BalrajDeol7ਇਸ ਸੱਜਣ ਦਾ ਮੰਨਣਾ ਸੀ ਕਿ ਪੰਜਾਬ ਦੇ ਹਾਲਾਤ ਅਤੇ ਅਬਾਦੀ ਦੀ ਬਣਤਰ ਅਜਿਹੀ ਹੈ ਕਿ ...
(24 ਦਸੰਬਰ 2017)

 

ਬਰੈਂਪਟਨ ਵਿੱਚ ਦੇਸੀ ਵਿਦਿਆਰਥੀਆਂ ਦੀ 10 ਦਸੰਬਰ ਨੂੰ ਹੋਈ ਲੜਾਈ ਇੱਥੇ ਅਜੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮਾਮਲੇ ਵਿੱਚ ਤਿੰਨ ਨੌਜਵਾਨ ਚਾਰਜ ਕਰ ਲਏ ਗਏ ਹਨ। ਸ਼ੌਂਕੀ ਨੂੰ ਇਸ ਲੜਾਈ ਨੇ ਦੋ ਕੁ ਸਾਲ ਪਹਿਲਾਂ ਦੀ ਪੰਜਾਬ ਫੇਰੀ ਯਾਦ ਕਰਵਾ ਦਿੱਤੀ ਹੈ। ਆਪਣੀ ਉਸ ਪੰਜਾਬ ਫੇਰੀ ਸਮੇਂ ਸ਼ੌਂਕੀ ਸੈਰ ਸਪਾਟੇ ਦੇ ਨਾਲ ਨਾਲ ਇਹ ਜਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਕਿ ਪੰਜਾਬ ਵਿੱਚ ਵੱਖਵਾਦ ਨੂੰ ਕਿੰਨਾ ਕੁ ਸਮਰਥਨ ਪ੍ਰਾਪਤ ਹੈ? ਕਿਉਂਕਿ ਵਿਦੇਸ਼ਾਂ ਵਿੱਚ ਪੰਜਾਬੀ ਮੀਡੀਆ ਅਕਸਰ ਪੰਜਾਬ ਦੀਆਂ ਘਟਨਾਵਾਂ ਨੂੰ ਏਨਾ ਕਵਰ ਕਰਦਾ ਹੈ ਜਿਸ ਤੋਂ ਪ੍ਰਭਾਵ ਮਿਲਦਾ ਹੈ ਕਿ ਪੰਜਾਬ ਵਿੱਚ ਵੱਖਵਾਦੀ ਲਹਿਰ ਲਗਾਤਾਰ ਆਪਣਾ ਅਧਾਰ ਵਿਸ਼ਾਲ ਕਰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ੌਂਕੀ ਦੇ ਮਨ ਵਿੱਚ ਆਮ ਆਦਮੀ ਪਾਰਟੀ ਦਾ ਵੀ ਖਿਆਲ ਆਉਂਦਾ ਸੀ ਜਿਸ ਦੀ ਕੈਨੇਡਾ ਵਿੱਚ ਤਾਂ ਉਸ ਵਕਤ ਬਹੁਤ ਹੀ ਬੱਲੇ ਬੱਲੇ ਹੋ ਰਹੀ ਸੀ। ਹਾਲਤ ਹੋਰ ਪੱਛਮੀ ਦੇਸ਼ਾਂ ਵਿੱਚ ਵੀ ਅਜਿਹੀ ਹੀ ਸੀ। ਹਰ ਕੋਈ ਅਕਾਲੀਆਂ ਪਿੱਛੋਂ ਭਾਰੀ ਬਹੁਮੱਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀਆਂ ਗੱਲਾਂ ਕਰਦਾ ਸੀ। ਵਾਰ ਵਾਰ ਅਜਿਹਾ ਪ੍ਰਚਾਰ ਸੁਣ ਕੇ ਤਾਂ ਸ਼ੌਂਕੀ ਨੂੰ ਇਹ ਸੱਚ ਜਾਪਣ ਲੱਗ ਪਿਆ ਸੀ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ, ਬੱਸ ਸਿਰਫ਼ ਮੁੱਖ ਮੰਤਰੀ ਕੌਣ ਬਣੇਗਾ, ਇਹ ਤੈਅ ਕਰਨਾ ਹੀ ਰਹਿੰਦਾ ਸੀ।

ਸ਼ੌਂਕੀ ਨੇ ਇੱਧਰ ਉੱਧਰ ਜਦ ਪੁਰਾਣੇ ਮਿੱਤਰਾਂ ਨੂੰ ਮਿਲਣਾ ਤਾਂ ਖਾਲਿਸਤਾਨ ਦੀ ਤਾਕਤ ਫੜ ਰਹੀ ਲਹਿਰ ਅਤੇ ਮੱਲਾਂ ਮਾਰ ਰਹੀ ਆਮ ਆਦਮੀ ਪਾਰਟੀ ਬਾਰੇ ਪੁੱਛਣਾ ਕਦੇ ਨਾ ਭੁੱਲਣਾ। ਕਈ ਸੱਜਣ ਜਦ ਗੱਲ ਗੋਲਮੋਲ ਕਰ ਕੇ ਵਿੱਚੇ ਛੱਡ ਜਾਂਦੇ ਸਨ ਤਾਂ ਸ਼ੌਂਕੀ ਮੁੜ ਘਿੜ ਕੇ ਉਹਨਾਂ ਨੂੰ ਇਹਨਾਂ ਦੋਵੇਂ ਮੁੱਦਿਆਂ ਤੇ ਵਾਪਸ ਲੈ ਆਉਂਦਾ ਸੀ। ਸ਼ੌਂਕੀ ਵੱਖਵਾਦੀ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚਕਾਰ ਸਾਂਝ ਨੂੰ ਵੀ ਸੁੰਘਦਾ ਫਿਰਦਾ ਸੀ। ਸ਼ੌਂਕੀ ਆਮ ਅਦਾਮੀ ਪਾਰਟੀ ਨੂੰ ਅਰਾਜਕਤਾਵਾਦੀਆਂ, ਵੱਖਵਾਦੀਆਂ, ਮੌਕਾਪ੍ਰਸਤਾਂ, ਨਕਸਲਬਾੜੀਆਂ ਅਤੇ ਇਹਨਾਂ ਵਰਗੇ ਲੋਕਾਂ ਦਾ ਸਮੂਹ ਸਮਝਦਾ ਸੀ ਜੋ ਕੁਝ ਚੰਗੇ ਬੰਦਿਆਂ ਨੂੰ ਵੀ ਕਿਸੇ ਕਾਰਨ ਖਿੱਚ ਪਾ ਰਿਹਾ ਸੀ।

ਮਹੀਨੇ ਕੁ ਦੀ ਪੰਜਾਬ ਫੇਰੀ ਤੋਂ ਸ਼ੌਂਕੀ ਨੂੰ ਇਹ ਸਪਸ਼ਟ ਹੋ ਗਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਨ ਜ਼ਰੂਰ ਹੈ ਪਰ ਜਿੰਨਾ ਵਿਦੇਸ਼ਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਉਸਦਾ 25% ਦੇ ਕਰੀਬ ਹੀ ਹੈ। ਪੰਜਾਬ ਬੈਠੇ ਭਾੜੇ ਦੇ ਪੱਤਰਕਾਰ ਆਮ ਆਦਮੀ ਪਾਰਟੀ ਦੇ ਫੁੱਲ ਟਾਈਮ ਪ੍ਰਚਾਰਕਾਂ ਵਜੋਂ ਇੱਕ ਟੀਮ ਬਣਾ ਕੇ ਕੰਮ ਕਰ ਰਹੇ ਸਨ ਜਿਸ ਕਾਰਨ ਵਿਦੇਸ਼ਾਂ ਵਿੱਚ ਵੱਖਰਾ ਪ੍ਰਭਾਵ ਬਣ ਗਿਆ ਸੀ, ਜੋ ਜ਼ਮੀਨੀ ਹਕੀਕਤਾਂ ਤੋਂ ਬਹੁਤ ਹੀ ਦੂਰ ਸੀ। ਪਿੱਛੋਂ ਪੰਜਾਬ ਦੀਆਂ ਚੋਣਾਂ ਵਿੱਚ ਇਹ ਸਾਬਤ ਵੀ ਹੋ ਗਿਆ ਸੀ।

ਵੱਖਵਾਦ ਦੇ ਵਧ ਰਹੇ ਪ੍ਰਭਾਵ ਬਾਰੇ ਸ਼ੌਂਕੀ ਨੂੰ ਕੁਝ ਜਾਣਕਾਰ ਸੱਜਣਾਂ ਨੇ ਦੱਸਿਆ ਕਿ ਇਹ ਸਿਆਸੀ ਲੋਕਾਂ ਦੀ ਖੇਡ ਹੈ। ਉਹ ਜਦ ਚਾਹੁੰਦੇ ਹਨ, ਵੱਖਵਾਦ ਦਾ ਪੱਤਾ ਖੇਡ ਜਾਂਦੇ ਹਨ ਅਤੇ ਜਦ ਫਿੱਟ ਨਾ ਬੈਠਦਾ ਹੋਵੇ ਤਾਂ ਉਲਟ ਚੱਲ ਪੈਂਦੇ ਹਨ। ਇੱਕ ਸੱਜਣ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਦਹਿਸ਼ਤਗਰਦੀ ਦਾ ਦੌਰ ਅਜੇ ਤੱਕ ਨਹੀਂ ਭੁੱਲਾ ਅਤੇ ਭੁੱਲੇ ਪੰਜਾਬ ਵਾਸੀ ਵੀ ਨਹੀਂ ਹਨ, ਇਸ ਵਾਸਤੇ ਵੱਖਵਾਦ ਵਧਣ ਦੀ ਆਸ ਨਾ ਦੇ ਬਰਾਬਰ ਹਨ। ਇਸ ਸੱਜਣ ਦਾ ਕਹਿਣਾ ਸੀ ਕਿ ਉਹਨਾਂ ਦਿਨਾਂ ਵਿੱਚ ਵੀ ਖਾਲਿਸਤਾਨ ਬਣਿਆ ਕੇ ਬਣਿਆ ਜਾਪਦਾ ਸੀ ਕਿਉਂਕਿ ਡਰ ਅਤੇ ਮਨਿਪੂਲੇਸ਼ਨ ਕਾਰਨ ਗੱਲ ਇੱਕੋ ਕਿਸਮ ਦੀ ਹੀ ਹੁੰਦੀ ਸੀ। ਫਿਰ ਝੱਟ ਉਹ ਦਿਨ ਆ ਗਏ ਜਦ ਯਕੀਨ ਕਰਨਾ ਮੁਸ਼ਕਿਲ ਹੋ ਗਿਆ ਕਿ ਕੌਣ, ਕੌਣ ਹੈ? ਵੱਖਵਾਦੀ, ਲੁਟੇਰੇ, ਏਜੰਟ, ਦੂਹਰੇ ਏਜੰਟ, ਤੀਹਰੇ ਏਜੰਟ ਅਤੇ ਸਮਾਜ ਵਿਰੋਧੀ ਅਨਸਰ ਦੀ ਐਸੀ ਖਿਚੜੀ ਬਣੀ ਕਿ ਕਿਸੇ ਤੇ ਵੀ ਯਕੀਨ ਕਰਨਾ ਮੁਸ਼ਕਿਲ ਹੋ ਗਿਆ।

