GurmitPalahi7ਉਹਨਾਂ ਲੋਕਾਂ ਵਲੋਂ ਇਸ ਨੂੰ ਹਿੰਦੂਰਾਸ਼ਟਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈਜਿਹਨਾਂ ਦਾ ਆਜ਼ਾਦੀ ਸੰਗਰਾਮ ਵਿੱਚ ...
(26 ਜਨਵਰੀ 2018)

 

ਅੰਗਰੇਜ਼ ਹੁਕਮਰਾਨਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੇ 894 ਦਿਨਾਂ ਬਾਅਦ 26 ਜਨਵਰੀ 1950 ਨੂੰ ਡਾ. ਰਜਿੰਦਰ ਪ੍ਰਸ਼ਾਦ ਵਲੋਂ 21 ਗੰਨਾਂ ਦੀ ਸਲਾਮੀ ਲੈਣ ਬਾਅਦ, ਭਾਰਤ ਦੇਸ਼ ਦਾ ਆਪਣਾ ਝੰਡਾ ਲਹਿਰਾਇਆ ਗਿਆ। ਇਹ ਦੇਸ਼ ਦੇ ਲੋਕਾਂ ਲਈ ਖੁਸ਼ੀ ਦਾ ਮੌਕਾ ਸੀ। ਇਹ ਭਾਰਤੀ ਗਣਤੰਤਰ ਦਾ ਜਨਮ ਸੀ। ਇਸ ਦਿਨ ਦੇਸ਼ ਦੇ ਲੋਕਾਂ ਲਈ ਨਵੇਂ ਸੁਪਨਿਆਂ ਦਾ ਆਗਾਜ਼ ਹੋਇਆ। ਆਜ਼ਾਦੀ ਮਿਲੀ ਬੋਲਣ-ਚੱਲਣ, ਲਿਖਣ-ਪੜ੍ਹਨ ਅਤੇ ਆਜ਼ਾਦ ਤੌਰ ’ਤੇ ਖੁੱਲ੍ਹਕੇ ਵਿਚਰਣ ਦੀ। ਦੇਸ਼ ਨੂੰ ਇਸੇ ਦਿਨ ਨਵਾਂ ਸੰਵਿਧਾਨ ਮਿਲਿਆ। ਉਹ ਸੰਵਿਧਾਨ ਜਿਹੜਾ ਦੇਸ਼ ਦੇ ਬੁੱਧੀਜੀਵੀਆਂ, ਵਕੀਲਾਂ, ਚਿੰਤਕਾਂ ਨੇ ਡਾ. ਭੀਮ ਰਾਓ ਰਾਮ ਜੀ ਅੰਬੇਦਕਰ ਦੀ ਅਗਵਾਈ ਵਿੱਚ ਦੇਸ਼ ਦੇ ਹਰ ਵਰਗ ਦੇ, ਹਰ ਧਰਮ ਦੇ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰੜੀ ਮਿਹਨਤ ਨਾਲ ਤਿਆਰ ਕੀਤਾ। ਇਸ ਦਿਨ ਦੇਸ਼ ਨੂੰ ਧਰਮ ਨਿਰਪੱਖ, ਲੋਕਤੰਤਰਿਕ ਗਣਤੰਤਰ ਘੋਸ਼ਿਤ ਕੀਤਾ ਗਿਆ।

