ShyamSDeepti7“ਪਿਛਲੇ ਕੁਝ ਕੁ ਸਮੇਂ ਤੋਂ ਅਜਿਹੇ ਵਰਤਾਰੇ ਵੱਡੀ ਪੱਧਰ ’ਤੇ ਹੋਣ ਲੱਗੇ ਹਨ ਤੇ ਉਹਨਾਂ ਨੂੰ ...
(6 ਫਰਬਰੀ 2018)

 

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਿੰਦਗੀ ਵਿਸ਼ਵਾਸ ਦੇ ਸਹਾਰੇ ਚੱਲਦੀ ਹੈ। ਸਮਾਜਕ ਰਿਸ਼ਤਿਆਂ ਅਤੇ ਆਪਸੀ ਮੇਲ-ਜੋਲ ਦੌਰਾਨ ਜਜ਼ਬਾਤ ਦਾ ਕਾਫ਼ੀ ਮਹੱਤਵ ਹੁੰਦਾ ਹੈ, ਪਰ ਇਨਸਾਨੀ ਰਹਿਣ-ਸਹਿਣ, ਇਸ ਦਾ ਇੱਕ ਵਿਧੀਵਤ ਪ੍ਰਬੰਧ, ਜਦੋਂ ਅਸੀਂ ਨਿਯਮਾਂ ਅਤੇ ਕਾਨੂੰਨ ਦੀ ਗੱਲ ਕਰਦੇ ਹਾਂ ਤਾਂ ਸਿਆਣਪ ਦੀ ਵਰਤੋਂ ਦੀ ਗੱਲ ਕਰਦੇ ਹਾਂ।

ਡਾਰਵਿਨ ਨੂੰ ਸਿਲੇਬਸ ਵਿੱਚੋਂ ਕੱਢਣ ਦੀ ਧਾਰਨਾ ਦੇ ਉਦੈ ਹੋਣ ਵਾਲਾ ਇਹ ਵਰਤਾਰਾ ਨਿਵੇਕਲਾ ਅਤੇ ਪਹਿਲਾ ਨਹੀਂ ਹੈ। ਵੈਸੇ ਤਾਂ ਸਥਾਨਕ ਪੱਧਰ ਉੱਤੇ ਧਾਰਮਕ ਸਥਾਨਾਂ ਵਿੱਚ ਪ੍ਰਵਚਨ ਦੇਣ ਵਾਲੇ ਕਈ ਪੁਜਾਰੀ ਤੇ ਬਾਬੇ ਕਈ ਵਾਰੀ ਮਜ਼ਾਕ ਦਾ ਪਾਤਰ ਵੀ ਬਣਦੇ ਹਨ, ਪਰ ਪਿਛਲੇ ਕੁਝ ਕੁ ਸਮੇਂ ਤੋਂ ਅਜਿਹੇ ਵਰਤਾਰੇ ਵੱਡੀ ਪੱਧਰ ’ਤੇ ਹੋਣ ਲੱਗੇ ਹਨ ਤੇ ਉਹਨਾਂ ਨੂੰ ਕੌਮੀ ਟੀਵੀ ਅਤੇ ਸੋਸ਼ਲ ਮੀਡੀਆ ਨੇ ਇੱਕ ਫ਼ਾਲਤੂ ਦੀ ਬਹਿਸ ਦਾ ਵਿਸ਼ਾ ਵੀ ਬਣਾਇਆ ਹੋਇਆ ਹੈ। ਇੱਕ ਗੱਲ ਜ਼ਰੂਰ ਹੈ ਕਿ ਇਸ ਨਾਲ ਦੇਸ ਵਿੱਚ ਵਧ ਰਹੀ ਗ਼ੈਰ-ਵਿਗਿਆਨਕ ਸੋਚ ਦਾ ਪ੍ਰਗਟਾਵਾ ਅਤੇ ਉਸ ਦੇ ਹੱਕ ਵਿੱਚ ਇੱਕ ਮਾਹੌਲ ਜ਼ਰੂਰ ਬਣ ਰਿਹਾ ਹੈ। ਖ਼ਾਸ ਕਰ ਕੇ ਜਦੋਂ ਇਹ ਸਭ ਕੁਝ ਵਿਸ਼ਵਾਸ ਅਤੇ ਆਸਥਾ ਦੇ ਨਾਂਅ ’ਤੇ ਹੋ ਰਿਹਾ ਹੋਵੇ।

ਇਸ ਸਮੇਂ ਦੌਰਾਨ ਜੋ ਦੋ-ਤਿੰਨ ਵਾਕਿਆ ਮੁੱਖ ਹੋਏ ਹਨ, ਉਹਨਾਂ ਦੇ ਪਿਛੋਕੜ ਵਿੱਚ ਡਾਰਵਿਨ ਨੂੰ ਵਿਚਾਰਨ ਅਤੇ ਸਮਝਣ ਦੀ ਲੋੜ ਹੈ।

ਮੱਧ ਪ੍ਰਦੇਸ਼ ਸਰਕਾਰ ਵੱਲੋਂ ਜੋਤਿਸ਼ ਵਿਗਿਆਨ ਦੇ ਵਿਸ਼ੇ ਨੂੰ ਪੜ੍ਹਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਉਹ ਮਾਹਿਰ ਹੱਥ ਤੇ ਮੱਥੇ ਦੀਆਂ ਲਕੀਰਾਂ, ਜਨਮ-ਪੱਤਰੀਆਂ ਦੇ ਆਧਾਰ ’ਤੇ ਸਮੱਸਿਆ ਲੱਭਣਗੇ ਅਤੇ ਸਮੱਸਿਆ ਦਾ ਇਲਾਜ ਜੋਤਿਸ਼ ਵਿੱਦਿਆ ਮੁਤਾਬਕ ਦੱਸਣਗੇ। ਪ੍ਰਦੇਸ਼ ਦੇ ਸਿੱਖਿਆ ਮੰਤਰੀ ਮੁਤਾਬਿਕ ਇਸ ਲਈ ਓ ਪੀ ਡੀ (ਮਰੀਜ਼ ਦੇਖਣ ਵਾਂਗ) ਖੋਲ੍ਹੇ ਜਾਣਗੇ ਤੇ ਪੰਜ ਰੁਪਏ ਦੀ ਪਰਚੀ ਨਾਲ ਗ਼ਰੀਬਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ। ਇਹਨਾਂ ਮੁਸ਼ਕਲਾਂ ਵਿੱਚ ਕੈਂਸਰ ਤੋਂ ਲੈ ਕੇ ਔਰਤ ਦੇ ਬਾਂਝਪਣ ਅਤੇ ਪਰਵਾਰ ਵਿੱਚ ਕਲੇਸ਼ ਤੋਂ ਲੈ ਕੇ ਬੱਚੇ ਨੂੰ ਨੌਕਰੀ ਨਾ ਮਿਲਣ ਤੱਕ ਸਭ ਦਾ ਇਲਾਜ ਹੋ ਸਕੇਗਾ।

