GurmitPalahi7ਕੋਈ ਸਮਾਂ ਸੀ ਜਦੋਂ ਇਹਨਾਂ ਪ੍ਰਵਾਸੀਆਂ ਨੂੰ ਕੈਨੇਡਾ ਵਿਚ ਵੋਟ ਪਾਉਣ ਦਾ ਵੀ ਹੱਕ ...
(19 ਫਰਬਰੀ 2018)

 

TrudeauIndia2

 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੀ ਫੇਰੀ ਦੌਰਾਨ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਸਮੂਹ ਵਿਖੇ ਦਰਸ਼ਣਾਂ ਲਈ ਪੁੱਜਣ ਦੀਆਂ ਖ਼ਬਰਾਂ ਕਾਰਨ ਸੰਸਾਰ ਭਰ ਵਿਚ ਵਸਦੇ ਪੰਜਾਬੀਆਂ ਦੀਆਂ ਟਰੂਡੋ ਦੀ ਇਸ ਇਤਿਹਾਸਕ ਯਾਤਰਾ ਵੱਲ ਨਜ਼ਰਾਂ ਸਨ ਕਿਉਂਕਿ ਪੰਜਾਬੀਆਂ ਲਈ ਕੈਨੇਡਾ ਉਹਨਾਂ ਦੇ ਪ੍ਰਵਾਸ ਟਿਕਾਣੇ ਦੀ ਪਹਿਲ ਹੈ। ਲੱਖਾਂ ਦੀ ਗਿਣਤੀ ਵਿਚ ਪੰਜਾਬੀ ਇਸ ਸੁੰਦਰ, ਸੁਹਾਣੇ ਦੇਸ਼ ਵਿੱਚ ਦਹਾਕਿਆਂ ਤੋਂ ਵਸੇ ਹੋਏ ਹਨ। ਇਹ ਪ੍ਰਵਾਸੀ ਮਿਹਨਤ ਕਰਕੇ ਉੱਥੇ ਚੰਗੀ ਜ਼ਿੰਦਗੀ ਬਸਰ ਕਰਨ ਦੇ ਆਹਰ ਵਿੱਚ ਹਨ ਅਤੇ ਉਹਨਾਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਵੀ ਮਿਲੇ ਹੋਏ ਹਨ, ਜਿਸ ਸਦਕਾ ਉਹਨਾਂ ਕੈਨੇਡਾ ਦੇ ਚੰਗੇ ਸ਼ਹਿਰੀ ਬਣਕੇ ਹਰ ਖੇਤਰ ਵਿੱਚ ਨਾਮਣਾ ਵੀ ਖੱਟਿਆ ਹੈ। ਆਪਣੀ ਜਨਮ ਭੂਮੀ ਉੱਤੇ ਆਪਣੇ ਕਰਮਭੂਮੀ ਦੇ ਪ੍ਰਧਾਨ ਮੰਤਰੀ ਦੀ ਫੇਰੀ ਭਾਵੁਕ ਤੌਰ ’ਤੇ ਉਹਨਾਂ ਲਈ ਵਡੇਰੇ ਅਰਥ ਰੱਖਦੀ ਹੈ। ਦੋਹਾਂ ਖਿੱਤਿਆ ਦੇ ਲੋਕਾਂ ਦੇ ਆਪਸੀ ਸਬੰਧਾਂ, ਸਹਿਯੋਗ ਵਿਚ ਪਹਿਲਕਦਮੀ ਨੇੜਲੇ ਭਵਿੱਖ ਵਿਚ ਪੰਜਾਬੀਆਂ ਲਈ ਨਵੇਂ ਦਰ ਵੀ ਖੋਲ੍ਹ ਸਕਦੀ ਹੈ। ਪਰ ਟਰੂਡੋ ਦੀ ਇਸ ਭਾਰਤ ਫੇਰੀ ਦੌਰਾਨ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਉਹਨਾਂ ਪ੍ਰਤੀ ਵਿਖਾਈ ਬੇਰੁਖੀ, ਪ੍ਰਵਾਸੀ ਪੰਜਾਬੀਆਂ ਦੀ ਸਰਕਾਰ ਪ੍ਰਤੀ ਦੂਰੀ ਵਧਾਉਣ ਦਾ ਕਾਰਨ ਬਣ ਸਕਦੀ ਹੈ ਹਾਲਾਂਕਿ ਪ੍ਰਵਾਸੀ ਪੰਜਾਬੀ ਪੰਜਾਬ ਨੂੰ ਕੈਨੇਡਾ ਵਰਗਾ ਬਣਿਆ ਵੇਖਣਾ ਚਾਹੁੰਦੇ ਹਨ, ਅਤੇ ਪੰਜਾਬ ਨੂੰ ਕੈਨੇਡਾ ਦੇ ਵਪਾਰਕ, ਸਿੱਖਿਆ, ਸਭਿਆਚਾਰਕ, ਉਦਯੋਗਿਕ ਖੇਤਰ ਵਿਚ ਸਾਂਝ-ਭਿਆਲੀ ਨਾਲ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਚਾਹਵਾਨ ਵੀ ਹਨ।

