ShamSingh7ਲੋਕਤੰਤਰ ਵਿੱਚ ਲੋਕਾਂ ਦੀ ਹੀ ਨਾ ਸੁਣੀ ਜਾਵੇਤਾਂ ਫਿਰ ਕੀ ਅਜਿਹੇ ਲੋਕਤੰਤਰ ਨੂੰ ...
(3 ਫਰਬਰੀ 2018)

 

ਮੰਨੀਏ ਭਾਵੇਂ ਨਾ ਮੰਨੀਏ, ਭਾਰਤ ਵਿੱਚ ਅਜੇ ਤੱਕ ਲੋਕਤੰਤਰ ਪੂਰੀ ਤਰ੍ਹਾਂ ਕਾਇਮ ਨਹੀਂ ਹੋ ਸਕਿਆ। ਲਾਗੂ ਤਾਂ ਇਹ ਹੈ, ਪਰ ਇਸ ਦੀ ਅਸਲ ਭਾਵਨਾ ਪ੍ਰਗਟ ਨਹੀਂ ਹੋਣ ਲੱਗੀ। ਸਿਆਸਤ ਦੇ ਦਾਅ-ਪੇਚਾਂ ਕਾਰਨ ਸਿਆਸੀ ਪਾਰਟੀਆਂ ਅਤੇ ਇਨ੍ਹਾਂ ਦੇ ਨੇਤਾ ਆਪੋ-ਆਪਣੇ ਪੱਖ ਵਿੱਚ ਹਵਾ ਚਲਾਉਣ ਲਈ ਅਜਿਹੇ ਹਰਬੇ ਵਰਤਦੇ ਰਹਿੰਦੇ ਹਨ, ਜਿਹੜੇ ਲੋਕਤੰਤਰ ਦੇ ਹੱਕ ਵਿੱਚ ਨਹੀਂ ਹੁੰਦੇ। ਜਿਹੜੀ ਪਾਰਟੀ ਚੋਣਾਂ ਜਿੱਤ ਕੇ ਸੱਤਾ ਹਾਸਲ ਕਰ ਲੈਂਦੀ ਹੈ, ਉਹ ਲੋਕਤੰਤਰ ਨੂੰ ਆਪਣੀ ਹੀ ਤਰ੍ਹਾਂ ਪਰਿਭਾਸ਼ਤ ਕਰਦੀ ਹੋਈ ਲੋਕਾਂ ਦੇ ਹੱਕਾਂ ਦੀ ਪ੍ਰਵਾਹ ਨਹੀਂ ਕਰਦੀ। ਬੇਸ਼ੱਕ ਲੋਕ ਆਪਣੀ ਆਵਾਜ਼ ਉਠਾਉਂਦੇ ਰਹਿੰਦੇ ਹਨ, ਪਰ ਉਹ ਸੁਣੀ ਹੀ ਨਹੀਂ ਜਾਂਦੀ।

ਲੋਕਤੰਤਰ ਵਿੱਚ ਲੋਕਾਂ ਦੀ ਹੀ ਨਾ ਸੁਣੀ ਜਾਵੇ, ਤਾਂ ਫਿਰ ਕੀ ਅਜਿਹੇ ਲੋਕਤੰਤਰ ਨੂੰ ਸਹੀ ਅਰਥਾਂ ਵਿੱਚ ਲੋਕਤੰਤਰ ਮੰਨਿਆ ਜਾ ਸਕਦਾ ਹੈ? ਲੋਕਤੰਤਰ ਨੂੰ ਸਹੀ ਅਰਥਾਂ ਵਿੱਚ ਲਾਗੂ ਹੋਇਆ ਉਦੋਂ ਮੰਨਿਆ ਜਾਵੇਗਾ, ਜਦੋਂ ਦੇਸ ਦੇ ਆਮ ਆਦਮੀ ਦੇ ਜੀਵਨ ਪੱਧਰ ਵਿੱਚ ਹਾਂ-ਪੱਖੀ ਤਬਦੀਲੀ ਲਿਆਉਣ ਦੇ ਸੁਹਿਰਦ ਜਤਨ ਆਰੰਭ ਕੀਤੇ ਜਾਣਗੇ। ਇਹ ਜਤਨ ਸਫ਼ਲ ਹੁੰਦੇ ਜ਼ਾਹਰਾ ਤੌਰ ’ਤੇ ਦਿੱਸਣ ਵੀ।

