ShamSingh7ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਇਹ ਅਹਿਸਾਸ ਕਰਵਾਉਂਦੇ ਰਹਿਣ ਕਿ ਉਨ੍ਹਾਂ ਦੇ ਮਸਲੇ ਅਤੇ ਹੋਣੀ ਵੱਲ ਧਿਆਨ ...
(20 ਦਸੰਬਰ 2017)

 

ਅੱਡੀਆਂ ਚੁੱਕ-ਚੁੱਕ ਅਤੇ ਬਾਹਾਂ ਉਲਾਰ-ਉਲਾਰ ਕੇ ਲਲਕਾਰਿਆਂ ਦੇ ਅੰਦਾਜ਼ ਵਿੱਚ ਬੋਲਣਾ ਕਿਸੇ ਵੀ ਨੇਤਾ ਲਈ ਸ਼ੋਭਦਾ ਨਹੀਂ, ਸਰਕਾਰ ਚਲਾਉਂਦੇ ਨੇਤਾਵਾਂ ਲਈ ਤਾਂ ਬਿਲਕੁਲ ਹੀ ਠੀਕ ਨਹੀਂ। ਇਸ ਲਈ ਕਿ ਲੋਕ ਉਨ੍ਹਾਂ ਤੋਂ ਸੰਜੀਦਾ ਗੱਲਾਂ ਹੀ ਸੁਣਨਾ ਚਾਹੁੰਦੇ ਹਨ, ਬੇਲੋੜੀਆਂ ਅਤੇ ਬੇਥਵ੍ਹੀਆਂ ਨਹੀਂ। ਭਾਸ਼ਣ ਤਾਂ ਕੇਵਲ ਇਸ ਲਈ ਹੁੰਦਾ ਹੈ ਕਿ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਭਾਸ਼ਣ ਕਰਨ ਵਾਲੇ ਦੀ ਪਾਰਟੀ ਨੂੰ ਹਮਾਇਤ ਕਿਉਂ ਦਿੱਤੀ ਜਾਵੇ। ਆਪਣਾ ਏਜੰਡਾ ਦੱਸਿਆ ਜਾ ਸਕੇ। ਲੋਕ ਭਾਸ਼ਣ ਇਸ ਕਰਕੇ ਸੁਣਦੇ ਹਨ ਕਿ ਪਾਰਟੀ ਦੇ ਪ੍ਰੋਗਰਾਮ ਨੂੰ ਜਾਣਿਆ ਜਾ ਸਕੇ। ਨੇਤਾ ਵਾਅਦੇ ਕਰਦੇ ਹਨ ਅਤੇ ਦਾਅਵੇ ਵੀ, ਜੋ ਅੰਦਾਜ਼ਿਆਂ ’ਤੇ ਹੀ ਆਧਾਰਤ ਹੁੰਦੇ ਹਨ, ਜ਼ਮੀਨੀ ਹਕੀਕਤ ਨਹੀਂ ਹੁੰਦੇ। ਕੇਵਲ ਵਲਵਲਿਆਂ ਅਤੇ ਭਾਵੁਕਤਾ ਦੀਆਂ ਉਡਾਰੀਆਂ ਅਸਲੀਅਤ ਨਾਲ ਮੇਲ ਨਹੀਂ ਖਾਂਦੀਆਂ।

ਕਈ ਵਾਰ ਨੇਤਾਜਨ ਕਿਆਸ ਕਰਦਿਆਂ ਉਹ ਕੁਝ ਵੀ ਕਹਿ ਜਾਂਦੇ ਹਨ, ਜੋ ਜੋਤਸ਼ੀਆਂ ਤੋਂ ਘੱਟ ਨਹੀਂ ਹੁੰਦਾ। ਜਿੱਤ-ਹਾਰ ਬਾਰੇ ਭਵਿੱਖਬਾਣੀ ਇੰਨੇ ਜ਼ੋਰਦਾਰ ਲਹਿਜ਼ੇ ਵਿੱਚ ਕਰਦੇ ਹਨ, ਜਿਵੇਂ ਜੋਤਿਸ਼ ਵਿੱਦਿਆ ਦੇ ਮਾਹਿਰ ਹੋਣ। ਅਜਿਹਾ ਕੁਝ ਕਰਨਾ ਉਨ੍ਹਾਂ ਦਾ ਖੇਤਰ ਨਹੀਂ, ਪਰ ਉਹ ਫੇਰ ਵੀ ਨਹੀਂ ਹਟਦੇ, ਹਾਲਾਂਕਿ ਉਨ੍ਹਾਂ ਦੇ ਅੰਦਾਜ਼ੇ ਸਹੀ ਵੀ ਨਹੀਂ ਹੁੰਦੇ। ਬਾਅਦ ਵਿੱਚ ਉਨ੍ਹਾਂ ਨੂੰ ਮੂੰਹ ਛੁਪਾਉਣ ਲਈ ਥਾਂ ਨਹੀਂ ਲੱਭਦੀ।

