VikramjeetDuggal7ਸ਼ਿਕਾਇਤਕਰਤਾ ਤਾਂ ਆਉਂਦੇ ਹੀ ਰਹਿਣਗੇਓਹਨਾਂ ਦਾ ਕੀ ਆ ਜੀਜਾ ਕੇ ਇਕ ਵਾਰ ...”
(29 ਜਨਵਰੀ 2018)

 

ਨਰਿੰਦਰ ਇਕ ਬਹੁਤ ਹੀ ਪੇਸ਼ਾਵਰ, ਇਮਾਨਦਾਰ ਅਤੇ ਬਹਾਦਰ ਪੁਲਿਸ ਅਫਸਰ ਹੈ। ਲਗਪਗ 10 ਸਾਲ ਪਹਿਲਾਂ ਬਤੌਰ ਸਬ ਇੰਸਪੈਕਟਰ ਭਰਤੀ ਹੋਇਆ ਅਤੇ ਅੱਜ ਸ਼ਹਿਰ ਦੇ ਪ੍ਰਮੁੱਖ ਥਾਣੇ ਦੇ ਐੱਸ.ਐੱਚ. ਓ. ਦਾ ਚਾਰਜ ਲੈ ਰਿਹਾ ਹੈ। ਸ਼ਹਿਰ ਦੀ ਆਬਾਦੀ ਕੋਈ 3 ਲੱਖ ਦੇ ਕਰੀਬ ਹੋਵੇਗੀ। ਤਕਰੀਬਨ 10-15 ਸ਼ਿਕਾਇਤਕਰਤਾ ਰੋਜ਼ਾਨਾ ਥਾਣੇ ਵਿਚ ਆਉਂਦੇ ਹਨ।

ਜ਼ਾਹਿਰ ਹੈ, ਕੋਈ ਵੀ ਮੁਸਕਰਾਉਂਦਾ ਚਿਹਰਾ ਲੈ ਕੇ ਨਹੀਂ ਵੜਦਾ ਥਾਣੇ। ਬੜੀਆਂ ਮੁਸ਼ਕਿਲਾਂ ਵਿਚ ਹੁੰਦੇ ਨੇ ਵਿਚਾਰੇ, ਜਿਹੜੇ ਸ਼ਿਕਾਇਤ ਲੈ ਕੇ ਆਉਂਦੇ ਨੇ। ਆਪਾਂ ਨੂੰ ਬੜੇ ਗੌਰ ਨਾਲ ਇੰਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਸ ਉੱਪਰ ਲੋੜੀਂਦੀ ਕਾਰਵਾਈ ਵੀ ਕਰਨੀ ਚਾਹੀਦੀ ਹੈ। ਜਨਤਾ ਦੀ ਸੰਤੁਸ਼ਟੀ ਸਾਡੇ ਵਾਸਤੇ ਸਭ ਤੋਂ ਮਹੱਤਵਪੂਰਨ ਹੈ ਬੇਲੀਓ!ਪਹਿਲੀ ਵਾਰ ਥਾਣੇ ਦੇ ਸਾਰੇ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕਰਦਾ ਹੋਇਆ ਨਰਿੰਦਰ ਬੜੇ ਗੌਰ ਨਾਲ ਉਹਨਾਂ ਦੇ ਚਿਹਰੇ ਤਾੜ ਰਿਹਾ ਸੀ। ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚੋਂ ਆਪਣੀ ਕਹੀ ਗੱਲ ਲਈ ਪ੍ਰਤੀਕ੍ਰਿਆ ਪੜ੍ਹ ਰਿਹਾ ਹੋਵੇ।