ਇਸੇ ਤਰ੍ਹਾਂ ਦੀ ਇੱਕ ਹੋਰ ਅਹਿਮ ਘਟਨਾ ਹੈ, ਜਦੋਂ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਔਰਤ ਰੋਗਾਂ ਦੀ ਮਾਹਿਰ ਵੱਲੋਂ ਹਵਨ ਕਰਵਾਇਆ ਗਿਆ ਤੇ ਇਸ ਦਾ ਮੰਤਵ ਇਹ ਦੱਸਿਆ ਗਿਆ ਕਿ ਰੱਬ ਨੂੰ ਅਰਦਾਸ ਕੀਤੀ ਜਾ ਰਹੀ ਹੈ ਕਿ ਮਾਂਵਾਂ ਅਤੇ ਬੱਚਿਆਂ ਦੀ ਮੌਤ ਦਰ ਘੱਟ ਹੋਵੇ। ਇਹ ਧਾਰਨਾ ਇੱਕ ਐੱਮ ਡੀ ਡਾਕਟਰ, ਔਰਤਾਂ ਦੀਆਂ ਬੀਮਾਰੀਆਂ ਦੀ ਸਪੈਸ਼ਲਿਸਟ ਅਤੇ ਤਕਰੀਬਨ ਆਪਣੇ ਕੰਮ ਵਿੱਚ ਵੀਹ ਸਾਲਾਂ ਤੋਂ ਵੱਧ ਸਮੇਂ ਦਾ ਤਜਰਬਾ ਲੈ ਚੁੱਕੀ ਡਾਕਟਰ ਦੀ ਹੈ। ਇਸ ਮਾਹਿਰ ਡਾਕਟਰ ਕੋਲ ਇੱਕ ਮੰਤਰੀ ਦੇ ਮੁਕਾਬਲੇ ਪੂਰੇ ਤੱਥ ਹੋਣਗੇ ਕਿ ਮਾਂਵਾਂ ਅਤੇ ਬੱਚਿਆਂ ਦੀਆਂ ਮੌਤਾਂ ਦੇ ਕਾਰਨ ਕਿੱਥੇ ਪਏ ਹਨ। ਉਹ ਇਹ ਵੀ ਜਾਣਦੀ ਹੋਵੇਗੀ ਕਿ ਇਹ ਮੌਤਾਂ ਘੱਟ ਕਰਨ ਦਾ ਵਿਗਿਆਨਕ ਅਤੇ ਮੈਡੀਕਲ ਤਰੀਕਾ ਕੀ ਹੈ।

ਇਹ ਦੋਵੇਂ ਘਟਨਾਵਾਂ ਹੀ ਅਸਲੀਅਤ ਤੋਂ ਮੂੰਹ ਮੋੜਨ, ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲੀਆਂ ਹਨ। ਮਾਂਵਾਂ ਦੀ ਮੌਤ ਦਰ ਦੀ ਗੱਲ ਬਾਰੇ ਜੇਕਰ ਜਾਣੀਏ ਤਾਂ ਸਭ ਤੋਂ ਵੱਡਾ ਕਾਰਨ ਖ਼ੂਨ ਦੀ ਘਾਟ ਹੈ। ਅੱਧੀਆਂ ਜਾਨਾਂ ਬਚ ਸਕਦੀਆਂ ਹਨ, ਜੇਕਰ ਗਰਭ ਦੌਰਾਨ ਔਰਤ ਦਾ ਖ਼ੂਨ ਪੂਰਾ ਹੋਵੇ, ਉਸ ਨੂੰ ਸਹੀ ਖ਼ੁਰਾਕ ਮਿਲੇ। ਉਸ ਨੂੰ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਦਿਹਾੜੀ ਮਿਲੇ। ਇਹ ਕੰਮ ਔਖੇ ਹਨ ਜਾਂ ਸਾਡੀ ਨੀਅਤ ਵਿੱਚ ਹੀ ਖੋਟ ਹੈ। ਇਸੇ ਦਾ ਹੀ ਦੂਸਰਾ ਢੰਗ ਜੋਤਿਸ਼ ਰਾਹੀਂ ਇਲਾਜ ਹੈ। ਦੋਹਾਂ ਥਾਂਵਾਂ ’ਤੇ ਹੀ ਇਹ ਦਰਸਾਉਣ ਦੀ ਕੋਸ਼ਿਸ਼ ਹੈ ਕਿ ਕੁਝ ਹੋ ਰਿਹਾ ਹੈ।

