ButaRam7ਨਹੀਂ ਉੱਤਰਦਾ ਤਾਂ ਨਾ ਸਹੀ, ਆਪੇ ਮਲੇਰ ਕੋਟਲਿਆਂ ਵਾਪਸ ਆ ਜਾਵੇਗਾ ...
(2 ਫਰਬਰੀ 2018)

 

ਜੁਲਾਈ 1996 ਦਾ ਮਹੀਨਾ ਸੀ। ਮੈਂ ਤੇ ਮੇਰੀ ਧਰਮ ਪਤਨੀ ਸੁਦੇਸ਼ ਰਾਣੀ ਅੰਮ੍ਰਿਤਸਰ ਤੋਂ ਲੁਧਿਆਣੇ ਰੇਲ ਗੱਡੀ ਰਾਹੀਂ ਸਵੇਰੇ ਗਿਆਰਾਂ ਕੁ ਵਜੇ ਲੁਧਿਆਣੇ ਜਾ ਪਹੁੰਚੇ। ਉੱਥੋਂ ਸੰਗਰੂਰ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਸਵਾਰ ਹੋ ਗਏ। ਵੀਹ ਕੁ ਸਵਾਰੀਆਂ ਨਾਲ ਬੱਸ ਦੋ ਤਿੰਨ ਮਿੰਟ ਬਾਅਦ ਅੱਡੇ ਤੋਂ ਰਵਾਨਾ ਹੋ ਗਈ। ਗੁਰੂ ਨਾਨਕ ਇੰਜਨੀਅਰਿੰਗ ਕਾਲਜ ਪਾਰ ਕੀਤਾ ਤਾਂ ਕੰਡਕਟਰ ਨੇ ਸਵਾਰੀਆਂ ਨੂੰ ਟਿਕਟਾਂ ਕਟਾਉਣ ਲਈ ਕਿਹਾ। ਸਾਡੇ ਤੱਕ ਆਉਂਦਿਆਂ ਉਸ ਨੇ ਬਾਰਾਂ ਸਵਾਰੀਆਂ ਤੋਂ ਕਿਰਾਇਆ ਉਗਰਾਹਿਆ ਪਰ ਟਿਕਟ ਸਿਰਫ਼ ਤਿੰਨਾਂ ਨੂੰ ਹੀ ਦਿੱਤੀ।

ਮੈਨੂੰ ਇਹ ਕੌਤਕ ਦੇਖ ਕੇ ਕੰਡਕਟਰ ’ਤੇ ਗੁੱਸਾ ਆਉਣ ਲੱਗਾਦੁੱਖ ਵੀ ਹੋ ਰਿਹਾ ਸੀ ਕਿ ਸਵਾਰੀਆਂ ਪੈਸੇ ਦੇਣ ਉਪਰੰਤ ਟਿਕਟਾਂ ਦੀ ਮੰਗ ਵੀ ਨਹੀਂ ਕਰ ਰਹੀਆਂ ਸਨ। ਕੰਡਕਟਰ ਮੇਰੇ ਕੋਲ ਆ ਕੇ ਪੁੱਛਣ ਲੱਗਾ, “ਬਾਊ ਜੀ, ਕਿੱਥੇ ਜਾਣਾ?”

ਮੈਂ ਉੱਤਰ ਦਿੱਤਾ, ਰੋਹੀੜਾ ਘੱਲੂਘਾਰਾ” ਮੈਂ ਸੌ ਦਾ ਨੋਟ ਕੰਡਕਟਰ ਦੇ ਹਵਾਲੇ ਕੀਤਾ ਤੇ ਉਸਨੇ ਮੈਨੂੰ ਬਕਾਇਆ ਦੇ ਦਿੱਤਾ ਪਰ ਟਿਕਟ ਨਾ ਦਿੱਤੀ।

ਬੱਸ ਮੰਡੀ ਅਹਿਮਦਗੜ੍ਹ ਦੇ ਅੱਡੇ ’ਤੇ ਜਾ ਰੁਕੀ। ਉੱਥੇ ਉਸਨੇ ਦੋ ਮਿੰਟ ਲਈ ਰੁਕਣਾ ਸੀ। ਕੰਡਕਟਰ ਬੱਸ ਤੋਂ ਬਾਹਰ ਉੱਤਰ ਗਿਆ ਤੇ ਸਵਾਰੀਆਂ ਨੇ ਬੱਸ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ। ਮੈਂ ਕੋਲਡ ਡਰਿੰਕ ਖਰੀਦਣ ਲਈ ਉਸ ਸਟਾਲ ’ਤੇ ਜਾ ਪਹੁੰਚਾ ਜਿੱਥੇ ਕੰਡਕਟਰ ਖੜ੍ਹਾ ਸੀ ਤੇ ਕੰਡਕਟਰ ਨੂੰ ਟਿਕਟਾਂ ਦੇਣ ਲਈ ਫਿਰ ਕਿਹਾ।