ਜਦ ਸ਼ੌਂਕੀ ਨੇ ਇਸ ਸੂਝਵਾਨ ਸੱਜਣ ਤੋਂ ਪੁੱਛਿਆ ਕਿ ਸਭ ਕੁਝ ਦੇ ਬਾਵਜੂਦ ਬਹੁਤ ਸਾਰੇ ਸਿੱਖ ਨੌਜਵਾਨ ਇਸ ਲਹਿਰ ਨਾਲ ਜੁੜ ਰਹੇ ਜਾਪਦੇ ਹਨ ਤਾਂ ਉਸ ਦਾ ਕਹਿਣਾ ਸੀ ਕਿ ਜਵਾਨੀ ਵਿੱਚ ਇੱਕ ਦੌਰ ਹੁੰਦਾ ਹੈ ਜਿਸ ਰਾਹੀਂ ਲੰਘਦੇ ਨੌਜਵਾਨ ਕਿਸੇ ਨਾ ਕਿਸੇ ਅਕਸਟਰੀਮ ਨਾਲ ਜੁੜ ਜਾਂਦੇ ਹਨ ਪਰ ਇਹ ਦੌਰ ਆਰਜ਼ੀ ਹੁੰਦਾ ਹੈ। ਇਸ ਸੱਜਣ ਦਾ ਮੰਨਣਾ ਸੀ ਕਿ ਪੰਜਾਬ ਦੇ ਹਾਲਾਤ ਅਤੇ ਅਬਾਦੀ ਦੀ ਬਣਤਰ ਅਜਿਹੀ ਹੈ ਕਿ ਇਸ ਕਿਸਮ ਦੀ ਲਹਿਰ ਕਦੇ ਕਾਮਯਾਬ ਨਹੀਂ ਹੋ ਸਕਦੀ। ਉਸ ਦਾ ਮੰਨਣਾ ਸੀ ਕਿ ਕਮਜ਼ੋਰੀਆਂ ਦੇ ਬਾਵਜੂਦ ਭਾਰਤ ਦਾ ਰਾਜਸੀ ਢਾਂਚਾ ਲਚਕਦਾਰ ਹੈ ਅਤੇ ਸਮੇਂ ਮੁਤਾਬਿਕ ਅਡਜਸਟ ਕਰ ਜਾਂਦਾ ਹੈ। ਲੋਕ ਆਪਣੇ ਆਗੂ ਖੁਦ ਚੁਣਦੇ ਹਨ ਅਤੇ ਹਰ ਆਗੂ ਨੂੰ ਵੋਟਾਂ ਮੰਗਣੀਆਂ ਪੈਂਦੀਆਂ ਹਨ। ਕਿਸੇ ਵੀ ਧਰਮ ਦਾ ਹਰ ਖੱਬੀਖਾਨ ਆਗੂ ਵੋਟਾਂ ਮੰਗਣ ਮੌਕੇ ਆਨੇ ਵਾਲੀ ਥਾਂ ਆ ਜਾਂਦਾ ਹੈ, ਨਹੀਂ ਤਾਂ ਜਦ ਜ਼ਮਾਨਤ ਜ਼ਬਤ ਹੁੰਦੀ ਹੈ ਤਾਂ ਆਪੇ ਆ ਜਾਂਦਾ ਹੈ। ਇਸ ਸੱਜਣ ਦਾ ਇਹ ਵੀ ਕਹਿਣਾ ਸੀ ਕਿ ਪੰਜਾਬ ਵਿੱਚ ਜਿਹੜਾ ਵੀ ਵਿਅਕਤੀ ਜਾਂ ਪਰਿਵਾਰ ਵਿਦੇਸ਼ੀ ਵੱਖਵਾਦੀਆਂ ਦੇ ਸੰਪਰਕ ਵਿੱਚ ਆਉਂਦਾ ਹੈ, ਉਸ ਦੀ ਵਿਦੇਸ਼ ਜਾਣ ਦੀ ਲਾਲਸਾ ਜਾਗ ਪੈਂਦੀ ਹੈ। ਫਿਰ ਵੇਖਦੇ ਹੀ ਵੇਖਦੇ ਉਹ ਵਿਦੇਸ਼ ਦਾ ਗੇੜਾ ਲਗਾ ਆਉਂਦਾ ਹੈ ਅਤੇ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਕੁਝ ਸਮੇਂ ਵਿੱਚ ਹੀ ਸਾਰਾ ਪਰਿਵਾਰ ਵਿਦੇਸ਼ ਜਾ ਵਸਦਾ ਹੈ ਅਤੇ ਪੰਜਾਬ ਵਾਸਤੇ ‘ਪ੍ਰਵਾਸੀ’ ਬਣ ਜਾਂਦਾ ਹੈ।