ਕੈਨੇਡਾ ਵਿੱਚ ਪੰਜਾਬੀਆਂ ਦੀ ਸਥਾਪਤੀ

ਕੈਨੇਡਾ ਦੀਆਂ ਪਿਛਲੀਆਂ ਚੋਣਾਂ ਵਿਚ ਪ੍ਰਵਾਸੀਆਂ ਨੇ ਵੱਡੀਆਂ ਮੱਲਾਂ ਮਾਰੀਆਂ। ਚਾਰ ਪ੍ਰਵਾਸੀ ਇਸ ਵੇਲੇ ਕੈਨੇਡੀਅਨ ਵਜ਼ਾਰਤ ਵਿੱਚ ਮੰਤਰੀ ਹਨ ਅਤੇ ਕੈਨੇਡੀਅਨ ਪਾਰਲੀਮੈਂਟ ਵਿੱਚ ਭਾਰਤੀ ਮੂਲ ਦੇ 19 ਮੈਂਬਰ ਪਾਰਲੀਮੈਂਟ ਹਨ, ਜਿਹਨਾਂ ਵਿਚ ਬਹੁ-ਗਿਣਤੀ ਪ੍ਰਵਾਸੀ ਪੰਜਾਬੀ ਹਨ। ਪ੍ਰਧਾਨ ਮੰਤਰੀ ਟਰੂਡੋ ਦਾ ਪ੍ਰਵਾਸੀਆਂ ਪ੍ਰਤੀ ਵਿਸ਼ੇਸ਼ ਲਗਾਅ ਹੈ ਅਤੇ ਸਮੇਂ ਸਮੇਂ ਉਸ ਵਲੋਂ ਪ੍ਰਵਾਸ ਹੰਢਾ ਰਹੇ ਇਹਨਾਂ ਕੈਨੇਡੀਅਨ ਭਾਰਤੀਆਂ ਖਾਸਕਰ ਪੰਜਾਬੀਆਂ, ਉਹਨਾ ਦੇ ਹਿੱਤ ਦੀਆਂ ਨੀਤੀਆਂ ਘੜਨ ਅਤੇ ਲਾਗੂ ਕਰਨ ਦੀਆਂ ਖ਼ਬਰਾਂ ਮਿਲਦੀਆਂ ਹੀ ਰਹਿੰਦੀਆਂ ਹਨ।

