ShyamSDeepti7ਲੋਕਤੰਤਰ ਵਿਚ ਭੋਲੇ ਭਾਲੇ ਚਿਹਰੇ ਥੱਲੇ ਲੁਕੇ ਹੋਏ ਤਾਨਾਸ਼ਾਹ ਦਾ ਪਰਦਾਫਾਸ਼ ਕਰਨ ਦਾ ਕਾਰਜ ...
(29 ਦਸੰਬਰ 2017)

 

ਪੱਤਰਕਾਰੀ ਦੀ ਅਹਿਮੀਅਤ ਇਸ ਗੱਲ ਤੋਂ ਸਮਝ ਆ ਜਾਂਦੀ ਹੈ, ਜਦੋਂ ਕਿ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਇਸ ਵਿਚ ਹੀ ਪੱਤਰਕਾਰੀ ਦੇ ਸਾਰੇ ਭਾਵਾਂ ਨੂੰ ਸਮੇਟਿਆ ਹੋਇਆ ਹੈ। ਪੱਤਰਕਾਰੀ ਰਾਹੀਂ ਕੋਈ ਵੀ ਪੱਤਰਕਾਰ ਕਰਦਾ ਕੀ ਹੈ ਜਾਂ ਅੱਜ ਕੀ ਕਰ ਰਿਹਾ ਹੈ, ਜਦੋਂ ਇਸ ਸਵਾਲ ਦੇ ਰੂਬਰੂ ਹੁੰਦੇ ਹਾਂ ਤਾਂ ਇੱਕ ਦਮ, ਫੌਰੀ ਜਵਾਬ ਆਉਂਦਾ ਹੈ, ਖਬਰਾਂ ਦਿੰਦਾ ਹੈ, ਖਬਰਾਂ ਇਕੱਠੀਆਂ ਕਰਦਾ ਹੈ, ਖਬਰਾਂ ਲੋਕਾਂ ਤਕ ਪਹੁੰਚਾਉਂਦਾ ਹੈ। ਇਨ੍ਹਾਂ ਸਾਰਿਆਂ ਪੱਖਾਂ ਵਿਚ ਬਰੀਕ ਜਿਹਾ ਫ਼ਰਕ ਹੈ। ਜਦੋਂ ਕੋਈ ਅਖਬਾਰ ਜਾਂ ਰਸਾਲਾ ਆਪਣੀ ਕੇਂਦਰੀ ਤੁੱਕ, ਟੈਗ ਲਾਈਨ ਇਸ ਤਰ੍ਹਾਂ ਵਰਤਦਾ ਹੈ ਕਿ ਖਬਰਾਂ ਜੋ ਖਬਰਦਾਰ ਕਰਦੀ ਨੇ ਤਾਂ ਉਹ ਕੀ ਕਹਿ ਰਿਹਾ ਹੁੰਦਾ ਹੈ ਜਾਂ ਉਹ ਕੀ ਕਹਿਣਾ ਚਾਹ ਰਿਹਾ ਹੁੰਦਾ ਹੈ।

ਦੂਸਰੇ ਪਾਸੇ ਇਕ ਪਾਠਕ, ਸਰੋਤਾ, ਦਰਸ਼ਨ, ਇਕ ਆਮ ਨਾਗਰਿਕ ਇਹ ਸਭ ਕਿਉਂ ਚਾਹੁੰਦਾ ਹੈ। ਉਸਦਾ ਇਨ੍ਹਾਂ ਤੋਂ ਕੀ ਮਤਲਬ ਹੈ। ਇਸ ਸੰਦਰਭ ਵਿਚ ਜਦੋਂ ਕੋਈ ਕਹਿੰਦਾ ਹੈ, ਮੈਂ ਕੋਈ ਨਿਊਜ਼ ਚੈਨਲ ਜਾਂ ਅਖਬਾਰ ਨਹੀਂ ਦੇਖਦਾ ਪੜ੍ਹਦਾ, ਸਭ ਬਕਵਾਸ, ਸਾਰੇ ਝੂਠ, ਮਨਘੜਤ। ਕਿਸੇ ’ਤੇ ਵਿਸ਼ਵਾਸ ਨਹੀਂ। ਖਬਰਾਂ ਵਿਚ ਭਰੋਸੇਯੋਗਤਾ ਨਹੀਂ ਹੈ। ਸੱਚੀਮੁੱਚੀ ਨਹੀਂ ਹੈ ਜਾਂ ਇੱਕ ਭੰਬਲਭੂਸਾ ਹੈ, ਜੋ ਜਾਣਬੁੱਝ ਕੇ ਪਾਇਆ ਜਾ ਰਿਹਾ ਹੈ।

