GurmitShugli7ਸਾਲ ਪੂਰਾ ਹੋਣ ਨੂੰ ਹੈ। ਸਰਕਾਰ ਵਿਵਾਦਾਂ ਦੇ ਲੜ ਲੱਗੀ ਹੋਈ ਹੈ। ਰਾਹ ਕੋਈ ਲੱਭਦਾ ਨਹੀਂ ...
(27 ਜਨਵਰੀ 2018)

 

ਰਾਜਨੀਤੀ ਦੀ ਪਿੱਚ ’ਤੇ ਕਿਹੜਾ ਖਿਡਾਰੀ ਕਦੋਂ ਆਊਟ ਹੋ ਜਾਵੇ, ਪਤਾ ਨਹੀਂ ਲੱਗਦਾ। ਰਾਜਨੀਤਕ ਪਿੱਚ ਹੈ ਹੀ ਏਨੀ ਤਿਲ੍ਹਕਣ ਭਰੀ ਕਿ ਚੰਗਾ-ਭਲਾ ਬੱਲੇਬਾਜ਼ੀ ਕਰਦਾ-ਕਰਦਾ ਖਿਡਾਰੀ ਕਦੋਂ ਵਾਪਸ ਪਵੇਲੀਅਨ ਪਰਤ ਜਾਵੇ, ਪਤਾ ਨਹੀਂ ਲੱਗਦਾ। ਪਹਿਲਾਂ ਇਉਂ ਲੱਗਦਾ ਸੀ ਕਿ ਸੁਖਪਾਲ ਸਿੰਘ ਖਹਿਰਾ ਦੀ ਵਿਕਟ ਗਈ ਕਿ ਗਈ। ਉਹਨੂੰ ਫਾਜ਼ਿਲਕਾ ਦੀ ਅਦਾਲਤ ਵੱਲੋਂ ਸੰਮਨ ਜਾਰੀ ਹੋਏ ਤਾਂ ਵਿਰੋਧੀ ਖਿਡਾਰੀਆਂ ਨੇ ਉਹਦੀ ਵਿਕਟ ਝਟਕਾਉਣ ਲਈ ਪੂਰਾ ਟਿੱਲ ਲਾ ਦਿੱਤਾ। ਪਰ ਜਦੋਂ ਉਸ ਨੂੰ ਉੱਪਰਲੀ ਅਦਾਲਤ ਵੱਲੋਂ ਰਾਹਤ ਮਿਲ ਗਈ ਤਾਂ ਵਿਰੋਧੀ ਠੰਢੇ ਜਿਹੇ ਹੋ ਗਏ। ਪਰ ਖਹਿਰਾ ਤੇ ਬਾਕੀ ਵਿਰੋਧੀਆਂ ਨੇ ਰਾਣਾ ਗੁਰਜੀਤ ਸਿੰਘ ਦੀ ਵਿਕਟ ਝਟਕਾਉਣ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ।