ਜਨਾਬ, ਮਾਫ ਕਰਨਾ, ਬਾਕੀ ਸਭ ਤਾਂ ਠੀਕ ਆ ਜੀ, ਇਹ ਜਿਹੜਾ ਮਿੱਠੂ ਸਿੰਘ ਹੈ ਨਾ, ਓ ਜੀ ਸ਼ਹਿਰ ਦਾ ਸਾਬਕਾ ਐੱਮ.ਐੱਲ.ਏ., … ਪਿਛਲੀਆਂ ਚੋਣਾਂ ਵਿਚ ਤਾਂ ਹਾਰ ਬੈਠਾ ਜੀ, ਪਰ ਹੈ ਬਹੁਤ ਹੀ ਘੁਮੰਡੀ ਸਿਆਸਤਦਾਨ। ਸੱਤਾਧਾਰੀ ਪਾਰਟੀ ਦਾ ਬੜਾ ਲਾਡਲਾ ਹੈ ਜਨਾਬ ਇਹ ਬੰਦਾ। ਇਸਨੇ ਸ਼ਹਿਰ ਵਿਚ ਸਰਕਾਰੀ ਕੰਮਾਂ ਦਾ ਹਰ ਠੇਕਾ ਆਪਣੇ ਬੰਦਿਆਂ ਨੂੰ ਹੀ ਦਿਵਾਇਆ ਐ ਜੀ। ਆਪਣੀਆਂ ਤੇ ਆਪਣੇ ਬੰਦਿਆਂ ਦੀਆਂ ਝੋਲੀਆਂ ਭਰੀ ਜਾਂਦਾ ਜੀ ਬੱਸ। ਆਲੇ ਦੁਆਲੇ ਦੇ ਜਨਾਬ ਸਾਰੇ ਥਾਣੇਦਾਰ ਇਸੇ ਦੇ ਲਵਾਏ ਹੋਏ ਨੇ ਜੀ। ਪਿਛਲੇ ਥਾਣੇਦਾਰ ਸਾਹਿਬ ਵੀ ਹਰ ਕੇਸ ਇਹਦੇ ਨਾਲ ਚਰਚਾ ਕਰਕੇ ਹੀ ਨੇਪਰੇ ਚਾੜ੍ਹਦੇ ਸਨ ਜੀ, … ਜਨਾਬ ਇਕ ਗੱਲ ਆਖਾਂ ਜੀ? ਬੁਰਾ ਨਾ ਮੰਨਿਓਂ, ਸ਼ਿਕਾਇਤਕਰਤਾ ਤਾਂ ਆਉਂਦੇ ਹੀ ਰਹਿਣਗੇ, ਓਹਨਾਂ ਦਾ ਕੀ ਆ ਜੀ, ਜਾ ਕੇ ਇਕ ਵਾਰ ਮਿੱਠੂ ਸਿੰਘ ਨੂੰ ਮੂੰਹ ਵਖਾ ਆਓ ਲੱਗਦੇ ਹੱਥ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਜਨਾਬ ਦੀ ਪੋਸਟਿੰਗ ਤਾਂ ਸਿੱਧੀ ਐੱਸ.ਐੱਸ.ਪੀ. ਸਾਹਿਬ ਨੇ ਹੀ ਕਰ ਦਿੱਤੀ, ਵੱਡੀ ਗੱਲ ਆ ਜਨਾਬ! ਗੁਸਤਾਖੀ ਮਾਫ ਐ ਜੀ, ਪਰ ਤੁਸੀਂ ਮਿੱਠੂ ਸਿੰਘ ਤੋਂ ਕੋਈ ਚਿੱਠੀ ਨਹੀਂ ਜੀ ਦਵਾਈ ਵੱਡੇ ਸਾਹਿਬ ਨੂੰ?” ਏ.ਐੱਸ.ਆਈ. ਨੱਥਾ ਸਿੰਘ ਐੱਸ.ਐੱਚ.ਓ. ਦੇ ਚੈਂਬਰ ਵਿਚ ਸਾਹਮਣੀ ਕਰੁਸੀ ’ਤੇ ਬੈਠਾ ਨਰਿੰਦਰ ਨੂੰ ਗੱਲਾਂ ਗੱਲਾਂ ਵਿਚ ਇਲਾਕੇ ਦਾ ਹਾਲ ਚਾਲ ਦੱਸ ਰਿਹਾ ਸੀ।

