JagroopSDr7ਬਲਦੇਵ ਸਿੰਘ ਨੇ ਵੀ ਤਾਂ ਇਹੀ ਲਿਖਿਆ ਹੈਫਿਰ ਉਸ ਦੀ ਨਿੰਦਿਆ ਕਰਨ ਦੀ ਕੀ ਤੁਕ ਸੀ ...
(8 ਜਨਵਰੀ 2018)

 

Padmavati2ਇਤਿਹਾਸ ਦੀ ਸਿਰਜਣਾ ਕਰਨਾ ਤੇ ਇਤਿਹਾਸ ਦਾ ਫਿਲਮਾਂਕਣ ਕਰਨਾ ਦੋਨੋਂ ਹੀ ਕਾਰਜ ਕੰਡਿਆਂ ਉੱਪਰ ਤੁਰਨ ਜਿਹੇ ਹਨ। ਪਿਛਲੇ ਕੁਝ ਸਮੇਂ ਤੋਂ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਬਿਨਾਂ ਦੇਖਿਆਂ ਵਿਵਾਦ ਖੜ੍ਹਾ ਕਰ ਦੇਣਾ ਤੇ ਏਧਰ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਦੇ ਨਾਵਲ ‘ਸੂਰਜ ਦੀ ਅੱਖ’ ਨੂੰ ਬਿਨਾਂ ਪੜ੍ਹਿਆਂ, ਬਿਨਾਂ ਇਤਿਹਾਸ ਬਾਰੇ ਜਾਣਕਾਰੀ ਰੱਖਦਿਆਂ, ਲੇਖਕ ਬਾਰੇ ਮੰਦੀ-ਭਾਸ਼ਾ ਬੋਲਣਾ, ਧਮਕੀਆਂ ਦੇਣਾ, ਉਪ੍ਰੋਕਤ ਕਥਨ ਨੂੰ ਸੱਚਾ ਸਿੱਧ ਕਰਦੇ ਹਨ। ਜਿਹਨਾਂ ਫਿਲਮੀ ਸਮੀਖਿਅਕਾਂ ਨੇ ‘ਪਦਮਾਵਤੀ’ ਫਿਲਮ ਦੇਖੀ ਹੈ, ਉਹਨਾਂ ਨੇ ਕਿਹਾ ਹੈ ਫਿਲਮ ਵਿੱਚ ਕੁਝ ਵੀ ਇਤਿਰਾਜ ਯੋਗ ਨਹੀਂ ਹੈ। ਇਵੇਂ ਹੀ ਜਿਹਨਾਂ ਵਿਦਿਵਾਨਾਂ ਅਤੇ ਸੂਝਵਾਕ ਪਾਠਕਾਂ ਨੇ, ਜਿਹੜੇ ਇਤਿਹਾਸ ਦੇ ਗਿਆਤਾ ਨੇ, ਕਿਹਾ ਹੈ - ਸਮਝ ਨਹੀਂ ਆਉਂਦੀ ‘ਸੂਰਜ ਦੀ ਅੱਖ’ ਉੱਪਰ ਵਿਵਾਦ ਕਿਉਂ ਛਿੜਿਆ ਹੋਇਆ ਹੈ, ਇਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ।

ਦੇਖਿਆ ਜਾਵੇ ਤਾਂ ਸੰਜੇ ਲੀਲ੍ਹਾ ਭੰਸਾਲੀ ਨੇ ਬਹੁਤ ਮਿਹਨਤ ਨਾਲ ‘ਪਦਮਾਵਤੀ’ ਫਿਲਮ ਬਣਾਈ ਹੈ। ਇਹ ਫਿਲਮ ਹਾਲੀਵੁੱਡ ਫਿਲਮਾਂ ਦੇ ਟੱਕਰ ਦੀ ਹੈ। ਫਿਲਮ ਦਾ ਆਪਣਾ ਸਭਿਆਚਾਰ ਹੁੰਦਾ ਹੈ, ਆਪਣੀਆਂ ਲੋੜਾਂ ਹੁੰਦੀਆਂ ਹਨ। ਇਤਿਹਾਸ ਦੇ ਪ੍ਰਭਾਵ ਨੂੰ ਪਰਦੇ ਉੱਪਰ ਸਾਕਾਰ ਕਰਨਾ ਹੁੰਦਾ ਹੈ। ਅਜਿਹੀਆਂ ਲੋਕੇਸ਼ਨਾਂ ਖੜ੍ਹੀਆਂ ਕਰਨੀਆਂ ਸੌਖਾ ਕੰਮ ਨਹੀਂ ਹੈ। ਦਰਸ਼ਕਾਂ ਦੀ ਮਾਨਸਿਕਤਾ ਦਾ ਖਿਆਲ ਰੱਖਦਿਆਂ ਫਿਲਮਾਂ ਵਿੱਚ ਨਾਚ ਅਤੇ ਗੀਤਾਂ ਦੀ ਲੋੜ ਹੁੰਦੀ ਹੈ। ਇਹ ਖਰਚੇ ਹਜ਼ਾਰਾਂ-ਲੱਖਾਂ ਵਿਚ ਨਹੀਂ, ਕਰੋੜਾਂ ਰੁਪਇਆਂ ਵਿੱਚ ਹੁੰਦੇ ਹਨ। ਪਰ ਅਸੀਂ ਕਿਸੇ ਨੇਤਾ, ਜਥੇਬੰਦੀ, ਸੰਸਥਾ ਜਾਂ ਫਿਰਕੇ ਵੱਲੋਂ ਸੌੜੇ-ਹਿੱਤਾਂ ਕਾਰਨ ਪੈਦਾ ਕੀਤੇ ਵਿਵਾਦ ਦੇ ਮਗਰ ਲੱਗ ਤੁਰਦੇ ਹਾਂ। ਬਿਨਾਂ ਫਿਲਮ ਦੇਖਿਆਂ, ਬਿਨਾਂ ਵਿਚਾਰਿਆਂ, ਬਿਨਾਂ ਆਪਣੀ ਸਮਝ, ਆਪਣੀ ਸੋਚ ਨੂੰ ਵਰਤਿਆਂ। ‘ਪਦਮਾਵਤੀ’ ਫਿਲਮ ਨਾਲ ਇਸੇ ਤਰ੍ਹਾਂ ਵਾਪਰਿਆ ਹੈ। ‘ਪਦਮਾਵਤੀ’ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਆਖਦੇ ਹਨ, ‘ਫਿਲਮ ਤਾਂ ਵੇਖੋ, ਤੁਸੀਂ ਰਾਜਪੂਤ ਅਤੇ ਭਾਰਤੀ ਹੋਣ ਤੇ ਮਾਣ ਕਰੋਗੇ।’ ਪਰ ਇੱਥੇ ਕੁਝ ਲੋਕ ਡਾਇਰੈਕਟਰ ਦੇ ਸਿਰ ਦੀ ਕੀਮਤ ਪੰਜ ਕਰੋੜ ਰੱਖਦੇ ਹਨ। ਕੁਝ ਹੀਰੋਇਨ ਦੇ ਨੱਕ ਵੱਢਣ ਦੀ ਧਮਕੀ ਦਿੰਦੇ ਹਨ।