ਰਾਣਾ ਗੁਰਜੀਤ ਸਿੰਘ ਦਾ ਵਿਵਾਦਾਂ ਨਾਲ ਰਿਸ਼ਤਾ ਕੋਈ ਨਵੀਂ ਗੱਲ ਨਹੀਂ। ਹੁਣ ਤਾਂ ਚਲੋ ਉਹ ਮੰਤਰੀ ਸਨ, ਜਦੋਂ ਸਿਰਫ਼ ਵਿਧਾਇਕ ਹੁੰਦੇ ਸਨ, ਤਾਂ ਵੀ ਕਿਸੇ ਨਾ ਕਿਸੇ ਗੱਲੋਂ ਵਿਵਾਦ ਉਨ੍ਹਾਂ ਨਾਲ ਜੁੜਦੇ ਰਹੇ। ਕਦੇ ਚੋਣ ਜਿੱਤਣ ਦੇ ਤਰੀਕਿਆਂ ਨਾਲ ਸਬੰਧਤ ਤੇ ਕਦੇ ਹੋਰ ਧੱਕੜਸ਼ਾਹੀਆਂ। ਐਤਕੀਂ ਉਹ ਜਦੋਂ ਦੇ ਬਿਜਲੀ ਤੇ ਸਿੰਚਾਈ ਮੰਤਰੀ ਬਣੇ, ਉਨ੍ਹਾਂ ਪਿੱਛੇ ਕਈ ਵਿਰੋਧੀ ਖਿਡਾਰੀ ਹੱਥ ਧੋ ਕੇ ਪਏ ਸਨ। ਰਾਣਾ ਦਾ ਨਾਂ ਰੇਤ ਦੀਆਂ ਖੱਡਾਂ ਦੀ ਨੀਲਾਮੀ ਮਾਮਲੇ ਵਿੱਚ ਆਇਆ ਤਾਂ ਵਿਰੋਧੀਆਂ ਨੇ ਗੇਂਦਬਾਜ਼ੀ ਤੇਜ਼ ਕਰ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦਾ ਪੱਕਾ ਸਾਥੀ ਹੋਣ ਦਾ ਉਨ੍ਹਾਂ ਨੂੰ ਲਾਭ ਮਿਲਦਾ ਗਿਆ ਤੇ ਵਿਕਟ ਬਚਦੀ ਰਹੀ। ਪਰ ਹੁਣ ਜਦੋਂ ਪੁੱਤ ਇੰਦਰ ਪ੍ਰਤਾਪ ਸਿੰਘ ਦਾ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਾਡਾਰ ’ਤੇ ਆ ਗਿਆ ਤਾਂ ਵਿਰੋਧੀ ਮੁੜ ਹਮਲਾਵਰ ਹੋ ਗਏ। ਮਾਮਲਾ ਰਾਹੁਲ ਗਾਂਧੀ ਦੇ ਦਰਬਾਰ ਤੱਕ ਪਹੁੰਚ ਗਿਆ। ਰਸਮੀ ਤੌਰ ’ਤੇ ਕੈਪਟਨ ਨੂੰ ਰਾਣੇ ਨੇ ਅਸਤੀਫ਼ਾ ਸੌਂਪ ਦਿੱਤਾ। ਸ਼ਾਇਦ ਇਸ ਆਸ ਨਾਲ ਹੀ ਸੌਂਪਿਆ ਕਿ ਇਹ ਕਿਹੜਾ ਸਵੀਕਾਰ ਹੋਣਾ। ਪਰ ਰਾਹੁਲ ਦੇ ਦਬਾਅ ਨਾਲ ਸਵੀਕਾਰ ਕਰਨਾ ਪੈ ਗਿਆ।

ਕੈਪਟਨ ਨੂੰ ਇਸ ਸਭ ਨਾਲ ਕਰਾਰਾ ਝਟਕਾ ਲੱਗਾ ਹੈ। ਇੱਕ ਤਾਂ ਉਨ੍ਹਾਂ ਦਾ ਸਾਥੀ ਮੰਤਰੀ ਮੰਡਲ ਵਿੱਚੋਂ ਬਾਹਰ ਹੋਇਆ ਹੈ, ਦੂਜਾ ਵਿਰੋਧੀਆਂ ਦੀ ਚੜ੍ਹ ਮਚਣੀ ਕੁਦਰਤੀ ਹੈ। ਵੱਡੇ ਬਾਦਲ ਨੂੰ ਕਹਿਣ ਦਾ ਮੌਕਾ ਮਿਲ ਗਿਆ, ‘ਰਾਣਾ, ਕੈਪਟਨ ਦੀ ਸੱਜੀ ਬਾਂਹ ਹੈ। ਰਾਹੁਲ ਦਾ ਫ਼ੈਸਲਾ ਦਰੁਸਤ ਹੈ।’ ਖਹਿਰਾ ਤਾਂ ਹਾਲੇ ਵੀ ਕਹਿ ਰਿਹੈ, ‘ਇੱਕ ਵਿਕਟ ਲਈ ਹੈ ਹਾਲੇ। ਬਹੁਤ ਕੁੱਝ ਹੋਣਾ ਬਾਕੀ ਹੈ।’