“ਬਾਊ ਜੀ, ਚਿੰਤਾ ਨਾ ਕਰੋ - ਮਿਲ ਜਾਂਦੀਆਂ ਟਿਕਟਾਂ ...” ਤੇ ਮੂੰਹ ਵਿੱਚ ਬੁੜਬੁੜ ਕਰਦਾ ਕੰਡਕਟਰ ਅਗਲੇ ਟੀ ਸਟਾਲ ’ਤੇ ਜਾ ਖਲੋਤਾ।

ਬੱਸ ਵਿੱਚ ਕੰਡਕਟਰ ਅਗਲੇ ਦਰਵਾਜਿਓਂ ਆ ਚੜ੍ਹਿਆ। ਅਸੀਂ 25 ਕੁ ਕਿਲੋਮੀਟਰ ਦਾ ਸਫ਼ਰ ਪਾਰ ਕਰ ਚੁੱਕੇ ਸਾਂ ਤੇ ਹੁਣ ਰੋਹੀੜਾ ਘੱਲੂਘਾਰਾ ਤੋਂ ਸਿਰਫ਼ 7-8 ਕਿਲੋਮੀਟਰ ਦੂਰ ਸਾਂ। ਮੈਂ ਸੀਟ ਤੋਂ ਉੱਠ ਕੇ ਟਿਕਟ ਮੰਗਣ ਲੱਗਾ ਤਾਂ ਮੇਰੀ ਧਰਮ ਪਤਨੀ ਕਹਿਣ ਲੱਗੀ, “ਦਫ਼ਾ ਕਰੋ - ਰੋਹੀੜਾ ਆਉਣ ਵਾਲਾ ਨਹੀਂ ਟਿਕਟ ਤਾਂ ਨਹੀਂ ਸੀ - ਅਸੀਂ ਪਹੁੰਚ ਹੀ ਚੱਲੇ ਹਾਂ

ਮੈਂ ਉਸ ਨੂੰ ਸਵਾਲ ਕੀਤਾ, “ਸ਼ਰਮ ਨਹੀਂ ਆਉਂਦੀ ਉਸ ਨੂੰ ‘ਡਾਕਾ’ ਮਾਰਦਿਆਂ, ਗਰੀਬ ਆਦਮੀ ਦਸ-ਬਾਰਾਂ ਘੰਟੇ ਮਿਹਨਤ ਮਜ਼ਦੂਰੀ ਕਰਕੇ 40-50 ਰੁਪਏ ਲੈਂਦਾ ਹੈ ਤੇ ਇਹ ਬੇਈਮਾਨ ਇੱਕੋ ਫੇਰੇ ਵਿੱਚ ਹਜ਼ਾਰ-ਬਾਰਾਂ ਸੌ ਰੁਪਏ ਡਕਾਰੀ ਜਾ ਰਿਹਾ ...

ਪਰ ਬਾਕੀ 20-25 ਸਵਾਰੀਆਂ ਨੂੰ ਵੀ ਤਾਂ ਟਿਕਟ ਨਹੀਂ ਦਿੱਤੀ ਉਸਨੇ, ਉਹ ਤਾਂ ਚੁੱਪ ਚਾਪ ਬੈਠੀਆਂ ਹਨਤੁਹਾਨੂੰ ਕੀ ਲੋੜ ਹੈ, ਬਾਰ ਬਾਰ ਟਿਕਟ ਮੰਗਣ ਦੀ?” ਸੁਦੇਸ਼ ਨੇ ਕਿਹਾ।

ਬੱਸ ਰੋਹੀੜਾ ਅੱਡੇ ’ਤੇ ਰੁਕ ਗਈ। ਮੈਂ ਡਰਾਈਵਰ ਨੂੰ ਕਿਹਾ, ਡਰਾਈਵਰ ਸਾਹਿਬ, ਮੈਨੂੰ ਸ਼ਿਕਾਇਤ ਰਜਿਸਟਰ ਦਿਓ