ਨਰਿੰਦਰ ਅਜੇ ਨੱਥਾ ਸਿੰਘ ਦੀਆਂ ਗੱਲਾਂ ਸੁਣ ਕੇ ਉਸ ਵੱਲ ਕੌੜਾ ਜਿਹਾ ਝਾਕਿਆ ਹੀ ਸੀ ਕਿ ਉਸਦਾ ਮੋਬਾਈਲ ਵੱਜਣ ਲੱਗਾ। “ਹੈਲੋ! ਹਾਂ ਜੀ, ਐੱਸ.ਐੱਚ.ਓ. ਸਾਹਿਬ, ਮੈਂ ਮਿੱਠੂ ਸਿੰਘ, ਸਾਬਕਾ ਐੱਮ.ਐੱਲ.ਏ. ਸਾਹਿਬ ਦਾ ਪੀ.ਏ. ਬੋਲਦਾਂ ਜੀ, ਜਨਾਬ ਯਾਦ ਕਰਦੇ ਨੇ ਤੁਹਾਨੂੰ, ਕੋਠੀ ਵਿਚ ਹੀ ਨੇ ਅੱਜ, ਉਡੀਕਦੇ ਨੇ ਤੁਹਾਨੂੰ, ਚੰਗਾ ਜੀ, ਸਤਿ ਸ੍ਰੀ ਅਕਾਲ।” ਪੀ.ਏ. ਨੇ ਇਹ ਆਖਦਿਆਂ ਫੋਨ ਕੱਟ ਦਿੱਤਾ।

ਮੈਂ ਨੀਂ ਜਾਂਦਾ ਕਿਸੇ ਨੂੰ ਮਿਲਣ-ਮੁਲਣ, ਮੈਂ ਕਿਉਂ ਜਾਵਾਂ?” ਨਰਿੰਦਰ ਬੁੜਬੁੜਾਉਂਦਾ ਜਿਹਾ ਫਾਈਲਾਂ ਟੋਹਣ ਲੱਗ ਪਿਆ।

ਏ.ਐੱਸ.ਆਈ. ਨੱਥਾ ਸਿੰਘ ਮੁਸਕੜੀਏਂ ਹੱਸਦਿਆਂ ਕਮਰੇ ਤੋਂ ਬਾਹਰ ਨਿਕਲ ਗਿਆ।

ਅਜੇ ਦੋ ਕੁ ਦਿਨ ਹੀ ਬੀਤੇ ਹੋਣੇ ਨੇ ਨਰਿੰਦਰ ਨੂੰ ਥਾਣੇ ਦਾ ਚਾਰਜ ਸੰਭਾਲਿਆ, ਇਕ ਸ਼ਿਕਾਇਤਕਰਤਾ ਥਾਣੇ ਵਿਚ ਭੱਜਿਆ ਭੱਜਿਆ ਆਇਆ। ਉਸਨੇ ਨਰਿੰਦਰ ਅੱਗੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗਾ, “ਜਨਾਬ, ਹੱਥ ਜੋੜ ਕੇ ਬੇਨਤੀ ਹੈ ਜੀ, ਛੇਤੀ ਚੱਲੋ ਜੀ ਮੇਰੇ ਨਾਲ, ਮਿੱਠੂ ਦੇ ਬੰਦਿਆਂ ਨੇ ਸਾਰੇ ਸ਼ਹਿਰ ਵਿਚ ਸਾਡੀਆਂ ਕੇਬਲ ਕੁਨੈਕਸ਼ਨ ਦੀਆਂ ਤਾਰਾਂ ਕੱਟ ਸੁਟੀਆਂਸਾਡੇ ਕੋਲ ਕੇਬਲ ਚਲਾਉਣ ਦਾ ਲਸੰਸ ਵੀ ਐ, ਫੇਰ ਵੀ ਮਿੱਠੂ ਸਿੰਘ ਦੇ ਬੰਦਿਆਂ ਕਰਕੇ ਸਾਡਾ ਬਿਜਨਸ ਖਤਰੇ ਚ ਐ ਜੀ ਬੜੀ ਬੇਇਨਸਾਫੀ ਹੈ ਜਨਾਬ, ਮਿੱਠੂ ਦੇ ਬੰਦੇ ਬੜੀ ਗੁੰਡਾਗਰਦੀ ਕਰਦੇ ਨੇ ਜੀ, ਜਿਉਣ ਨਹੀਂ ਜੀ ਦਿੰਦੇ ਕਿਸੇ ਨੂੰ।

ਓ ਯਾਰ ਸਾਹ ਤਾਂ ਲੈ ਲਾ, … ਮੁੰਡਿਆ ਪਾਣੀ ਲਿਆਈਂ ਬਈ ਇਨ੍ਹਾਂ ਲਈ।” ਨਰਿੰਦਰ ਨੇ ਬੜੇ ਸਲੀਕੇ ਨਾਲ ਕਿਹਾ।