ਉੱਧਰੋਂ ਤਾਅ ਵਿਚ ਆਏ ਰਾਣਾ ਗੁਰਜੀਤ ਸਿੰਘ ਨੇ ਵੀ ਖਹਿਰਾ ਨੂੰ ਲਲਕਾਰਿਆ ਹੈ ਕਿ ਜੇ ਖੁਦ ਨੂੰ ਇੰਨਾ ਹਰਮਨਪਿਆਰਾ ਸਮਝਦਾ ਹੈਂ ਤਾਂ ਭੁਲੱਥ ਤੋਂ ਮੇਰੇ ਖਿਲਾਫ਼ ਚੋਣ ਲੜ ਕੇ ਵਿਖਾ।

ਰਾਣੇ ਦਾ ਇਹ ਗੁੱਸਾ ਕੁਦਰਤੀ ਹੈ। ਪਰ ਉਸ ਦੇ ਸਲਾਹਕਾਰਾਂ ਨੂੰ ਚਾਹੀਦਾ ਹੈ ਕਿ ਉਹਨੂੰ ਸਮਝਾਉਣ, ਇਹ ਵੇਲਾ ਬੋਲਣ ਦਾ ਨਹੀਂ, ਸਮਝਣ ਦਾ ਹੈ। ਰਾਜਨੀਤੀ ਕ੍ਰਿਕਟ ਦੀ ਪਿੱਚ ਵਰਗੀ ਤਾਂ ਹੈ ਹੀ, ਕਦੇ-ਕਦੇ ਇਹਨੂੰ ਸ਼ੇਅਰ ਮਾਰਕੀਟ ਦੇ ਉਤਾਰ-ਚੜ੍ਹਾਅ ਨਾਲ ਵੀ ਜੋੜ ਕੇ ਸਮਝੀਦਾ। ਸ਼ੇਅਰ ਮਾਰਕੀਟ ਖੁੱਲ੍ਹਦੀ ਹੋਰ ਰੂਪ ਵਿੱਚ ਹੈ ਤੇ ਬੰਦ ਹੋਣ ਵੇਲੇ ਅੰਕੜਾ ਹੋਰ ਹੁੰਦਾ ਹੈ। ਰਾਣੇ ਦੀ ਸਰਗਰਮੀ ਸ਼ੇਅਰ ਮਾਰਕੀਟ ਵਰਗੀ ਰਹੀ, ਪਰ ਇਕਦਮ ਰਿਕਾਰਡ ਤੋੜ ਨਿਵਾਣ ਨਾਲ ਇਹ ਮਾਰਕੀਟ ਬੰਦ ਹੋਈ ਹੈ।

ਵੈਸੇ ਕੈਪਟਨ ਨੂੰ ਚਾਰ ਦਿਨਾਂ ਵਿੱਚ ਦੋ ਵੱਡੇ ਝਟਕੇ ਲੱਗੇ ਹਨ। ਦੂਜਾ ਝਟਕਾ ਸੁਰੇਸ਼ ਕੁਮਾਰ ਦਾ ਹੈ। ਕੈਪਟਨ ਦੇ ਸਭ ਤੋਂ ਵਫ਼ਾਦਾਰ ਲੋਕਾਂ ਵਿੱਚੋਂ ਇੱਕ, ਸੁਰੇਸ਼ ਕੁਮਾਰ ਦੀ ਨਿਯੁਕਤੀ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਗਈ। ਸੁਰੇਸ਼ ਕੁਮਾਰ ਦੀ ਖਾਤਰ ਹੀ ਉਨ੍ਹਾਂ ਮੁੱਖ ਪ੍ਰਿੰਸੀਪਲ ਸਕੱਤਰ ਵਾਲੀ ਅਸਾਮੀ ਪੈਦਾ ਕੀਤੀ ਸੀ। ਪਰ ਇਹ ਮਾਮਲਾ ਅਦਾਲਤ ਵਿੱਚ ਸੀ ਕਿ ਇੱਕ ਸਾਬਕਾ ਆਈ.ਏ.ਐੱਸ ਅਫਸਰ ਨੂੰ ਇਸ ਤਰ੍ਹਾਂ ਕੈਬਨਿਟ ਰੈਂਕ ਨਹੀਂ ਦਿੱਤਾ ਜਾ ਸਕਦਾ। ਅਖੀਰ ਅਦਾਲਤ ਵੱਲੋਂ ਫ਼ੈਸਲਾ ਸੁਣਾ ਦਿੱਤਾ ਗਿਆ ਤੇ ਕੈਪਟਨ ਨੂੰ ਤਕੜੀ ਸੱਟ ਵੱਜੀ।