ਡਰਾਈਵਰ ਨੇ ਮੇਰੇ ਵੱਲ ਤੱਕਦਿਆਂ ਕਿਹਾ, “ਕਿਹੜਾ ਰਜਿਸਟਰ, ਮੇਰੇ ਕੋਲ ਕੋਈ ਰਜਿਸਟਰ ਨਹੀਂ

ਡਰਾਈਵਰ ਦੇ ਸਾਹਮਣੇ ਬੰਦ ਖਿੜਕੀ ਵੱਲ ਇਸ਼ਾਰਾ ਕਰਦਿਆਂ ਮੈਂ ਕਿਹਾ, “ਖਿੜਕੀ ਖੋਲ੍ਹੋ … ਸਾਹਮਣੇ ਲਿਖਿਆ ਤਾਂ ਹੋਇਆ ... ਰਜਿਸਟਰ ਉਸ ਖਿੜਕੀ ਅੰਦਰ ਹੈ।”

ਇੰਨੇ ਨੂੰ ਕੰਡਕਟਰ ਵੀ ਮੇਰੇ ਕੋਲ ਅੱਪੜ ਗਿਆ, ਉਹ ਕਹਿਣ ਲੱਗਾ, “ਬਾਊ ਜੀ, ਉੱਤਰੋ … ਸਵਾਰੀਆਂ ਨੂੰ ਦੇਰ ਨਾ ਕਰਾਓ

ਮੈਂ ਸ਼ਿਕਾਇਤ ਰਜਿਸਟਰ ਲੈਣ ਲਈ ਬਜ਼ਿਦ ਸਾਂ ਦੁੱਖ ਤਾਂ ਉਦੋਂ ਹੋਇਆ ਜਦੋਂ ਸਵਾਰੀਆਂ ਮੇਰਾ ਸਾਥ ਦੇਣ ਦੀ ਥਾਂ ਮੇਰੇ ਵੱਲ ਕਸੀਦੇ ਕੱਸਣ ਲੱਗ ਪਈਆਂ। ਕੋਈ ਕਹੇ, “ਵੱਡਾ ਧਰਮ ਪੁੱਤਰ ਆਇਆ … ਆਪਣੇ ਅੱਡੇ ਤੇ ਪਹੁੰਚ ਗਿਆ, ਇਸਨੇ ਟਿਕਟ ਕੀ ਕਰਨੀ ਐ? … ਬਾਕੀ ਸਵਾਰੀਆਂ ਦਾ ਸਮਾਂ ਵੀ ਨਸ਼ਟ ਕਰ ਰਿਹਾ ਹੈ ... ਵੱਡਾ ਦੇਸ਼ ਭਗਤ ਬਣੀ ਫਿਰਦਾ … ਡਰਾਈਵਰ ਸਾਹਿਬ, ਗੱਡੀ ਚਲਾਓ ਨਹੀਂ ਉੱਤਰਦਾ ਤਾਂ ਨਾ ਸਹੀ, ਆਪੇ ਮਲੇਰ ਕੋਟਲਿਆਂ ਵਾਪਿਸ ਆ ਜਾਵੇਗਾ

ਜਦੋਂ ਮੇਰੀ ਧਰਮਪਤਨੀ ਦੇ ਜ਼ੋਰ ਪਾਉਣ ’ਤੇ ਵੀ ਮੈਂ ਬੱਸ ਤੋਂ ਨਾ ਉੱਤਰਿਆ ਤਾਂ ਬੱਸ ਚਾਲਕ ਨੇ ਬੱਸ ਚਲਾ ਦਿੱਤੀ ਤੇ ਕਰੀਬ ਡੇਢ ਕੁ ਕਿਲੋਮੀਟਰ ਅਗਾਂਹ ਜਾ ਕੇ ਫਿਰ ਰੋਕ ਲਈ। ਜਿਹੜੀਆਂ ਸਵਾਰੀਆਂ ਮੇਰੇ ’ਤੇ ਪਹਿਲਾਂ ਹੀ ਖਫ਼ਾ ਸਨ, ਉਨ੍ਹਾਂ ਵਿੱਚੋਂ ਦੋ ਤਿੰਨ ਮੇਰੇ ਨਾਲ ਫਿਰ ਉਲਝ ਪਈਆਂ। ਕੰਡਕਟਰ ਖਿੜਕੀ ਖੋਲ੍ਹ ਕੇ ਬੱਸ ਤੋਂ ਹੇਠਾਂ ਉੱਤਰ ਗਿਆ। ਜਦੋਂ ਮੇਰੀ ਧਰਮ ਪਤਨੀ ਬੱਸ ਤੋਂ ਉੱਤਰ ਗਈ ਤਾਂ ਮੇਰੇ ਲਈ ਹੇਠਾਂ ਉੱਤਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਕੜਕਦੀ ਧੁੱਪ ਵਿੱਚ ਅਸੀਂ ਦੋਵੇਂ ਸੜਕ ਕਿਨਾਰੇ ਅਜਿਹੀ ਥਾਂ ਖੜ੍ਹੇ ਸਾਂ, ਜਿੱਥੋਂ ਰੋਹੀੜੇ ਤੱਕ ਜਾਣ ਲਈ ਵਾਹਣ ਮਿਲਣਾ ਮੁਸ਼ਕਿਲ ਸੀ।

