Krantipal7ਰਾਮ ਸਰੂਪ ਅਣਖੀ ਦੀ ਬਰਸੀ ’ਤੇ ਵਿਸ਼ੇਸ਼
(14 ਫਰਬਰੀ 2018)

 

RamSarupAnkhi1ਜਦੋਂ 2004 ਵਿੱਚ ਬਾਪੂ ਦੀ ਕਿਤਾਬ ‘ਆਪਣੀ ਮਿੱਟੀ ਦੇ ਰੁੱਖ’ (ਸਵੈ-ਜੀਵਨੀ ਮੂਲਕ ਟਿੱਪਣੀਆਂ) ਛਪੀ ਤਾਂ ਉਸ ਦੇ ਟਾਈਟਲ ਪੇਜ ਨੰਬਰ 4 ’ਤੇ ਪਿੱਛੇ ਜੋ ਲਿਖਿਆ ਮਿਲਿਆ, ਉਹ ਉਨ੍ਹਾਂ ਨੇ ਆਪਣੀ ਪਤਨੀ, ਪੁੱਤਰਾਂ, ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਨਾਂ ਲਿਖਿਆ। ਉਨ੍ਹਾਂ ਨੇ ਲਿਖਿਆ, “ਮੇਰਾ ਵਿਸ਼ਵਾਸ ਕਦੇ ਵੀ ਕੋਈ ਪਰਾ ਸ਼ਰੀਰਕ ਸ਼ਕਤੀ ਨਾਲ ਨਹੀਂ ਰਿਹਾ। ਮੇਰੇ ਲਈ ਸਭ ਤੋਂ ਵੱਡੀ ਸ਼ਕਤੀ ਮਨੁੱਖ ਹੈ। ਮੈਂ ਆਪਣੇ ਸਕੇ-ਸਬੰਧੀਆਂ ਅਤੇ ਮਿੱਤਰਾਂ ਨੂੰ ਸੁਝਾਓ ਦਿੰਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਮੈਨੂੰ ਬਰਨਾਲੇ ਦੇ ਰਾਮ ਬਾਗ ਵਿੱਚ ਫੂਕ ਕੇ ਸੁਆਹ ਅਤੇ ਹੱਡੀਆਂ ਦੀ ਪੰਡ ਹਰੀਗੜ੍ਹ ਵਾਲੀ ਨਹਿਰ ਤਾਰ ਦਿੱਤੀ ਜਾਵੇ। ਇਹ ਨਹਿਰ ਬਡਬਰ ਤੇ ਧਨੌਲਾ ਵਿਚਕਾਰ ਸੰਗਰੂਰ ਵਾਲੀ ਸੜਕ ਨੂੰ ਪਾਰ ਕਰਦੀ ਹੈ। ਇਸ ਨਹਿਰ ਵਿੱਚ ਸਤਲੁਜ ਦਰਿਆ ਦਾ ਪਾਣੀ ਆਉਂਦਾ ਹੈ। ਧੌਲਾ ਪਿੰਡ ਦੇ ਖੇਤਾਂ ਦੀ ਕਣਕ, ਜੋ ਮੈਂ ਹੁਣ ਤੱਕ ਖਾਂਦਾ ਰਿਹਾ ਹਾਂ, ਇਨ੍ਹਾਂ ਖੇਤਾਂ ਨੂੰ ਹਰੀਗੜ੍ਹ ਵਾਲੀ ਨਹਿਰ ਦਾ ਹੀ ਪਾਣੀ ਲਗਦਾ ਹੈ। ਪਾਣੀ ਜਿਹੜਾ ਸਤਲੁਜ ਦਰਿਆ ਦਾ ਹੈ। ਸਤਲੁਜ ਮੇਰੇ ਲਈ ਪਵਿੱਤਰ ਹੈ। ਦੂਜੀ ਗੱਲ ਮੈਂ ਧਾਰਮਿਕ ਨਹੀਂ ਹਾਂ, ਮੇਰੀ ਮੌਤ ਤੋਂ ਬਾਅਦ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਤੀਜੇ ਦਿਨ ਹੀ ਜਾਂ ਸੱਤਵੇਂ ਦਿਨ ਸਾਡੇ ਘਰ ਜਾਂ ਹੋਰ ਕਿਸੇ ਸਥਾਨ ਉੱਤੇ ਸਾਡੇ ਰਿਸ਼ਤੇਦਾਰ, ਮੇਰੇ ਮਿੱਤਰ, ਮੇਰੇ ਪਾਠਕ ਘੰਟੇ ਦੋ ਘੰਟਿਆਂ ਲਈ ਇਕੱਠੇ ਹੋਣ ਅਤੇ ਮੇਰੀਆਂ ਗੱਲਾਂ ਕਰਨ। ਮੇਰੇ ਲਈ ਇਹੋ ਵੱਡੀ ਸ਼ਰਧਾਂਜਲੀ ਹੋਵੇਗੀ। ਮੈਂ ਹਾਲੇ ਸੱਤਰ ਸਾਲ ਦਾ ਹਾਂ। ਸਿਹਤ ’ਤੇ ਵਿਸ਼ਵਾਸ ਰਹਿੰਦਾ ਹੈ ਕਿ ਮੈਂ ਅੱਸੀਆਂ ਨੂੰ ਟੱਪ ਜਾਵਾਂਗਾ, ਪਰ ਕੀ ਪਤਾ ਭਾਈ ਬੰਦਾ ਤਾਂ ਤੁਰਿਆ ਜਾਂਦਾ ਮਰ ਜਾਂਦੈ। ਇਸੇ ਕਰਕੇ ਪਹਿਲਾਂ ਲਿਖ ਦਿੱਤਾ।”

2010 ਦੀ 14 ਫਰਵਰੀ ਨੂੰ ਉਹ ਪੂਰੇ ਹੋਏ। ਜੋ ਉਨ੍ਹਾਂ ਨੇ ਹੁਕਮ ਲਿਖ ਕੇ ਦਿੱਤਾ ਸੀ ਉਸ ’ਤੇ ਫੁੱਲ ਚੜ੍ਹਾਏ ਗਏ। ਜ਼ਿੰਦਗੀ ਆਮ ਵਾਂਗ ਚੱਲਣ ਲੱਗੀ। ਮੈਂ ਆਪਣੀ ਨੌਕਰੀ ’ਤੇ ਅਲੀਗੜ੍ਹ ਪਹੁੰਚ ਗਿਆ।

ਫਿਰ ਜਦੋਂ ਵੀ ਮੈਂ ਬਰਨਾਲੇ ਆਉਣਾ ਤਾਂ ਬੈਗ ਰੱਖਦੇ ਨੂੰ ਹੀ ਮਾਤਾ ਨੇ ਹਾਲ ਚਾਲ ਪੁੱਛਦਿਆਂ ਇਹੀ ਪੁੱਛਣਾ, “ਤੈਨੂੰ ਛੁੱਟੀਆਂ ਕਦੋਂ ਹੋਣੀਆਂ ਨੇ? ਤੂੰ ਕੱਢ ਲੈਂਦਾ ਟਾਈਮ ਹਰਿਦੁਆਰ ਜਾਣ ਲਈ। ਰਾਜੇ ਵੇਖ, ਉਨ੍ਹਾਂ ਨੇ ਜਿਵੇਂ ਕਿਹਾ ਆਪਾਂ ਕਰ ਦਿੱਤਾ, ਪਰ ਘਰ ਦੀ ਸੁੱਖ ਸ਼ਾਂਤੀ ਲਈ ਤੂੰ ਇੱਕ ਵਾਰ ਉੱਥੇ ਗੇੜਾ ਜ਼ਰੂਰ ਮਾਰ ਆ।”