“ਪਾਣੀ ਪੂਣੀ ਛੱਡੋ ਜਨਾਬ, ਮੇਰੇ ਨਾਲ ਚੱਲੋ ਕਿਰਪਾ ਕਰਕੇ, ਹੁਣੇ ਹੀ।” ਫਰਿਆਦੀ ਹੱਥ ਜੋੜ ਕੇ ਮਿੰਨਤ ਕਰਨ ਲੱਗਾ।

“ਓ ਮੁੰਡਿਓ, ਜੀਪ ਕੱਢੋ ਬਈ, … ਚੱਲ ਬਈ ਚੱਲੀਏ, ਅੱਛਾ ... ਜੀਪ ਦੇ ਮਗਰਲੇ ਪਾਸੇ ਬੈਠ ਜਾ ਤੂੰ ਵੀ।” ਨਰਿੰਦਰ ਕਾਹਲੀ ਕਾਹਲੀ ਵਿੱਚ ਜੀਪ ਦੀ ਮੂਹਰਲੀ ਸੀਟ ’ਤੇ ਜਾ ਬੈਠਾ।

“ਚੱਲੋ ਸਰ ਛੇਤੀ, ਨਹੀਂ ਤਾਂ ਅੱਜ ਮੇਰਾ ਕਾਰੋਬਾਰ ਡੁੱਬਿਆ ਹੀ ਸਮਝੋ।” ਫਰਿਆਦੀ ਬੁੜਬੁੜਾਉਂਦਾ ਹੋਇਆ ਜੀਪ ਦੇ ਮਗਰਲੇ ਪਾਸੇ ਬੈਟੇ ਦੋਂਹ ਸਿਪਾਹੀਆਂ ਨਾਲ ਜਾ ਬੈਠਾ

ਨਰਿੰਦਰ ਦੇ ਦਿਮਾਗ ਵਿਚ ਪਤਾ ਨਹੀਂ ਕੀ ਆਇਆ, ਡਰਾਈਵਰ ਦੇ ਮੋਢੇ ’ਤੇ ਹੱਥ ਮਾਰ ਕੇ ਕਹਿਣ ਲੱਗਾ, “ਖੜ੍ਹ ਯਾਰ ਕੇਰਾਂ, ਵੱਡੇ ਸਾਹਬ ਨਾਲ ਗੱਲ ਕਰ ਲੈਣ ਦੇ

ਨਰਿੰਦਰ ਨੇ ਵੱਡੇ ਸਾਹਿਬ ਨੂੰ ਦੱਸਿਆ, “... ਜੈ ਹਿੰਦ ਸਰ, ਹਾਂਜੀ ਹਾਂਜੀ, ਆਹ ਗੱਲ ਆ ਜੀ, ਮਿੱਠੂ ਦੇ ਗੁੰਡਿਆਂ ਨੇ ਸ਼ਹਿਰ ਵਿਚ ਅੱਤ ਚੁੱਕੀ ਪਈ ਆ ਜੀ ... ਹਾਂ ਜੀ, ਜੀ ...? ... ਹਾਂ ਜੀ... ਹਾਂ ਜੀ, ਅੱਜ ਅੱਧੀ ਰਾਤ ਨੂੰ ਜੀ? ਓ ਕੇ ਸਰ ... ਸਮਝ ਗਿਆ ਜੀ, ਠੀਕ ਆ ਜੀ।ਨਰਿੰਦਰ ਗੱਲ ਕਰਦਾ ਕਰਦਾ ਬੜੇ ਤੇਜ਼ ਕਦਮ ਪੁੱਟਦਾ ਇੱਕ ਪਾਸੇ ਨੂੰ ਤੁਰੀ ਗਿਆ। ਜੀਪ ਵਿੱਚ ਬੈਠੇ ਸਾਰੇ ਜਣੇ ਬੜੀ ਬੇਸਬਰੀ ਨਾਲ ਨਰਿੰਦਰ ਨੂੰ ਅੱਚਵੀ ਵਿਚ ਗੇੜੇ ਕੱਢਦਾ ਵੇਖ ਰਹੇ ਸਨ।