SurajDiAkh2ਹੁਣ ਮੈਂ ਨਾਵਲ ‘ਸੂਰਜ ਦੀ ਅੱਖ’ ਵੱਲ ਆਉਂਦਾ ਹਾਂ। ਲੇਖਕ ਦੇ ਦੱਸਣ ਮੁਤਾਬਿਕ ਉਸ ਨੇ ਚਾਰ ਸਾਲਾਂ ਦੀ ਖੋਜ ਪੜਤਾਲ ਬਾਅਦ ਇਹ ਨਾਵਲ ਲਿਖਿਆ ਹੈ। ਇਤਿਹਾਸ ਦੀਆਂ ਲਗਭਗ 45 ਪੁਸਤਕਾਂ ਘੋਖੀਆਂ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਸੰਪੂਰਨ ਤੌਰ ’ਤੇ, ਇੱਕ ਮਹਾਰਾਜੇ ਵਜੋਂ ਤੇ ਇਕ ਮਨੁੱਖ ਵਜੋਂ ਸਮਝਕੇ, ਇਸ ਨਾਵਲ ਦੀ ਸਿਰਜਣਾ ਕੀਤੀ ਹੈ, ਜਿਨ੍ਹਾਂ ਵਿੱਚ ਉਹਦੇ ਮਹਾਨ ਕਾਰਨਾਮਿਆਂ ਨੂੰ ਦਰਸਾਇਆ ਹੈ, ਉਸ ਅੰਦਰਲੀ ਮਨੁੱਖਤਾ ਨੂੰ ਉਜਾਗਰ ਕੀਤਾ ਹੈ। ਉਸ ਅੰਦਰਲੀ ਚਤੁਰਾਈ ਅਤੇ ਦੂਰ-ਅੰਦੇਸ਼ੀ ਦੀ ਗੱਲ ਕੀਤੀ ਹੈ। ਇਸ ਦੇ ਨਾਲ ਨਾਲ ਇਕ ਮਹਾਰਾਜੇ ਵਜੋਂ ਉਸ ਵਿੱਚ ਕਮਜ਼ੋਰੀਆਂ ਸਨ, ਉਹਨਾਂ ਨੂੰ ਵੀ ਉਜਾਗਰ ਕੀਤਾ ਹੈ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ‘ਸੂਰਜ ਦੀ ਅੱਖ’ ਵਿੱਚ ਮੁਕੰਮਲ ਰੂਪ ਵਿੱਚ ਪੇਸ਼ ਹੋਇਆ ਹੈ। ਇਹ ਇੱਕੋ-ਇੱਕ ਨਾਵਲ ਪੜ੍ਹਕੇ ਸਾਨੂੰ ਸੰਪੂਰਨ ਜਾਣਕਾਰੀ ਮਿਲਦੀ ਹੈ। ਪਰ ਜਿਸ ਤਰ੍ਹਾਂ ਸ਼ੋਸ਼ਲ ਮੀਡੀਆਂ ਉੱਪਰ ਇਸ ਨਾਵਲ ਦੇ ਲੇਖਕ ਨੂੰ ਬੁਰਾ-ਭਲਾ ਆਖਿਆ ਗਿਆ, ਮੰਦੀ ਭਾਸ਼ਾ ਦੀ ਵਰਤੋਂ ਕੀਤੀ ਗਈ, ਧਮਕੀਆਂ ਦਿੱਤੀਆਂ ਗਈਆਂ - ਉਹ ਕਿਸੇ ਤਰ੍ਹਾਂ ਵੀ ਸੋਭਦਾ ਨਹੀਂ ਹੈ।