ਦੇਸ਼ ਵਿਚ ਲਾਗੂ ਕੀਤੇ ਸੰਵਿਧਾਨ ਵਿੱਚ ਦੇਸ਼ ਦੇ ਨਾਗਰਿਕਾਂ ਨੂੰ ਮੁੱਢਲੇ ਅਧਿਕਾਰ ਦਿੱਤੇ ਗਏ। ਨਿੱਜਤਾ ਦੇ ਅਧਿਕਾਰ ਨੂੰ ਸੰਵਿਧਾਨ ਵਿੱਚ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ ਗਿਆ। ਅੱਜ ਦੇਸ਼ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿਸ ਦੇ ਕਾਰਜਪਾਲਕਾ, ਵਿਧਾਨਪਾਲਕਾ ਅਤੇ ਨਿਆਂਪਾਲਿਕਾ ਵਿਸ਼ੇਸ਼ ਅੰਗ ਹਨ। ਪਰ ਕੀ ਭਾਰਤੀ ਲੋਕਤੰਤਰ ਦੇ ਤਿੰਨੇ ਅੰਗ ਠੀਕ ਕੰਮ ਕਰ ਰਹੇ ਹਨ, ਆਪਣਾ,ਅਕਸ’ ਚੰਗੇਰਾ ਬਣਾ ਰਹੇ ਹਨ? ਦੇਸ਼ ਦੇ ਨਾਗਰਿਕ ਸੱਤ ਦਹਾਕੇ ਬੀਤਣ ਬਾਅਦ ਕੀ ਲੋਕਤੰਤਰਿਕ ਗਣਤੰਤਰ ਦੀਆਂ ਉਹ ਠੰਢੀਆਂ ਹਵਾਵਾਂ ਮਾਣ ਸਕੇ ਹਨ, ਜਿਸ ਬਾਰੇ ਸੰਵਿਧਾਨ ਬਣਾਉਣ ਵਾਲੇ ਅਤੇ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਲੋਕਾਂ ਨੇ ਚਿਤਵਿਆ ਸੀ? ਦੇਸ਼ ਦੇ ਹਾਕਮ ਕੀ ਉਹ ਸਾਰੇ ਕਰਤੱਵ ਨਿਭਾ ਸਕੇ ਹਨ, ਜਿਹਨਾਂ ਨੂੰ ਸੰਵਿਧਾਨ ਵਿੱਚ ਨਿਭਾਉਣ ਲਈ, ਨਿਯਮਬੱਧ ਸਾਫ-ਸੁਥਰੇ ਆਦੇਸ਼ ਦਿੱਤੇ ਗਏ ਸਨ। ਉਹ ਨੇਤਾ ਜਿਹਨਾਂ ਤੋਂ ਇਸ ਗੱਲ ਦੀ ਤਵੱਕੋ ਸੀ ਕਿ ਉਹ ਦੇਸ਼ ਵਿੱਚ ‘ਸਮਾਜ ਸੇਵਕ’ ਬਣਕੇ ਕੰਮ ਕਰਨਗੇ, ਅਸਲ ਵਿੱਚ ਉਹ ਦੇਸ਼ ਦੇ ਹਾਕਮ ਬਣਕੇ ਲੋਕਾਂ ਦੇ ਹੱਕ ਖੋਹਣ ਦੇ ਰਸਤੇ ਤੁਰ ਪਏ ਹਨ। ਵੱਖੋ- ਵੱਖਰੀਆਂ ਰਾਜਨੀਤਕ ਪਾਰਟੀਆਂ ਵਿਚ ਆਪਣੀ ਚੌਧਰ ਤੇ ਧਾਕ ਜਮਾ ਕੇ ਉਹ ਮਨਮਾਨੀਆਂ ਕਰਨ ਦੇ ਰਾਹ ਤੁਰੇ ਹੋਏ ਹਨ ਅਤੇ ਸਮੁੱਚੇ ਭਾਰਤ ਵਿੱਚ ਇਹਨਾਂ ਨੇਤਾਵਾਂ ਦਾ ਇਕ ਵਰਗ ਪੈਦਾ ਹੋ ਗਿਆ ਹੈ, ਜਿਹੜੇ ਪੀੜ੍ਹੀ ਦਰ ਪੀੜ੍ਹੀ ਆਪਣੀ ਔਲਾਦ ਨੂੰ ਅੱਗੇ ਕਰਕੇ ਦੇਸ਼ ਦੇ ਹਾਕਮ ਬਣਨ ਲਈ ਹਰ ਕਿਸਮ ਦੀ ਭੰਨ ਤੋੜ ਕਰਦੇ ਹਨ।