ਇਹ ਵੀ ਸੱਚ ਹੈ ਕਿ ਮਨੁੱਖੀ ਇਤਿਹਾਸ ਵਿੱਚ ਇਸ ਦੇ ਵਿਕਾਸ ਦੌਰਾਨ ਮਨੁੱਖ ਇੱਕ ਹੀ ਦਿਨ ਵਿੱਚ ਸਿਆਣਾ ਨਹੀਂ ਹੋਇਆ। ਸਿਆਣਪ ਦੇ ਵਿਕਾਸ ਅਤੇ ਬੁੱਧੀ ਦੇ ਇਸਤੇਮਾਲ ਦਾ ਆਪਸੀ ਸੰਬੰਧ ਰਿਹਾ ਹੈ ਤੇ ਅਸੀਂ ਸਿਆਣਪ ਦੇ ਨਤੀਜਿਆਂ ਦੇ ਅਨੇਕ ਪੜਾਅ ਆਹਮਣੇ-ਸਾਹਮਣੇ ਦੇਖੇ ਹਨ।

ਹੁਣ ਗੱਲ ਹੋਈ ਹੈ ਡਾਰਵਿਨ ਨੂੰ ਸਿਲੇਬਸ ਵਿੱਚੋਂ ਕੱਢਣ ਦੀ, ਜੋ ਸਾਨੂੰ ਦੁਨੀਆ ਦੇ ਵਿਕਾਸ ਦੀ ਗੱਲ ਸਮਝਾਉਂਦਾ ਹੋਇਆ ਦੱਸਦਾ ਹੈ ਕਿ ਸਾਡੇ ਪੁਰਖੇ ਬਾਂਦਰ ਸਨ। ਇਹ ਸਾਡੇ ਲਈ ਬੇਇੱਜ਼ਤੀ ਵਾਲੀ ਗੱਲ ਹੈ ਤੇ ਹੀਣ ਭਾਵਨਾ ਪੈਦਾ ਕਰਦੀ ਹੈ। ਵੈਸੇ ਡਾਰਵਿਨ ਦੀ ਖੋਜ ’ਤੇ ਆਧਾਰਤ ਕਿਤਾਬ ‘ਜੀਵਾਂ ਦੀ ਉਤਪਤੀ’ ਪੜ੍ਹੀ ਹੋਵੇ ਤਾਂ ਉਸ ਵਿੱਚ ਇਸ ਦਾ ਜਵਾਬ ਸ਼ਾਮਲ ਹੈ, ਪਰ ਬਹੁ-ਗਿਣਤੀ ਕਿੱਥੇ ਪੜ੍ਹਦੀ ਹੈ। ਵੈਸੇ ਵੀ ਬਗ਼ੈਰ ਪੜ੍ਹਿਆਂ ਹੀ ਸਭ ਤੋਂ ਕਾਰਗਰ ਵਿਰੋਧ ਹੋ ਸਕਦਾ ਹੈ। ਇਸ ਨੂੰ ਸਿਰਫ਼ ਜਜ਼ਬਾਤੀ ਬਣਾਉਣ ਦੀ ਲੋੜ ਹੈ ਤੇ ਧਰਮ ਗ੍ਰੰਥ ਦੇ ਅਪਮਾਨ ਨਾਲ ਜੋੜਣਾ ਹੁੰਦਾ ਹੈ।