ਇਨ੍ਹਾਂ ਦੋਹਾਂ ਅਵਸਥਾਵਾਂ ਜਾਂ ਹਾਲਤਾਂ ਤੋਂ ਅਸੀਂ ਪੱਤਰਕਾਰੀ ਬਾਰੇ ਕੀ ਸਮਝਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਬਾਰੇ ਜਾਨਣਾ ਚਾਹੁੰਦੇ ਹਾਂ। ਸਾਨੂੰ ਸੂਚਨਾ ਮਿਲ ਰਹੀ ਹੈ। ਪਰ ਨਾਲ ਹੀ ਸਵਾਲ ਹੈ ਕਿ ਜੋ ਸੂਚਨਾ ਮਿਲ ਰਹੀ ਹੈ, ਉਹ ਸੱਚੀ ਵੀ ਹੈ। ਮਤਲਬ ਅਸੀਂ ਆਪਣੇ ਆਲੇ-ਦੁਆਲੇ ਦਾ ਸੱਚ ਜਾਨਣਾ ਚਾਹੁੰਦੇ ਹਾਂ ਕਿ ਪੱਤਰਕਾਰ ਇਹ ਸਭ ਕੁਝ ਕਰ ਰਿਹਾ ਹੈ। ਜਾਂ ਇੰਝ ਕਹੀਏ ਪੱਤਰਕਾਰੀ ਤੋਂ ਪਹਿਲੀ ਆਸ ਇਹੀ ਕੀਤੀ ਜਾਂਦੀ ਹੈ।