ਕੈਨੇਡਾ ਪੁੱਜੇ ਪੰਜਾਬੀਆਂ ਨੂੰ ਆਪਣੇ ਮੁੱਢਲੇ ਪ੍ਰਵਾਸ ਦੌਰਾਨ ਬਹੁਤ ਕਸ਼ਟ ਝੱਲਣੇ ਪਏ। ਉੱਥੋਂ ਦੀ ਬੋਲੀ ਪ੍ਰਤੀ ਅਗਿਆਨਤਾ, ਅਤੇ ਉੱਥੋਂ ਦੇ ਕੱਟੜ ਕਿਸਮ ਦੇ ਲੋਕਾਂ ਵਲੋਂ ਇਹਨਾਂ ਪ੍ਰਵਾਸੀਆਂ ਪ੍ਰਤੀ ਵਿਰੋਧ ਨੇ ਸਥਾਨਕ ਲੋਕਾਂ ਤੋਂ ਦੂਰੀ ਬਣਾਈ ਰੱਖੀ, ਪਰ ਆਪਣੀ ਸਖਤ ਮਿਹਨਤ ਅਤੇ ਮਿਲਾਪੜੇ ਸੁਭਾਅ ਕਾਰਨ ਉਹਨਾਂ ਹਰ ਖੇਤਰ ਵਿਚ ਆਪਣੀ ਥਾਂ ਬਣਾਈ। ਇੱਕ ਰਿਪੋਰਟ ਅਨੁਸਾਰ 1906 ਵਿਚ ਕੈਨੇਡਾ ਪੁੱਜੇ ਸਿੱਖ ਵਰਕਰਾਂ ਦੀ ਗਿਣਤੀ 1500 ਸੀ, ਜਿਹੜੇ ਕਿ ਟੋਲਿਆਂ ਵਿੱਚ ਰਹਿ ਕੇ ਜਾਨ-ਹੂਲਵੀਂ ਮਿਹਨਤ ਕਰਕੇ ਔਖੇ ਔਖੇ ਮਿਹਨਤੀ ਕੰਮ ਕਰਦੇ ਸਨ। ਇਸ ਮਿਹਨਤ ਸਦਕਾ, ਸਥਾਨਕ ਲੋਕਾਂ ਦੀ ਮਿਲਵਰਤਨ ਅਤੇ ਇਕੱਠਿਆਂ ਹੋਕੇ ਹੰਭਲਾ ਮਾਰਨ ਦੀ ਪ੍ਰਵਿਰਤੀ ਸਦਕਾ ਉਹਨਾਂ ਉੰਨੀ ਸੌ ਸੱਤਰ੍ਹਵਿਆਂ ਤੱਕ ਕੈਨੇਡਾ ਵਿਚ ਆਪਣੀ ਵਰਨਣਯੋਗ ਹਾਜ਼ਰੀ ਸਥਾਪਤ ਕਰ ਲਈ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰਾਂ ਵੈਨਕੋਵਰ, ਡੈਲਟਾ, ਰਿਚਮੰਡ, ਸਰੀ ਵਿਚ ਆਪਣੀਆਂ ਰਿਹਾਇਸ਼ਾਂ ਅਤੇ ਗੁਰੂ ਘਰਾਂ ਦਾ ਨਿਰਮਾਣ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਅੱਜ ਕੈਨੇਡਾ ਵਿੱਚ ਪੰਜਾਬੀ ਕੈਨੇਡੀਅਨਾਂ ਦੀ ਗਿਣਤੀ 5,45,730 ਹੈ, ਜਿਹੜੇ ਕਿ ਖਾਸ ਤੌਰ ’ਤੇ ਸੂਬੇ ਬ੍ਰਿਟਿਸ਼ ਕੋਲੰਬੀਆ, ਓਂਟੇਰੀਓ, ਅਲਬਰਟਾ, ਕਿਓਬੈੱਕ ਆਦਿ ਵਿੱਚ ਬਹੁਤਾਤ ਵਿਚ ਰਹਿੰਦੇ ਹਨ ਅਤੇ ਉਹ ਅੰਗਰੇਜ਼ੀ, ਫਰੈਂਚ, ਪੰਜਾਬੀ, ਉਰਦੂ, ਹਿੰਦੀ, ਬੋਲਦੇ ਹਨ। ਇਹ ਪ੍ਰਵਾਸੀ ਪੰਜਾਬੀ ਸਿੱਖ, ਹਿੰਦੂ, ਮੁਸਲਿਮ ਅਤੇ ਈਸਾਈ ਧਰਮ ਨਾਲ ਮੁੱਖ ਤੌਰ ’ਤੇ ਸਬੰਧਤ ਹਨ। ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਬੋਲੀ ਤੀਸਰੀ ਵੱਡੀ ਭਾਸ਼ਾ ਹੈ, ਜੋ ਪਾਰਲੀਮੈਂਟ ਵਿੱਚ ਬੋਲੀ ਸੁਣੀ ਜਾਂਦੀ ਹੈ। ਵੈਨਕੋਵਰ ਵਿਚ 5.5 ਫੀਸਦੀ ਲੋਕ ਜਦਕਿ ਸਰੀ ਵਿਚ 21.3 ਫੀਸਦੀ ਲੋਕ ਘਰਾਂ ਵਿਚ ਪੰਜਾਬੀ ਬੋਲਦੇ ਹਨ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਹਰ ਵਰ੍ਹੇ ਹਜ਼ਾਰਾਂ ਵਿਦਿਆਰਥੀ ਪੜ੍ਹਨ ਲਈ ਕੈਨੇਡਾ ਪੁੱਜਦੇ ਹਨ। ਯੋਗਤਾ ਅਧਾਰਤ ਉੱਥੋਂ ਦੀ ਪੱਕੀ ਰਿਹਾਇਸ਼ ਪ੍ਰਾਪਤ ਕਰਨ ਲਈ ਯਤਨ ਕਰਦੇ ਹਨ। ਸਾਲ 2016-17 ਵਿੱਚ ਲਗਭਗ ਸਵਾ ਲੱਖ ਭਾਰਤੀ ਵਿਦਿਆਰਥੀ, ਮੁੱਖ ਤੌਰ ’ਤੇ ਪੰਜਾਬੀ ਨੌਜਵਾਨ ਵਿਦਿਆਰਥੀ ਵੀਜ਼ਾ ਲੈਕੇ ਕੈਨੇਡਾ ਪੁੱਜੇ ਹਨ।