ਕਿਸੇ ਨੇ ਬਾਂਦਰ ਤੋਂ ਆਦਮੀ ਬਣਦੇ ਨਹੀਂ ਦੇਖਿਆ’ ਵਾਲਾ ਬਿਆਨ ਆਪਣੇ ਆਪ ਵਿੱਚ ਹਾਸੋਹੀਣਾ ਤਾਂ ਹੈ ਹੀ, ਅਗਿਆਨਤਾ ਭਰਿਆ ਵੀ ਹੈ ਕਿ ਆਪਣੇ 60-70 ਸਾਲ ਦੇ ਜੀਵਨ ਵਿੱਚ ਕੌਣ ਕੀ ਦੇਖਦਾ ਹੈ ਜਾਂ ਦੇਖਣਾ ਸੰਭਵ ਹੈ। ਕਿਸੇ ਨੇ ਪੱਥਰ ਯੁੱਗ ਵੀ ਨਹੀਂ ਦੇਖਿਆ ਤੇ ਹੋਰ ਬਹੁਤ ਕੁਝ। ਵਿਗਿਆਨ ਦਾ ਤਰੀਕਾ ਹੈ ਪ੍ਰਮਾਣਾਂ ਰਾਹੀਂ ਨਤੀਜੇ ਕੱਢਣਾ। ਵਿਗਿਆਨ ਦੀ ਇੱਕ ਹੋਰ ਖ਼ਾਸੀਅਤ ਹੈ ਕਿ ਪ੍ਰਮਾਣ ਹਰ ਸਮੇਂ ਇਕੱਠੇ ਹੁੰਦੇ ਰਹਿੰਦੇ ਹਨ ਤੇ ਨਤੀਜੇ ਬਦਲਦੇ ਵੀ ਰਹਿੰਦੇ ਹਨ, ਪਰ ਸਭ ਕੁਝ ਤੱਥਾਂ ’ਤੇ ਆਧਾਰਤ ਹੁੰਦਾ ਹੈ, ਸਿਰਫ਼ ਤੇ ਸਿਰਫ਼ ਲੋਕ ਗਾਥਾਵਾਂ ਜਾਂ ਪ੍ਰਚੱਲਤ ਧਾਰਨਾਵਾਂ ’ਤੇ ਨਹੀਂ।

ਇਸ ਤਰ੍ਹਾਂ ਜੇਕਰ ਅਜਿਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਦਾ ਇੱਕੋ ਹੀ ਮਾਇਨਾ ਹੈ ਲੋਕਾਂ ਵਿੱਚ ਵਿਗਿਆਨਕ ਨਜ਼ਰੀਏ ਨੂੰ ਵਿਕਸਤ ਹੋਣ ਤੋਂ ਰੋਕਣਾ। ਵਿਗਿਆਨ ਇੱਕ ਤਰੀਕਾ ਹੈ, ਇੱਕ ਸ਼ੈਲੀ ਹੈ, ਜਿਸ ਵਿੱਚ ਕੋਈ ਵੀ ਸਵਾਲਾਂ ਦੇ ਜਵਾਬ ਲੱਭਣੇ ਸਿੱਖਦਾ ਹੈ। ਮਨੁੱਖ ਆਪਣੀ ਜਗਿਆਸਾ ਕਾਰਨ ਸੋਚਦਾ ਹੈ ਕਿ ਇਹ ਵਰਤਾਰਾ ਕਿਉਂ, ਕਿਵੇਂ, ਕੀ ਹੈ? ਇਸ ਤਰ੍ਹਾਂ ਸਵਾਲਾਂ ਦੇ ਰੂਬਰੂ ਹੋ ਕੇ ਉਹ ਕਾਰਨਾਂ ਤੱਕ ਪਹੁੰਚਦਾ ਹੈ ਤੇ ਫਿਰ ਕਾਰਨ ਹੀ ਅੱਗੋਂ ਸਹੀ ਇਲਾਜ/ਹੱਲ ਦਾ ਰਾਹ ਦਿਖਾਉਂਦੇ ਹਨ।

ਇਸੇ ਵਿਗਿਆਨਕ ਤਰਜ਼ ’ਤੇ ਸੋਚ-ਸਮਝ ਕੇ, ਵਿਚਾਰ-ਵਟਾਂਦਰਾ ਕਰ ਕੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਇਲਾਜ ਲੱਭਿਆ ਗਿਆ। ਇਹ ਨਹੀਂ ਕਿ ਇਹ ਕਿਸਮਤ ਹੈ, ਹੋਣੀ ਹੈ, ਲਿਖਿਆ ਹੈ। ਜੇਕਰ ਇਹੀ ਕਾਰਨ ਹਨ ਤਾਂ ਫਿਰ ਇਲਾਜ ਕਿੱਥੇ ਹੈ? ਨਿਸ਼ਚਿਤ ਹੀ, ਉਹ ਭਟਕਣ ਵਿੱਚ ਹੈ।