ਮਾਤਾ ਖਹਿੜੇ ਹੀ ਪੈ ਗਈ ਸੀ। ਮੈਂ ਹਾਰ ਕੇ ਮਨ ਬਣਾ ਲਿਆ। ਮੇਰਾ ਮਨ ਉਂਝ ਬਹੁਤਾ ਅਜਿਹੇ ਮਾਮਲਿਆਂ ਵਿਚ ਲਚਕੀਲਾ ਹੀ ਰਹਿੰਦਾ ਹੈ। ਮੇਰੇ ਅਨੁਭਵ ਵਿੱਚ ਇਹ ਕਰਮ-ਕਾਂਡ ਬਹੁਤੇ ਅਰਥ ਵੀ ਨਹੀਂ ਰੱਖਦੇ ਪਰ ਬਾਮ੍ਹਣਾਂ ਦੇ ਘਰ ਜੰਮ ਕੇ ਸਿੱਖਾਂ ਦੇ ਘਰ ਵਿਆਹ ਕਰਵਾ ਕੇ ਮੁਸਲਮਾਨਾਂ ਦੇ ਘਰ ਨੌਕਰੀ ਕਰਦਿਆਂ ਮੈਂ ਇਨ੍ਹਾਂ ਚੀਜ਼ਾਂ ਨੂੰ ਆਮ ਵਰਤਾਰੇ ਦਾ ਅੰਗ ਮੰਨਦਾ ਹਾਂ। ਇਸ ਤੋਂ ਵੱਧ ਕੁਝ ਨਹੀਂ।

ਚਲੋ ਖ਼ੈਰ! ਮੈਂ ਸਪੈਸ਼ਲ ਛੁੱਟੀਆਂ ਲੈ ਕੇ ਆਪਣੇ ਮਿੱਤਰ ਤੇ ਛੋਟੇ ਵੀਰ ਬਿੱਟੂ ਲਾਲੇ (ਅਮਨਦੀਪ ਬਾਂਸਲ) ਨੂੰ ਹਰਿਦੁਆਰ ਜਾਣ ਲਈ ਤਿਆਰ ਕਰ ਲਿਆ। ਅਸੀਂ ਦੋਵੇਂ ਬਰਨਾਲੇ ਤੋਂ ਰਾਤ ਨੂੰ ਟਰੇਨ ਫੜ ਕੇ ਸਵੇਰੇ ਹਰਿਦੁਆਰ ਪਹੁੰਚ ਗਏ। ਉੱਥੇ ਰਹਿਣ ਲਈ ਕਮਰਾ ਲੈ ਕੇ ਆਪਣੇ ਪੰਡਤ ‘ਹਾਥੀ ਰਾਮ’ ਦਾ ਡੇਰਾ ਲੱਭਣ ਲੱਗੇ। ਲੱਭਦਿਆਂ-ਲੱਭਦਿਆਂ ਅਸੀਂ ਉਸ ਨੂੰ ਲੱਭ ਹੀ ਲਿਆ। ਇੱਕ ਛੋਟੀ ਜਿਹੀ ਦੁਕਾਨਨੁਮਾ ਕੋਠੜੀ ਜਿਹੜੀ ਬਾਹਰ ਛੋਟੀ ਅਤੇ ਅੰਦਰ ਲੰਬੀ ਸੀ, ਬਾਹਰ ਜੁੱਤੇ ਉਤਾਰ ਕੇ ਅਸੀਂ ਨਮਸਕਾਰ ਬੁਲਾਉਂਦਿਆਂ ਅੰਦਰ ਘੁਸੇ। ਅੱਧੀ ਉਮਰ ਦੇ ਦੋ ਪੰਡਤ ਅੰਦਰ ਬੈਠੇ ਵਹੀ-ਖਾਤਿਆਂ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਨੇ ਸਾਨੂੰ ਵੇਖਦਿਆਂ ਹੀ ਕਿਤਾਬਾਂ ਬੰਦ ਕਰਦਿਆਂ ਪਹਿਲਾ ਸੁਆਲ ਇਹੀ ਕੀਤਾ, ਕਿੱਥੋਂ ਆਏ ਹੋ?

