BalrajSidhu7ਸੜਕ ਦੇ ਵਿਚਕਾਰ ਡਰੰਮ ਰੱਖ ਕੇ ਤੇ ਮਿੱਟੀ ਦੇ ਸਪੀਡ ਬਰੇਕਰ ਬਣਾ ਕੇ ਟਰੈਫਿਕ ਜਾਮ ਕਰ ਕੇ ...
(7 ਜਨਵਰੀ 2018)

 

LangarA1

 

ਲੰਗਰ ਛਕਾਉਣਾ ਸਿੱਖ ਧਰਮ ਦੀ ਇੱਕ ਬਹੁਤ ਹੀ ਨਿਆਰੀ ਪ੍ਰਥਾ ਹੈ। ਸੰਸਾਰ ਦੇ ਕਿਸੇ ਵੀ ਧਰਮ ਵਿੱਚ ਲੋੜਵੰਦਾਂ ਨੂੰ ਖਾਣਾ ਖਵਾਉਣ ’ਤੇ ਇੰਨਾ ਜ਼ੋਰ ਨਹੀਂ ਦਿੱਤਾ ਜਾਂਦਾ ਜਿੰਨਾ ਸਿੱਖ ਧਰਮ ਵਿੱਚ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰ ਦਾਸ ਜੀ ਦੁਆਰਾ ਸ਼ੁਰੂ ਕੀਤੀ ਗਈ ਇਸ ਪ੍ਰਥਾ ਕਾਰਨ ਹੁਣ ਤੱਕ ਕਰੋੜਾਂ ਇਨਸਾਨਾਂ ਦੀ ਭੁੱਖ ਮਿਟ ਚੁੱਕੀ ਹਨ। ਇਹ ਸਿੱਖ ਧਰਮ ਹੀ ਹੈ ਕਿ ਤੁਸੀਂ ਚਾਹੇ ਕਿਸੇ ਦੂਰ ਦੁਰਾਡੇ ਛੋਟੇ ਜਿਹੇ ਪਿੰਡ ਦੇ ਗੁਰੂਘਰ ਵੀ ਚਲੇ ਜਾਉ, ਗ੍ਰੰਥੀ ਸਿੰਘ ਲੰਗਰ ਛਕਾਉਣਾ ਆਪਣਾ ਪਰਮ ਧਰਮ ਸਮਝਦਾ ਹੈ। ਭਾਰਤ ਵਿੱਚ ਕਈ ਧਰਮਾਂ ਦੀਆਂ ਤੀਰਥ ਯਾਤਰਾਵਾਂ ਚਲਦੀਆਂ ਰਹਿੰਦੀਆਂ ਹਨ, ਪਰ ਇਹ ਪੰਜਾਬ ਹੀ ਹੈ ਜਿੱਥੇ ਯਾਤਰੀਆਂ ਨੂੰ ਜਗਾਹ ਜਗਾਹ ਰੋਕ ਕੇ ਪ੍ਰਸ਼ਾਦਾ ਛਕਾਇਆ ਜਾਂਦਾ ਹੈ।