ਪੱਤਰਕਾਰੀ ਦੇ ਸੰਦਰਭ ਵਿਚ ਖਬਰਾਂ ਦੇਣਾ ਅਤੇ ਖਬਰਾਂ ਦੇ ਆਧਾਰ ’ਤੇ ਉਸ ਦਾ ਵਿਸ਼ਲੇਸ਼ਣ ਕਰਕੇ ਪੇਸ਼ ਕਰਨਾ, ਦੋ ਵੱਖਰੇ ਪਹਿਲੂ ਹਨ। ਪੱਤਰਕਾਰ ਅਤੇ ਕਾਲਮਨਵੀਸ। ਦੋਹਾਂ ਵਿਚ ਕੋਈ ਬਹੁਤਾ ਫ਼ਰਕ ਨਹੀਂ ਹੈ, ਜੇਕਰ ਪੱਤਰਕਾਰੀ ਦੇ ਮੂਲ ਸੁਭਾਅ ਦੇ ਸੰਦਰਭ ਵਿਚ ਗੱਲ ਕੀਤੀ ਜਾਵੇ। ਖਬਰ ਦੇਣਾ ਜਾਂ ਅਖਬਾਰ ਦੇ ਦਫਤਰ ਵਿਚ ਛਪਣ ਲਈ ਪਹੁੰਚਾਉਣਾ, ਸਿਰਫ਼ ਖਬਰਾਂ ਇੱਕਠੀਆਂ ਕਰਨਾ ਹੀ ਨਹੀਂ ਹੈ। (ਜੋ ਕਿ ਅੱਜ ਹੋ ਰਿਹਾ ਹੈ) ਪੱਤਰਕਾਰ ਜ਼ਮੀਨੀ ਸਚਾਈ ਤੋਂ ਖਬਰ ਕੱਢ ਕੇ ਨਹੀਂ ਲਿਆ ਰਿਹਾ। ਹੌਲੀ ਹੌਲੀ ਖਬਰ ਉਸਦੇ ਟੇਬਲ ’ਤੇ ਪਹੁੰਚ ਰਹੀ ਹੈ। ਖਬਰ ਨੂੰ ਇੱਕਠਾ ਕਰਨ ਵੇਲੇ, ਸਿਰਫ਼ ਉਸ ਦੀ ਨਜ਼ਰ ਆ ਰਹੀ ਤਸਵੀਰ ਹੀ ਕਾਫੀ ਨਹੀਂ ਹੈ, ਜੋ ਕਈ ਵਾਰ ਪੱਤਰਕਾਰੀ ਅਤੇ ਸਾਹਿਤ ਵਿਚ ਫ਼ਰਕ ਕਰਦੇ ਹੋਏ ਉਭਾਰੀ ਜਾਂਦੀ ਹੈ। ਖਬਰ ਦੇ ਆਰ ਪਾਰ। ਘਟਨਾ ਤੋਂ ਪਹਿਲਾਂ। ਇੱਥੇ ਸਾਹਿਤਕਾਰ ਅਤੇ ਪੱਤਰਕਾਰ ਵਿਚ ਫ਼ਰਕ ਹੈ। ਸਾਹਿਤਕਾਰ ਨੂੰ ਕਲਪਨਾ ਦਾ ਸਹਾਰਾ ਲੈਣ ਦੀ ਖੁੱਲ੍ਹ ਹੁੰਦੀ ਹੈ, ਜੋ ਕਿ ਪੱਤਰਕਾਰ ਨੂੰ ਨਹੀਂ ਹੁੰਦੀ ਤੇ ਨਾ ਹੀ ਹੋਣੀ ਚਾਹੀਦੀ ਹੈ। ਪਰ ਖਬਰ ਨੂੰ ਸੱਚ ਦੀ ਕਸੌਟੀ ’ਤੇ ਪੜਤਾਲ ਕਰਕੇ ਪੇਸ਼ ਕਰਨ ਦਾ ਉੱਦਮ ਤਾਂ ਪੱਤਰਕਾਰ ਨੂੰ ਕਰਨਾ ਹੀ ਚਾਹੀਦਾ ਹੈ। ਕਾਲਮਨਵੀਸ, ਇਸ ਤੋਂ ਅੱਗੇ ਉਸ ਘਟਨਾ ਦੇ ਪਿਛੋਕੜ, ਵਰਤਮਾਨ ’ਤੇ ਤਾਂ ਗੱਲ ਕਰਦਾ ਹੈ, ਨਾਲ ਹੀ ਭਵਿੱਖ ਨੂੰ ਲੈ ਕੇ ਵੀ ਟਿੱਪਣੀ ਕਰਦਾ ਹੈ। ਇਸ ਤਰ੍ਹਾਂ ਵੱਡੇ ਪਰਿਪੇਖ ਵਿਚ ਪੱਤਰਕਾਰੀ ਦਾ ਕਾਰਜ ਸੂਚਨਾ ਦੇਣੀ, ਤੱਥ ਪੇਸ਼ ਕਰਨੇ ਅਤੇ ਆਪਣੀ ਰਾਇ ਰੱਖਣੀ ਹੈ। ਇੱਥੇ ਜੋ ਭੁੱਲ ਹੋ ਜਾਂਦੀ ਹੈ ਜਾਂ ਕਈ ਵਾਰ ਜਾਣ-ਬੁੱਝ ਕੇ ਵੀ ਕੀਤੀ ਜਾਂਦੀ ਹੈ, ਉਹ ਸੂਚਨਾ ਅਤੇ ਤੱਥਾਂ ਦੇ ਆਧਾਰ ’ਤੇ ਨਿਰਣੇ ਦੇਣੇ। ਇਸ ਤੋਂ ਬਚਣ ਦੀ ਲੋੜ ਹੈ।

ਇਸ ਤਰ੍ਹਾਂ ਪੱਤਰਕਾਰ, ਪਾਠਕ ਜਾਂ ਦਰਸ਼ਕ ਨੂੰ ਆਲੇ-ਦੁਆਲੇ ਵਾਪਰਦੇ ਵਰਤਾਰਿਆਂ ਦੀ ਟੋਹ ਦਿੰਦਾ ਹੈ ਤੇ ਆਪਣੇ ਤਜ਼ਰਬੇ ਮੁਤਾਬਕ ਕੁਝ ਕੁ ਵਿਸ਼ਲੇਸ਼ਣ ਕਰਦਾ ਹੈ ਤੇ ਪਾਠਕ ਨੂੰ ਸੂਝਵਾਨ ਬਣਾਉਂਦਾ ਹੈ ਨਿਰਣੇ ਲੈਣ ਦਾ ਹੱਕ ਉਹ ਆਪਣੇ ਕੋਲ ਰਾਖਵਾਂ ਰੱਖਦਾ ਹੈ। ਇਹ ਪਾਠਕ ਜਾਂ ਸਰੋਤੇ ਦਾ ਹੱਕ ਹੈ। ਚਾਹੇ ਚੋਣਾਂ ਵਿਚ ਲੜ ਰਹੀਆਂ ਰਾਜਨੀਤਿਕ ਪਾਰਟੀਆਂ ਹੋਣ, ਉਮੀਦਵਾਰ ਹੋਣ ਜਾਂ ਕਿਸੇ ਸਿਹਤ ਅਤੇ ਸਿੱਖਿਆ ਲਈ ਕੋਈ ਨਿਰਣਾ ਲੈਣਾ ਹੋਵੇ, ਪੱਤਰਕਾਰ ਨੂੰ ਆਪਣੀ ਪੇਸ਼ਕਾਰੀ ਵਿਚ ਇਸ਼ਤਿਹਾਰਬਾਜ਼ੀ ਵਾਲੇ ਪੈਂਤੜੇ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।