ਕੈਨੇਡਾ ਪੁੱਜੇ ਮੁੱਢਲੇ ਪੰਜਾਬੀਆਂ ਨੇ ਵੱਡੀਆਂ ਘਾਲਣਾਵਾਂ ਘਾਲੀਆਂ। ਦਿਨ ਰਾਤ ਮਿਹਨਤ ਕੀਤੀ। ਕੋਈ ਸਮਾਂ ਸੀ ਜਦੋਂ ਇਹਨਾਂ ਪ੍ਰਵਾਸੀਆਂ ਨੂੰ ਕੈਨੇਡਾ ਵਿਚ ਵੋਟ ਪਾਉਣ ਦਾ ਵੀ ਹੱਕ ਨਹੀਂ ਸੀ। ਪੰਜਾਬੀਆਂ ਨੇ ਇਸ ਵਿਤਕਰੇ ਵਿਰੁੱਧ ਲੜਾਈ ਲੜੀ। ਦੇਸ਼ ਦੀ ਅਜ਼ਾਦੀ ਲਈ ਵੀ ਵੱਡਾ ਯੋਗਦਾਨ ਪਾਇਆ। ਅੱਜ ਸਥਿਤੀ ਇਹ ਹੈ ਕਿ ਤਿੰਨ ਦਰਜਨ ਦੇ ਕਰੀਬ ਇਹ ਪ੍ਰਵਾਸੀ ਪੰਜਾਬੀ ਕੈਨੇਡੀਅਨ ਪਾਰਲੀਮੈਂਟ ਅਤੇ ਸੂਬਿਆਂ ਦੀ ਵਿਧਾਨ ਸਭਾਵਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ। ਦੇਸ਼ ਦਾ ਰੱਖਿਆ ਮੰਤਰੀ ਪੰਜਾਬੀ ਹੈ।