ਚੋਣਾਂ ਵਿੱਚ ਪ੍ਰਚਾਰ ਦਾ ਕੰਮ ਬੜੀ ਜ਼ਿੰਮੇਵਾਰੀ ਅਤੇ ਸੰਜੀਦਗੀ ਵਾਲਾ ਹੁੰਦਾ ਹੈ, ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਸਕੇ। ਨੇਤਾ ਇਹ ਭਰੋਸਾ ਦੁਆਉਣ ਕਿ ਉਹ ਦੇਸ਼ ਦਾ ਮੂੰਹ-ਮੱਥਾ ਸੰਵਾਰਨਗੇ ਅਤੇ ਦੇਸ਼ ਦੀ ਖ਼ੁਸ਼ਹਾਲੀ ਵਾਸਤੇ ਕੰਮ ਕਰਨਗੇ, ਪਰ ਜਦੋਂ ਵਿਰੋਧੀ ਧਿਰ ਦਾ ਨੇਤਾ ਇਹ ਆਖਦਾ ਹੈ ਕਿ ਵਿਕਾਸ ਪਾਗ਼ਲ ਹੋ ਗਿਆ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਨੇਤਾ ਟਪਲਾ ਖਾ ਗਿਆ। ਉੱਧਰ ਸਰਕਾਰੀ ਧਿਰ ਵੀ ਇਹ ਆਖਦੀ ਹੈ ਕਿ ਜਿਹੜੇ ਬੁਲਟ ਟਰੇਨ ਦੀ ਆਲੋਚਨਾ ਕਰਦੇ ਹਨ, ਉਹ ਗੱਡੇ ਉੱਤੇ ਚੜ੍ਹ ਜਾਣ। ਦੋਵੇਂ ਧਿਰਾਂ ਠੀਕ ਨਹੀਂ। ਪਹਿਲੇ ਨੂੰ ਵਿਕਾਸ ਢਿੱਲਾ ਕਹਿਣਾ ਚਾਹੀਦਾ ਸੀ, ਜਦੋਂ ਕਿ ਦੂਜੇ ਨੂੰ ਕਹਿਣਾ ਚਾਹੀਦਾ ਸੀ ਕਿ ਜਿਹੜੇ ਬੁਲਟ ਟਰੇਨ ਨਹੀਂ ਚਾਹੁੰਦੇ, ਉਹ ਸਮੇਂ ਦੇ ਹਾਣ ਦੇ ਹੋਣ ਦਾ ਜਤਨ ਕਰਨ, ਤਾਂ ਕਿ ਦੇਸ਼ ਦੁਨੀਆ ਦੀ ਤਰੱਕੀ ਤੋਂ ਪਿੱਛੇ ਨਾ ਰਹੇ।

ਜਦੋਂ ਸਿਆਸੀ ਪਾਰਟੀਆਂ ਵੋਟਾਂ ਖ਼ਾਤਰ ਦਮਗਜੇ ਮਾਰਦੀਆਂ ਹਨ, ਵੱਡੇ-ਵੱਡੇ ਵਾਅਦੇ ਕਰਦੀਆਂ ਹਨ, ਪਰ ਬਾਅਦ ਵਿੱਚ ਉਹ ਜੁਮਲੇ ਹੀ ਨਿਕਲਦੇ ਹਨ ਤਾਂ ਦੇਸ਼ ਦੇ ਲੋਕ ਠੱਗੇ-ਠੱਗੇ ਮਹਿਸੂਸ ਕਰਦੇ ਹਨਕਰ ਕੁਝ ਨਹੀਂ ਸਕਦੇ, ਕਿਉਂਕਿ ਵੋਟਾਂ ਦੇ ਤੀਰ ਹੱਥੋਂ ਨਿਕਲ ਚੁੱਕੇ ਹੁੰਦੇ ਹਨ, ਜੋ ਕਿਸੇ ਤਰ੍ਹਾਂ ਵੀ ਵਾਪਸ ਨਹੀਂ ਲਏ ਜਾ ਸਕਦੇ।