ਇਸ ਸੱਜਣ ਮੁਤਾਬਿਕ ਵੱਖਵਾਦ ਵੱਲ ਖਿੱਚੇ ਜਾ ਰਹੇ ਸਿੱਖ ਨੌਜਵਾਨਾਂ ਵਿੱਚੋਂ ਵੀ ਬਹੁਤੇ ਕਿਸੇ ਨਾ ਕਿਸੇ ਬਹਾਨੇ ਵਿਦੇਸ਼ ਤੁਰ ਜਾਂਦੇ ਹਨ। ਉਸ ਨੇ ਵਿਦੇਸ਼ ਜਾ ਰਹੇ ਵਿਦਿਆਰਥੀਆਂ ਦਾ ਖਾਸ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਸੀ ਕਿ ਇਹ ਟਰੈਂਡ ਹੁਣ ਰੁਕਣ ਵਾਲਾ ਨਹੀਂ ਹੈ ਅਤੇ ਇਸ ਨਾਲ 15 ਕੁ ਸਾਲਾਂ ਵਿੱਚ ਪੰਜਾਬੀਆਂ ਦਾ ਇੱਕ ਵੱਡਾ ਵਰਗ ਵਿਦੇਸ਼ ਜਾ ਵਸੇਗਾ। ਜਿਸ ਪਰਿਵਾਰ ਦਾ ਇੱਕ ਬੱਚਾ ਬਾਹਰ ਚਲੇ ਜਾਵੇਗਾ ਸਮਝੋ 5-7 ਸਾਲਾਂ ਵਿੱਚ ਉਹ ਸਾਰਾ ਪਰਿਵਾਰ ਪ੍ਰਵਾਸੀ ਹੋ ਜਾਵੇਗਾ। ਸੱਜਣ ਦਾ ਕਹਿਣਾ ਸੀ ਕਿ ਅਗਰ ਪਹਿਲੀ ਕੋਸ਼ਿਸ਼ ਵਿੱਚ ਕੋਈ ਵਿਦੇਸ਼ ਸੈਟਲ ਹੋਣ ਵਿੱਚ ਕਾਮਯਾਬ ਨਾ ਹੋਵੇ ਤਾਂ ਉਹ ਦੂਜੀ ਅਤੇ ਤੀਜੀ ਕੋਸ਼ਿਸ਼ ਕਰਦਾ ਹੈ ਤੇ ਅੰਤ ਵਿੱਚ ਕਾਮਯਾਬ ਹੋ ਜਾਂਦਾ ਹੈ। ਅੱਜ ਸ਼ੌਂਕੀ ਨੂੰ ਇਸ ਸੱਜਣ ਦੀਆਂ ਕਹੀਆਂ ਗੱਲਾਂ ਸੱਚ ਸਾਬਤ ਹੋ ਰਹੀਆਂ ਜਾਪਦੀਆਂ ਹਨ।

ਗੱਲ ਬਰੈਂਪਟਨ ਦੀ ਲੜਾਈ ਤੋਂ ਸ਼ੁਰੂ ਹੋਈ ਸੀ। ਸੁਣਿਆ ਹੈ ਕਿ ਪੀਅਲ ਪੁਲਿਸ ਨੇ ਬਰੈਂਪਟਨ ਵਿੱਚ ਇੰਟਰਨੈਸ਼ਨਲ ਸਟੂਡੈਂਟਾਂ ਦੇ ਝਗੜੇ ਦੀ ਤਫਤੀਸ਼ ਵਾਸਤੇ ਕਈ ਦੇਸੀ ਪੁਲਸੀਏ ਲਗਾਏ ਹੋਏ ਹਨ। ਸ਼ੌਂਕੀ ਸਮਝਦਾ ਹੈ ਕਿ ਕਿਸੇ ਦੇਸੀ ਕੇਸ ਤੇ ਦੇਸੀ ਅਫਸਰ ਲਗਾਉਣਾ ‘ਕਚਰਿਆਂ ਦੀ ਰਾਖੀ ਗਿੱਦੜ’ ਬਿਠਾਉਣ ਵਾਲੀ ਗੱਲ ਹੈ। ਏਅਰ ਇੰਡੀਆ ਬੰਬ ਕਾਂਡ ਦਾ ਕੇਸ ਅੱਜ ਤੱਕ ਧੂੜ ਫੱਕ ਰਿਹਾ ਹੈ ਜਿਸ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਵੱਖ ਵੱਖ ਪੁਲਿਸ ਫੋਰਸਾਂ ਨੇ ਇਸ ਤਫਤੀਸ਼ ਤੇ ਕਈ ਦੇਸੀ ਪੁਲਸੀਏ ਲਗਾਏ ਹੋਏ ਸਨ। ਕਰਵਾ ਲਓ ਤਫਤੀਸ਼ ਅਤੇ ਫੜ ਲਓ ਦੋਸ਼ੀ!