ਇਸ ਸਾਲ ਹੁਣੇ ਮਨਾਏ ਗਏ ਫਤਿਹਗੜ੍ਹ ਸਾਹਿਬ ਦੇ ਮੇਲੇ ਮੌਕੇ ਸਾਨੂੰ ਬਠਿੰਡੇ ਤੋਂ ਮੋਹਾਲੀ ਤੱਕ ਸਫਰ ਕਰਨ ਦਾ ਮੌਕਾ ਮਿਲਿਆ। ਸੜਕਾਂ ਉੱਪਰ ਸੈਂਕੜਿਆ ਦੀ ਗਿਣਤੀ ਵਿੱਚ ਲੰਗਰ ਲੱਗੇ ਹੋਏ ਸਨ। ਲੋਕਾਂ ਨੂੰ ਜ਼ਬਦਸਤੀ ਘੇਰ ਘੇਰ ਕੇ ਪ੍ਰਸ਼ਾਦਾ ਪਾਣੀ ਛਕਾਇਆ ਜਾ ਰਿਹਾ ਸੀ। ਕਈ ਨੌਜਵਾਨਾਂ ਵੱਲੋਂ ਜੋ ਗਲਤ ਹਰਕਤਾਂ ਲੰਗਰ ਦੀ ਆੜ ਵਿੱਚ ਕੀਤੀਆਂ ਜਾ ਰਹੀਆਂ ਸਨ, ਉਹ ਕਿਸੇ ਤਰ੍ਹਾਂ ਵੀ ਮਰਿਆਦਾ ਦੇ ਅਨੁਸਾਰ ਨਹੀਂ ਕਹੀਆਂ ਜਾ ਸਕਦੀਆਂ। ਮੇਲਿਆਂ ਸਬੰਧੀ ਸਾਰੇ ਲੰਗਰ ਸੜਕਾਂ ’ਤੇ ਲਾਉਣੇ ਜ਼ਰੂਰੀ ਹਨ? ਕੀ ਸਾਰੇ ਭੁੱਖੇ ਸੜਕਾਂ ’ਤੇ ਹੀ ਤੁਰੇ ਫਿਰਦੇ ਹਨ? ਜਿਹੜਾ ਵਿਅਕਤੀ 10-15 ਲੱਖ ਦੀ ਗੱਡੀ ਵਿੱਚ ਸਫਰ ਕਰ ਰਿਹਾ ਹੈ ਤੇ ਦੋ ਢਾਈ ਹਜ਼ਾਰ ਦਾ ਤੇਲ ਫੂਕ ਕੇ ਕਿਤੇ ਚੱਲਿਆ ਹੈ, ਉਹ ਲੋੜਵੰਦ ਤੇ ਗਰੀਬ ਕਿਵੇਂ ਹੋ ਸਕਦਾ ਹੈ? ਦੋ-ਤਿੰਨ ਸੌ ਗਜ਼ ਦੀ ਦੂਰੀ ’ਤੇ ਲਗਾਏ ਲੰਗਰਾਂ ਦੇ ਪ੍ਰਬੰਧਕਾਂ ਨੂੰ ਪਤਾ ਨਹੀਂ ਸਮਝ ਕਿਉਂ ਨਹੀਂ ਆਉਂਦੀ ਕਿ ਇੰਨੀ ਜਲਦੀ ਬੰਦੇ ਨੂੰ ਭੁੱਖ ਨਹੀਂ ਲੱਗ ਸਕਦੀ। ਪਾਰਟੀਬਾਜ਼ੀ ਐਨੀ ਹੈ ਕਿ ਕਈਂ ਥਾਈਂ ਇੱਕ ਪਿੰਡ ਵਿੱਚ ਦੋ-ਦੋ ਲੰਗਰ ਲਗਾਏ ਜਾਂਦੇ ਹਨ। ਜੇ ਬੰਦਾ ਹਰ ਲੰਗਰ ਤੋਂ ਪ੍ਰਸ਼ਾਦਾ ਛਕੀ ਜਾਵੇ ਤਾਂ ਜਿਊਂਦਾ ਜਾਗਦਾ ਘਰ ਨਹੀਂ ਪਹੁੰਚ ਸਕਦਾ। ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਮਰਨ ਦੀ ਗਰੰਟੀ 100% ਹੈ।

ਪੁਰਾਣੇ ਸਮੇ ਵਿੱਚ ਰਾਹਾਂ-ਸੜਕਾਂ ਤੇ ਲੰਗਰ ਲਾਉਣ ਦਾ ਰਿਵਾਜ਼ ਇਸ ਲਈ ਸ਼ੁਰੂ ਹੋਇਆ ਸੀ ਕਿਉਂਕਿ ਲੋਕ ਪੈਦਲ ਅਤੇ ਗੱਡਿਆਂ ਆਦਿ ’ਤੇ ਮੇਲੇ ਪਹੁੰਚਦੇ ਹੁੰਦੇ ਸਨ। ਆਉਣ ਜਾਣ ਵਿੱਚ ਕਈ ਦਿਨ ਲੱਗ ਜਾਂਦੇ ਸਨ ਤੇ ਰਸਤੇ ਵਿੱਚ ਹੋਟਲ ਢਾਬੇ ਆਦਿ ਨਹੀਂ ਹੁੰਦੇ ਸਨ। ਪਰ ਹੁਣ ਤਾਂ 6-7 ਘੰਟੇ ਵਿੱਚ ਪੰਜਾਬ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਪਹੁੰਚਿਆ ਜਾ ਸਕਦਾ ਹੈ।