ਅਜੇ ਤੱਕ ਕਿਸੇ ਵੀ ਪਾਰਟੀ ਨੇ ਆਮ ਆਦਮੀ ਲਈ ਉਹ ਕੁਝ ਨਹੀਂ ਕੀਤਾ, ਜਿਸ ਨਾਲ ਉਸ ਦੀ ਹੋਣੀ ਵਿੱਚ ਸੁਧਾਰ ਹੋਇਆ ਹੋਵੇ। ਸਿਰਫ਼ ਬਿਆਨਬਾਜ਼ੀ ਕਰ ਕੇ ਆਮ ਆਦਮੀ ਨੂੰ ਵਰਚਾਈ ਜਾਣਾ ਕਾਫ਼ੀ ਨਹੀਂ। ਜ਼ਰੂਰੀ ਹੈ ਕਿ ਆਮ ਆਦਮੀ ਦੀ ਹੋਣੀ ਬਦਲਣ ਲਈ ਫ਼ੌਰੀ ਤੌਰ ’ਤੇ ਫ਼ੈਸਲੇ ਲਏ ਜਾਣ ਅਤੇ ਅਮਲ ਲਈ ਕਦਮ ਪੁੱਟੇ ਜਾਣ। ਆਮ ਆਦਮੀ ਦੇਸ਼ ਦੀ ਉਸਾਰੀ ਵਿੱਚ ਹਿੱਸਾ ਪਾਉਣ ਵਾਸਤੇ ਹਰ ਰੋਜ਼ ਦਿਹਾੜੀ ਕਰ ਰਿਹਾ ਹੈ, ਖੇਤਾਂ ’ਚ ਕੰਮ ਕਰ ਰਿਹਾ ਹੈ ਅਤੇ ਹੋਰ ਕਈ ਤਰ੍ਹਾਂ ਦੇ ਪਾਪੜ ਵੇਲ ਰਿਹਾ ਹੈ, ਪਰ ਉਸ ਦੀ ਪੱਕੀ ਆਮਦਨੀ ਕੋਈ ਨਹੀਂ। ਸਰਕਾਰੀ ਪੱਧਰ ਜਾਂ ਹੋਰ ਕਿਸੇ ਵੀ ਪੱਧਰ ’ਤੇ ਉਸ ਦੀ ਪੱਕੀ ਆਮਦਨੀ ਲਈ ਕੋਈ ਬੰਦੋਬਸਤ ਨਹੀਂ।

ਕਈ ਤਰ੍ਹਾਂ ਦੇ ਹਾਕਮ ਆਏ ਅਤੇ ਤੁਰ ਗਏ, ਪਰ ਆਮ ਆਦਮੀ ਹਾਸ਼ੀਏ ਦੇ ਬਾਹਰ ਹੀ ਧੱਕਿਆ ਜਾਂਦਾ ਰਿਹਾ। ਉਹ ਬੇਵੱਸ ਵੀ ਹੈ ਅਤੇ ਲਾਚਾਰ ਵੀ। ਉਹ ਆਈਆਂ ਚੋਣਾਂ ਵੇਲੇ ਵੋਟ ਪਾਉਂਦਾ ਹੈ, ਉਮੀਦਵਾਰ ਜਿਤਾਉਂਦਾ ਹੈ, ਪਰ ਆਪ ਸਾਰੀ ਉਮਰ ਆਪਣੀ ਹਾਰ ਤੋਂ ਬਾਹਰ ਨਹੀਂ ਨਿਕਲ ਪਾਉਂਦਾ। ਉਸ ਨਾਲ ਵਾਅਦੇ ਹੁੰਦੇ ਹਨ, ਲਾਰੇ ਲੱਗਦੇ ਹਨ, ਪਰ ਉਸ ਦੇ ਹੱਥ-ਪੱਲੇ ਕੁਝ ਨਹੀਂ ਪੈਂਦਾ। ਸਿਫ਼ਰ ਦੀ ਪਰਿਕਰਮਾ ਕਰਨ ਵਾਲੇ ਆਮ ਆਦਮੀ ਲਈ ਕੀ ਸਮਾਜਕ ਸੁਰੱਖਿਆ ਸਕੀਮ ਨਹੀਂ ਚਲਾਈ ਜਾ ਸਕਦੀ?

ਸਭ ਪਾਰਟੀਆਂ ਨਾਹਰੇ ਮਾਰਦੀਆਂ ਹਨ, ਆਮ ਆਦਮੀ ਨਾਲ ਹਮਦਰਦੀ ਪ੍ਰਗਟਾਉਂਦੀਆਂ ਹਨ, ਪਰ ਉਸ ਦੇ ਉਧਾਰ ਅਤੇ ਸੁਧਾਰ ਲਈ ਠੋਸ ਕਦਮ ਨਹੀਂ ਉਠਾਉਂਦੀਆਂ, ਜਿਸ ਕਰ ਕੇ ਉਸ ਦੀ ਰਹਿਣੀ -ਬਹਿਣੀ ਵਿੱਚ ਕੋਈ ਸੁਧਾਰ ਨਹੀਂ ਹੁੰਦਾ। ਅਗਾਂਹ-ਵਧੂ ਸੋਚ ਵਾਲੇ ਆਏ, ਆਮ ਆਦਮੀ ਨਾਲ ਤੁਰਨ ਦੇ ਵਾਅਦੇ ਕੀਤੇ, ਨਾਲ ਖੜ੍ਹਨ ਦੇ ਨਾਹਰੇ ਘੜੇ, ਪਰ ਉਹ ਕੁਝ ਠੋਸ ਕਰਦੇ, ਉਸ ਤੋਂ ਪਹਿਲਾਂ ਹੀ ਖਿੰਡਰ ਕੇ ਰਹਿ ਗਏ। ਸਪੇਸ ਖ਼ਾਲੀ ਛੱਡੀ ਤਾਂ ਆਮ ਆਦਮੀ ਲਈ ‘ਆਮ ਆਦਮੀ ਪਾਰਟੀ’ ਹੀ ਆ ਗਈ, ਪਰ ਉਹ ਵੀ ਕੁਝ ਤਾਂ ਖ਼ੁਦ ਹੀ ਚੱਲ ਨਾ ਸਕੀ ਅਤੇ ਕੁਝ ਹੱਦ ਤੱਕ ਉਸ ਨੂੰ ਚੱਲਣ ਹੀ ਨਾ ਦਿੱਤਾ ਗਿਆ, ਜਿਸ ਕਾਰਨ ਆਮ ਆਦਮੀ ਲਈ ਫੇਰ ਕੁਝ ਨਾ ਹੋਇਆ।

ਆਮ ਆਦਮੀ ਜਿੱਥੇ 1947 ਵਿੱਚ ਸੀ, ਉੱਥੇ ਹੀ ਖੜ੍ਹਾ ਰਹਿ ਗਿਆ। ਉਸ ਨੂੰ ਅੱਗੇ ਤੁਰਨ ਹੀ ਨਹੀਂ ਦਿੱਤਾ ਗਿਆ, ਉੱਪਰ ਉੱਠ ਹੀ ਨਹੀਂ ਸਕਿਆ। ਉਹ ਸੂਝ-ਬੂਝ ਵੀ ਹਾਸਲ ਨਾ ਕਰ ਸਕਿਆ ਅਤੇ ਉਸ ਕੋਲ ਸਮਰੱਥਾ ਵੀ ਨਹੀਂ। ਸਾਧਨਹੀਣ ਹੋਣ ਕਾਰਨ ਉਹ ਸਿਆਸੀ ਪਾਰਟੀਆਂ ਲਈ ਹੀ ਸਾਧਨ ਬਣਦਾ ਰਿਹਾ। ਰੱਜੇ-ਪੁੱਜੇ ਹੋਰ ਰੱਜੇ-ਪੁੱਜੇ ਬਣਦੇ ਰਹੇ ਅਤੇ ਆਮ ਆਦਮੀ ਗ਼ਰੀਬੀ ਦੇ ਚੱਕਰ ਵਿੱਚੋਂ ਨਿਕਲ ਨਾ ਸਕਿਆ, ਨਾ ਕਿਸੇ ਨੇ ਕੱਢਣ ਦਾ ਜਤਨ ਕੀਤਾ।