ਬਹੁਤੇ ਦੇਸੀ ਪੁਲਸੀਏ ਜਦ ਕਿਸੇ ਕਮਿਊਨਟੀ ਸਮਾਗਮ ਮੌਕੇ ਡਿਊਟੀ ਕਰ ਰਹੇ ਹੁੰਦੇ ਹਨ ਤਾਂ ਉਹਨਾਂ ਦਾ ਬਹੁਤਾ ਧਿਆਨ ਮੁਫ਼ਤ ਦੇ ਸਮੋਸੇ ਅਤੇ ਜਲੇਬੀਆਂ ਖਾਣ ਵੱਲ ਹੁੰਦਾ ਹੈ। ਜਾਂ ਆਪਣੀ ਤਾਕਤ ਵਿਖਾਉਣ ਵਾਸਤੇ ਉਹ ਲੋਕਾਂ ਨੂੰ ਦਬਕੇ ਮਾਰਨ ਲੱਗ ਜਾਂਦੇ ਹਨ। ਗੋਰ ਮੰਦਿਰ ਵਿਖੇ ਇਸ ਸਾਲ ਦੇ ਦੁਸਿਹਰੇ ਮੌਕੇ ਇੱਕ ਦੇਸੀ ਪੁਲਸੀਆ ਇੱਕ ਬਜ਼ੁਰਗ ਨੂੰ ਧੱਕੇ ਮਾਰਦਾ ਵੇਖਿਆ ਗਿਆ ਸੀ। ਧੱਕੇ ਮਾਰਨ ਤੋਂ ਪਹਿਲਾਂ ਉਹ ਆਪਣੀ ਪੁਲਿਸ ਕਾਰ ਦੇ ਬੋਨਟ ਤੇ ਡਿਸਪੋਜ਼ੇਬਲ ਪਲੇਟ ਵਿੱਚ ਰੱਖੇ ਸਮੋਸੇ ਅਤੇ ਜਲੇਬੀਆਂ ਛਕ ਰਿਹਾ ਸੀ। ਭਲਾ ਇਹ ਵੀ ਕੋਈ ਡਿਊਟੀ ਦੇਣ ਦਾ ਤਰੀਕਾ ਹੈ? ਸੱਚ ਆਖੋਗੇ ਤਾਂ ਇਹ ਲੋਕ ਗੁੱਸਾ ਕਰਨਗੇ। ਅਖਾਰ ਪ੍ਰੋਫੈਸ਼ਨਲਇਜ਼ਮ ਵੀ ਤਾਂ ਕਿਸੇ ਸ਼ੈਅ ਦਾ ਨਾਮ ਹੈ ਜਿਸ ਦੇ ਸਿਰ ਤੇ ਕਦੇ ਬਰਤਾਨਵੀ ਸਾਮਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ। ਸ਼ਤੀਰੀਆਂ ਨੂੰ ਜੱਫ਼ੇ ਮਾਰਨ ਤੋਂ ਪਹਿਲਾਂ ਇਸ ਜੋਗੇ ਹੋਣਾ ਪੈਂਦਾ ਹੈ।

ਅਗਰ ਦੇਸੀ ਪੁਲਸੀਏ ਅਜਿਹੇ ਹਨ ਤਾਂ ਦੇਸੀ ਸਿਆਸਤਦਾਨ ਇਸ ਤੋਂ ਵੀ ਬਦਤਰ ਹਨ। ਜਿੱਥੇ ਕਿਤੇ ਇਹਨਾਂ ਦਾ ਬੋਲਬਾਲਾ ਵਧਦਾ ਹੈ, ਬੇੜਾ ਗਰਕ ਹੁੰਦਾ ਤੁਰਿਆ ਜਾਂਦਾ ਹੈ। ਇਸ ਹਫ਼ਤੇ ਸ਼ੌਂਕੀ ਨੇ ਇੱਕ ਲਿਬਰਲ ਇਨਸਾਈਡਰ ਦੀ ਫੇਸਬੁੱਕ ਪੋਸਟ ਪੜ੍ਹੀ ਹੈ ਜਿਸ ਵਿੱਚ ਵਾਅਨ ਵਿੱਚ ਬਣਾਏ ਗਏ ਨਵੇਂ ਸੱਬਵੇਅ ਦਾ ਜ਼ਿਕਰ ਹੈ। ਇਸ ਸੱਜਣ ਨੇ ਬਹੁਤ ਵਿਸਥਾਰ ਦੇ ਕੇ ਦੱਸਿਆ ਹੈ ਕਿ ਯਾਰਕ ਰੀਜਨ ਦੀ ਅਬਾਦੀ ਪਿਛਲੇ 20 ਸਾਲਾਂ ਤੋਂ ਪੀਅਲ ਰੀਜਨ ਤੋਂ ਘੱਟ ਰਹੀ ਹੈ ਪਰ ਇਸ ਇਲਾਕੇ ਦੇ ਗੈਰ-ਦੇਸੀ ਸਿਆਸਤਦਾਨ ਇਲਾਕੇ ਦੀਆਂ ਟਰਾਂਸਪੋਰਟ ਲੋੜਾਂ ਸਬੰਧੀ ਇੰਨੇ ਚੁਕੰਨੇ ਸਨ ਕਿ ਉਹਨਾਂ ਨੇ ਆਪਣੇ ਇਲਾਕੇ ਨੂੰ ਟੋਰਾਂਟੋ ਦੇ ਸਬਵੇਅ ਨਾਲ ਜੋੜਨ ਦੀ ਲਾਬੀ 20 ਸਾਲ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਕਾਮਯਾਬ ਹੋ ਗਏ ਹਨ। ਪਰ ਪੀਅਲ ਖੇਤਰ ਦੇ ਦੇਸੀ ਸਿਆਸਤਦਾਨ ਸਰਟੀਫੀਕੇਟ ਵੰਡਣ ਜੋਗੇ ਹੀ ਰਹਿ ਗਏ ਹਨ। ਇਸ ਖਿੱਤੇ ਦੇ ਸੈਂਕੜੇ ਦੇਸੀ ਲੋਕ ਦੇਸੀ ਸਿਆਸਤਦਾਨਾਂ ਦੇ ਦਿੱਤੇ ਸਰਟੀਫੀਕੇਟ ਕੰਧਾਂ ਅਤੇ ਫੇਸਬੁੱਕ ਪੇਜ਼ਾਂ ਤੇ ਲਟਕਾਈ ਫਿਰਦੇ ਹਨ ਪਰ ਕਈ ਬਿਲੀਅਨ ਡਾਲਰ ਦਾ ਸਬਵੇਅ ਲਿੰਕ ਉਹ ਲੋਕ ਲੈ ਗਏ ਹਨ, ਜਿਹਨਾਂ ਦੇ ਸਿਆਸੀ ਆਗੂ ਜਾਗਦੇ ਸਨ।

ਸ਼ੌਂਕੀ ਆਪਣੀ ਕਨੇਡੀਅਨ ਬੈਂਕ ਵਿੱਚ ਇੱਕ ਵਾਰ ਇਕ ਦੇਸੀ ਇਨਵੈਸਟਮੈਂਟ ਸਲਾਹਕਾਰ ਦੇ ਵੱਸ ਪੈ ਗਿਆ। ਉਸ ਨੇ ਅੰਕਲ ਅੰਕਲ ਆਖ ਕੇ ਸ਼ੌਂਕੀ ਦੀ ਐਸੀ ਮੰਜੀ ਠੋਕੀ ਕਿ ਸ਼ੌਂਕੀ ਦਾ ਅੜਾਟ ਪੈ ਗਿਆ। ਇਸ ਪਿੱਛੋਂ ਸ਼ੌਂਕੀ ਨੇ ਬੈਂਕ ਨੂੰ ਆਖ ਦਿੱਤਾ ਕੇ ਸ਼ੌਂਕੀ ਦੀ ਫਾਈਲ ਕਿਸੇ ਹੋਰ ਨੂੰ ਦਿੱਤੀ ਜਾਵੇ।