ਇੱਕੀਵੀਂ ਸਦੀ ਵਿੱਚ ਲੋਕ ਪਹਿਲਾਂ ਵਾਲੇ ਨਹੀਂ ਰਹੇ। ਪੜ੍ਹ-ਲਿਖ ਕੇ ਆਪਣੇ ਹੱਕਾਂ ਲਈ ਜਾਗਰਤ ਹੋ ਗਏ ਹਨ, ਆਪਣੇ ਬੁਰੇ-ਭਲੇ ਬਾਰੇ ਵੀ ਸੁਚੇਤ ਹਨ, ਦੇਸ਼ ਦੇ ਵਿਕਾਸ ਬਾਰੇ ਵੀ। ਇਸ ਲਈ ਸਿਆਸਤਦਾਨ ਹੁਣ ਸੰਭਲਣ ਅਤੇ ਸਮਝਣ ਕਿ ਉਹ ਵਾਰ-ਵਾਰ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ।

ਹੁਣ ਦਮਗਜੇ ਮਾਰਨੇ ਛੱਡ ਦੇਣੇ ਚਾਹੀਦੇ ਹਨ ਅਤੇ ਚੋਣਾਂ ਦੇ ਪ੍ਰਚਾਰ ਦੌਰਾਨ ਉਹ ਵਾਅਦੇ ਵੀ ਨਹੀਂ ਕਰਨੇ ਚਾਹੀਦੇ, ਜਿਹੜੇ ਪੂਰੇ ਨਾ ਕੀਤੇ ਜਾ ਸਕਣ। ਗੱਪਾਂ ਦੇ ਗੁਬਾਰੇ ਉਡਾਉਣੇ ਬੰਦ ਕਰ ਕੇ ਲੋਕਾਂ ਅੱਗੇ ਸੱਚ ਅਤੇ ਅਸਲੀਅਤ ਹੀ ਰੱਖਣੇ ਚਾਹੀਦੇ ਹਨ, ਤਾਂ ਕਿ ਲੋਕ ਨੇਤਾਵਾਂ ਦਾ ਸਤਿਕਾਰ ਵੀ ਕਰਨ ਅਤੇ ਦੇਸ਼ ਨਾਲ ਪਿਆਰ ਵੀ ਕਰਨ। ਨੇਤਾਵਾਂ ਸਿਰ ਸਿਆਸਤ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਨੈਤਿਕ ਕਦਰਾਂ-ਕੀਮਤਾਂ ਵੀ ਬਹਾਲ ਕਰਨ। ਜੇ ਉਹ ਖ਼ੁਦ ਹੀ ਇੱਕ ਦੂਜੇ ’ਤੇ ਕੁਚੱਜੇ ਦੋਸ਼ਾਂ ਦੀ ਬਾਰਿਸ਼ ਕਰਦੇ ਰਹਿਣ, ਗਾਲੀ-ਗਲੋਚ ਹੁੰਦੇ ਰਹਿਣ ਅਤੇ ਇੱਕ ਦੂਜੇ ਨੂੰ ਨੀਵਾਂ ਦਿਖਾਈ ਜਾਣ ਤਾਂ ਇਨ੍ਹਾਂ ਦਾ ਬੁਰਾ ਅਸਰ ਹੀ ਹੋਵੇਗਾ। ਹੁਣ ਇਹ ਖੇਡ ਬੰਦ ਹੋ ਜਾਣੀ ਚਾਹੀਦੀ ਹੈ, ਕਿਉਂਕਿ ਭਾਰਤ ਦਾ ਲੋਕਤੰਤਰ ਹੁਣ ਬਚਪਨੇ ਵਿੱਚ ਨਹੀਂ ਰਿਹਾ।

