MohanSharma7ਸ਼ਰਾਬ ਦੇ ਭਰ ਵਗਦੇ ਦਰਿਆ ਨੇ ਲੋਕਾਂ ਦੀਆਂ ਨੈਤਿਕਸਮਾਜਿਕਅਤੇ ਭਾਈਚਾਰਕ ਤੰਦਾਂ ਨੂੰ ...
(15 ਜਨਵਰੀ 2018)

 

DrinkingA2ਪੰਜਾਬ ਦੇ ਮੱਥੇ ’ਤੇ ਨਸ਼ਿਆਂ ਦੀ ਧੂੜ ਜੰਮੀ ਪਈ ਹੈ। ਨਸ਼ਿਆਂ ਕਾਰਨ ਲੋਕ ਸਰੀਰਕ, ਮਾਨਸਿਕ ਅਤੇ ਬੌਧਿੱਕ ਤੌਰ ’ਤੇ ਖੋਖਲੇ ਹੋ ਕੇ ਬੇਰਾਂ ਵਾਂਗ ਝੜ ਰਹੇ ਹਨ ਅਤੇ ਉਪਜਾਊ ਜ਼ਿੰਦਗੀ ਦਾ ਵੱਡਾ ਹਿੱਸਾ ਲੋੜਾਂ ਅਤੇ ਥੋੜਾਂ ਦਾ ਸ਼ਿਕਾਰ ਹੋ ਕੇ ਭਟਕਣ ਦੀ ਹਰ ਵੰਨਗੀ ਦਾ ਸ਼ਿਕਾਰ ਹੋ ਰਿਹਾ ਹੈ। ਉਮੰਗਾਂ ਅਤੇ ਤਰੰਗਾਂ ਨਾਲ ਭਰਭੂਰ, ਅੱਖਾਂ ਵਿੱਚ ਅਸਮਾਨੀ ਸੁਪਨੇ ਅਤੇ ਕਦਮਾਂ ਵਿੱਚ ਘੋੜਿਆਂ ਤੋਂ ਵੀ ਤੇਜ਼ ਰਫ਼ਤਾਰ ਰੱਖਣ ਵਾਲੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਨਸ਼ਿਆਂ ਦੀ ਬੈਸਾਖੀ ਉੱਤੇ ਬਰਬਾਦੀ ਦਾ ਸਫ਼ਰ ਤੈਅ ਕਰ ਰਿਹਾ ਹੈ। ਘਰਾਂ ਅੰਦਰ ਵਿਛੇ ਸੱਥਰਾਂ ’ਤੇ ਇਹ ਪ੍ਰਸ਼ਨ ਸੁਲਗ ਰਹੇ ਹਨ ਕਿ ਇਹ ਕਿਹੋ ਜਿਹਾ ‘ਵਿਕਾਸਹੈ ਜਿਸ ਨੇ ਘਰਾਂ ਦੀ ਬਰਕਤ ਖੋਹ ਲਈ, ਔਰਤਾਂ ਦੀਆਂ ਰੰਗ-ਬਿਰੰਗੀਆਂ ਚੁੰਨੀਆਂ, ‘ਚਿੱਟੀਆਂ ਚੁੰਨੀਆਂ’ ਵਿਚ ਬਦਲ ਗਈਆਂ ਹਨ ਅਤੇ ਮਾਪਿਆਂ ਦੀਆਂ ਉਦਾਸ ਅਤੇ ਵਿਰਾਨ ਅੱਖਾਂ ਭਰੇ ਮਨ ਨਾਲ ਸਿਵਿਆਂ ਵੱਲ ਵੇਖ ਰਹੀਆਂ ਹਨ।

ਜਿੱਥੇ ਮੈਡੀਕਲ ਅਤੇ ਸਿੰਥੈਟਿਕ ਡਰੱਗਜ਼ ਨੇ ਪੰਜਾਬੀਆਂ ਦਾ ਕਚੂਮਰ ਕੱਢਿਆ ਹੈ, ਉੱਥੇ ਹੀ ਸਰਕਾਰ ਦੇ ਮਾਨਤਾ ਪ੍ਰਾਪਤਾ ਨਸ਼ੇ ‘ਸ਼ਰਾਬਨੇ ਵੀ ਘਰਾਂ ਦੇ ਚੁੱਲ੍ਹੇ ਠੰਢੇ ਕਰਨ ਦੇ ਨਾਲ ਨਾਲ ਆਤਮਿਕ ਸ਼ਾਂਤੀ, ਦ੍ਰਿੜ ਇੱਛਾ ਸ਼ਕਤੀ, ਬੁਲੰਦ ਹੌਸਲਾ, ਜ਼ਿੰਦਗੀ ਜਿਉਣ ਦਾ ਚਾਅ, ਸ਼ਰਮ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਗਲਾਸੀ ਅਤੇ ਗੰਡਾਸੀ ਦੇ ਮੇਲ ਕਾਰਨ ਹੀ 90% ਤੇਜ਼ ਧਾਰ ਹਥਿਆਰਾਂ ਨਾਲ ਹਮਲੇ, 69% ਬਲਾਤਕਾਰ ਅਤੇ 80% ਦੁਸ਼ਮਣੀ ਕੱਢਣ ਵਾਲੇ ਹਮਲਿਆਂ ਨੇ ਜੁਰਮ ਗਰਾਫ਼ ਵਿੱਚ ਢੇਰ ਵਾਧਾ ਕੀਤਾ ਹੈ। ਸ਼ਰਾਬ ਨੇ ਬਹੁਤ ਸਾਰੇ ਕਿਸਾਨਾਂ ਦੀ ਜਿੱਥੇ ਜ਼ਮੀਨ ਨਿਗਲੀ ਹੈ, ਉੱਥੇ ਹੀ ਜ਼ਮੀਰ ਨੂੰ ਵੀ ਦਾਗੀ ਕੀਤਾ ਹੈ। ਬਿਨਾਂ ਸ਼ੱਕ ਨਸ਼ਿਆਂ ਦੀ ਮਾਰੂ ਹਨੇਰੀ ਵਿਚ ਫਸਲਾਂ ਨੂੰ ਹੀ ਖਤਰਾ ਨਹੀਂ, ਸਗੋਂ ਨਸਲਾਂ ’ਤੇ ਵੀ ਖਤਰਾ ਮੰਡਰਾ ਰਿਹਾ ਹੈ। ਇਸ ‘ਸ਼ਰਾਰਤ ਦੇ ਪਾਣੀਨੇ ਕਿਰਤ ਦੇ ਸੰਕਲਪ ਨੂੰ ਖੋਰਾ ਲਾ ਕੇ ਭਾਈ ਲਾਲੋ ਦੇ ਵਾਰਸ ਨਹੀਂ, ਸਗੋਂ ਮਲਿਕ ਭਾਗੋ ਦੇ ਵਾਰਸਾਂ ਵਿੱਚ ਢੇਰ ਵਾਧਾ ਕੀਤਾ ਹੈ। ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬ, ਜਿੱਥੇ ਆਬਾਦੀ ਦੇ ਪੱਖ ਤੋਂ 15ਵੇਂ ਨੰਬਰ ’ਤੇ ਹੈ, ਉੱਥੇ ਹੋਰ ਮਾਰੂ ਨਸ਼ਿਆਂ ਦੇ ਨਾਲ ਨਾਲ ਸ਼ਰਾਬ ਦੀ ਵਰਤੋਂ ਵਿਚ ਦੂਜੇ ਨੰਬਰ ’ਤੇ ਆਉਂਦਾ ਹੈ। ਪੰਜਾਬ ਵਿਚ ਰੋਜ਼ਾਨਾ ਅੰਦਾਜ਼ਨ 19 ਹੋ ਰਹੇ ਸੜਕੀ ਹਾਦਸਿਆਂ ਕਾਰਨ ਹੋ ਰਹੀਆਂ ਅੰਦਾਜ਼ਨ 11 ਮੌਤਾਂ ਪਿੱਛੇ ਵੀ ਸ਼ਰਾਬ ਹੀ ਮੁੱਖ ਕਾਰਨ ਹੁੰਦਾ ਹੈ। ਇਸ ਤੋਂ ਬਿਨਾਂ 25% ਆਤਮ ਹੱਤਿਆਵਾਂ, ਜਿਗਰ ਦੀ ਸੋਜ਼ਿਸ਼, ਪੇਟ ਅੰਦਰ ਖੂਨ ਦੀ ਨਾੜੀ ਦਾ ਫਟਣਾ, ਦਿਮਾਗੀ ਸੋਜ਼ਿਸ਼, ਖੂਨ ਦੀ ਉਲਟੀ, ਲਿਵਰ ਦਾ ਖਰਾਬ ਹੋਣਾ, ਦਿਮਾਗੀ ਸੰਤੁਲਨ ਵਿਗੜਨਾ, ਹੈਪੇਟਾਇਟਸ ਬੀ ਅਤੇ ਸੀ ਦਾ ਸ਼ਿਕਾਰ ਹੋਣਾ, ਭੁੱਖ ਘੱਟ ਲੱਗਣਾ ਆਦਿ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਸ਼ਰਾਬੀ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਸ਼ਰਾਬ ਦੀ ਵਰਤੋਂ ਕਾਰਨ ਹੀ ਇਸ ਵੇਲੇ ਅੰਦਾਜ਼ਨ 13 ਹਜ਼ਾਰ ਮਰੀਜ਼ਾਂ ਦੇ ਲਿਵਰ ਬਦਲਣ ਦੀ ਲੋੜ ਹੈ। ਪੰਜਾਬ ਦੇ 12673 ਪਿੰਡਾਂ ਵਿੱਚੋਂ ਪ੍ਰਤੀ ਪਿੰਡ ਸ਼ਰਾਬੀਆਂ ਦੀਆਂ ਵਿਧਵਾਵਾਂ ਦੀ ਗਿਣਤੀ ਔਸਤ 10 ਹੈ। ਦੁਖਾਂਤਕ ਪੱਖ ਇਹ ਵੀ ਹੈ ਕਿ ਦੇਸ਼ ਦੀ ਕੁੱਲ ਕਣਕ ਦਾ 22%, ਜ਼ੀਰੀ ਦਾ 13% ਅਤੇ ਕਪਾਹ ਦਾ 12% ਉਤਪਾਦਨ ਕਰਕੇ ਆਪਣੀ ਜਿਣਸ ਥੋਕ ਵਿਚ ਵੇਚਣ ਵਾਲਾ ਕਿਸਾਨ ਫਿਰ ਆਪਣੀ ਹੀ ਪੈਦਾਵਾਰ ਨੂੰ ਪੇਟ ਪੂਰਤੀ ਲਈ ਪ੍ਰਚੂਨ ਵਿਚ ਖਰੀਦਦਾ ਹੈ। ਅਜਿਹੀ ਤਰਸਯੋਗ ਸਥਿਤੀ ਦੇ ਹੋਰ ਕਾਰਨਾਂ ਵਿੱਚੋਂ ਕਿਸਾਨੀ ਵਰਗ ਦਾ ਵੱਡਾ ਹਿੱਸਾ ਗਲਾਸੀ ਅਤੇ ਗੰਢਾਸੀ ਦੇ ਮਾਰੂ ਅਸਰ ਦੀ ਲਪੇਟ ਵਿਚ ਆ ਕੇ ਕਿਰਤ ਤੋਂ ਬੇਮੁੱਖ ਹੋਣਾ ਵੀ ਹੈ।

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 41 ਕਰੋੜ ਸ਼ਰਾਬ ਦੀਆਂ ਬੋਤਲਾਂ ਪਿਲਾ ਕੇ 5440 ਕਰੋੜ ਇਕੱਠਾ ਕਰਨ ਦੇ ਟੀਚੇ ਨਾਲ ਖੋਲ੍ਹੇ ਸ਼ਰਾਬ ਦੇ ਠੇਕਿਆਂ ਕਾਰਨ ਇਸ ਪ੍ਰਾਂਤ ਦੀ ਆਬਾਦੀ ਦੇ ਅਨੁਪਾਤ ਅਨੁਸਾਰ 2727 ਵਿਅਕਤੀਆਂ ਪਿੱਛੇ ਇੱਕ ਸ਼ਰਾਬ ਦਾ ਠੇਕਾ ਆਉਂਦਾ ਹੈ ਜਦੋਂ ਕਿ ਸਿਹਤ ਸੇਵਾਵਾਂ ਦੇ ਪੱਖ ਤੋਂ 8788 ਵਿਅਕਤੀਆਂ ਪਿੱਛੇ ਇੱਕ ਸਿਹਤ ਕੇਂਦਰ ਆਉਂਦਾ ਹੈ। ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਕਦੇ-ਕਦੇ ਡਾਕਟਰ ਦੇ ਆਉਣ ਕਾਰਨ ਲੋਕ ਸਿਹਤ ਕੇਂਦਰ ਵਿਚ ਆਉਣ ਵਾਲੇ ਡਾਕਟਰ ਨੂੰ ‘ਬੁੱਧਵਾਰ ਵਾਲਾ ਡਾਕਟਰਹੀ ਕਹਿੰਦੇ ਹਨ। ਦੂਜੇ ਪਾਸੇ ਸ਼ਰਾਬ ਦੇ ਵਹਿੰਦੇ ਦਰਿਆ ਵਿਚ 41 ਕਰੋੜ ਸ਼ਰਾਬ ਦੀਆਂ ਬੋਤਲਾਂ ਨੂੰ ਜੇਕਰ 12000 ਲੀਟਰ ਦੀ ਕਪੈਸਿਟੀ ਵਾਲੇ ਟੈਂਕਰਾਂ ਵਿਚ ਭਰਨਾ ਸ਼ੁਰੂ ਕਰੀਏ ਤਾਂ 15291 ਟੈਂਕਰ ਭਰ ਜਾਣਗੇ ਅਤੇ ਉਨ੍ਹਾਂ ਸ਼ਰਾਬ ਦੇ ਟੈਂਕਰਾਂ ਨੂੰ ਜੇਕਰ ਸੜਕ ’ਤੇ ਕਤਾਰ ਵਿੱਚ ਖੜ੍ਹਾ ਕਰ ਦਈਏ ਤਾਂ 152 ਕਿਲੋਮੀਟਰ ਲੰਬੀ ਲਾਈਨ ਲੱਗ ਜਾਵੇਗੀ। ਆਬਾਦੀ ਅਤੇ ਸ਼ਰਾਬ ਦੀ ਖਪਤ ਅਨੁਸਾਰ ਹਰ ਵਿਅਕਤੀ ਦੇ ਹਿੱਸੇ 14 ਬੋਤਲਾਂ ਆਉਂਦੀਆਂ ਹਨ। ਪਰ ਇਸ ਆਬਾਦੀ ਵਿਚ 1.32 ਕਰੋੜ ਔਰਤਾਂ ਵਿੱਚੋਂ ਅੰਦਾਜ਼ਨ 90% ਔਰਤਾਂ ਸ਼ਰਾਬ ਦੀ ਵਰਤੋਂ ਨਹੀਂ ਕਰਦੀਆਂ। 40 ਲੱਖ ਬੱਚੇ, 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਧਾਰਮਿਕ ਸਖਸ਼ੀਅਤਾਂ ਨੂੰ ਕੱਢਣ ਉਪਰੰਤ 35 ਬੋਤਲਾਂ ਹਰ ਵਿਅਕਤੀ ਦੇ ਹਿੱਸੇ ਆਉਂਦੀਆਂ ਹਨ।

ਇੰਜ ਹੀ ਅੰਦਾਜ਼ਨ 4 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਵਿਚ ਔਸਤਨ 25 ਜਜ਼ਾਰ ਰੁਪਏ ਦੀ ਸ਼ਰਾਬ ਰੋਜ਼ ਪੀਤੀ ਜਾਂਦੀ ਹੈ। ਮਹੀਨੇ ਦੀ 7.50 ਲੱਖ ਅਤੇ ਸਾਲ ਦੀ ਅੰਦਾਜ਼ਨ 90 ਲੱਖ ਰੁਪਏ ਸ਼ਰਾਬ ਮੂੰਹੀਂ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲਦਾ ਹੈ। ਇਹ ਪੈਸਾ ਹੀ ਜੇਕਰ ਪਰਿਵਾਰ, ਸਮਾਜ ਅਤੇ ਪਿੰਡ ਦੇ ਵਿਕਾਸ ’ਤੇ ਖਰਚ ਹੋਵੇ ਤਾਂ ਲੋਕਾਂ ਨੂੰ ਕਿਸੇ ਦੀ ਮੁਹਤਾਜੀ ਨਾ ਝੱਲਣੀ ਪਵੇ। ਅਨਾਜ ਮੰਡੀਆਂ ਵਿਚ ਜਿਣਸ ਵੇਚਣ ਆਏ ਕਿਸਾਨਾਂ ਦੀ ਸਹੂਲਤ ਲਈ ਉੱਥੇ ਵੀ ਸ਼ਰਾਬ ਦਾ ਖੋਖਾ ਰੱਖ ਕੇ ਅੰਨਦਾਤੇ ਨੂੰ ਖੁੰਗਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ। ਇੱਥੇ ਹੀ ਬਸ ਨਹੀਂ, ਗੁਆਂਢੀ ਪ੍ਰਾਂਤ ਹਰਿਆਣਾ ਤੋਂ ਸਸਤੇ ਰੇਟ ਵਿਚ ਸ਼ਰਾਬ ਲਿਆ ਕੇ ‘ਹੋਮ ਡਲਿਵਰੀਦਾ ਧੰਦਾ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਇਕ ਪਾਸੇ ਬਠਿੰਡਾ ਤੋਂ ਬੀਕਾਨੇਰ ਕੈਂਸਰ ਪੀੜਤ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀ ਟਰੇਨ ਦਾ ਨਾਂ ‘ਕੈਂਸਰ ਐਕਸਪ੍ਰੈੱਸ’ ਰੱਖਿਆ ਗਿਆ ਹੈ ਅਤੇ ਦੂਜੇ ਪਾਸੇ ਜਾਖ਼ਲ ਤੋਂ ਬਠਿੰਡਾ ਵਾਇਆ ਮਾਨਸਾ ਜਾਣ ਵਾਲੀ ਟਰੇਨ ਦਾ ਨਾਂ ‘ਲਾਲ ਪਰੀ ਐਕਸਪ੍ਰੈੱਸ’ ਇਸ ਕਰਕੇ ਰੱਖਿਆ ਗਿਆ ਹੈ ਕਿ ਇਸ ਟਰੇਨ ਵਿਚ ਹਰਿਆਣਾ ਤੋਂ ਗੈਰ ਕਾਨੂੰਨੀ ਸ਼ਰਾਬ ਲਿਆ ਕੇ ਅਗਾਂਹ ਵੇਚਣ ਦਾ ਧੰਦਾ ਕਰਨ ਵਾਲਿਆਂ ਨਾਲ ਡੱਬੇ ਭਰੇ ਹੁੰਦੇ ਹਨ। ਇਸ ਵੇਲੇ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਕਿਸਾਨ ਨੂੰ ਡੀ.ਏ.ਵੀ.ਪੀ. ਖਾਦ ਦੀ ਕਮੀ ਹੋ ਸਕਦੀ ਹੈ, ਅਧਿਆਪਕਾਂ ਦੀ ਕਮੀ ਵੀ ਹੋ ਸਕਦੀ ਹੈ, ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਸਕਦੇ ਹਨ, ਪਰ ਸ਼ਰਾਬ ਦੇ ਭਰ ਵਗਦੇ ਦਰਿਆ ਨੇ ਲੋਕਾਂ ਦੀਆਂ ਨੈਤਿਕ, ਸਮਾਜਿਕ ਅਤੇ ਭਾਈਚਾਰਕ ਤੰਦਾਂ ਨੂੰ ਤੋੜਿਆ ਹੈ। ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਲ੍ਹਾਂ ਵਿਚ ਬੰਦ ਕੈਦੀਆਂ ਵਿੱਚੋਂ 35% ਕੈਦੀ ਨਸ਼ਿਆਂ ਨਾਲ ਸਬੰਧਤ ਜੁਰਮਾਂ ਕਾਰਨ ਹੀ ਅੰਦਰ ਹਨ।

ਪਿਛਲੇ ਕੁਝ ਸਮੇਂ ਅੰਦਰ ਹੀ 70 ਉਦਯੋਗਿਕ ਯੂਨਿਟਾਂ ਦਾ ਬੰਦ ਹੋਣਾ, ਮਿਲਕ ਪਲਾਂਟਾਂ ਦੀ ਗਿਣਤੀ 30 ਤੋਂ 10 ਰਹਿ ਜਾਣਾ ਜਿੱਥੇ ਪੰਜਾਬੀਆਂ ਲਈ ਮੰਦਭਾਗਾ ਹੈ, ਉੱਥੇ ਹੀ ਸ਼ਰਾਬ ਦੀਆਂ ਫੈਕਟਰੀਆਂ 9 ਤੋਂ 19 ਹੋ ਜਾਣੀਆਂ ਸ਼ਰਮਨਾਕ ਵਰਤਾਰਾ ਹੈ। ਸਰਵੇਖਣ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਰਾਬ ਰਾਹੀਂ ਇਕੱਠੇ ਕੀਤੇ ਮਾਲੀਏ ਤੋਂ ਕਿਤੇ ਵੱਧ ਖਰਚ ਸ਼ਰਾਬ ਰਾਹੀਂ ਪੈਦਾ ਹੋਈਆਂ ਬਿਮਾਰੀਆਂ ਨੂੰ ਰੋਕਣ ਲਈ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ, ਵੱਖ ਵੱਖ ਢੰਗਾਂ ਨਾਲ ਹੋਈਆਂ ਮੌਤਾਂ ਦੇ ਮੁਆਵਜ਼ੇ, ਸ਼ਰਾਬ ਦੀ ਵਰਤੋਂ ਕਾਰਨ ਅਸਥਿਰਤਾ ਅਤੇ ਜੁਰਮਾਂ ਦੀ ਰੋਕਥਾਮ ਉੱਪਰ ਹੋ ਜਾਂਦਾ ਹੈ। ਇਸ ਲਈ ਇਹ ਧਾਰਨਾਂ ਵੀ ਗਲਤ ਹੈ ਕਿ ਸ਼ਰਾਬ ਵੇਚ ਕੇ ਇਕੱਠੇ ਕੀਤੇ ਮਾਲੀਏ ਨਾਲ ਸੂਬੇ ਦਾ ਵਿਕਾਸ ਹੁੰਦਾ ਹੈ। ਪਿਛਲੇ 15 ਸਾਲਾਂ ਵਿਚ ਬੀਅਰ 209%, ਅੰਗਰੇਜ਼ੀ ਸ਼ਰਾਬ 130% ਅਤੇ ਦੇਸੀ ਸ਼ਰਾਬ ਦੀ ਖਪਤ ਵਿਚ 67% ਦਾ ਵਾਧਾ ਹੋਇਆ ਹੈ। ਸ਼ਰਾਬ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਮਿਜ਼ੋਰਮ, ਮਨੀਪੁਰ, ਨਾਗਾਲੈਂਡ, ਲਕਸ਼ਦੀਪ ਅਤੇ ਗੁਜਰਾਤ ਦੀਆਂ ਸਰਕਾਰਾਂ ਨੇ ਜਿੱਥੇ ਪੂਰਨ ਸ਼ਰਾਬ ਬੰਦੀ ਕੀਤੀ ਹੈ, ਉੱਥੇ ਹੀ ਬਿਹਾਰ ਅਤੇ ਕੇਰਲਾ ਨੇ ਵੀ ਇਸ ਦੀ ਰੋਕਥਾਮ ਲਈ ਕਈ ਉਸਾਰੂ ਕਦਮ ਚੁੱਕੇ ਹਨ।

ਪੰਜਾਬੀਆਂ ਦੀ ਸ਼ਰਾਬ ਕਾਰਨ ਮੂਧੇ ਮੂੰਹ ਗਿਰਨ ਵਾਲੀ ਸਥਿਤੀ ਨੂੰ ਭਾਂਪਦਿਆਂ ਸੰਗਰੂਰ ਦੀਆਂ ਚਾਰ ਸਮਾਜ ਸੇਵੀ ਸੰਸਥਾਵਾਂ, ਜਿਨ੍ਹਾਂ ਵਿਚ ਨਸ਼ਾ ਛੁਡਾਊ ਕੇਂਦਰ, ਸਾਇੰਟੇਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ, ਬਿਰਧ ਆਸ਼ਰਮ ਬਡਰੁੱਖਾਂ ਅਤੇ ਸਮਾਜ ਭਲਾਈ ਮੰਚ ਸ਼ੇਰਪੁਰ ਸ਼ਾਮਲ ਹਨ, ਵੱਲੋਂ ਪੰਚਾਇਤਾਂ ਨੂੰ ਜਾਗਰੂਕ ਕਰਕੇ ਪੰਜਾਇਤੀ ਰਾਜ ਐਕਟ ਦੀ ਧਾਰਾ 40ਏ ਅਧੀਨ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਮਤੇ ਪਵਾ ਕੇ ਆਬਕਾਰੀ ਵਿਭਾਗ ਪੰਜਾਬ ’ਤੇ ਠੇਕੇ ਬੰਦ ਕਰਵਾਉਣ ਲਈ ਲਗਾਤਾਰ ਦਬਾਅ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਦੀ ਇਹ ਉਸਾਰੂ ਮੁਹਿੰਮ ਸਮੁੱਚੇ ਪੰਜਾਬ ਵਿਚ ਫੈਲ ਗਈ ਹੈ। ਹੁਣ ਤੱਕ ਅੰਦਾਜ਼ਨ 1500 ਪੰਚਾਇਤਾਂ ਤੋਂ ਮਤੇ ਪਵਾ ਕੇ ਉਨ੍ਹਾਂ ਨੇ ਇਸ ਲਹਿਰ ਨੂੰ ਪ੍ਰਚੰਡ ਕੀਤਾ ਹੈ।