ਸਿਆਸੀ ਪਾਰਟੀਆਂ ਵਿੱਚੋਂ ਜਿਹੜੀ ਵੀ ਜਿੱਤ ਕੇ ਸਰਕਾਰ ਬਣਾਵੇ, ਉਹ ਲੋਕਾਂ ਦੇ ਭਲੇ ਲਈ, ਸਮਾਜ ਦੀ ਤਰੱਕੀ ਲਈ ਅਤੇ ਦੇਸ਼ ਦੇ ਸਮੁੱਚੇ ਵਿਕਾਸ ਲਈ ਕੰਮ ਕਰੇ। ਸਰਕਾਰਾਂ ਦਾ ਕੰਮ ਵੀ ਇਹੀ ਹੋਣਾ ਚਾਹੀਦਾ ਹੈ, ਨਹੀਂ ਤਾਂ ਸਰਕਾਰਾਂ ਦੀ ਲੋੜ ਨਹੀਂ।

ਹੁਣ ਵਕਤ ਸੰਭਾਲਿਆ ਜਾਣਾ ਚਾਹੀਦਾ ਹੈ ਅਤੇ ਆਮ ਆਦਮੀ ਨੂੰ ਲੋਕਤੰਤਰ ਆਪਣਾ ਜਿਹਾ ਲੱਗੇ। ਉਸ ਦੇ ਹੱਕ ਵਿੱਚ ਕੰਮ ਹੋਣ, ਉਸ ਦੀ ਹੋਣੀ ਨੂੰ ਬਿਹਤਰ ਬਣਾਉਣ ਲਈ ਕੇਵਲ ਸੁਪਨੇ ਹੀ ਨਾ ਬੀਜੇ ਜਾਣ, ਸਗੋਂ ਜੋ ਕੁਝ ਅਸਲੀਅਤ ਵਿੱਚ ਕੀਤਾ ਜਾ ਸਕੇ, ਕੀਤਾ ਜਾਵੇ।

ਰੱਜਿਆਂ-ਪੁੱਜਿਆਂ, ਅਮੀਰਾਂ ਅਤੇ ਵੱਡੇ ਵਪਾਰਕ ਅਦਾਰਿਆਂ ਵਾਲਿਆਂ ਦੀ ਪਿੱਠ ਪੂਰੀ ਜਾਣੀ ਤਾਂ ਇਤਿਹਾਸ ਨੂੰ ਦੁਹਰਾਉਣ ਵਾਲੀ ਗੱਲ ਹੀ ਹੋਵੇਗੀ। ਹੁਣ ਸਰਕਾਰਾਂ ਨੂੰ ਜ਼ਿਆਦਾ ਕਰ ਕੇ ਉਹ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਜਮਹੂਰੀ ਕਦਰਾਂ-ਕੀਮਤਾਂ ਲਾਗੂ ਹੋਣ, ਤਾਂ ਕਿ ਦੇਸ਼ ਦਾ ਲੋਕਤੰਤਰ ਮਜ਼ਬੂਤ ਹੋਵੇ।

ਲੋਕਤੰਤਰ ਸਮੁੱਚੇ ਲੋਕਾਂ ਦੇ ਕੰਮ ਆਵੇ, ਮੁੱਠੀ ਭਰ ਅਮੀਰਾਂ ਦੀ ਝੋਲੀ ਭਰੀ ਜਾਵੇ ਤਾਂ ਇਹ ਠੀਕ ਨਹੀਂ। ਆਮ ਆਦਮੀ ਵੀ ਜਾਗੇ ਅਤੇ ਵਾਰ-ਵਾਰ ਅਜ਼ਮਾਏ ਹੋਏ ਨੇਤਾਵਾਂ ਦੀ ਥਾਂ ਨਵੇਂ ਨੇਤਾ ਲਿਆਵੇ, ਜੋ ਉਸ ਦੀ ਸਾਰ ਲੈਣ, ਜੋ ਉਸ ਦੀ ਹੋਣੀ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਲਈ ਕੰਮ ਕਰਨ।

