JaswantAjit7ਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇਡੱਬੇ ਦੇ ਸਾਰੇ ਦਰਵਾਜ਼ੇਖਿੜਕੀਆਂ ਬੰਦ ਕਰ ਲੈਂਦੇ ਹਨ ...
(25 ਦਸੰਬਰ 2017)

 

ਅੱਜਕਲ ਦੇਸ਼ ਭਰ ਵਿੱਚ ਦੇਸ਼-ਭਗਤੀ ਅਤੇ ਦੇਸ਼-ਧ੍ਰੋਹ ਦੇ ਮੁੱਦਿਆਂ ਨੂੰ ਲੈ ਕੇ ਜੋ ਚਰਚਾ ਚੱਲ ਰਹੀ ਹੈ ਉਸ ਪੁਰ ਵਿਅੰਗ ਕਰਦਿਆਂ ਇੱਕ ਬੁੱਧੀਜੀਵੀ, ਸਹੀਰਾਮ ਨੇ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਵੇਂ ਗਰੀਬਾਂ ਦੀ ਸਰਕਾਰ ਆਉਣ ਨਾਲ ਗਰੀਬਾਂ ਦੀ ਗਿਣਤੀ ਵਧਦੀ ਜਾਂਦੀ ਹੈ, ਉਸੇ ਤਰ੍ਹਾਂ ‘ਦੇਸ਼ ਭਗਤਾਂ’ ਦੀ ਸਰਕਾਰ ਆਉਣ ਨਾਲ ਦੇਸ਼ ਭਗਤਾਂ ਦੀ ਗਿਣਤੀ ਵੀ ਵਧਦੀ ਜਾਂਦੀ ਪ੍ਰੰਤੂ ਇੱਥੇ ਤਾਂ ਉਲਟਾ ਹੀ ਹੁੰਦਾ ਨਜ਼ਰ ਆ ਰਿਹਾ ਹੈ। ਦੇਸ਼ ਧ੍ਰੋਹੀਆਂ ਦੀ ਗਿਣਤੀ ਵਧਦੀ ਤੇ ਉਨ੍ਹਾਂ ਦੇ ਮੁਕਾਬਲੇ ਦੇਸ਼ ਭਗਤਾਂ ਦੀ ਗਿਣਤੀ ਲਗਾਤਾਰ ਘਟਦੀ ਚਲੀ ਜਾ ਰਹੀ ਹੈ। ਇਉਂ ਜਾਪਦਾ ਹੈ ਜਿਵੇਂ ਦੇਸ਼ ਭਗਤ ਗਿਣੇ-ਚੁਣੇ ਰਹਿ ਗਏ ਹਨ, ਜਦਕਿ ਪਹਿਲਾਂ ਦੇਸ਼ਧ੍ਰੋਹੀ ਗਿਣੇ-ਚੁਣੇ ਹੁੰਦੇ ਸਨ। ਉਹ ਜੋ ਅੱਤਵਾਦੀ ਹੁੰਦਾ ਸੀ, ਉਹ ਜੋ ਬੰਬ ਫੋੜਦਾ ਸੀ ਜਾਂ ਫਿਰ ਉਹ, ਜੋ ਦੇਸ਼ ਦੇ ਵਿਰੁੱਧ ਜਾਸੂਸੀ ਕਰਦਾ ਸੀ, ਬੱਸ ਉਹੀ ਦੇਸ਼ ਧ੍ਰੋਹੀ ਹੁੰਦਾ ਸੀ। ਬਾਕੀ ਕਿਸਾਨ, ਮਜ਼ਦੂਰ, ਵਰਕਰ, ਬੁੱਧੀਜੀਵੀ, ਅਧਿਆਪਕ ਅਤੇ ਵਿਦਿਆਰਥੀ ਆਦਿ ਸਾਰੇ ਦੇਸ਼ ਭਗਤ ਹੁੰਦੇ ਸਨ। ਟੈਕਸ ਚੋਰੀ ਕਰਨ ਵਾਲਿਆਂ, ਬਲੈਕ-ਮਾਰਕੀਟੀਆਂ, ਮੁਨਾਫਾ-ਖੋਰਾਂ, ਜ਼ਖੀਰੇਬਾਜ਼ਾਂ ਤਕ ਨੂੰ ਵੀ ਦੇਸ਼ਧ੍ਰੋਹੀ ਨਹੀਂ ਸੀ ਕਿਹਾ ਜਾਂਦਾ। ਇੱਥੋਂ ਤੱਕ ਕਿ ਝਗੜੇ-ਫਸਾਦ ਕਰਨ ਕਰਵਾਉਣਣ ਵਾਲਿਆਂ ਅਤੇ ਮਾਫੀਆ ਨੂੰ ਵੀ ਦੇਸ਼ ਧ੍ਰੋਹੀ ਨਹੀਂ ਸੀ ਮੰਨਿਆ ਗਿਆ। ਉਸ ਸਮੇਂ ਦੇਸ਼ ਭਗਤੀ ਲਈ ਕੋਈ ਸ਼ਰਤ ਨਹੀਂ ਸੀ, ਕੋਈ ਯੋਗਤਾ ਨਹੀਂ ਸੀ।

ਉਸੇ ਬੁੱਧੀਜੀਵੀ ਅਨੁਸਾਰ, ਹੁਣ ਮਾਪ-ਦੰਡ ਸਖਤ ਹੋ ਗਏ ਹਨ। ਜਿਵੇਂ ਸਬਸਿਡੀ ਸਾਰਿਆਂ ਲਈ ਨਹੀਂ, ਉਸੇ ਤਰ੍ਹਾਂ ਦੇਸ਼ ਭਗਤੀ ਵੀ ਸਾਰਿਆਂ ਲਈ ਨਹੀਂ ਹੋ ਸਕਦੀ। ਦੇਸ਼ ਭਗਤੀ ਕੋਈ ਇਨਸਾਫ ਨਹੀਂ, ਜੋ ਸਾਰਿਆਂ ਨੂੰ ਹੀ ਮਿਲਣਾ ਜ਼ਰੂਰੀ ਹੋਵੇ। ਦੇਸ਼ ਭਗਤੀ ਮੌਲਿਕ ਅਧਿਕਾਰ ਨਹੀਂ ਕਿ ਸਾਰੇ ਹੀ ਉੁਸ ਪੁਰ ਆਪਣਾ ਦਾਅਵਾ ਕਰਨ ਲੱਗ ਪੈਣ। ਦੇਖਣਾ ਹੋਵੇਗਾ ਕਿ ਤੁਹਾਡੇ ਖਾਤੇ ਕਿਹੜੇ ਹਨ, ਤੁਹਾਡੀ ਰਾਜਨੀਤੀ ਕੀ ਹੈ? ਸਰਕਾਰ ਪ੍ਰਤੀ ਤੁਹਾਡੀ ਸੋਚ ਕੀ ਹੈ, ਤੁਸੀਂ ਨਾਹਰਾ ਕਿਹੜਾ ਲਾਉਂਦੇ ਹੋ? ਅੱਜਕਲ ਦੇਸ਼ ਭਗਤੀ ਕੁਝ-ਕੁਝ ਉਹੋ ਜਿਹੀ ਹੋ ਗਈ ਹੋਈ ਹੈ, ਜਿਵੇਂ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਘੱਟ ਹੁੰਦੇ ਹਨ ਅਤੇ ਬੇਰੁਜ਼ਗਾਰ ਬਹੁਤੇ, ਉਸੇ ਤਰ੍ਹਾਂ ਇੱਧਰ ਦੇਸ਼ ਭਗਤ ਘੱਟ ਹੋ ਗਏ ਹਨ ਤੇ ਦੇਸ਼ ਧ੍ਰੋਹੀ ਜ਼ਿਆਦਾ। ਇਹ ਵੀ ਉਸੇ ਤਰ੍ਹਾਂ ਹੋ ਗਿਆ ਹੈ, ਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇ, ਡੱਬੇ ਦੇ ਸਾਰੇ ਦਰਵਾਜ਼ੇ, ਖਿੜਕੀਆਂ ਬੰਦ ਕਰ ਲੈਂਦੇ ਹਨ, ਤਾਂ ਜੋ ਹੋਰ ਕੋਈ ਅੰਦਰ ਦਾਖਲ ਨਾ ਹੋ ਸਕੇ, ਉਸੇ ਤਰ੍ਹਾਂ ਅੰਦਰ ਵਾਲਿਆਂ ਨੇ ਦੇਸ਼ ਭਗਤੀ ਦੇ ਡੱਬੇ ਦੇ ਸਾਰੇ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ ਹਨ। ਜਿਸ ਕਾਰਣ ਹੁਣ ਇਸ ਡੱਬੇ ਵਿੱਚ ਦਾਖਲ ਹੋਣਾ ਬਹੁਤ ਹੀ ਮੁਸਕਲ ਹੋ ਗਿਆ ਹੈ।