ਮੈਡੀਕਲ ਵਿਗਿਆਨ ਦੇ ਪਹਿਲੂ ਤੋਂ ਸਮਝ ਸਕਦੇ ਹਾਂ ਕਿ ਚੇਚਕ ਦੀ ਬੀਮਾਰੀ (ਸਮਾਲ ਪਾਕਸ) ਇੱਕ ਭਿਆਨਕ ਬੀਮਾਰੀ ਨਹੀਂ ਹੈ। ਇਸ ਨਾਲ ਪਿੰਡਾਂ ਦੇ ਪਿੰਡ ਮੌਤ ਦੀ ਗ੍ਰਿਫ਼ਤ ਵਿੱਚ ਆ ਜਾਂਦੇ ਜਾਂ ਬਹੁਤ ਹੀ ਗੰਭੀਰ ਸਿੱਟਿਆਂ ਨਾਲ, ਜਿਵੇਂ ਅੰਨ੍ਹੇਪਣ ਨਾਲ ਜਿਉਂਦੇ ਰਹਿੰਦੇ। ਇਸ ਸਮੇਂ ਦੀ ਸਮਝ ਵਿੱਚੋਂ ਨਿਕਲਿਆ ਕਿ ਕੋਈ ਦੇਵੀ ਹੈ, ਉਸ ਦਾ ਪ੍ਰਕੋਪ ਹੈ, ਉਹ ਨਾਰਾਜ਼ ਹੈ, ਗੁੱਸੇ ਵਿੱਚ ਹੈ। ਹੁਣ ਜਦੋਂ ਕਾਰਨ ਦੇਵੀ ਦਾ ਗੁੱਸਾ ਹੈ ਤਾਂ ਇਲਾਜ ਨਿਸ਼ਚਿਤ ਹੀ ਹੋਵੇਗਾ ਕਿ ਦੇਵੀ ਨੂੰ ਮਨਾਓ, ਉਸ ਦੀ ਪੂਜਾ ਕਰੋ। ਫਿਰ ਵਿਗਿਆਨਕ ਖੋਜਾਂ ਨੇ ਦੱਸਿਆ ਕਿ ਬੀਮਾਰੀ ਦਾ ਕਾਰਨ ਵਾਇਰਸ ਹੈ (ਵਿਸ਼ਾਣੂ - ਇੱਕ ਜਰਮ)। ਤਦ ਫਿਰ ਇਲਾਜ ਉਸ ਦਿਸ਼ਾ ਵਿੱਚ ਚੱਲ ਪਿਆ। ਇਸ ਦੇ ਲਈ ਇੱਕ ਟੀਕਾ ਈਜਾਦ ਹੋਇਆ ਤੇ ਸਾਰੀ ਦੁਨੀਆ ਨੇ ਇਸ ਭਿਆਨਕ ਬੀਮਾਰੀ ਤੋਂ ਛੁਟਕਾਰਾ ਪਾਇਆ।