ਅੱਧੀ ਰਾਤ ਨੂੰ ਤਕਰੀਬਨ ਇੱਕ ਵੱਜਿਆ ਹੋਵੇਗਾ, ਘੱਟੋ ਘੱਟ 30 ਪੁਲਿਸ ਕਰਮੀ ਐੱਸ.ਐੱਸ.ਪੀ ਸਾਹਿਬ ਦੇ ਦਫਤਰ ਵਿਚ ਖੜ੍ਹੇ ਸਨ। ਵੱਡਾ ਸਾਹਿਬ ਉਹਨਾਂ ਨੂੰ ਦੱਸ ਰਿਹਾ ਸੀ, “ਮੇਰੀ ਗੱਲ ਗੌਰ ਨਾਲ ਸੁਣੋ ਸਾਰੇ, ਅੱਜ ਮਸਾਂ ਊਠ ਪਹਾੜ ਥੱਲੇ ਆਇਆ ਹੈ ਛੱਡਣਾ ਨਹੀਂ ਅਸੀਂ ਅੱਜ ਕਿਸੇ ਵੀ ਕਾਨੂੰਨ ਤੋੜਨ ਵਾਲੇ ਨੂੰ ... ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ। ਥੋੜ੍ਹੀ ਦੇਰ ਪਹਿਲਾਂ ਥਾਣਾ ਸਿਟੀ ਵਿਚ ਮਿੱਠੂ ਅਤੇ ਉਸਦੇ ਬੰਦਿਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਕੱਲ੍ਹ ਸੁਬਹ ਇਨ੍ਹਾਂ ਨੂੰ ਹੱਥ ਪਾਉਣਾ ਸੌਖਾ ਨਹੀਂ ਹੋਵੇਗਾ, ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਨੇ ਸ਼ਹਿਰ ਵਿਚ ਮਿੱਠੂ ਸਿੰਘ ਦੇ ਬੰਦੇ ਦੰਗੇ ਤਕ ਵੀ ਕਰਵਾ ਸਕਦੇ ਨੇ। ਇਸ ਲਈ ਚੰਗਾ ਹੋਵੇਗਾ ਕਿ ਅੱਜ ਰਾਤੋ ਰਾਤ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਆਪਣੇ ਕੋਲ ਨਵੇਂ-ਪੁਰਾਣੇ ਕੁੱਲ 15 ਤੋਂ ਵੀ ਵੱਧ ਮੁਕੱਦਮੇ ਨੇ ਇਨ੍ਹਾਂ ਉੱਪਰ। ਮੈਜਿਸਟਰੇਟ ਸਾਹਿਬ ਵੀ ਬੜੀ ਮਦਦ ਕਰਦੇ ਨੇ ਔਖੇ ਵੇਲੇ, ਰਾਤ ਨੂੰ ਦੋ ਵਜੇ ਵੀ ਰਿਮਾਂਡ ਲੈ ਲੈਣਗੇ ਸ਼ਹਿਰ ਵਿੱਚ ਗਸ਼ਤ ਵਧਾ ਦਿਓ ਰਾਤ ਨੂੰ ... ਹਾਂ ਸੱਚ, ਖਬਰਦਾਰ! ਜੇ ਪਲਾਨ ਲੀਕ ਹੋਇਆ ਤਾਂ ... ਸਾਰੇ ਆਪੋ ਆਪਣੇ ਸੈੱਲ ਫੋਨ ਮੇਰੇ ਕੋਲ ਰੱਖ ਦਿਓ। ਜਾਓ ਹੁਣ ਚੱਕ ਲਿਆਓ ਇੱਕੋ ਵਾਰੀ ਸਾਰਿਆਂ ਨੂੰਕੱਲ੍ਹ ਨੂੰ ਪੰਗਾ ਤਾਂ ਪਊ ਹੀ ਪਊ, ਕੋਈ ਨੀ ... ਮੈਂ ਖੜ੍ਹਾ ਹਾਂ ਤੁਹਾਡੇ ਮਗਰ ਚੱਟਾਨ ਵਾਂਗੂੰ ... ਜਾਓ ਮੇਰੇ ਸ਼ੇਰੋ, ਵਿਖਾ ਦਿਓ ਇਨ੍ਹਾਂ ਗਿੱਦੜਾਂ ਨੂੰ ਕਾਨੂੰਨ ਦੀ ਤਾਕਤ ... ਕਰ ਦਿਓ ਇਹ ਕੰਮ।”