**

ਅਕਾਲੀ ਰਾਜਨੀਤੀ ਵਿੱਚ ਨਕਾਰਾਤਮਕਤਾ

ਨਕਾਰਾਤਮਕਤਾ, ਸਮੁੱਚੇ ਰੂਪ ਵਿੱਚ ਅਕਾਲੀ ਰਾਜਨੀਤੀ ਦਾ ਇੱਕ ਅਜਿਹਾ ਅਨਿੱਖੜ ਦੁਖਾਂਤ ਬਣ ਗਿਆ ਹੈ, ਜਿਸ ਤੋਂ ਨਾ ਤਾਂ ਕਿਸੇ ਅਕਾਲੀ ਦਲ ਦੀ ਲੀਡਰਸ਼ਿੱਪ ਅਤੇ ਨਾ ਹੀ ਉਸਦੀ ਰਾਜਨੀਤੀ ਮੁਕਤ ਹੋ ਸਕਦੀ ਹੈ। ਇਹ ਦਾਅਵਾ ਕਿਸੇ ਹੋਰ ਦਾ ਨਹੀਂ, ਸਗੋਂ ਇੱਕ ਸੀਨੀਅਰ ਅਤੇ ਟਕਸਾਲੀ ਅਕਾਲੀ ਆਗੂ ਦਾ ਹੈ, ਜੋ ਉਸਨੇ ਨਿੱਜੀ ਗੱਲਬਾਤ ਦੌਰਾਨ ਕੀਤਾ। ਉਸਨੇ ਇਹ ਵੀ ਮੰਨਿਆ ਕਿ ਹਾਲਾਂਕਿ ਅੱਜਕਲ ਰਾਜਨੀਤੀ ਦੇ ਖੇਤਰ ਵਿੱਚ ਸਮੁੱਚੇ ਰੂਪ ਵਿੱਚ ਹੀ ਹਾਲਾਤ ਕੁਝ ਅਜਿਹੇ ਬਣ ਗਏ ਹੋਏ ਹਨ ਕਿ ਨਕਾਰਾਤਮਕਤਾ ਦੀ ਦਲਦਲ ਭਰੀ ਰਾਜਨੀਤੀ ਵਿੱਚ ਨਾ ਕੇਵਲ ਅਕਾਲੀ ਦਲ, ਸਗੋਂ ਦੇਸ਼ ਦੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ ਇੰਨੀ ਬੁਰੀ ਤਰ੍ਹਾਂ ਧਸ ਚੁੱਕੀਆਂ ਹਨ ਕਿ ਉਨ੍ਹਾਂ ਦਾ ਇਸ ਵਿੱਚੋਂ ਬਾਹਰ ਨਿਕਲ ਪਾਉਣਾ ਸੰਭਵ ਹੀ ਨਹੀਂ ਰਹਿ ਗਿਆ ਹੋਇਆ। ਫਿਰ ਵੀ ਅਕਾਲੀ ਰਾਜਨੀਤੀ ਵਿੱਚ ਨਕਾਰਾਤਮਕਤਾ ਦਾ ਪ੍ਰਵੇਸ਼ ਇਸ ਕਰਕੇ ਦੁਖਾਉਂਦਾ ਹੈ ਕਿਉਂਕਿ ਇਸਦੀ ਸਥਾਪਨਾ ਇੱਕ ਰਾਜਸੀ ਪਾਰਟੀ ਵਜੋਂ ਨਹੀਂ, ਸਗੋਂ ਇਸਦੀ ਸਥਾਪਨਾ ਦਾ ਉਦੇਸ਼ ਧਾਰਮਕ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲਾਉਣ ਅਤੇ ਉਨ੍ਹਾਂ ਵਿੱਚ ਧਾਰਮਕ ਮਾਣਤਾਵਾਂ, ਮਰਿਆਦਾਵਾਂ ਤੇ ਪਰੰਪਰਾਵਾਂ ਨੂੰ ਬਹਾਲ ਰੱਖਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਧਾਰਮਕ ਸੰਸਥਾਵਾਂ ਨੂੰ ਸਹਿਯੋਗ ਕਰਨਾ ਮਿਥਿਆ ਗਿਆ ਸੀ। ਪ੍ਰੰਤੂ ਅੱਜ ਜਿਸ ਰੂਪ ਵਿੱਚ ਅਕਾਲੀ ਦਲ ਵਿਚਰ ਰਹੇ ਹਨ, ਉਸ ਤੋਂ ਇਉਂ ਜਾਪਦਾ ਹੈ ਜਿਵੇਂ ਨਕਾਰਾਤਮਕਤਾ ਅਕਾਲੀ ਦਲਾਂ ਦੀਆਂ ਨੀਤੀਆਂ ਦੀਆਂ ਜੜ੍ਹਾਂ ਵਿੱਚ ਇਸ ਤਰ੍ਹਾਂ ਰਚ-ਮਿਚ ਗਈ ਹੈ ਕਿ ਉਸ ਤੋਂ ਛੁਟਕਾਰਾ ਹਾਸਲ ਕਰ ਸਕਣਾ ਉਨ੍ਹਾਂ ਦੇ ਵੱਸ ਦਾ ਰੋਗ ਨਹੀਂ ਰਹਿ ਗਿਆ।

ਅੱਜ ਦੇ ਅਕਾਲੀ ਆਗੂਆਂ ਵਲੋਂ ਦੂਜਿਆਂ ਦੇ ਹਰ ਕੰਮ, ਭਾਵੇਂ ਉਹ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ, ਵਿੱਚੋਂ ਗਲਤੀਆਂ ਅਤੇ ਭੁੱਲਾਂ ਤਲਾਸ਼ੀਆਂ ਜਾਂਦੀਆਂ ਹਨ, ਤਾਂ ਜੋ ਉਹ ਉਨ੍ਹਾਂ ਸਹਾਰੇ ਵਿਰੋਧੀ ਨੂੰ ਘੇਰ ਕੇ ਉਸ ਪੁਰ ਹਮਲੇ ਕੀਤੇ ਜਾਣੇ ਜਾ ਸਕਣ। ਇਹੀ ਸਭ ਦਿੱਲੀ ਦੀ ਅਕਾਲੀ ਰਾਜਨੀਤੀ ਵਿੱਚ ਵੀ ਲਗਾਤਾਰ ਦੇਖਣ ਨੂੰ ਮਿਲਦਾ ਚਲਿਆ ਆ ਰਿਹਾ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ-ਸੰਭਾਲ ਦੀਆਂ ਜ਼ਿੰਮੇਦਾਰੀਆਂ ਨਿਭਾ ਰਿਹਾ ਸੀ ਤਾਂ ਉਸਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਉਸ ਵਲੋਂ ਕੀਤੇ ਜਾਂਦੇ ਰਹੇ ਹਰ ਚੰਗੇ ਮਾੜੇ ਕੰਮਾਂ ਵਿੱਚੋਂ ਗਲਤੀਆਂ ਤਲਾਸ਼, ਉਨ੍ਹਾਂ ਨੂੰ ਉਛਾਲ, ਉਸਨੂੰ  ਕਟਹਿਰੇ ਵਿੱਚ ਖੜ੍ਹਿਆਂ ਕਰਦੇ ਚਲੇ ਆਉਂਦੇ ਰਹੇ ਸਨ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਮੁਖੀਆਂ ਨੂੰ ਇਸ ਗੱਲ ਦਾ ਅਫਸੋਸ ਤੇ ਦੁੱਖ ਹੁੰਦਾ ਸੀ ਕਿ ਉਨ੍ਹਾਂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰਨ ਦੀ ਬਜਾਏ, ਉਨ੍ਹਾਂ ਦੀ ਵੀ ਨਕਾਰਾਤਮਕਤਾ-ਪੂਰਣ ਆਲੋਚਨਾ ਕੀਤੀ ਜਾਂਦੀ ਹੈ। ਪ੍ਰੰਤੂ ਹੁਣ ਜਦ ਕਿ ਉਹ ਆਪ ਦਿੱਲੀ ਗੁਰਦੁਆਰਾ ਕਮੇਟੀ ਦੀ ਸੇਵਾ-ਸੰਭਾਲ ਦੀ ਜ਼ਿੰਮੇਦਾਰੀ ਤੋਂ ਮੁਕਤ ਹੋ ਚੁੱਕੇ ਹਨ ਤਾਂ ਹੁਣ ਉਹ ਵੀ ਉਸੇ ਨਕਾਰਾਤਮਕ ਰਾਜਨੀਤੀ ਦੀ ਰਾਹ ਪੁਰ ਚੱਲਣ ਲੱਗ ਪਏ ਹਨ।