ਕੁਝ ਉਦਾਹਰਣਾਂ ਦੇਣੀਆਂ ਜਰੂਰੀ ਸਮਝਦਾ ਹਾਂ। ਫੇਸ ਬੁੱਕ ’ਤੇ ਇਤਿਹਾਸਕਾਰਾਂ ਉੱਪਰ ਤਾਂ ਕੋਈ ਖਾਸ ਗਿਲਾ ਨਹੀਂ ਹੈ ਪਰ ਇੱਕ ਵੱਡੇ ਵਿਦਵਾਨ ਹਨ, ‘ਸੂਰਜ ਦੀ ਅੱਖ’ ਬਾਰੇ ਉਹਨਾਂ ਦੀ ਸੋਚ ਪੂਰੀ ਨਿੰਦਾ ਵਾਲੀ ਹੈ। ਉਨ੍ਹਾਂ ਨੂੰ ਹਰ ਘਟਨਾ ਉੱਪਰ ਇਤਰਾਜ਼ ਹੈ। ਪਰ ਆਖਰ ਵਿੱਚ ਲਿਖਦੇ ਹਨ, “ਪਾਠਕਾਂ ਨੂੰ ਤੈਸ਼ ਵਿੱਚ ਆ ਕੇ ਲੇਖਕ ਵਾਸਤੇ ਅਪਸ਼ਬਦ ਨਹੀਂ ਬੋਲਣੇ ਚਾਹੀਦੇ। ਰਣਜੀਤ ਸਿੰਘ ਸਿੱਖਾਂ ਦਾ ਕੋਈ ਧਾਰਮਿਕ ਨੇਤਾ ਨਹੀਂ ਹੈ। ਉਹ ਸਖਤ ਦਿਲ, ਸਖਤ ਜਾਨ ਹੈ, ਚਤੁਰ ਹੈ, ਸਵਾਰਥੀ ਹੈ, ਲੋਭੀ ਹੈ, ਰੋਮਾਂਟਿਕ ਹੈ। ਰਾਜੇ ਇਸ ਤਰ੍ਹਾਂ ਦੇ ਹੀ ਹੋਇਆ ਕਰਦੇ ਹਨ। - ਬਲਦੇਵ ਸਿੰਘ ਨੇ ਵੀ ਤਾਂ ਇਹੀ ਲਿਖਿਆ ਹੈ, ਫਿਰ ਉਸ ਦੀ ਨਿੰਦਿਆ ਕਰਨ ਦੀ ਕੀ ਤੁਕ ਸੀ। ਲੈਲੀ ਘੋੜਾ ਹੈ ਜਾਂ ਘੋੜੀ, ਇਸ ਬਾਰੇ ਵੀ ਕੁਝ ਲੋਕ ਕਿੰਤੂ ਪ੍ਰੰਤੂ ਕਰਦੇ ਹਨ। ਕੁਝ ਇਤਿਹਾਸਕਾਰ ਲੈਲੀ ਨੂੰ ਘੋੜੀ ਲਿਖਦੇ ਹਨ, ਕੁਝ ਇਤਿਹਾਸਕਾਰ ਲੈਲੀ ਨੂੰ ਘੋੜਾ ਲਿਖਦੇ ਹਨ। ਇਹ ਕਿੱਡਾ ਕੁ ਮਸਲਾ ਹੈ? ਆਲੋਚਕ ਨੂੰ ਘੋੜਾ ਚੰਗਾ ਲਗਦਾ ਹੈ, ਘੋੜਾ ਰੱਖ ਲੈਣ, ਘੋੜੀ ਚੰਗੀ ਲਗਦੀ ਹੈ, ਘੋੜੀ ਰੱਖ ਲੈਣ। ਇਕ ਗੱਲ ਸਮਝ ਲਵੋ, ਰਾਜੇ ਰਾਜੇ ਹੀ ਹੁੰਦੇ ਹਨ, ਚਾਹੇ ਉਹ ਅਸ਼ੋਕ ਹੋਵੇ, ਚਾਹੇ ਅਕਬਰ, ਚਾਹੇ ਰਾਵਣ। ਸਾਰੇ ਹੀ ਅੱਤਿਅਚਾਰੀ ਸਨ ਤੇ ਪਰਜਾ ਦੀ ਪਿੱਠ ’ਤੇ ਬੈਠ ਕੇ ਐਸ਼ ਕਰਦੇ ਸਨ। ਰਣਜੀਤ ਸਿੰਘ ਵੀ ਕੋਈ ਅਪਵਾਦ ਨਹੀਂ ਸੀ।