ਨਵੇਂ ਬੱਜਟ ’ਤੇ ਆਸਾਂ

ਕੇਂਦਰ ਸਰਕਾਰ ਦਾ ਨਵਾਂ ਬੱਜਟ ਪਾਰਲੀਮੈਂਟ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਬਾਰੇ ਹਰ ਸਾਲ ਦੀ ਤਰ੍ਹਾਂ ਹੁਣ ਵੀ ਤਰ੍ਹਾਂ-ਤਰ੍ਹਾਂ ਦੇ ਕਿਆਫ਼ੇ ਲਾਏ ਜਾ ਰਹੇ ਹਨ, ਪਰ ਬਹੁਤਾ ਕੁਝ ਹੋਣ ਵਾਲਾ ਨਹੀਂ। ਹੋਰ ਟੈਕਸ ਲੱਗਣ, ਉੱਕਾ ਹੀ ਠੀਕ ਨਹੀਂ ਹੋਵੇਗਾ। ਪਹਿਲਾਂ ਹੀ ਲੋਕਾਂ ਦਾ ਗੁਜ਼ਾਰਾ ਸੌਖਾ ਨਹੀਂ। ਕਈ ਗੱਲਾਂ ਕਰ ਕੇ ਪਹਿਲਾਂ ਹੀ ਲੋਕਾਂ ਦਾ ਕਾਫ਼ੀਆ ਤੰਗ ਹੈ, ਹੋਰ ਤੰਗ ਕੀਤੇ ਜਾਣ ਦੀ ਗੁੰਜਾਇਸ਼ ਨਹੀਂ।

ਕਰਮਚਾਰੀਆਂ ਜਾਂ ਸੇਵਾ-ਕਰਮੀਆਂ ਨੂੰ ਆਮਦਨ ਕਰ ਵਿੱਚ ਛੋਟ ਦੀ ਆਸ ਹੈ। ਜੇ ਇਹ ਆਸ ਪੂਰੀ ਹੋ ਜਾਵੇ ਤਾਂ ਉਹ ਖ਼ੁਸ਼ ਹੋਣਗੇ, ਪਰ ਇਹ ਪੂਰੀ ਹੁੰਦੀ ਲੱਗਦੀ ਨਹੀਂ।

ਦੇਸ਼ ਭਰ ਵਿੱਚ ਰੇਲ ਦਾ ਸਫ਼ਰ ਬੜਾ ਮਜ਼ਬੂਤ ਅਤੇ ਸਸਤਾ ਹੈ ਅਤੇ ਹੋਰ ਸਸਤਾ ਕੀਤੇ ਜਾਣ ਦੀ ਲੋੜ ਹੈ, ਪਰ ਜੇ ਇਹ ਮਹਿੰਗਾ ਕਰ ਦਿੱਤਾ ਗਿਆ ਤਾਂ ਆਮ ਆਦਮੀ ’ਤੇ ਬੋਝ ਪਵੇਗਾ। ਚਾਹੀਦਾ ਤਾਂ ਇਹ ਹੈ ਕਿ ਸਰਕਾਰ ਲੋਕਾਂ ਨੂੰ ਰਾਹਤ ਦੇਣ ਵਾਲਾ ਬੱਜਟ ਪੇਸ਼ ਕਰੇ। ਲੋਕ ਕਈ ਮਾਰਾਂ ਝੱਲਣ ਬਾਅਦ ਹੁਣ ਰਾਹਤ ਦੇ ਹੀ ਹੱਕਦਾਰ ਹਨ, ਜੋ ਉਨ੍ਹਾਂ ਨੂੰ ਮਿਲੇ ਤਾਂ ਹੀ ਚੰਗਾ ਹੋਵੇਗਾ। ਆਉ ਦੇਖੀਏ, ਬੱਜਟ ਦਾ ਊਠ ਕਿਸ ਕਰਵਟ ਬੈਠਦਾ ਹੈ।

*****

(997)

 

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author