ਪੰਜਾਬੀਆਂ ਨੇ ਇਸ ਵੇਲੇ ਕੈਨੇਡਾ ਵਿਚ ਆਪਣੇ ਕਾਰੋਬਾਰ ਖੋਲ੍ਹੇ ਹੋਏ ਹਨ। ਉਹ ਪਰਵਾਸੀ ਜਿਹੜੇ 20ਵੀਂ ਸਦੀ ਦੇ ਆਰੰਭ ਵਿਚ ਕੈਨੇਡਾ ਦੇ ਵੱਡੇ-ਵੱਡੇ ਲੱਕੜ ਦੇ ਆਰਿਆਂ ’ਤੇ ਮਜ਼ਦੂਰੀ ਕਰਦੇ ਸਨ, ਖੇਤਾਂ ਵਿਚ ਖੇਤ ਮਜ਼ਦੂਰ ਵਜੋਂ ਕਾਮੇ ਸਨ, ਅੱਜ ਉਹ ਖੇਤਾਂ ਦੇ, ਸਾਅ ਮਿੱਲਾਂ ਦੇ ਮਾਲਕ ਹਨ। ਲੱਕੜ ਦੇ ਆਰਿਆਂ ਦੇ ਮਾਲਕ ਤਾਂ ਉਹ ੳਦੋਂ ਹੀ ਬਣ ਗਏ ਸਨ, ਜਦੋਂ ਉੰਨੀਵੀਂ ਸਦੀ ਦੇ ਪਹਿਲੇ-ਦੂਜੇ ਦਹਾਕੇ ਵਿਚ ਉਹ ਸਿਰੜੀ ਕਾਮਿਆਂ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਸਨ। ਪੰਜਾਬ ਦੇ ਦੁਆਬੇ ਖਿੱਤੇ ਦੇ ਪਿੰਡ ਪਾਲਦੀ ਅਤੇ ਇਸੇ ਖਿੱਤੇ ਦੇ ਪਿੰਡ ਪਲਾਹੀ (ਫਗਵਾੜਾ) ਦੇ ਪੰਜਾਬੀਆਂ ਦਾ ਨਾਂ (ਜਿਹਨਾ ਵਿਚ ਸ. ਨੰਦ ਸਿੰਘ ਪਲਾਹੀ, ਸੇਵਾ ਸਿੰਘ ਪਾਲਦੀ, ਆਸਾ ਸਿੰਘ ਜੌਹਲ, ਜੈਕ ਉੱਪਲ ਦਾ ਨਾਂ ਵਿਸ਼ੇਸ਼ ਹੈ), ਉਹਨਾਂ ਲੋਕਾਂ ਵਿਚ ਬੋਲਦਾ ਹੈ, ਜਿਹਨਾਂ ਨੇ ਭਰ ਜੁਆਨੀ ਵਿਚ ਹੀ ਆਪਣੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਅਤੇ ਇਹਨਾਂ ਕਾਰੋਬਾਰਾਂ ਵਿਚ ਪੰਜਾਬੋਂ ਆਉਂਦੇ ਪੰਜਾਬੀਆਂ ਨੂੰ ਰੁਜ਼ਗਾਰ ਹੀ ਨਹੀਂ ਦਿੱਤੇ, ਸਗੋਂ ਉਹਨਾਂ ਦੀ ਰਿਹਾਇਸ਼ ਖਾਣ-ਪੀਣ ਦੇ ਪ੍ਰਬੰਧ ਵਿਚ ਖੁੱਲ੍ਹ-ਦਿਲੀ ਨਾਲ ਮਦਦ ਕੀਤੀ।

ਅੱਜ ਕੈਨੇਡਾ ਵਿਚ ਪੰਜਾਬੀ ਇੰਜੀਨੀਅਰ, ਡਾਕਟਰ, ਪ੍ਰੋਫੈਸ਼ਨਲ ਹਨ, ਵੱਡੇ ਆਈ ਟੀ ਕਾਰੋਬਾਰਾਂ ਦੇ ਮਾਲਕ ਹਨ ਅਤੇ ਪੰਜਾਬੀ ਦੇ ਵੱਡੇ-ਵੱਡੇ ਸਪਤਾਹਿਕ ਪਰਿੰਟ ਅਤੇ ਆਨ-ਲਾਈਨ ਅਖ਼ਬਾਰ ਹਨ, ਰੇਡੀਉ ਹਨ, ਪੰਜਾਬੀ ਚੈਨਲ ਹਨ, ਜਿਹੜੇ ਪਲ ਪਲ ਦੀ ਦੇਸੀ ਵਿਦੇਸ਼ੀ ਖ਼ਬਰ ਪੰਜਾਬੀਆਂ ਤੱਕ ਪੁੱਜਦੀ ਕਰਦੇ ਹਨ, ਜਿਹਨਾ ਦੀ ਤਾਂਘ ਪ੍ਰਵਾਸ ਹੰਢਾ ਰਹੇ ਪੰਜਾਬੀਆਂ ਨੂੰ ਹਰ ਪਲ ਰਹਿੰਦੀ ਹੈ। ਵੱਡੇ ਗਿਣਤੀ ਪੰਜਾਬੀ ਲੇਖਕ ਕੈਨੇਡਾ ਦੀ ਧਰਤੀ ’ਤੇ ਬੈਠੇ ਹਨ। ਕੈਨੇਡਾ ਵਸਦੇ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ, ਉਹਨਾਂ ਦੀਆਂ ਵੱਖੋ-ਵੱਖਰੇ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਸਬੰਧੀ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਇੰਡੀਅਨ ਐਬਰੌਡ ਐਂਡ ਪੰਜਾਬ ਇੰਪੈਕਟ (ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ - ਸਪੈਸ਼ਲ ਕੈਨੇਡਾ ਅੰਕ-2018) ਪੁਸਤਕ ਛਾਪੀ, ਜਿਸ ਨੂੰ ਪੰਜਾਬੀ ਵਿਰਸਾ ਟਰੱਸਟ (ਰਜਿ.) ਵਲੋਂ ਫਗਵਾੜਾ ਵਿਖੇ ਰਲੀਜ਼ ਕੀਤਾ ਗਿਆ, ਜੋ ਕਿ ਇਸੇ ਕੜੀ ਦੌਰਾਨ ਕੈਨੇਡਾ ਵਸਦੇ ਪੰਜਾਬੀ ਪਰਵਾਸੀਆਂ ਦੀਆਂ ਕੋਸ਼ਿਸ਼ਾਂ ਦੀ ਤਸਵੀਰ ਪੇਸ਼ ਕਰਦੀ ਹੈ।