ਮੈਂ ਆਪਣੀ ਗੱਲ ਰੱਖਦਿਆਂ ਕਿਹਾ, “ਧੌਲਾ ਪਿੰਡ ਗੋਤ ਮਾਰਕੰਡਾ। ਪਿਤਾ ਜੀ ਦੀ ਮੌਤ ਹੋ ਗਈ ਸੀ, ਨਾਂ ਦਰਜ ਕਰਵਾਉਣਾ ਹੈ।”

ਪੰਡਤ ਮੇਰੀ ਗੱਲ ਸੁਣਦਿਆਂ ਹੀ ਬੋਲਿਆ, “ਅਸਥੀਆਂ ਕਿੱਥੇ ਨੇ?”

ਮੈਂ ਕਿਹਾ, “ਉਹ ਤਾਂ ਅਸੀਂ ਉੱਥੇ ਹੀ ਤੈਰ ਦਿੱਤੀਆਂ।”

“ਉੱਥੇ? ਕਿੱਥੇ?” ਉਹ ਇਕਦਮ ਲਾਲ ਹੋ ਗਿਆ ਤੇ ਸਾਨੂੰ ਕਹਿਣ ਲੱਗਾ, “ਫਿਰ ਜਹਾਂ ਕਿਆ ਕਰਨੇ ਆਏ ਹੋ?”

ਮੈਂ ਬਹੁਤ ਹੀ ਹਲੀਮੀ ਨਾਲ ਕਿਹਾ, “ਗੁਰੂ ਦੇਵ, ਉਹ ਲੇਖਕ ਸਨ, ਉਨ੍ਹਾਂ ਦੀ ਇੱਛਾ ਸੀ ਕਿ ਮੇਰੀਆਂ ਅਸਥੀਆਂ ਮੇਰੇ ਖੇਤਾਂ ਨੂੰ ਲੱਗਣ ਵਾਲੇ ਪਾਣੀ ਵਿੱਚ ਤੈਰੀਆਂ ਜਾਣ। ਉਹ ਜਾਂਦੇ ਹੋਏ ਪਹਿਲਾਂ ਹੀ ਲਿਖ ਕੇ ਰੱਖ ਗਏ ਸਨ।”

 “ਅਰੇ ਉਨ ਕਾ ਕਿਆ ਹੈ, ਵੋਹ ਤੋ ਕੁਝ ਵੀ ਲਿਖ ਕੇ ਜਾ ਸਕਤੇ ਹੈਂ, ਦੇਖਣਾ ਤੋ ਹਮੇਂ ਹੈ।”

ਮੈਂ ਅੰਦਰੋਂ ਪ੍ਰੇਸ਼ਾਨ ਹੋ ਗਿਆ ਸੀ, ਮੈਂ ਉਸ ਨੂੰ ਕਿਵੇਂ ਸਮਝਾਵਾਂ ਕਿ ਵੀਰ ਉਹ ਲੇਖਕ ਬੰਦਾ ਜਿਵੇਂ ਲਿਖ ਕੇ ਗਿਆ, ਅਸੀਂ ਤਾਂ ਉਸ ਤਰ੍ਹਾਂ ਕਰਨਾ ਸੀ, ਨਾ ਕਰਦੇ ਉਹ ਮਰਨ ਤੋਂ ਬਾਅਦ ਵੀ ਜੁੱਤੀਆਂ ਮਾਰਦਾ। ਮਸਲਾ ਕਾਫ਼ੀ ਉਲਝਣ ਤੋਂ ਬਾਅਦ ਮੈਂ ਹੱਥ ਜੋੜ ਕੇ ਕਿਹਾ ਕਿ ਜੋ ਹੋ ਗਿਆ ਸੋ ਹੋ ਗਿਆ ਕ੍ਰਿਪਾ ਕਰਕੇ ਸਾਡੇ ਖ਼ਾਨਦਾਨ ਦੇ ਮੈਂਬਰਾਂ ਦੀ ਲਿਸਟ ਵਿੱਚ ਉਨ੍ਹਾਂ ਦਾ ਨਾਂ ਦਰਜ ਕਰ ਲਵੋ।”