ਇਵੇਂ ਪੰਜਾਬੀ ਵਿਆਕਰਣ ਦੇ ਇਕ ਹੋਰ ਵਿਦਵਾਨ ਹਨ। ਉਹ 17ਵੀਂ, 18ਵੀਂ ਸਦੀ ਦੇ ਲੋਕਾਂ ਵੱਲੋਂ ਬੋਲੀ ਪੰਜਾਬੀ ਭਾਸ਼ਾ ਵਿੱਚ ਵਿਆਕਰਣ ਦੀਆਂ ਗਲਤੀਆਂ ਲੱਭੀ ਜਾਂਦੇ ਹਨ। ਗਲਤੀਆਂ ਲੱਭਣਾ ਕੋਈ ਮਾੜੀ ਗੱਲ ਨਹੀਂ, ਨਾ ਹੀ ਘਟਨਾਵਾਂ ਦੀ ਪ੍ਰਮਾਣਿਕਤਾ ਬਾਰੇ ਕਿੰਤੂ ਪ੍ਰੰਤੂ ਕਰਨਾ ਮਾੜਾ ਹੈ, ਪਰ ਪਿਛਲੇ ਸਾਰੇ ਰੁਝਾਨਾਂ ਤੋਂ ਇਉਂ ਲਗਦਾ ਹੈ, ਜਿਵੇਂ ਬਲਦੇਵ ਸਿੰਘ ਦੇ ਨਾਵਲ ‘ਸੂਰਜ ਦੀ ਅੱਖ’ ਬਹਾਨੇ ਨਿੱਜੀ ਕਿੜ ਕੱਢ ਰਹੇ ਹੋਣ। ਅਸੀਂ ਕਿੰਨੇ ਅਸਹਿਣਸੀਲ ਹੋ ਗਏ ਹਾਂ। ਇਸ ਵਰਤਾਰੇ ਨੇ ਸਾਡੇ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ। ਪੰਜਾਬੀ ਸਾਹਿਤ ਵਿੱਚ ਇਤਿਹਾਸ ਬਾਰੇ ਲਿਖਣ ਵਾਲੇ ਕਿੰਨੇ ਕੁ ਲੇਖਕ ਹਨ? ਜੇ ਕੁਝ ਇਤਰਾਜ਼ਯੋਗ ਹੈ ਵੀ, ਉਸ ਨੂੰ ਸਭਿਆ ਢੰਗ ਨਾਲ ਸੰਵਾਦ ਰਚਾ ਕੇ ਹੱਲ ਕੀਤਾ ਜਾ ਸਕਦਾ ਹੈ। ‘ਪਦਮਾਵਤੀ’ ਫਿਲਮ ਨੂੰ ਵੇਖਣ ਤੋਂ ਬਾਅਦ ਹੀ ਕੋਈ ਰਾਇ ਬਣਾਉਣੀ ਉਚਿਤ ਹੈ। ਸਾਹਿਤ ਵਿੱਚ ਵੀ ਜੇ ਕਿਸੇ ਰਚਨਾ ਨਾਲ ਕੋਈ ਧਿਰ ਸਹਿਮਤ ਨਹੀਂ ਹੈ ਤਾਂ ਗਾਲੀ ਗਲੋਚ ਤਾਂ ਇਸਦਾ ਹੱਲ ਨਹੀਂ ਹੈ। ਸਾਨੂੰ ਸਾਰੇ ਤੱਥ ਜਾਣੇ ਤੋਂ ਬਿਨਾਂ ਕਿਸੇ ਵੀ ਰਚਨਾ ਉੱਪਰ ਬੋਲੋੜੇ ਇਤਿਰਾਜ਼ ਨਹੀਂ ਉਠਾਉਣੇ ਚਾਹੀਦੇ। ਅਤੇ ਨਾ ਹੀ ਕੋਈ ਫਿਲਮ-ਮੇਕਰ ਹਰ ਦਰਸ਼ਕ ਨੂੰ ਖੁਸ਼ ਕਰ ਸਕਦਾ ਹੈ। ਸੂਝਵਾਨ ਪਾਠਕਾਂ ਨੂੰ ਇਸ ਪੱਖ ਵੱਲ ਜਰੂਰ ਧਿਆਨ ਦੇਣ ਦੀ ਲੋੜ ਹੈ।

*****

(963)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਜਗਰੂਪ ਸਿੰਘ

ਡਾ. ਜਗਰੂਪ ਸਿੰਘ

Principal, Mehr Chand Polytechnic College, Jalandhar, Punjab, India.
Phone: (91 - 98786 - 15600)
Email: (mcpolycjal@yahoo.co.in)