ਕੈਨੇਡਾ ਵਸਦੇ ਪੰਜਾਬੀਆਂ ਦੀ ਕੈਨੇਡਾ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਵਿਚ ਵੱਡੀ ਭੂਮਿਕਾ ਹੈ। ਉਹ ਇਸ ਵੇਲੇ ਕੈਨੇਡਾ ਦੇ ਵਿਕਾਸ ਵਿੱਚ ਹੀ ਨਹੀਂ, ਸਗੋਂ ਕੈਨੇਡਾ ਦੀ ਸਿਆਸਤ ਵਿੱਚ ਵੀ ਵੱਡੀ ਭੂਮਿਕਾ ਨਿਭਾ ਰਹੇ ਹਨ। ਕੈਨੇਡਾ ਨੇ ਪੰਜਾਬੀਆਂ ਨੂੰ ਅਜ਼ਾਦ ਫਿਜ਼ਾਵਾਂ ਦਿੱਤੀਆਂ ਹਨ, ਬਰਾਬਰਤਾ ਦਾ ਅਹਿਸਾਸ ਦਿੱਤਾ ਹੈ, ਚੰਗਾ ਵਧੀਆ ਜੀਵਨ ਜੀਊਣ ਲਈ ਸਾਧਨ ਪ੍ਰਾਪਤੀ ਦੇ ਮੌਕੇ ਦਿੱਤੇ ਹਨ ਅਤੇ ਪੰਜਾਬੀ ਪ੍ਰਵਾਸੀ ਇਹਨਾਂ ਮੌਕਿਆਂ ਦੀ ਸਹੀ ਵਰਤੋਂ ਕਰਦਿਆਂ ਜਿੱਥੇ ਕੈਨੇਡਾ ਦੀ ਧਰਤੀ ਨਾਲ ਮੋਹ ਪਿਆਰ ਕਰਦੇ ਹਨ, ਉੱਥੇ ਉਹ ਆਪਣੇ ਪਿਆਰੇ ਪੰਜਾਬ ਲਈ ਵੀ ਕੁਝ ਕਰਨ ਦੇ ਚਾਹਵਾਨ ਰਹਿੰਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਫੇਰੀ ਇੱਧਰਲੇ ਪੰਜਾਬੀਆਂ ਦੇ ਨਾਲ ਉੱਧਰਲੇ ਕੈਨੇਡੀਅਨ ਪੰਜਾਬੀਆਂ ਦੀ ਸਾਂਝ ਪਾਉਣ ਦੇ ਨਾਲ ਨਾਲ, ਵਪਾਰਕ ਸਭਿਆਚਾਰਕ ਸਾਂਝ ਪਾਉਣ ਲਈ ਪਹਿਲ ਕਦਮੀ ਸਾਬਤ ਹੋ ਸਕਦੀ ਹੈ, ਅਤੇ ਦੋਹਾਂ ਮੁਲਕਾਂ ਦਰਮਿਆਨ ਖਾਸ ਕਰਕੇ ਪੰਜਾਬ ਨਾਲ ਵਧੇਰੇ ਪੀਡੀ ਸਾਂਝ ਬਣਾਉਣ ਵਿਚ ਸਹਾਈ ਹੋ ਸਕਦੀ ਹੈ।

*****

(1020)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author