ਪਰ ਪੰਡਤ ਨਾ ਮੰਨਿਆ। ਲਾਲੇ ਨੇ ਵੀ ਜੋਰ ਲਾਇਆ। ਉਸ ਨੇ ਇੱਥੋਂ ਤੱਕ ਕਿਹਾ, ਤੁਹਾਡੇ ਬੱਚੇ ਆਂ ਗ਼ਲਤੀ ਹੋ ਗਈ, ਸਾਨੂੰ ਮਾਫ਼ ਕਰ ਦੇਵੋ।”

ਇੰਨੇ ਨੂੰ ਮੇਰੇ ਮੋਬਾਈਲ ਦੀ ਘੰਟੀ ਵੱਜ ਗਈ ਜਦੋਂ ਮੈਂ ਮੋਬਾਈਲ ਆਪਣੀ ਜੇਬ ਵਿੱਚੋਂ ਕੱਢਿਆ ਤਾਂ ਨਾਲ ਹੀ ਉਸ ਦੇ ਰੁਪਇਆਂ ਦਾ ਰੁੱਗ ਬਾਹਰ ਡਿੱਗ ਗਿਆ। ਜਿਸ ਵਿੱਚ ਪੰਜ ਸੌ ਅਤੇ ਸੌ ਸੌ ਦੇ ਨੋਟ ਸਨਮੈਂ ਉਨ੍ਹਾਂ ਨੂੰ ਇਕਦਮ ਇਕੱਠੇ ਕੀਤਾ ਤੇ ਫ਼ੋਨ ਸੁਣਨ ਲੱਗਾ। ਘਰੋਂ ਫ਼ੋਨ ਸੀ, ਮੈਂ ਸੁਣਦਿਆਂ ਹੀ ਕੱਟ ਦਿੱਤਾ।

ਅਸੀਂ ਫਿਰ ਮਿੰਨਤਾਂ ਕਰਨ ਲੱਗੇ। ਪੰਡਤ ਨੇ ਸਾਡੇ ਵੱਲ ਵੇਖਦਿਆਂ ਇਕਦਮ ਕਿਹਾ, “ਚਲੋ ਖ਼ੈਰ, ਕੋਈ ਬਾਤ ਨੀ, ਦਰਜ ਕਰ ਲੇਤੇ ਹੈਂ, ਇਸ ਕੀ ਕਿਰਿਆ ਉਸੀ ਹਿਸਾਬ ਸੇ ਕਰਤੇ ਹੈਂ।”

ਪੰਡਤ ਕਈ ਕਿਸਮ ਦੇ ਦਾਨ ਗਿਣਾਉਂਦਾ ਰਿਹਾ।

ਜੇਬ ਵਿੱਚੋਂ ਬਾਹਰ ਡਿੱਗੇ ਪੈਸੇ ਮੈਂ ਉਸ ਦੇ ਹੱਥ ਫੜਾ ਦਿੱਤੇ। ਖਾਤੇ ਵਾਲੀ ਥਾਂ ਮੈਂ ਅਤੇ ਬਿੱਟੂ ਲਾਲੇ ਨੇ ਹਸਤਾਖ਼ਰ ਕਰ ਦਿੱਤੇ ਤੇ ਅਸੀਂ ਕੋਠੜੀ ਵਿੱਚੋਂ ਬਾਹਰ ਨਿੱਕਲ ਆਏ।

ਬਰਨਾਲੇ ਵਾਪਸ ਆਉਦਿਆਂ ਮੈਂ ਸੋਚ ਰਿਹਾ ਸੀ ਕਿ ਇੱਕ ਪੰਡਤ ਤਾਂ ਮਾਇਆ ਦੇ ਚੱਕਰ ਵਿਚ ਆ ਕੇ ਮੰਨ ਗਿਆ ਪਰ ਦੂਜੇ ਪੰਡਤ ਨੂੰ ਕਿਵੇਂ ਮਨਾਵਾਂਗਾ।

*****

(1012)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਕਰਾਂਤੀ ਪਾਲ

ਡਾ. ਕਰਾਂਤੀ ਪਾਲ

Phone: (91 - 92165 - 35617)
Email: (krantipal@hotmail.com)