ਅਫ਼ਸਰਸ਼ਾਹੀ, ਭਾਵ ਕਾਰਜ ਪਾਲਿਕਾ ਨੂੰ ਲਾਲਚ ਦੇ ਕੇ, ਡਰਾ ਧਮਕਾ ਕੇ ਆਪਣੇ ਨਾਲ ਜੋੜਦੇ ਹਨ ਅਤੇ ਆਪਣੀ ਕੁਰਸੀ ਹਰ ਹੀਲੇ ਕਾਇਮ ਕਰ ਰਹੇ ਹਨ। ਭਾਵ ਦੇਸ਼ ਦੇ ਲੋਕਤੰਤਰ ਦੇ ਦੋ ਥੰਮ੍ਹ ਪਿਛਲੇ ਸੱਤ ਦਹਾਕਿਆਂ ਵਿੱਚ ਪਤਨ ਦੇ ਰਸਤੇ ਤੁਰ ਕੇ ਭਾਰਤੀ ਲੋਕਤੰਤਰ ਨੂੰ ਖੋਰਾ ਲਾਉਣ ਦੇ ਰਾਹ ਤੁਰੇ ਹਨ। ਅਸਲ ਵਿੱਚ ਦੇਸ਼ ਦੇ ਕੁਝ ਕੁ ਨੇਤਾ ਵਿਧਾਨਪਾਲਿਕਾ,ਅਤੇ ਕਾਰਜਪਾਲਿਕਾ ਉੱਤੇ ਹਾਵੀ ਹੋ ਕੇ ਇਸ ਵੇਲੇ ਨਿਆਂਪਾਲਿਕਾ ਉੱਤੇ ਗਲਬਾ ਪਾ ਕੇ ਭਾਰਤੀ ਲੋਕਤੰਤਰ ਦੀ ਤਾਕਤ ਨੂੰ ਖਤਮ ਕਰਨਾ ਚਾਹੁੰਦੇ ਹਨ। ਲੋਕਤੰਤਰ ਨੂੰ ਬਚਾਉਣ ਲਈ ਜਾਣਿਆ ਜਾਂਦਾ ਅਤੇ ਇੱਕ ਚੌਕੀਦਾਰ ਵਜੋਂ ‘ਜਾਗਦੇ ਰਹਿਣਾ ਬਈਓ’ ਦਾ ਹੋਕਾ ਦੇਣ ਵਾਲੀ ਬਹੁਤੀ ਭਾਰਤੀ ਪ੍ਰੈੱਸ ਅਤੇ ਮੀਡੀਆ ਕਾਰਪੋਰੇਟ ਸੈਕਟਰ ਦੇ ਪੰਜੇ ਵਿੱਚ ਫਸੇ ਹੋਣ ਕਾਰਨ ਆਪਣੀ ਸਹੀ ਭੂਮਿਕਾ ਨਿਭਾਉਣ ਵਿਚ ਕਾਮਯਾਬ ਨਹੀਂ ਹੋ ਰਹੇ।