ਟਰੈਫਿਕ ਪਹਿਲਾਂ ਨਾਲੋਂ ਸੈਂਕੜੇ ਗੁਣਾਂ ਵਧ ਚੁੱਕੀ ਹੈ। ਹੁਣ ਸੜਕਾਂ ’ਤੇ ਲਗਾਏ ਲੰਗਰਾਂ ਕਾਰਨ ਲੋਕਾਂ ਨੂੰ ਸਹੂਲਤ ਦੀ ਬਜਾਏ ਤਕਲੀਫ ਜ਼ਿਆਦਾ ਹੁੰਦੀ ਹੈ। ਜੇ ਸੜਕ ਕਿਨਾਰੇ ਲੰਗਰ ਲਾਉਣਾ ਵੀ ਹੈ ਤਾਂ ਲੋਕਾਂ ਨੂੰ ਮਰਜ਼ੀ ਨਾਲ ਛਕਣ ਦਿਉ, ਧੱਕੇ ਨਾਲ ਕਿਉਂ ਲੋਕਾਂ ਦੇ ਢਿੱਡ ਵਿੱਚ ਤੁੰਨ ਕੇ ਅੰਨ ਦੀ ਬਰਬਾਦੀ ਕਰਦੇ ਹੋ। ਸੜਕ ਦੇ ਵਿਚਕਾਰ ਡਰੰਮ ਰੱਖ ਕੇ ਤੇ ਮਿੱਟੀ ਦੇ ਸਪੀਡ ਬਰੇਕਰ ਬਣਾ ਕੇ ਟਰੈਫਿਕ ਜਾਮ ਕਰ ਕੇ ਲੰਬੀਆਂ ਲੰਬੀਆਂ ਲਾਈਨਾਂ ਲਗਾ ਦਿੱਤੀਆਂ ਜਾਂਦੀਆਂ ਹਨ। ਸਿਆਣੀ ਉਮਰ ਦੇ ਬੰਦੇ ਆਪ ਮਾਇਆ ਵਾਲੇ ਟੋਕਰੇ ਕੋਲ ਬੈਠੇ ਰਹਿੰਦੇ ਹਨ ਤੇ ਮੁੰਡੀਹਰ ਨੂੰ ਲੰਗਰ ਵਰਤਾਉਣ ’ਤੇ ਲਗਾ ਛੱਡਦੇ ਹਨ। ਜੇ ਕਿਸੇ ਗੱਡੀ ਵਿੱਚ ਜਵਾਨ ਔਰਤਾਂ ਬੈਠੀਆਂ ਹੋਣ ਤਾਂ ਬਹੁਤੇ ਸੇਵਾਦਾਰ ਉਸ ਪਾਸੇ ਭੱਜ ਉੱਠਦੇ ਹਨ। ਰਸਤੇ ਵਿੱਚ ਇੱਕ ਲੰਗਰ ’ਤੇ ਲੜਕੀਆਂ ਦੇ ਕਾਲਜ ਦੀ ਬੱਸ ਜਾਮ ਵਿੱਚ ਫਸ ਗਈ ਤਾਂ ਪੰਗਤ ਵਿੱਚ ਬੈਠੇ ਲੰਗਰ ਛਕ ਰਹੇ ਸ਼ਰਧਾਲੂ ਵੇਖਦੇ ਹੀ ਰਹਿ ਗਏ ਸਾਰੇ ਵਰਤਾਵੇ ਭੱਜ ਕੇ ਉਸ ਬੱਸ ਵਿੱਚ ਜਾ ਵੜੇ। ਇੱਕ ਲੰਗਰ ਵੱਲੋਂ ਜਾਮ ਕੀਤੇ ਟਰੈਫਿਕ ਵਿੱਚ ਇੱਕ ਐਂਬੂਲੈਂਸ ਕਾਫੀ ਦੇਰ ਤੱਕ ਹੂਟਰ ਮਾਰਦੀ ਰਹੀ, ਪਰ ਆਲਮ ਲੁਹਾਰ ਦੇ ਗਾਣੇ ‘ਕਿਸੇ ਨੇ ਮੇਰੀ ਗੱਲ ਨਾ ਸੁਣੀ’ ਵਾਂਗ ਕਿਸੇ ਨੇ ਉਸ ਦੀ ਵਾਤ ਨਾ ਪੁੱਛੀ। ਕਈ ਵਾਰ ਤਾਂ ਇੱਕ ਲੰਗਰ ਤੋਂ ਦੂਸਰਾ ਲੰਗਰ ਦਿਖਾਈ ਦੇ ਰਿਹਾ ਹੁੰਦਾ ਹੈ, ਪਰ ਉੱਥੋਂ ਲੰਗਰ ਛਕ ਕੇ ਆਏ ਵਿਅਕਤੀ ਨੂੰ ਦੁਬਾਰਾ ਘੇਰ ਲਿਆ ਜਾਂਦਾ ਹੈ।