ਇਸੇ ਤਰ੍ਹਾਂ ਹੀ ਚੰਡੀਗੜ੍ਹ ਵਾਸੀ ਹਰਮਨ ਸਿੱਧੂ ਨੇ ਅਰਾਇਵ ਸੇਫ ਸੰਸਥਾ ਨੂੰ ਹੋਂਦ ਵਿਚ ਲਿਆ ਕੇ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਦੀ ਸ਼ਰਨ ਵਿਚ ਜਾ ਕੇ ਹਾਈਵੇ ਅਤੇ ਰਾਜ ਮਾਰਗਾਂ ਦੇ 5 ਸੌ ਮੀਟਰ ਦੇ ਘੇਰੇ ਵਿਚ ਸ਼ਰਾਬ ਦੇ ਠੇਕੇ ਬੰਦ ਕਰਵਾ ਕੇ ਮਾਨਵਤਾ ਦੀ ਸੇਵਾ ਕੀਤੀ ਹੈ। ਇੱਥੇ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੀ ਡੋਲੀਆ ਗ੍ਰਾਮ ਪੰਚਾਇਤ ਦੇ ਫੈਸਲੇ ਤੋਂ ਪਾਠਕਾਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ। ਫੈਸਲੇ ਅਨੁਸਾਰ ਜਿਹੜਾ ਵੀ ਵਿਅਕਤੀ ਸ਼ਰਾਬ ਪੀ ਕੇ ਘਰ ਆਵੇਗਾ, ਉਸ ਨੂੰ ਪੰਚਾਇਤ ਵੱਲੋਂ 11 ਹਜ਼ਾਰ ਰੁਪਏ ਜ਼ੁਰਮਾਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਸ ਪਿੰਡ ਦੀਆਂ ਔਰਤਾਂ ਨੇ ਵੀ ਲਾਮਬੰਦ ਹੋ ਕੇ ਸ਼ਰਾਬੀ ਪਤੀਆਂ ਨੂੰ ਰੋਟੀ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਹੀ ਇਕ ਹੋਰ ਪਿੰਡ ਸੀਕਰ ਵਿਚ ਵਿਆਹ ਵਾਲੇ ਕਾਰਡਾਂ ’ਤੇ ਪੁੱਤ ਅਤੇ ਧੀ ਦੇ ਪਿਤਾ ਨੇ ਸੱਦਾ ਦਿੰਦਿਆਂ ਲਿਖਿਆ, ‘ਸ਼ਰਾਬ ਅਤੇ ਹਥਿਆਰ ਲਿਆਉਣ ਵਾਲਿਆਂ ਨੂੰ ਮਨਾਹੀ ਹੈ।’ ਪੰਡਾਲ ਵਿਚ ਨਸ਼ਿਆਂ, ਭਰੂਣ ਹੱਤਿਆ ਅਤੇ ਦਹੇਜ ਸੰਬਧੀ ਬੈੱਨਰ ਵੀ ਲਾਏ ਗਏ ਪਰ ਪੰਜਾਬ ਵਿਚ ਤਾਂ ਵਿਆਹ ਵੇਲੇ ਸ਼ਰਾਬ ਦਾ ਠੇਕਾ ਹੀ ਮੈਰਿਜ ਪੈਲਸਾਂ ਵਿਚ ਖੋਲ੍ਹ ਦਿੱਤਾ ਜਾਂਦਾ ਹੈ। ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਤਾਂ ਵਿਆਹ ਵਾਲਿਆਂ ਨੇ ਪਾਣੀ ਵਾਲੀ ਟੈਂਕੀ ਹੀ ਸ਼ਰਾਬ ਨਾਲ ਭਰ ਕੇ ਵਿਹੜੇ ਵਿਚ ਰੱਖ ਦਿੱਤੀ ਸੀ ਅਤੇ ਸਭ ਨੂੰ ਗੱਫ਼ੇ ਲਾਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ।