ਸਾਰਿਆਂ ਪੁਲਿਸ ਕਰਮੀਆਂ ਵਿੱਚ ਜੋਸ਼ ਦੀ ਲਹਿਰ ਜਿਹੀ ਦੌੜ ਗਈ। ਬੁਲੰਦ ਆਵਾਜ਼ ਵਿਚ ਸਾਰੇ ਬੋਲ ਉੱਠੇ, “ਜਨਾਬ! ਕੰਮ ਹੋ ਗਿਆ ਸਮਝੋ। ਜੈ ਹਿੰਦ।

ਅਗਲਾ ਦਿਨ ਪੁਲਿਸ ਲਈ ਸੌਖਾ ਨਹੀਂ ਸੀ। ਵੱਡੇ ਸਾਹਿਬ ਦੇ ਫੋਨ ’ਤੇ ਫੋਨ ਖੜਕੀ ਗਏ। ਪੁਲਿਸ ਹੈੱਡਕੁਆਰਟਰ, ਹੋਮ ਡਿਪਾਰਟਮੈਂਟ ਅਤੇ ਹੋਰ ਪਤਾ ਨਹੀਂ ਕਿੰਨੇ ਮੰਤਰੀਆਂ-ਮਨਿਸਟਰਾਂ ਦੇ ਫੋਨ ਆਈ ਗਏ। ਬਹੁਤ ਕੁਝ ਸੁਣਨਾ ਪਿਆ। ਸ਼ਹਿਰ ਵਿਚ ਤਾਂ ਜਿਵੇਂ ਹੜਕੰਪ ਜਿਹਾ ਮੱਚ ਗਿਆ ਸੀ। ਪੁਲਿਸ ਨੂੰ ਕਈ ਥਾਵਾਂ ’ਤੇ ਲਾਠੀ ਚਾਰਜ ਵੀ ਕਰਨਾ ਪਿਆ।

ਕੁਝ ਵੀ ਕਹੋ, ਸ਼ਹਿਰ ਵਿਚ ਆਮ ਬੰਦਾ ਬੜਾ ਖੁਸ਼ ਨਜ਼ਰ ਆ ਰਿਹਾ ਸੀ। ਮਿੱਠੂ ਸਿੰਘ ਨੂੰ ਮੈਜਿਸਟਰੇਟ ਸਾਹਿਬ ਨੇ ਛੇ ਦਿਨਾਂ ਦੇ ਰਿਮਾਂਡ ਉੱਪਰ ਜੇਲ ਭੇਜ ਦਿੱਤਾ ਸੀ। ਸਾਰੇ ਪਾਸੇ ਪੁਲਿਸ ਦੀ ਵਾਹ ਵਾਹ ਹੋ ਰਹੀ ਸੀ। ਸਰਕਾਰ ਅਤੇ ਕਾਨੂੰਨ ’ਤੇ ਯਕੀਨ ਵਧ ਚੁੱਕਿਆ ਸੀ।

ਸ਼ਾਮ ਨੂੰ ਵੱਡਾ ਸਾਹਿਬ ਆਪਣੇ ਕੈਂਪ ਆਫਿਸ ਵਿਚ ਬੈਠਾ ਡਾਕ ਵੇਖ ਰਿਹਾ ਸੀ। ਇੰਨੇ ਨੂੰ ਅਰਦਲੀ ਦੋ ਫੈਕਸ ਮੈਸੇਜ ਲਿਆ ਕੇ ਸਾਹਮਣੇ ਰੱਖ ਗਿਆ। ਬਾਕੀ ਡਾਕ ਪਾਸੇ ਰੱਖ ਕੇ ਵੱਡਾ ਸਾਹਿਬ ਫੈਕਸ ਮੈਸੇਜ ਗੌਰ ਨਾਲ ਪੜ੍ਹਨ ਲੱਗਿਆ। ਇੱਕ ਮੈਸੇਜ ਵੱਡੇ ਸਾਹਿਬ ਅਤੇ ਦੂਜਾ ਨਰਿੰਦਰ ਦੇ ਤਬਾਦਲੇ ਦਾ ਸੀ।

*****

(991)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਵਿਕਰਮਜੀਤ ਦੁੱਗਲ

ਵਿਕਰਮਜੀਤ ਦੁੱਗਲ

Vikramjeet Duggal IPS (Commissioner Of Police)
Ramagundam, Telangana, India.
Phone: (91 - 83329 - 41100)
Email: (writevikram2007@gmail.com)