ਕੈਪਟਨ ਨੇ ਹੁਣ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਸ ਮਾਮਲੇ ਦੀ ਪੈਰਵੀ ਕਰਨ ਲਈ ਕਿਹਾ ਹੈ। ਮਾਮਲਾ ਆਉਂਦੇ ਦਿਨਾਂ ਵਿੱਚ ਹਾਈਕੋਰਟ ਦੇ ਡਬਲ ਬੈਂਚ ਜਾਂ ਸੁਪਰੀਮ ਕੋਰਟ ਵਿੱਚ ਚੁਣੌਤੀ ਲਈ ਜਾ ਸਕਦਾ ਹੈ। ਉੱਥੋਂ ਸੁਰੇਸ਼ ਕੁਮਾਰ ਨੂੰ ਕੋਈ ਰਾਹਤ ਮਿਲੇਗੀ ਜਾਂ ਨਹੀਂ, ਕੁਝ ਕਹਿ ਨਹੀਂ ਸਕਦੇ। ਪਰ ਵਿਰੋਧੀ ਪਾਰਟੀਆਂ ਦਾ ਸੁਰੇਸ਼ ਕੁਮਾਰ ਤੇ ਰਾਣਾ ਗੁਰਜੀਤ ਦੀਆਂ ਵਿਕਟਾਂ ਝਟਕੇ ਜਾਣ ਕਰਕੇ ਖੁਸ਼ ਹੋਣਾ ਕੁਦਰਤੀ ਹੈ।

ਇਸ ਵੇਲੇ ਪੰਜਾਬ ਮੰਤਰੀ ਮੰਡਲ ਵਿੱਚ ਵਿਸਥਾਰ ਦੀ ਗੱਲ ਚੱਲ ਰਹੀ ਹੈ। ਜਦੋਂ ਵੀ ਵਿਸਥਾਰ ਦੀ ਗੱਲ ਸਿਰੇ ਲੱਗਣ ਲੱਗਦੀ ਹੈ, ਕੋਈ ਨਾ ਕੋਈ ਨਵੀਂ ਭਸੂੜੀ ਪੈਦਾ ਹੋ ਜਾਂਦੀ ਹੈ ਤੇ ਮਾਮਲਾ ਮੁੜ ਉੱਥੇ ਦਾ ਉੱਥੇ ਰਹਿ ਜਾਂਦਾ ਹੈ। ਹੁਣ ਕੈਬਨਿਟ ਵਾਧਾ ਲੁਧਿਆਣਾ ਨਿਗਮ ਚੋਣਾਂ ਤੋਂ ਬਾਅਦ ਹੋਵੇਗਾ, ਪਰ ਰਾਣੇ ਵਾਲੀ ਥਾਂ ਲੈਣ ਲਈ ਦੁਆਬੇ ਦੇ ਕਈ ਵਿਧਾਇਕ ਸਿਰਤੋੜ ਯਤਨ ਸ਼ੁਰੂ ਕਰ ਚੁੱਕੇ ਹਨ। ਸੰਗਤ ਸਿੰਘ ਗਿਲਜੀਆਂ, ਸ਼ਾਮ ਸੁੰਦਰ ਅਰੋੜਾ, ਪ੍ਰਗਟ ਸਿੰਘ ਤੇ ਕਈ ਹੋਰ ਇਸ ਕਤਾਰ ਵਿੱਚ ਹਨ। ਮਾਝੇ ਤੋਂ ਪਹਿਲਾਂ ਹੀ ਕੈਬਨਿਟ ਵਿੱਚ ਤਿੰਨ ਮੰਤਰੀ ਹਨ, ਇਸ ਲਈ ਐਤਕੀਂ ਦੁਆਬੇ ਤੇ ਮਾਲਵੇ ਵਿੱਚੋਂ ਮੰਤਰੀ ਚੁਣੇ ਜਾਣ ਦੀ ਆਸ ਹੈ। ਮਾਲਵੇ ਵਿੱਚੋਂ ਰਾਣਾ ਸੋਢੀ, ਰਾਜਾ ਵੜਿੰਗ ਤੇ ਕਈ ਹੋਰ ਨਾਂ ਇਸ ਕਤਾਰ ਵਿੱਚ ਹਨ।

ਕੋਈ ਮੰਤਰੀ ਬਣੇ ਜਾਂ ਨਾ, ਸਾਡਾ ਮਸਲਾ ਇਹ ਨਹੀਂ, ਸਗੋਂ ਇਹ ਹੈ ਕਿ ਜਿਹੜੇ ਮੰਤਰੀ ਬਣੇ ਹੋਏ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਕੀ ਹੈ। ਰਾਣਾ ਗੁਰਜੀਤ ਸਿੰਘ ਦੀ ਸਰਗਰਮੀ ਸਿਵਾਏ ਵਿਵਾਦਾਂ ਦੇ ਜ਼ੀਰੋ ਰਹੀ ਹੈ। ਦਸ ਮਹੀਨੇ ਦੇ ਕਾਰਜਕਾਲ ਵਿੱਚ ਨਾ ਕਾਂਗਰਸ ਸਰਕਾਰ ਕੁਝ ਕਰ ਸਕੀ ਹੈ ਤੇ ਨਾ ਚੁਣੇ ਗਏ ਵਿਧਾਇਕ। ਪੈਸਾ ਨਾ ਹੋਣ ਦਾ ਰੋਣਾ ਰੋ ਕੇ ਪਰਦਾ ਪਾਇਆ ਜਾਂਦਾ ਹੈ। ਰਾਣੇ ਵਾਂਗ ਪਹਿਲਾ ਵਿਵਾਦ ਸਾਧੂ ਸਿੰਘ ਧਰਮਸੋਤ ਦਾ ਸਾਹਮਣੇ ਆਇਆ ਸੀ, ਪਰ ਅੱਜ-ਕੱਲ੍ਹ ਉਹ ਸਮਝ ਗਏ ਜਾਪਦੇ ਨੇ ਕਿ ਘੱਟ ਬੋਲਣ ਵਿੱਚ ਹੀ ਫ਼ਾਇਦਾ ਹੈ। ਇਸ ਵੇਲੇ ਸਿਰਫ਼ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ ਸਰਗਰਮ ਦਿਸਦੇ ਹਨ, ਪਰ ਉਹ ਵੀ ਸਿਰਫ਼ ਗੱਲਾਂ ਵਜੋਂ ਸਰਗਰਮ ਹਨ, ਹੋਰ ਕੋਈ ਸਰਗਰਮੀ ਨਹੀਂ।

ਸਾਲ ਪੂਰਾ ਹੋਣ ਨੂੰ ਹੈ। ਸਰਕਾਰ ਵਿਵਾਦਾਂ ਦੇ ਲੜ ਲੱਗੀ ਹੋਈ ਹੈ। ਰਾਹ ਕੋਈ ਲੱਭਦਾ ਨਹੀਂ। ਲੋਕਾਂ ਨੂੰ ਰਾਹਤ ਦੇਣ ਦੇ ਨਾਂ ’ਤੇ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਇਹ ਸਭ ਕਿੰਨਾ ਕੁ ਚਿਰ ਚੱਲੇਗਾ, ਪਤਾ ਨਹੀਂ। ਪਰ ਰਾਣਾ ਗੁਰਜੀਤ ਤੇ ਸੁਰੇਸ਼ ਕੁਮਾਰ ਦੇ ਰੂਪ ਵਿੱਚ ਦੋ ਅਜਿਹੇ ਫ਼ੈਸਲੇ ਕੈਪਟਨ ਦੇ ਖਿਲਾਫ਼ ਗਏ ਹਨ, ਜਿਸ ਕਰਕੇ ਆਉਂਦੇ ਸਮੇਂ ਵਿਚ ਕੈਪਟਨ ਤੇ ਸਮੁੱਚੀ ਸਰਕਾਰ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ। ਰਾਣੇ ਨੂੰ ਸਮਝਣਾ ਚਾਹੀਦਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਬੈਠੇ ਕਈ ਰਾਹੁਲ ਗਾਂਧੀ ਦੇ ਬੀਬੇ ਰਾਣੇ ਉਹਦੀ ਵਿਕਟ ਝਟਕਾਉਣ ਵਿੱਚ ਯੋਗਦਾਨ ਪਾ ਗਏ ਹਨ। ਅਗਲੀ ਵਾਰ ਕੌਣ, ਕਿਸਦਾ ਨਿਸ਼ਾਨਾ ਹੋਵੇਗਾ, ਕੋਈ ਭਵਿੱਖਬਾਣੀ ਨਹੀਂ, ਪਰ ਵਿਵਾਦਾਂ ਨਾਲ ਜੁੜੇ ਤੇ ਧੜੇਬੰਦੀ ਵਿੱਚ ਫਸੇ ਕਿਸੇ ਹੋਰ ਦੀ ਵਾਰੀ ਜ਼ਰੂਰ ਆਵੇਗੀ।