ਇਨ੍ਹਾਂ ਦੋ ਪਹਿਲੂਆਂ ਦੇ ਮੱਦੇਨਜ਼ਰ, ਇਹ ਸਮਝਣ ਦੀ ਲੋੜ ਹੈ ਕਿ ਖਬਰਾਂ ਦੀ ਖੋਜ ਜਾਂ ਇਸਦਾ ਵਿਸ਼ਲੇਸ਼ਣੀ ਅਮਲ, ਬੌਧਿਕਤਾ ਨਾਲ ਜੁੜਿਆ ਹੈ। ਉਹ ਆਪਣੀ ਖੋਜਵੀਂ, ਪੜਤਾਲਵੀਂ ਨਜ਼ਰ ਨਾਲ ਇਹ ਕਾਰਜ ਕਰਦਾ ਹੈ। ਪਰ ਜਦੋਂ ਅਸੀਂ ਮੌਜੂਦਾ ਹਾਲਤਾਂ ਵਿਚ ਖਬਰਾਂ ਜਾਂ ਕਾਲਮਾਂ ਵਿਚ ਲੰਘਦੇ ਹਾਂ, ਖਾਸ ਕਰ ਬਹੁਤੀ ਪੰਜਾਬੀ ਪੱਤਰਕਾਰੀ ਵਿਚ ਜਜ਼ਬਾਤੀ ਪੱਖ ਭਾਰੂ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਤੁਲਾਨਾਤਮਕ ਨਜ਼ਰੀਏ ਤੋਂ ਖਾਸ ਕਰ ਹਿੰਦੀ ਜਾਂ ਅੰਗ੍ਰੇਜ਼ੀ ਪੱਤਰਕਾਰੀ ਵੱਲ ਝਾਤ ਮਾਰਦੇ ਹਾਂ ਤਾਂ ਪੰਜਾਬੀ ਪੱਤਰਕਾਰੀ ਦਾ ਇਹ ਪੱਖ ਹੋਰ ਉੱਭਰ ਕੇ ਸਾਹਮਣੇ ਆਉਂਦਾ ਹੈ। ਇਸਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਜੋ ਕਿ ਬਹੁਤੇ ਲੁਕਵੇਂ ਨਹੀਂ ਹਨ। ਇਸ ਤਰ੍ਹਾਂ ਦੇ ਪ੍ਰਗਟਾਵੇ ਪਿੱਛੇ, ਪੰਜਾਬੀ ਪੱਤਰਕਾਰੀ ਜਾਂ ਕਾਲਮਨਵੀਸੀ ਵਿਚ, ਮੇਰੇ ਸਮੇਤ ਸਿਖਲਾਈ-ਸ਼ੁਦਾ ਪ੍ਰਫੈਸ਼ਨਲ ਲੋਕਾਂ ਦੀ ਕਮੀ ਹੈ। ਖਬਰਾਂ ਇਕੱਠੀਆਂ ਕਰਨ ਵਾਲੇ, ਪੱਤਰਕਾਰ ਦੇ ਨਾਂ ’ਤੇ ਕਾਰਡ ਲੈ ਕੇ ਘੁੰਮ ਰਹੇ ਬਹੁਤੇ ਲੋਕਾਂ ਨੂੰ ਉਨ੍ਹਾਂ ਦੇ ਕੰਮ ਲਈ ਕਿਸੇ ਤਰ੍ਹਾਂ ਦਾ ਕੋਈ ਮਿਹਨਤਾਨਾ ਨਹੀਂ ਦਿੱਤਾ ਜਾਂਦਾ, ਜੋ ਕਿ ਉਨ੍ਹਾਂ ਨੂੰ ਯੈਲੋ ਜਰਨਲਿਜ਼ਮ ਵੱਲ ਲੈ ਜਾਣ ਲਈ ਖੁਦ ਹੀ ਰਾਹ ਪੱਧਰਾ ਕਰ ਦਿੰਦਾ ਹੈ। ਸਥਾਨਕ ਜਾਂ ਰਾਜ ਪੱਧਰੀ ਅਖਬਾਰਾਂ ਦੀ ਗਿਣਤੀ ਭਾਵੇਂ ਘੱਟ ਹੋਵੇ, ਪਰ ਉਨ੍ਹਾਂ ਦੇ ਸ਼ਹਿਰੀ ਸੰਸਕਰਣਾਂ ਦੀ ਗਿਣਤੀ ਦੇ ਮੱਦੇਨਜ਼ਰ ਪਿੰਡ ਪਿੰਡ ਪੱਤਰਕਾਰ ਹਨ।