ਸੇਵਾਦਾਰ’ ਸੜਕ ਦੇ ਵਿਚਕਾਰ ਖੜ੍ਹੇ ਹੋ ਕੇ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੇ ਹਨ। ਅਸੀਂ ਜਦੋਂ ਤੜਕੇ ਮੋਹਾਲੀ ਤੋਂ ਵਾਪਸ ਜਾ ਰਹੇ ਸੀ ਤਾਂ ਸਵੇਰੇ 5-6 ਵਜੇ ਦਸ ਬਾਰਾਂ ਮੁੰਡੇ ਸੰਘਣੀ ਧੁੰਦ ਵਿੱਚ ਖੜ੍ਹ ਕੇ ਯਾਤਰੀਆਂ ਨੂੰ ਘੇਰ ਕੇ ਚਾਹ ਦਾ ਲੰਗਰ ਵਰਤਾ ਰਹੇ ਸਨ। ਮੈ ਬਹੁਤ ਮੁਸ਼ਕਿਲ ਨਾਲ ਬਰੇਕ ਮਾਰ ਕੇ ਉਹਨਾਂ ਨੂੰ ਬਚਾਇਆ। ਬਜਾਏ ਆਪਣੀ ਗਲਤੀ ਮੰਨਣ ਦੇ, ਉਹਨਾਂ ਨੇ ਸਾਡੀ ਗੱਡੀ ਘੇਰ ਲਈ। ਜੇ ਅਸੀਂ ਪੁਲਿਸ ਵਾਲੇ ਨਾ ਹੁੰਦੇ ਤਾਂ ਜ਼ਰੂਰ ਹੀ ਚਾਹ ਦੀ ਜਗਾਹ ਸਾਨੂੰ ‘ਚਾਹਟਾ ਸਾਹਿਬ’ ਛਕਾ ਕੇ ਭੇਜਦੇ। ਉਸ ਦਿਨ ਮੇਲਾ ਖਤਮ ਹੋ ਜਾਣ ਕਾਰਨ ਲੰਗਰਾਂ ਵਾਲੇ ਆਪਣਾ ਜੁੱਲੀ ਬਿਸਤਰਾ ਲਪੇਟ ਕੇ ਜਾ ਚੁੱਕੇ ਸਨ। ਵੇਖ ਕੇ ਬਹੁਤ ਦੁੱਖ ਹੋਇਆ ਕਿ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਦੂਰ ਦੂਰ ਤਕ ਸੜਕਾਂ ਦੇ ਦੋਵੀਂ ਪਾਸੀ ਲੱਖਾਂ ਦੀ ਤਾਦਾਦ ਵਿੱਚ ਲਿੱਬੜੀਆਂ ਹੋਈਆਂ ਪਲਾਸਟਿਕ ਦੀਆਂ ਡਿਸਪੋਜ਼ੇਬਲ ਪਲੇਟਾਂ ਅਤੇ ਗਲਾਸ ਰੁਲ ਰਹੇ ਸਨ। ਇਹਨਾਂ ਨੂੰ ਸਾਫ ਕਰਨਾ ਸਰਕਾਰ ਦੀ ਨਹੀਂ, ਲੰਗਰ ਲਾਉਣ ਵਾਲਿਆਂ ਦੀ ਜ਼ਿੰਮੇਵਾਰੀ ਹੈ। ਇਹ ਪਲਾਸਟਿਕ ਅਗਲੇ ਮੇਲੇ ਤੱਕ ਇਸੇ ਤਰ੍ਹਾਂ ਰੁਲਦੀ ਰਹੇਗੀ। ਜੋ ਮਿੱਟੀ ਦੇ ਸਪੀਡ ਬਰੇਕਰ ਲੋਕਾਂ ਨੂੰ ਘੇਰਨ ਲਈ ਲੰਗਰਾਂ ਵਾਲਿਆਂ ਨੇ ਬਣਾਏ ਸਨ, ਉਹ ਵੀ ਉਸੇ ਤਰ੍ਹਾਂ ਛੱਡ ਕੇ ਤੁਰਦੇ ਬਣੇ। ਉਹਨਾਂ ਤੋਂ ਬੁੜ੍ਹਕ ਬੁੜ੍ਹਕ ਕੇ ਬੇਕਸੂਰ ਲੋਕ ਲੱਤਾਂ ਬਾਹਵਾਂ ਤੁੜਵਾਉਣਗੇ ਤੇ ਇਹਨਾਂ ਨੂੰ ਕੋਸਣਗੇ। ਮੈਂ ਕੈਨੇਡਾ-ਅਮਰੀਕਾ ਵਿੱਚ ਲੰਗਰ ਲੱਗਦੇ ਵੇਖੇ ਹਨ। ਪ੍ਰਬੰਧਕ ਲੰਗਰ ਖਤਮ ਹੋਣ ’ਤੇ ਸੜਕਾਂ ਸਾਫ ਕਰ ਕੇ ਤੇ ਪਹਿਲਾਂ ਵਰਗੀ ਚਮਕਾ ਕੇ ਫਿਰ ਘਰ ਜਾਂਦੇ ਹਨ।