ਪੰਜਾਬ ਅੰਦਰ ਤਕਰੀਬਨ 50 ਸਰਗਰਮ ਜੱਥੇਬੰਦੀਆਂ ਵੱਲੋਂ ਸਾਲ 2009 ਤੋਂ 2017 ਤੱਕ ਲਗਭਗ 32 ਹਜ਼ਾਰ ਧਰਨੇ ਅਤੇ ਮੁਜ਼ਾਹਰੇ ਕਰਕੇ ਆਪਣੇ ਹੱਕਾਂ ਦੀ ਮੰਗ ਕੀਤੀ ਗਈ ਹੈ ਪਰ ਕੀ ਕਦੇ ਸ਼ਰਾਬ ਅਤੇ ਦੂਜੇ ਮਾਰੂ ਨਸ਼ਿਆਂ ਰਾਹੀਂ ਹੱਥਲ ਹੋ ਰਹੀ ਜਵਾਨੀ ਅਤੇ ਕਿਰਸਾਨੀ ਨੂੰ ਬਚਾਉਣ ਲਈ ਵੀ ਕਦੇ ਕੋਈ ਧਰਨਾ ਜਾਂ ਮੁਜ਼ਾਹਰਾ ਹੋਇਆ ਹੈ? ਇੱਥੋਂ ਤੱਕ ਕਿ ਪੰਜਾਬ ਬੰਦ ਦੇ ਸੱਦੇ ਸਮੇਂ ਬਜ਼ਾਰ ਬੰਦ ਹੋ ਜਾਂਦੇ ਹਨ, ਆਵਾਜ਼ਾਈ ਵੀ ਠੱਪ ਹੋ ਜਾਂਦੀ ਹੈ, ਪਰ ਸ਼ਰਾਬ ਦੇ ਖੁੱਲ੍ਹੇ ਠੇਕੇ ਪੰਜਾਬ ਬੰਦ ਦੇ ਸੱਦੇ ਤੋਂ ‘ਮੁਕਤਹੁੰਦੇ ਹਨ। ਸਵਾਮੀ ਵਿਵੇਕਾਨੰਦ ਜੀ ਦਾ ਕਥਨ ਹੈ, ‘ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ, ਇਹ ਸਾਡੇ ਵਰਤਮਾਨ ’ਤੇ ਨਿਰਭਰ ਕਰਦਾ ਹੈ।’ ਸ਼ਰਾਬ ਦੀ ਅੰਨ੍ਹੇਵਾਹ ਵਰਤੋਂ ਕਾਰਨ ਪੰਜਾਬੀਆਂ ਦਾ ਜਿੱਥੇ ਵਰਤਮਾਨ ਧੁਆਂਖਿਆ ਜਾ ਰਿਹਾ ਹੈ, ਉੱਥੇ ਹੀ ਭਵਿੱਖ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਅਜਿਹੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਇਸ ਸਬੰਧੀ ਪੰਜਾਬ ਸਰਕਾਰ ਨੂੰ ਵੀ ਪੰਜਾਬੀਆਂ ਨੂੰ ਵੱਧ ਤੋਂ ਵੱਧ ਸ਼ਰਾਬ ਪਿਆ ਕੇ ਮਾਲੀਆ ਇਕੱਠਾ ਕਰਨ ਦੀ ਹੀ ਚਿੰਤਾ ਨਹੀਂ ਹੋਣੀ ਚਾਹੀਦੀ, ਸਗੋਂ ਇਹ ਚਿੰਤਾ ਵੀ ਹੋਣੀ ਚਾਹੀਦੀ ਹੈ ਕਿ ਅਜਿਹਾ ਮਾਲੀਆ ਇਕੱਠਾ ਕਰਕੇ ਵਿਕਾਸਦੀ ਵਰਤੋਂ ਕਰਨ ਵਾਲੇ ਹੀ ਜੇ ਸੋਗੀ ਹਵਾ’ ਦੇ ਸ਼ਿਕਾਰ ਹੋ ਰਹੇ ਹਨ, ਫਿਰ ਵਿਕਾਸ ਦੀ ਅਹਿਮੀਅਤ ਹੀ ਕੀ ਰਹਿ ਜਾਂਦੀ ਹੈ?

*****

(972)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author