ਅਖਬਾਰਾਂ ਦੀ ਸ਼ੁਰੂਆਤ ਤੇ ਪੱਤਰਕਾਰਾਂ ਦੀ ਭੂਮਿਕਾ ਦਾ ਇਤਿਹਾਸ ਨਾ ਫਰੋਲਦੇ ਹੋਏ, ਇਹ ਗੱਲ ਜਾਣਨੀ ਮਹੱਤਵਪੂਰਨ ਹੈ ਕਿ ਪੱਤਰਕਾਰੀ ਦੇ ਇਮਾਨਦਾਰ ਅਮਲ ਨੇ ਦੁਨੀਆ ਦੇ ਵੱਡੇ ਵੱਡੇ ਰਾਜਨੇਤਾਵਾਂ ਅਤੇ ਸਮਰੱਥ ਸਰਕਾਰਾਂ ਦੀ ਨੀਂਦ ਉਡਾਉਣ ਦਾ ਕਾਰਜ ਨਿਭਾਇਆ ਹੈ।

ਲੋਕਤੰਤਰ ਵਿਚ ਤਾਂ ਇਸਦੀ ਅਹਿਮੀਅਤ ਹੋਰ ਵੀ ਵੱਧ ਹੈ, ਜਿੱਥੇ ਲੋਕ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਆਪਣੇ ਚੁਣੇ ਹੋਏ ਨੁਮਾਇੰਦੇ ਕੀ ਕਰ ਰਹੇ ਹਨ। ਦੂਸਰੇ ਪਾਸੇ ਲੋਕਤੰਤਰ ਵਿਚ ਹੀ, ਜਿੱਥੇ ਸਭ ਕੁਝ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਕਰਨਾ ਹੁੰਦਾ ਹੈ, ਤੱਥਾਂ ਨੂੰ ਲੁਕਾਉਣ ਜਾਂ ਤੋੜਣ ਮਰੋੜਣ ਦੀ ਕੋਸ਼ਿਸ਼ ਵੀ ਵੱਧ ਹੁੰਦੀ ਹੈ। ਰਾਜ਼ਾਸ਼ਾਹੀ ਜਾਂ ਤਾਨਾਸ਼ਾਹੀ ਵਿਚ ਸਭ ਕੁਝ ਸਪਸ਼ਟ ਹੁੰਦਾ ਹੈ, ਪਰ ਲੋਕਤੰਤਰ ਵਿਚ ਭੋਲੇ ਭਾਲੇ ਚਿਹਰੇ ਥੱਲੇ ਲੁਕੇ ਹੋਏ ਤਾਨਾਸ਼ਾਹ ਦਾ ਪਰਦਾਫਾਸ਼ ਕਰਨ ਦਾ ਕਾਰਜ ਪੱਤਰਕਾਰ ਦਾ ਧਰਮ ਬਣ ਜਾਂਦਾ ਹੈ ਜਾਂ ਉਸ ਨੂੰ ਇਸ ਭੂਮਿਕਾ ਲਈ ਤਿਆਰ ਰਹਿਣਾ ਚਾਹੀਦਾ ਹੈ।