ਜੋੜ ਮੇਲਿਆਂ, ਗੁਰਪੁਰਬਾਂ ਅਤੇ ਹੋਰ ਤਿੱਥ ਤਿਉਹਾਰਾਂ ’ਤੇ ਲੰਗਰ ਲਗਾਉਣ ਲੱਗਿਆਂ ਕੁਝ ਨਿਯਮਾਂ ਦੀ ਪਾਲਣਾ ਵੀ ਕੀਤੀ ਜਾਣੀ ਲਾਜ਼ਮੀ ਹੈ। ਜਿੱਥੇ ਸਫਾਈ ਉੱਥੇ ਖੁਦਾਈ ਦੇ ਅਨੁਸਾਰ ਜ਼ਿੰਮੇਵਾਰੀ ਸਮਝ ਕੇ ਲੰਗਰ ਵਾਲੀ ਜਗਾਹ ਦੀ ਸਫਾਈ ਕਰ ਕੇ ਜਾਣਾ ਚਾਹੀਦਾ ਹੈ। ਗੰਦਗੀ ਫੈਲਾਉਣ ਨਾਲ ਲੰਗਰ ਲਾਉਣ ਦਾ ਪੁੰਨ ਤਾਂ ਕੀ ਮਿਲਣਾ, ਸਗੋਂ ਪਾਪ ਹੀ ਲੱਗਦਾ ਹੈ। ਸੜਕਾਂ ਦੀ ਬਜਾਏ ਗਰੀਬਾਂ ਦੀਆਂ ਬਸਤੀਆਂ ਵਿੱਚ ਜਾ ਕੇ ਲੰਗਰ ਲਗਾਏ ਜਾਣ ਤਾਂ ਜੋ ਉਹ ਲੋਕ ਵੀ ਪੌਸ਼ਟਿਕ ਭੋਜਨ ਦਾ ਆਨੰਦ ਮਾਣ ਸਕਣ। ਹੋ ਸਕੇ ਤਾਂ ਲੰਗਰਾਂ ਦੀ ਗਿਣਤੀ ਘੱਟ ਕਰ ਕੇ ਮਾਇਆ ਯਤੀਮਖਾਨਿਆਂ ਜਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਭੇਂਟ ਕਰ ਦਿੱਤੀ ਜਾਵੇ। ਲੋਕਾਂ ਨੂੰ ਘੇਰ ਕੇ ਧੱਕੇ ਨਾਲ ਲੰਗਰ ਨਾ ਛਕਾਇਆ ਜਾਵੇ। ਕੋਈ ਇਨਸਾਨ ਇੱਕ ਦਿਨ ਵਿੱਚ ਵੀਹ ਵਾਰ ਖਾਣਾ ਨਹੀਂ ਖਾ ਸਕਦਾ। ਅੱਜ ਕੱਲ੍ਹ ਹਰ ਤੀਸਰਾ ਬੰਦਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ। ਅਜਿਹੇ ਲੋਕ ਧੱਕੇ ਨਾਲ ਦਿੱਤਾ ਹਲਵਾ-ਜਲੇਬੀਆਂ ਅੱਗੇ ਜਾ ਕੇ ਸੁੱਟ ਦਿੰਦੇ ਹਨ। ਇਹ ਸਿਰਫ ਤੇ ਸਿਰਫ ਭੋਜਨ ਦੀ ਬਰਬਾਦੀ ਹੈ। ਅੱਜ ਕਲ੍ਹ ਮੇਲਿਆਂ ਦੌਰਾਨ ਸੜਕ ’ਤੇ ਲੱਗਾ ਲੰਗਰ ਵੇਖ ਕੇ ਖੁਸ਼ ਹੋਣ ਦੀ ਬਜਾਏ ਲੋਕ ਡਰ ਜਾਂਦੇ ਹਨ ਕਿ ਹੁਣ ਇਹ ਘੇਰਨਗੇ। ਹੋ ਸਕਦਾ ਕਈਆਂ ਨੂੰ ਇਹ ਗੱਲਾਂ ਪਸੰਦ ਨਾ ਆਉਣ, ਪਰ ਸੱਚਾਈ ਇਹੀ ਹੈ।

*****

(962)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.) 

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 95011 - 00062)

More articles from this author