ਵਿਦਿਆਰਥੀਆਂ ਦੀ ਲੜਾਈ ਪਿੱਛੋਂ ਕਈ ਲੋਕਾਂ ਨੇ ਕੁਝ ਪਾੜ੍ਹਿਆਂ ਦੀਆਂ ਆਦਤਾਂ ਬਾਰੇ ਰੇਡੀਓ ਸ਼ੋਆਂ ਤੇ ਕਈ ਕੁਝ ਕਿਹਾ ਹੈ। ਕਈ ਕਿਸਮ ਦੀਆਂ ਕਾਰ ਨੰਬਰ ਪਲੇਟਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਹਥਿਆਰਾਂ, ਜੱਟਵਾਦ, ਲੱਠਮਾਰ ਅਤੇ ਗਰਮ ਤਬੀਅਤ ਵੱਖਵਾਦੀਆਂ ਦੇ ਸੁਭਾਅ ਨਾਲ ਮੇਲ ਖਾਂਦਾ ਹੈ। ਅੰਗਰੇਜ਼ੀ ਦੀ ਕਹਾਵਤ ਹੈ, “ਵੱਟ ਗੋਜ਼ ਅਰਾਊਂਡ ਕੰਮਜ਼ ਅਰਾਉਂਡ”। ਇਹ ਸਹੀ ਹੈ ਕਿ ਬਹੁਤ ਸਾਰੇ ਪਾੜ੍ਹੇ ਬਹੁਤ ਸਖ਼ਤ ਮਿਹਨਤ ਕਰਦੇ ਹਨ ਪਰ ‘ਆਗੂ’ ਸੁਭਾਅ ਵਾਲੇ ਵੀ ਆਪਣਾ ਕੰਮ ਕਰੀ ਜਾ ਰਹੇ ਹਨ। ਪੰਜਾਬ ਵਿੱਚ ਸਿੱਖਾਂ ਦੀ ਕੋਈ ਕਮੀ ਨਹੀਂ ਹੈ। ਜਿਉਂ ਜਿਉਂ ਸਿੱਖ ਪਰਿਵਾਰ ਵਿਦੇਸ਼ਾਂ ਵਿੱਚ ਜਾ ਕੇ ਵਸ ਰਹੇ ਹਨ, ਤਿਉਂ ਤਿਉਂ ਮਜ਼ਦੂਰੀ ਕਰਨ ਵਾਲੇ ਲੋਕ ਪੰਜਾਬ ਵਿੱਚ ਜਾ ਕੇ ਵਸ ਰਹੇ ਹਨ। ਉਹਨਾਂ ਦੇ ਬੱਚੇ ਪੰਜਾਬੀ ਹਨ ਅਤੇ ਸਮਾਜਿਕ ਸਤਿਕਾਰ ਵਾਸਤੇ ਸਿੱਖ ਵੀ ਬਣ ਰਹੇ ਹਨ। ਪਰ ਉਹ ਕਿਸੇ ਕਥਿਤ ਅਜ਼ਾਦੀ ਦੇ ‘ਰਫਰੈਂਡਮ’ ਦਾ ਸਮਰਥਨ ਕਰ ਵਾਲੇ ਸਿੱਖ ਨਹੀਂ ਹਨ। ਵੱਖਵਾਦੀਆਂ ਵਾਸਤੇ ਪੰਜਾਬ ਦਾ ਤਵਾਜ਼ਨ ਲਗਾਤਾਰ ਵਿਗੜਦਾ ਜਾ ਰਿਹਾ ਹੈ। ਇੱਕ ਵਾਰ ਰਾਜੀਵ ਗਾਂਧੀ ਨੇ ਵੈਨਕੂਵਰ ਵਿੱਚ ਕਿਹਾ ਸੀ ਕਿ ਖਾਲਿਸਤਾਨ ਇੱਥੇ ਬਣਦਾ ਹੈ ਤਾਂ ਬਣ ਜਾਵੇ। ਪਰ ਕਈ ਇਸ ਤੇ ਗੁੱਸਾ ਖਾ ਗਏ ਸਨ। ਭਾਈ ਹੁਣ ਇੱਥੇ ਹੀ ਬਣਾ ਲਓ, ਜੋ ਕੁਝ ਬਣਾਉਣਾ ਹੈ, ਹਾਲਾਤ ਹੁਣ ਇੱਥੇ ਬਣ ਰਹੇ ਹਨ!

*****

(941)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)