ਮੇਰੀ ਧਰਮ ਪਤਨੀ ਮੇਰੇ ’ਤੇ ਕਾਫ਼ੀ ਖਫ਼ਾ ਸੀ। ਮੈਂ ਚਾਵਲਾਂ ਵਾਲਾ ਥੈਲਾ ਮੋਢੇ ’ਤੇ ਰੱਖਦਿਆਂ ਅਜੇ ਸੌ ਕੁ ਮੀਟਰ ਹੀ ਗਿਆ ਹੋਵਾਂਗਾ ਕਿ ਥਕਾਵਟ ਮਹਿਸੂਸ ਹੋਣ ਲੱਗੀ। ਸੜਕ ਕਿਨਾਰੇ ਇੱਕ ਰੁੱਖ ਥੱਲੇ ਥੈਲਾ ਰੱਖ ਕੇ ਮੈਂ ਉਸ ਉੱਪਰ ਬੈਠ ਗਿਆ। ਸੁਦੇਸ਼ ਮੇਰੇ ਤੋਂ ਕਾਫ਼ੀ ਪਿੱਛੇ ਰਹਿ ਗਈ ਸੀ। ਉਹ ਜਦੋਂ ਮੇਰੇ ਕੋਲ ਅਪੱੜੀ ਤਾਂ ਮੈਂ ਉੱਠ ਕੇ ਉਸ ਨੂੰ ਥੈਲੇ ਉੱਪਰ ਬੈਠਣ ਲਈ ਕਿਹਾ। ਨਰਾਜ਼ ਤਾਂ ਉਹ ਮੇਰੇ ਨਾਲ ਹੈ ਹੀ ਸੀ, ਫਿਰ ਵੀ ਮਜਬੂਰੀ ਵੱਸ ਥੱਕੀ-ਹਾਰੀ ਥੈਲੇ ’ਤੇ ਬੈਠ ਗਈ। ਅੱਧਾ ਕੁ ਕਿਲੋਮੀਟਰ ਅਗਾਂਹ ਗਏ ਹੋਵਾਂਗੇ ਕਿ ਇੱਕ ਪੁਲੀ ਉੱਤੇ ਦੋ ਡਾਂਗਰੀ ਬੈਠੇ ਮਿਲੇ, ਜਿਨ੍ਹਾਂ ਦਾ ਵੱਗ ਨਾਲ ਵਾਲੇ ਖਾਲੀ ਖੇਤ ਵਿੱਚੋਂ ਘਾਹ ਚਰ ਰਿਹਾ ਸੀ। ਉਹ ਪੁਲੀ ਤੋਂ ਉੱਠ ਪਏ ਤੇ ਸਾਨੂੰ ਬੈਠਣ ਲਈ ਥਾਂ ਦੇ ਦਿੱਤੀ। ਦਸ ਕੁ ਮਿੰਟ ਉਪਰੰਤ ਮੈਂ ਸੁਦੇਸ਼ ਨੂੰ ਕਿਹਾ, “ਤੂੰ ਇੱਥੇ ਰੁਕ … ਮੈਂ ਰਾਜਿੰਦਰ ਕੋਲ ਮਿੱਲ ਵਿੱਚ ਜਾਂਦਾ ਹਾਂ।”

ਰਾਜਿੰਦਰ, ਸਬੀਨਾ ਵੂਲਨ ਮਿੱਲਜ਼ ਵਿੱਚ ਬਤੌਰ ਕਮਰਸ਼ਲ ਮੈਨੇਜਰ ਤਾਇਨਾਤ ਸੀ। ਜਦੋਂ ਮੈਂ ਆਪਣੀ ਹੱਡੀ-ਬੀਤੀ ਸੁਣਾਈ ਤਾਂ ਨੂੰਹ-ਪੁੱਤ ਦੋਵੇਂ ਬੜੇ ਪ੍ਰੇਸ਼ਾਨ ਹੋਏ। ਮੈਂ ਆਪਣੇ ਆਪ ਨੂੰ ਠੱਗਿਆ, ਹਾਰਿਆ, ਲਿਤਾੜਿਆ ਅਤੇ ਨਕਾਰਿਆ ਮਹਿਸੂਸ ਕਰ ਰਿਹਾ ਸਾਂ। ਮੇਰੀਆਂ ਅੱਖਾਂ ਅੱਗੇ ਰਹਿ-ਰਹਿ ਕੇ ਬੱਸ ਦੇ ਸਫ਼ਰ ਦੀ ਤਸਵੀਰ ਝਲਕ ਰਹੀ ਸੀ। ਉਸੇ ਦਿਨ ਮੈਂ ਦਰਖਾਸਤ ਮੈਨੇਜਰ ਪੰਜਾਬ ਰੋਡਵੇਜ਼ ਜਲੰਧਰ ਨੂੰ ਭੇਜ ਦਿੱਤੀ। ਇੱਕ ਨਿਸ਼ਚਿਤ ਤਰੀਕ ’ਤੇ ਮੈਨੂੰ ਸ਼ਿਕਾਇਤ ਸੰਬੰਧੀ ਪੇਸ਼ ਹੋਣ ਲਈ ਕਿਹਾ ਗਿਆ

ਦਿੱਤੀ ਤਰੀਕ ’ਤੇ ਜਦੋਂ ਮੈਂ ਦਫ਼ਤਰ ਪਹੁੰਚਾ ਤਾਂ ਪਤਾ ਲੱਗਾ ਕਿ ਸਾਹਿਬ ਤਾਂ ਚੰਡੀਗੜ੍ਹ ਕਿਸੇ ਜ਼ਰੂਰੀ ਕੰਮ ਚਲੇ ਗਏ ਨੇ। ਸੁਪਰਡੈਂਟ ਨੇ ਮੈਨੂੰ ਦੱਸਿਆ ਕਿ ਮੈਨੂੰ ਨਵੇਂ ਸਿਰਿਓਂ ਇਤਲਾਹ ਪਹੁੰਚ ਜਾਵੇਗੀ। ਪੰਦਰਾਂ ਕੁ ਦਿਨ ਬਾਅਦ ਮੈਨੂੰ ਫਿਰ ਸ਼ਿਕਾਇਤ ਸਬੰਧੀ ਦਫ਼ਤਰ ਪਹੁੰਚਣ ਦਾ ਪਰਵਾਨਾ ਮਿਲਿਆ। ਮੈਨੇਜਰ ਸਾਹਿਬ ਦਾ ਉਸ ਦਿਨ ਵੀ ਮੇਲ ਨਾ ਹੋਇਆ। ਤੀਸਰੀ ਵਾਰ ਮੈਨੂੰ ਫਿਰ ਬੁਲਾਇਆ ਗਿਆ ਤੇ ਸੁਪਰਟੰਡੈਂਟ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਬਿਆਨ ਕਲਮਬੰਦ ਕਰਵਾ ਕੇ ਦੇ ਜਾਵਾਂ।

ਫਿਰ ਇੱਕ ਪੱਤਰ ਪ੍ਰਾਪਤ ਹੋਇਆ, “ਤੁਹਾਡੀ ਲਿਖਤੀ ਸ਼ਿਕਾਇਤ ’ਤੇ ਮਹਿਕਮਾਨਾ ਕਾਰਵਾਈ ਕਰਦੇ ਹੋਏ ਬੱਸ ਚਾਲਕ ਅਤੇ ਕੰਡਕਟਰ ਨੂੰ ਤਾੜਨਾ ਕੀਤੀ ਗਈ ਹੈ ਕਿ ਭਵਿੱਖ ਵਿੱਚ ਉਹ ਅਜਿਹਾ ਰਵੱਈਆ ਨਾ ਅਪਨਾਉਣ” ਉਸ ਪੱਤਰ ਨੂੰ ਆਪਣੀ ਹਾਰ ਦਾ ਪ੍ਰਮਾਣ ਪੱਤਰ ਸਵੀਕਾਰਦੇ ਹੋਏ ਮੈਂ ਆਪਣੇ ਆਪ ਨੂੰ ਵੀ ਦੋਸ਼ੀ ਮਹਿਸੂਸ ਕਰ ਰਿਹਾ ਸਾਂ

*****

(996)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬੂਟਾ ਰਾਮ

ਬੂਟਾ ਰਾਮ

Buta Ram "Shorya Chakkar"
Amritsar, Punjab, India.
Phone: (91 - 98887 - 87220)