ਡਾਕਟਰ ਦੀ ਤਰ੍ਹਾਂ ਕਿਸੇ ਵੀ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਦਾ ਪੱਤਰਕਾਰੀ ਕੋਲ ਵੀ ਆਪਣਾ ਪ੍ਰਫੈਸ਼ਨਲ ਵਿਸ਼ੇਸ਼ ਤਰੀਕਾ ਹੁੰਦਾ ਹੈ। ਪਰ ਉਸ ਤੋਂ ਅੱਗੇ ਦਾ ਕੰਮ ਕਿ ਉਸ ਨੂੰ ਪੇਸ਼ ਕਿਵੇਂ ਕਰਨਾ ਹੈ, ਵੀ ਬਹੁਤ ਅਹਿਮ ਹੈ।

ਕਹਿ ਸਕਦੇ ਹਾਂ ਕਿ ਸ਼ਬਦ ਹਥਿਆਰ ਹਨ। ਪਰ ਸਿਰਫ ਸ਼ਬਦ ਹੋਣੇ ਹੀ ਕਾਫੀ ਨਹੀਂ ਹਨ, ਸ਼ਬਦਾਂ ਦਾ ਸੁਯੋਗ ਇਸਤੇਮਾਲ ਮਹੱਤਵਪੂਰਨ ਪਹਿਲੂ ਹੈ। ਜਿੱਥੇ ਸ਼ਬਦਾਂ ਰਾਹੀਂ ਤੁਸੀਂ ਤੱਥ ਦੇ ਰਹੇ ਹੋ, ਇੱਥੇ ਸ਼ਬਦਾਂ ਰਾਹੀਂ ਸਾਜ਼ਿਸ਼ ਵੀ ਹੁੰਦੀ ਹੈ। ਸ਼ਬਦਾਂ ਦੇ ਇਸਤੇਮਾਲ ਵੇਲੇ ਇਹ ਅਹਿਤਿਆਤ ਵਰਤਣੀ ਚਾਹੀਦੀ ਹੈ ਕਿ ਉਸ ਦਾ ਸਹੀ ਅਰਥ ਪਹੁੰਚ ਰਿਹਾ ਹੋਵੇ। ਕੀ ਇਬਾਰਤ ਵਿਚ ਅਸਪਸ਼ਟਤਾ ਹੈ, ਕੋਈ ਭੰਬਲਭੂਸਾ ਤਾਂ ਨਹੀਂ ਖੜ੍ਹਾ ਹੋ ਰਿਹਾ। ਅਜੋਕੀ ਪੱਤਰਕਾਰੀ ਵਿਚ ਤੱਥਾਂ ਨੂੰ ਆਪਣੀ ਗੱਲ ਜਾਂ ਰਾਇ ਦੇ ਹਾਣ ਦਾ ਬਣਾ ਕੇ ਪੇਸ਼ ਕਰਨ ਦੀ ਮੁਹਾਰਤ ਹਾਸਿਲ ਕੀਤੀ ਜਾ ਰਹੀ ਹੈ।

ਸਮੱਸਿਆ ਹੈ, ਪੱਤਰਕਾਰੀ ਦੀ ਦਸ਼ਾ ਵਿਚ ਜਜ਼ਬਾਤ, ਉਲਾਰ, ਭੰਬਲਭੂਸਾ ਅਤੇ ਮੌਲਿਕਤਾ ਦੀ ਘਾਟ। ਇਨ੍ਹਾਂ ਪਹਿਲੂਆਂ ਦੇ ਮੱਦੇਨਜ਼ਰ ਹੀ ਦਿਸ਼ਾ ਤੈਅ ਕਰਨ ਵਲ ਅੱਗੇ ਵਧਣਾ ਚਾਹੀਦਾ ਹੈ। ਸਮੱਸਿਆ ਦੇ ਕਾਰਨਾਂ ਅਤੇ ਇਲਾਜ ਲਈ ਵਿਗਿਆਨਕ ਤਰੀਕਾ ਹੈ - ਤੁਲਨਾਤਮਕ ਅਧਿਐਨ। ਇਕ ਥਾਂ ਹੈ ਤਾਂ ਕਿਉਂ, ਜੇਕਰ ਫਲਾਂ ਸਹੂਲਤ ਨਹੀਂ ਹੈ ਤਾਂ ਕਿਉਂ, ਸਵਾਲ ਹਰ ਪੱਤਰਕਾਰ ਅਤੇ ਕਾਲਮ ਨਵੀਸ ਦੇ ਰਾਹ ਦਸੇਰੇ ਹੋਣੇ ਚਾਹੀਦੇ ਹਨ।

*****

(947)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author