ਲੋਕ ਬੇਰੋਜ਼ਗਾਰ ਹਨ, ਭੁੱਖੇ ਹਨ। ਲੋਕਾਂ ਦੀਆਂ ਦਿਨ ਪ੍ਰਤੀ ਦਿਨ ਆਮਦਨ ਘੱਟ ਰਹੀ ਹੈ। ਲੋਕਾਂ ਦਾ ਜੀਉਣ-ਪੱਧਰ ਨੀਵਾਂ ਹੋ ਰਿਹਾ ਹੈ। ਲੋਕ ਭੈੜੇ ਪ੍ਰਦੂਸ਼ਤ ਵਾਤਾਵਰਨ ਵਿਚ ਰਹਿਣ ਲਈ ਮਜਬੂਰ ਹਨ। ਕੁੱਲੀ ਗੁੱਲੀ ਜੁੱਲੀ ਦਾ ਪ੍ਰਬੰਧ ਕਰਨ ਵਿਚ ਭਾਰਤੀ ਗਣਤੰਤਰ ਦੇ ਹਾਕਮ ਇਹ ਕਹਿ ਕੇ ਬੇਬਸੀ ਪ੍ਰਗਟ ਕਰਦੇ ਹਨ ਕਿ ਦੇਸ਼ ਦੀ ਆਬਾਦੀ ਵਧ ਰਹੀ ਹੈ। ਇੰਨੇ ਲੋਕਾਂ ਲਈ ਸਿਹਤ, ਸਿੱਖਿਆ, ਰੋਟੀ ਦਾ ਪ੍ਰਬੰਧ ਕਰਨਾ ਸੌਖਾ ਨਹੀਂ। ਪਰ ਜੇ ਕਿਧਰੇ ਸਹੀ ਢੰਗ ਨਾਲ ਦੇਸ਼ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹੁੰਦੀਆਂ, ਦੇਸ਼ ਦੇ ਕੁਦਰਤੀ ਸੋਮਿਆਂ ਦੀ ਸਹੀ ਵਰਤੋਂ ਕੀਤੀ ਹੁੰਦੀ, ਰੋਜ਼ਗਾਰ ਦੇ ਸਾਧਨ ਲੋਕਾਂ ਨੂੰ ਮੁਹੱਈਆ ਕਰਨੇ ਕੋਈ ਬਹੁਤਾ ਔਖਾ ਕੰਮ ਨਹੀਂ ਸੀ। ਪਰ ਹਾਕਮਾਂ ਤਾਂ ਸਦਾ ਵੋਟਾਂ ਦੀ ਸਿਆਸਤ ਕੀਤੀ, ਕੁਦਰਤੀ ਸੋਮਿਆਂ ਦੀ ਲੁੱਟ ਕੀਤੀ, ਅਤੇ ਆਪਣੀਆਂ ਝੋਲੀਆਂ ਧਨ ਨਾਲ ਭਰਨ ਨੂੰ ਤਰਜੀਹ ਦਿੱਤੀ। ਸਿੱਟਾ, ਲੋਕ ਦਿਨੋ-ਦਿਨ ਗਰੀਬ ਹੋਏ ਅਤੇ ਨੇਤਾਵਾਂ ਦਾ ਵੱਡਾ ਵਰਗ ਕਾਰਪੋਰੇਟ ਜਗਤ ਦਾ ਹੱਥਠੋਕਾ ਬਣਕੇ ਅਮੀਰ ਹੋਇਆ।

ਭਾਰਤੀ ਗਣਤੰਤਰ ਦੇ ਕੁਝ ਇੱਕ ਸੂਬਿਆਂ ਨੂੰ ਛਡਕੇ ਬਹੁਤੇ ਸੂਬਿਆਂ ਵਿੱਚ ਧਰਮ ਨਿਰਧਾਰਤ ਰਾਜਨੀਤੀ ਦਾ ਬੋਲਬਾਲ ਹੋ ਚੁੱਕਾ ਹੈ। ਜਾਤ, ਬਰਾਦਰੀ ਦੇ ਨਾਮ ਉੱਤੇ ਨੇਤਾ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਲਾਕਾਵਾਦ ਭਾਰੂ ਹੋ ਚੁੱਕਾ ਹੈ। ਦੇਸ਼ ਦੇ ਕੁਝ ਨੇਤਾ ‘ਧਰਮ ਨਿਰਪੱਖ’ ਲੋਕਤੰਤਰ ਨੂੰ ਖਤਮ ਕਰਨ ਦੇ ਬਿਆਨ ਦੇ ਰਹੇ ਹਨ। ਧਰਮ ਦੇ ਨਾਮ ਉੱਤੇ ਸ਼ਰੇਆਮ ਸਿਆਸਤ ਕੀਤੀ ਜਾ ਰਹੀ ਹੈ। ਇਸ ਹਾਲਤ ਵਿੱਚ ਦੇਸ਼ ਦੇ ਧਰਮ ਨਿਰਪੱਖ, ਸਮਾਜਵਾਦੀ, ਲੋਕਤੰਤਰਿਕ ਗਣਰਾਜ ਦਾ ਅਕਸ ਦੁਨੀਆ ਭਰ ਵਿੱਚ ਧੁੰਦਲਾ ਹੋਣਾ ਲਾਜ਼ਮੀ ਹੈ।