ਅਜੋਕੇ ਸੰਦਰਭ ਵਿੱਚ ਅਨੇਕ ਹੀ ਸਮੱਸਿਆਵਾਂ ਹਨ। ਸਿਹਤ ਅਤੇ ਬੀਮਾਰੀ ਤੋਂ ਇਲਾਵਾ ਸਮਾਜਿਕ ਸਮੱਸਿਆਵਾਂ ਹਨ। ਸਵਾਲ ਵੀ ਅਨੇਕ ਹਨ। ਮੈਂ ਭੁੱਖਾ ਕਿਉਂ ਹਾਂ? ਮੇਰੇ ਹਿੱਸੇ ਵਿੱਚ ਸਕੂਲ ਕਿਉਂ ਨਹੀਂ? ਮੇਰੇ ਲਈ ਛੱਤ ਕਿਉਂ ਨਹੀਂ ਹੈ? ਮੈਂ ਰੁਜ਼ਗਾਰ ਲਈ ਧੱਕੇ ਕਿਉਂ ਖਾ ਰਿਹਾ ਹਾਂ? ਸਵਾਲਾਂ ਦੀ ਜਿੰਨੀ ਵੱਡੀ ਮਰਜ਼ੀ ਸੂਚੀ ਬਣਾ ਲਵੋ। ਸਵਾਲਾਂ ਦੇ ਕਾਰਨ, ਅਸਲ ਵਿੱਚ ਪਏ ਹਨ ਵਿਵਸਥਾ ਵਿੱਚ ਤੇ ਉਹਨਾਂ ਨੂੰ ਲੱਭਿਆ ਜਾ ਰਿਹਾ ਹੈ ਗ੍ਰਹਿਆਂ ਦੀ ਚਾਲ ਵਿੱਚ, ਕਿਸਮਤ ਵਿੱਚ ਤੇ ਹੱਲ ਸੁਝਾਇਆ ਜਾ ਰਿਹਾ ਹੈ ਹਵਨ ਵਿੱਚ। ਕਾਰਨ ਵੀ ਗ਼ਲਤ ਤੇ ਇਲਾਜ ਵੀ ਗ਼ਲਤ ਦਿਸ਼ਾ ਵਿੱਚ।

ਡਾਰਵਿਨ ਨੂੰ ਖਾਰਜ ਕਰਨ ਦਾ ਮਤਲਬ ਹੈ ਸਵਾਲ ਖੜ੍ਹੇ ਕਰਨ ਦੀ ਪ੍ਰਵਿਰਤੀ ਨੂੰ ਨਿਰ-ਉਤਸ਼ਾਹਿਤ ਕਰਨਾ। ਜੋ ਹੈ, ਉਸ ਨੂੰ ਹੂਬਹੂ ਸਿਰ ਝੁਕਾ ਕੇ ਪ੍ਰਵਾਨ ਕਰਨਾ।

ਸਾਡੇ ਕੋਲ ਮਨੁੱਖੀ ਵਿਕਾਸ ਦਾ ਲਿਖਤੀ ਇਤਿਹਾਸ ਦਸ ਹਜ਼ਾਰ ਸਾਲਾਂ ਦਾ ਵੀ ਨਹੀਂ ਹੈ। ਪੱਥਰ ਯੁੱਗ ਤੋਂ ਕੰਪਿਊਟਰ ਯੁੱਗ ਤੱਕ ਅਸੀਂ ਸਿਆਣਪ ਦਾ ਵਿਕਾਸ ਦੇਖਿਆ ਤੇ ਸਿਆਣਪ ਨਾਲ ਕੁਦਰਤ ਅਤੇ ਸਮਾਜ ਨੂੰ ਸਮਝਣ ਦੇ ਰਾਹ ਵੀ ਪੱਧਰੇ ਹੋਏ ਹਨ। ਸਮਾਜ ਵਿੱਚ ਹੋ ਰਹੀ ਤੇਜ਼ੀ ਨਾਲ ਤਬਦੀਲੀ ਇਸੇ ਦੀ ਗਵਾਹ ਹੈ, ਪਰ ਨਾਲ ਹੀ ਲੋਕਾਂ ਨੂੰ ਮੁੜ ਤੋਂ ਵਿਕਾਸ ਦੇ ਪੁੱਠੇ ਗੇੜ ਵਿੱਚ ਵੀ ਪਾਇਆ ਜਾ ਰਿਹਾ ਹੈ। ਪੁੱਠਾ ਗੇੜ ਭਟਕਾਉਣ ਵੱਲ ਲੈ ਜਾਂਦਾ ਹੈ ਤੇ ਆਦਮੀ ਇਸ ਵਿੱਚ ਉਲਝ ਜਾਂਦਾ ਹੈ ਤੇ ਅਸਲੀ ਸਮੱਸਿਆ ਦੀ ਜੜ੍ਹ ਤੱਕ ਪਹੁੰਚ ਹੀ ਨਹੀਂ ਪਾਉਂਦਾ।

*****

(1002)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author