਆਰਥੀਆਂ ਨੂੰ ਇਸ ਟਰੇਨਿੰਗ ਲਈ ਲਈ ਉਤਸ਼ਾਹ ਦੇਣ। ਹੁਣ ਉਹ ਵੇਲੇ ਨਹੀਂ ਰਹੇ ਕਿ ਵਿਦਿਆਰਥੀਆਂ ਨੂੰ ਚੋਣ ਪ੍ਰਣਾਲੀ ਤੋਂ ਦੂਰ ਹੀ ਰੱਖਿਆ ਜਾਵੇ। ਵੇਲੇ ਬਦਲ ਗਏ, ਹਾਕਮ ਵੀ ਬਦਲਣ।

ਵਿਦਿਆਰਥੀਆਂ ਨੂੰ ਦਬਾਅ ਕੇ ਰੱਖਣ ਨਾਲ ਦੇਸ਼ ਦੀਆਂ ਲੋਕਤੰਤਰੀ ਸੰਸਥਾਵਾਂ ਤਰੱਕੀ ਨਹੀਂ ਕਰ ਸਕਦੀਆਂ। ਹੁਣੇ ਜਿਹੇ ਹਰਿਆਣਾ ਸਰਕਾਰ ਨੇ ਐਲਾਨ ਕਰ ਕੇ ਪਹਿਲ ਕੀਤੀ ਹੈ ਅਤੇ ਉਸਦੀ ਰੀਸੇ ਦੂਜੇ ਸੂਬੇ ਵੀ ਅਜਿਹਾ ਕਰ ਕੇ ਵਿਦਿਆਰਥੀਆਂ ਦੀ ਆਜ਼ਾਦੀ ਬਹਾਲ ਕਰਨ। ਅੱਜ ਦੇ ਸਿੱਖਿਅਤ ਵਿਦਿਆਰਥੀ ਨੇਤਾ ਜੇ ਕੱਲ੍ਹ ਦੇ ਨੇਤਾ ਬਣ ਕੇ ਦੇਸ਼ ਦਾ ਰਾਜ-ਭਾਗ ਚਲਾਉਣ ਤਾਂ ਅੱਜ ਦੇ ਸਮੇਂ ਤੋਂ ਕਿਤੇ ਪਿੱਛੇ ਰਹਿ ਗਏ ਜਾਤਾਂ-ਪਾਤਾਂ ਵਿੱਚ ਫਸੇ ਅਤੇ ਧਰਮਾਂ ਤੋਂ ਫਾਇਦਾ ਉਠਾਉਂਦੇ ਨੇਤਾਵਾਂ/ਹਾਕਮਾਂ ਤੋਂ ਕਿਤੇ ਬਿਹਤਰ ਸਾਬਤ ਹੋਣਗੇ। ਹਾਕਮੋ, ਦਿਲ ਖੋਲ੍ਹ ਕੇ ਆਪ ਤਾਂ ਆਜ਼ਾਦੀ ਦਾ ਖ਼ੂਬ ਫਾਇਦਾ ਮਾਣ ਰਹੇ ਹੋ, ਜ਼ਰਾ ਵਿਦਿਆਰਥੀਆਂ ਦੇ ਹੱਥ ਦੇਸ਼ ਦੀ ਵਾਗਡੋਰ ਫੜਾ ਕੇ ਦੋਖੋ ਤਾਂ ਦੇਸ਼ ਭਰ ਦੇ ਲੋਕ ਆਜ਼ਾਦੀ ਮਾਨਣਗੇ।

*****

(1035)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author