ਅੱਜ ਦੁਨੀਆਂ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਲੋਕਤੰਤਰ ਨੂੰ ਉਹਨਾਂ ਲੋਕਾਂ ਵਲੋਂ ਇਸ ਨੂੰ ਹਿੰਦੂਰਾਸ਼ਟਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਹਨਾਂ ਦਾ ਆਜ਼ਾਦੀ ਸੰਗਰਾਮ ਵਿੱਚ ਕੋਈ ਹਿੱਸਾ ਹੀ ਨਹੀਂ ਸੀ। ਇਹੀ ਲੋਕ ਅੱਜ ਭਾਰਤੀ ਲੋਕਤੰਤਰ ਦੇ ਤਿੰਨੇ ਥੰਮ੍ਹਾਂ ਨੂੰ ਘੁਣ ਵਾਂਗ ਖਾ ਰਹੇ ਹਨ। ਭਾਰਤੀ ਲੋਕਤੰਤਰ ਸਾਹਮਣੇ ‘ਹਿੰਦੂ ਰਾਸ਼ਟਰ ਦਾ ਸੰਕਲਪ’ ਮੂੰਹ ਅੱਡੀ ਖੜ੍ਹਾ ਹੈ, ਜੋ ਇਸ ਨੂੰ ਨਿਗਲ ਜਾਣਾ ਚਾਹੁੰਦਾ ਹੈ। ਡਿਕਟੇਟਰਾਨਾ ਰੁਚੀਆਂ ਵਾਲੇ ਹਾਕਮ ਲੋਕਤੰਤਰਿਕ ਗਣਰਾਜ ਨੂੰ ਡਿਕਟੇਟਰਸ਼ਿੱਪ ਵਿੱਚ ਬਦਲਕੇ ਆਪਣੀ ਕੁਰਸੀ ਪੱਕੀ ਕਰਨਾ ਲੋਚਦੇ ਹਨ। ਪਰ ਦੇਸ਼ ਦੇ ਸੂਝਵਾਨ ਨੌਜਵਾਨ ਲੋਕਤੰਤਰ ਦੀ ਰਾਖੀ ਕਰਨ ਲਈ ਦੇਸ਼ ਦੇ ਕੋਨੇ-ਕੋਨੇ ਵਿਚ ਇੱਕ ਲਹਿਰ ਵਾਂਗ ਸੰਗਿਠਤ ਹੋ ਕੇ, ਇਹਨਾ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਾਹਮਣੇ ਆ ਰਹੇ ਹਨ। ਲੋਕਤੰਤਰਿਕ ਭਾਰਤੀ ਗਣਤੰਤਰ ਦੇ ਪੈਂਡੇ ਭਾਵੇਂ ਬਿੱਖੜੇ ਹਨ, ਔਖੇ ਹਨ, ਪਰ ਭਾਰਤੀ ਸੰਵਿਧਾਨ ਦੀ ਬਣਤਰ ਤੇ ਸਮਰੱਥਾ ਕੁਝ ਐਸੀ ਹੈ ਕਿ ਲੋਕ ਰਾਜ ਦੇ ਤਿੰਨੇ ਥੰਮ੍ਹਾਂ ਵਿਚ ਬੈਠੀਆਂ ਬੇਈਮਾਨ ਤਾਕਤਾਂ ਵੀ ਸ਼ਾਇਦ ਇਸ ਲਈ ਕਦੇ ਵੀ ਵੱਡਾ ਖਤਰਾ ਨਾ ਬਣ ਸਕਣ।

*****

(985)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਮੀਤ ਪਲਾਹੀ

ਗੁਰਮੀਤ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author