**

ਆਪੋ-ਆਪਣੇ ਸੱਚ

ਇੱਕ ਪਾਸੇ ਤਾਂ ਦੇਸ਼ ਵਿੱਚ ਸੂਚਨਾ ਅਤੇ ਸੰਚਾਰ ਦੇ ਖੇਤਰ ਵਿੱਚ ਆ ਰਹੀ ‘ਕਥਿਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਕੀਤੇ ਜਾ ਰਹੇ ਹਨ ਅਤੇ ਦੂਸਰੇ ਪਾਸੇ ਅਸੀਂ ਅੱਧੇ-ਅਧੂਰੇ ਸੱਚ ਨੂੰ ਹੀ ਪੂਰਨ ਸੱਚ ਮੰਨ ਕੇ ਉਸੇ ਵਿੱਚ ਹੀ ਭਟਕਦਿਆਂ ਰਹਿਣ ਨੂੰ ਆਪਣੀ ਨੀਤੀ ਸਮਝ ਬੈਠੇ ਹਾਂ। ਇੰਨਾ ਹੀ ਨਹੀਂ, ਅਸੀਂ ਇਹ ਵੀ ਵੇਖ ਰਹੇ ਹਾਂ ਕਿ ਇੱਥੇ ਹਰ ਕੋਈ ਆਪਣੇ ਹੀ ‘ਸੱਚ’ ਨੂੰ ਦੂਸਰਿਆਂ ਪੁਰ ਠੋਸਣ ਲਈ ਉਤਾਵਲਾ ਹੈ। ਦੂਸਰੇ ਦੇ ਸੱਚ ਨੂੰ ਨਾ ਤਾਂ ਉਹ ਸਵੀਕਾਰ ਕਰਨ ਲਈ ਤਿਆਰ ਨਹੀਂ। ਇਨ੍ਹਾਂ ਹਾਲਾਤ ਦੇ ਸੰਬੰਧ ਵਿੱਚ ਚਰਚਾ ਕਰਦਿਆਂ ਇੱਕ ਕਲਮਕਾਰ ਨੇ ਕਿਹਾ ਕਿ ਸੋਸ਼ਲ ਮੀਡੀਆ ਹੋਵੇ ਜਾਂ ਮੁੱਖਧਾਰਾ ਦਾ ਮੀਡੀਆ, ਬਹੁਤਾ ਕਰਕੇ ਉਨ੍ਹਾਂ ਦੇ ਆਪੋ-ਆਪਣੇ ਸੱਚ ਹੀ ਹੁੰਦੇ ਹਨ। ਕੁਝ ਸੱਚ ਤਾਂ ਉਸੇ ਤਰਜ਼ ’ਤੇ ਹੁੰਦੇ ਹਨ, ਜਿਵੇਂ ਕਿ ਇੱਕ ਪੁਰਾਣੀ ਲੋਕ-ਕਹਾਣੀ ਅਨੁਸਾਰ ‘ਅੰਨ੍ਹਿਆਂ ਲਈ ਹਾਥੀ ਦਾ ਸੱਚ’ ਸੀ। ਇਸੇ ਤਰ੍ਹਾਂ ਭਾਵੇਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚਲਾ ਕਨਈਆ ਕਾਂਡ ਹੋਵੇ ਜਾਂ ਫਿਰ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੀ ਰੋਹਿਤ ਵੇਮੁਲਾ ਆਤਮ-ਹੱਤਿਆ ਜਾਂ ਕੋਈ ਮੁਹੱਲਾ ਪੱਧਰ ਦੀ ਘਟਨਾ, ਲੋਕਾਂ ਦੇ ਸੱਚ ਵੱਖੋ-ਵੱਖਰੇ ਹੁੰਦੇ ਹਨ। ਜੇ ਉਨ੍ਹਾਂ ਸਾਰਿਆਂ ਦੀ ਘੋਖ ਕੀਤੀ ਜਾਏ ਤਾਂ ਪੂਰਾ ਸੱਚ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਹਰ ਘਟਨਾ ਦਾ ਕੋਈ ਇੱਕ ਪੱਖ ਹੀ ਲੈ ਲਉ, ਹਰ ਕੋਈ ਆਪਣੇ ਹੀ ਨਜ਼ਰੀਏ ਨਾਲ ਉਸ ਨੂੰ ਪੇਸ਼ ਕਰਦਾ ਹੈ। ਇਸਦੇ ਬਾਵਜੂਦ ਮੰਨਿਆ ਜਾਂਦਾ ਹੈ ਕਿ ਵਿਵੇਕਸ਼ੀਲ ਲੋਕ ਅਸਲੀ ਸੱਚ ਤਲਾਸ਼ ਕਰ ਹੀ ਲੈਂਦੇ ਹਨ। ਪ੍ਰੰਤੂ ਅਜਿਹਾ ਤਾਂ ਸੰਭਵ ਹੁੰਦਾ ਹੈ ਜੇ ਕਿਸੇ ਇੱਕ ਪੱਖ ਨੂੰ ਪੇਸ਼ ਕਰਦਿਆਂ ਉਸਦਾ ਸ੍ਰੋਤ ਦੱਸਿਆ ਜਾਏ। ਇਹ ਗੱਲ ਬਦਕਿਸਮਤੀ ਦੀ ਹੈ ਕਿ ਅੱਧੇ-ਅਧੂਰੇ ਸੱਚ ਦੇ ਇਸ ਦੌਰ ਵਿੱਚ ਸ੍ਰੋਤ ਜਾਂ ਤਾਂ ਦੱਸੇ ਨਹੀਂ ਜਾਂਦੇ ਜਾਂ ਫਿਰ ਗ਼ਲਤ ਦੱਸ ਦਿੱਤੇ ਜਾਂਦੇ ਹਨ। ਇਸ ਹਾਲਤ ਵਿੱਚ ਕੁਝ ਲੋਕ ਸਵਾਲ ਉਠਾਉਂਦੇ ਹਨ ਕਿ ਕੀ ਇਹ ਮੰਨ ਲਿਆ ਜਾਏ ਕਿ ਪੂਰੇ ਸੱਚ ਨੂੰ ਛੁਪਾਉਣ ਅਤੇ ਆਪਣੇ ਹਿਤ ਵਿੱਚ ਆਪੋ-ਆਪਣੀ ਹੀ ‘ਹਕੀਕਤ’ ਪੇਸ਼ ਕਰਨ ਅਤੇ ਉਸੇ ਨੂੰ ਹੀ ਮਨਵਾਉਣ ਦਾ ਸਮਾਂ ਜਾਂ ਦੌਰ ਆ ਗਿਆ ਹੈ। ਸ਼ਾਇਦ ਇਹੀ ਕਾਰਣ ਹੈ ਕਿ ਘੱਟ ਤੋਂ ਘੱਟ ਪੜ੍ਹਿਆ ਲਿਖਿਆ ਵਰਗ ਡੂੰਘੇ ਅਵਿਸ਼ਵਾਸ ਵਿੱਚ ਜ਼ਿੰਦਗੀ ਬਿਤਾਉਣ ’ਤੇ ਮਜਬੂਰ ਹੋ ਰਿਹਾ ਹੈ। ਹਰ ਦੂਸਰੇ ਪੜ੍ਹੇ-ਲਿਖੇ ਵਿਅਕਤੀ ਦਾ ਭਰੋਸਾ ਪਹਿਲੇ ਵਾਲੇ ਦੀਆਂ ਨਜ਼ਰਾਂ ਵਿੱਚ ਜਾਂ ਪਹਿਲੇ ਦਾ ਭਰੋਸਾ ਦੂਸਰੇ ਦੀਆਂ ਨਜ਼ਰਾਂ ਵਿੱਚ ਘਟ ਗਿਆ ਹੈ। ਸਵਾਲ ਉੱਠਦਾ ਹੈ ਕਿ ਕੀ ਅਜਿਹੇ ਮਾਹੌਲ ਵਿੱਚ ਏਕਤਾ ਦਾ ਅਲਾਪਿਆ ਜਾ ਰਿਹਾ ਰਾਗ ਕਾਰਗਰ ਹੋ ਸਕਦਾ ਹੈ? ਕੀ ਇਸੇ ਅਵਿਸ਼ਵਾਸ ਦੇ ਮਾਹੌਲ ਵਿੱਚ ਦੇਸ਼ ਅੱਗੇ ਵਧ ਸਕੇਗਾ?

*****

(943)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author