*****

(987)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

**

ਮਸ਼ਹੂਰ ਪੰਜਾਬੀ ਗਾਇਕ ਸਾਬਰਕੋਟੀ ਨਹੀਂ ਰਹੇ!

SabarKoti1

ਨਵਾਂ ਜ਼ਮਾਨਾ (ਜਲੰਧਰ)

(25 ਜਨਵਰੀ 2018)

ਗਾਇਕੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਾਬਰਕੋਟੀ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ। ਅੱਜ ਸ਼ਾਮ ਸਾਢੇ ਪੰਜ ਵਜੇ ਉਨ੍ਹਾਂ ਜਲੰਧਰ ਦੇ ਮੈਟਰੋ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਪੰਜਾਹ ਸਾਲਾਂ ਦੇ ਸਾਬਰਕੋਟੀ ਨੇ ਆਪਣੀ ਸੰਗੀਤਕ ਸ਼ੁਰੂਆਤ 1995-96 ਤੋਂ ਕੀਤੀ। ਸਾਬਰਕੋਟੀ ਨੇ ‘ਉਹ ਮੌਸਮ ਵਾਂਗੂੰ ਬਦਲ ਗਏ, ਅਸੀਂ ਰੁੱਖਾਂ ਵਾਂਗੂੰ ਖੜ੍ਹੇ ਰਹੇ’, ‘ਤੈਨੂੰ ਕੀ ਦੱਸੀਏ’, ‘ਪੀਂਘ ਚੜ੍ਹਾਉਂਦੀ ਦਾ’ ਆਦਿ ਕਈ ਹਿੱਟ ਗੀਤ ਗਾਏ। ਉਸ ਦੀਆਂ ਕਈ ਐਲਬਮ ਬਹੁਤ ਮਕਬੂਲ ਹੋਈਆਂ, ਜਿਵੇਂ ਗੁਲਾਬੋ, ਹੰਝੂ ਤੇ ਫਰਮਾਇਸ਼ ਆਦਿ। ਪੰਜਾਬ ਦੇ ਸੁਰੀਲੇ ਗਾਇਕਾਂ ਵਿੱਚੋਂ ਮੋਹਰੀ ਸਾਬਰਕੋਟੀ ਜਲੰਧਰ ਦੇ ਦੀਪ ਨਗਰ ਵਿੱਚ ਰਹਿੰਦੇ ਸਨ। ਉਹ ਸੰਗੀਤਕ ਪਰਿਵਾਰ ਤੋਂ ਸਨ, ਪਰ ਹਾਲੇ ਤੱਕ ਉਨ੍ਹਾਂ ਦੇ ਆਪਣੇ ਬੱਚਿਆਂ ਵਿੱਚੋਂ ਕੋਈ ਗਾਇਕੀ ਦੇ ਖੇਤਰ ਵਿੱਚ ਨਹੀਂ ਕੁੱਦਿਆ। ਸਾਬਰਕੋਟੀ ਦਾ ਵਿਆਹ ਰੀਟਾ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਚਾਰ ਬੱਚੇ ਹਨ।

**

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author