ਚੰਗਾ ਹੋਵੇ ਜੇ ਸਰਕਾਰਾਂ ਪਰਚੀਆਂ ਨਾਲ ਹੀ ਚੁਣੀਆਂ ਜਾਣ, ਮਸ਼ੀਨਾਂ ਨਾਲ ਹੁੰਦੀ ਵੋਟਿੰਗ ਨਾਲ ਨਹੀਂ। ਬਹੁਤੇ ਵਿਕਸਤ ਦੇਸ਼ਾਂ ਵਿੱਚ ਸਰਕਾਰਾਂ ਪਰਚੀਆਂ ਨਾਲ ਹੀ ਬਣਦੀਆਂ ਹਨ, ਮਸ਼ੀਨਾਂ ਵਿੱਚੋਂ ਨਹੀਂ ਨਿਕਲਦੀਆਂ। ਦੂਜਾ, ਪ੍ਰਚਾਰ ਦੇ ਸਾਧਨਾਂ ਵਿੱਚ ਵੀ ਤਬਦੀਲੀ ਕਰ ਲਈ ਜਾਵੇ ਤਾਂ ਬਿਹਤਰ ਹੋਵੇਗਾ। ਲਿਖਤੀ ਸਮੱਗਰੀ ਅਤੇ ਸੰਚਾਰ ਸਾਧਨ ਹੀ ਵਰਤੇ ਜਾਣ ਤਾਂ ਖ਼ਰਚੇ ਵੀ ਬਚ ਸਕਦੇ ਹਨ ਅਤੇ ਨੇਤਾਵਾਂ ਸਮੇਤ ਦੇਸ਼ ਦੇ ਲੋਕਾਂ ਦਾ ਨਸ਼ਟ ਹੁੰਦਾ ਸਮਾਂ ਵੀ ਬਚ ਸਕਦਾ ਹੈ। ਨਾਲੇ ਲਲਕਾਰਿਆਂ, ਦਾਅਵਿਆਂ ਅਤੇ ਦਮਗਜ਼ਿਆਂ ਤੋਂ ਵੀ ਬਚਾਅ ਹੋ ਸਕਦਾ ਹੈ, ਜਿਨ੍ਹਾਂ ਦੀ ਥਾਂ ਲੋਕਾਂ ਦੀਆਂ ਇੱਛਾਵਾਂ ਅਤੇ ਸੁਪਨੇ ਪੂਰੇ ਕਰਨ ਨੂੰ ਤਰਜੀਹ ਦਿੱਤੀ ਜਾਵੇ।

**

ਆਮ ਆਦਮੀ ਦੀ ਸਾਰ ਕਿਉਂ ਨਹੀਂ ਲਈ ਜਾਂਦੀ?

ਮੁਲਕ ਦੀ ਸਿਆਸਤ ਆਮ ਕਰ ਕੇ ਆਮ ਆਦਮੀ ਦੇ ਨਾਂਅ ’ਤੇ ਕੀਤੀ ਵੀ ਜਾਂਦੀ ਹੈ ਅਤੇ ਜਿੱਤੀ ਵੀ। ਉਸ ਨੂੰ ਲਾਰਿਆਂ ਨਾਲ ਵਰਗਲਾ ਕੇ ਅਜਿਹਾ ਮਦਹੋਸ਼ ਕੀਤਾ ਜਾਂਦਾ ਹੈ ਕਿ ਅਸਲੀਅਤ ਦਾ ਪਤਾ ਹੀ ਨਹੀਂ ਲੱਗਣ ਦਿੱਤਾ ਜਾਂਦਾ।

ਆਮ ਆਦਮੀ ਦੀ ਹਮਾਇਤ ਹਾਸਲ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਮਨਮੋਹਕ ਨਾਹਰੇ ਘੜਦੀਆਂ ਅਤੇ ਘਰ-ਘਰ ਪਹੁੰਚਾਏ ਬਗ਼ੈਰ ਦਮ ਨਹੀਂ ਲੈਂਦੀਆਂ। ਦਿਲ-ਖਿੱਚਵੇਂ ਵਾਅਦਿਆਂ ਅਤੇ ਨਾਹਰਿਆਂ ਦੇ ਝਾਂਸੇ ਵਿੱਚ ਆ ਕੇ ਆਮ ਆਦਮੀ ਅਜਿਹੀ ਧੁੰਦ ਵਿੱਚ ਘਿਰ ਕੇ ਰਹਿ ਜਾਂਦਾ ਹੈ ਕਿ ਉਸ ਨੂੰ ਹੋਰ ਕੁਝ ਦਿੱਸਦਾ ਹੀ ਨਹੀਂ। ਉਹ ਵਾਅਦਿਆਂ, ਨਾਹਰਿਆਂ ਵਿੱਚੋਂ ਹੀ ਆਪਣੇ ਸੁਪਨੇ ਪੂਰੇ ਹੁੰਦੇ ਦੇਖਦਾ ਹੈ।

ਸਿਆਸਤ ਦਾ ਸੱਚ ਇਹ ਹੈ ਕਿ ਖ਼ਾਸ ਸ਼੍ਰੇਣੀਆਂ ਵਿੱਚੋਂ ਉੱਠੇ ਸਿਆਸਤਦਾਨ ਚਲਾਕੀ ਖੇਡਣ ਦੇ ਮਾਹਿਰ ਹੁੰਦੇ ਹਨ ਅਤੇ ਆਮ ਆਦਮੀ ਨੂੰ ਭਰਮਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਪਰ ਜਿੱਤਣ ਤੋਂ ਬਾਅਦ ਉਸ ਨੂੰ ਪੁੱਛਦੇ ਤੱਕ ਨਹੀਂ। ਆਮ ਵਰਗਾਂ ਵਿੱਚੋਂ ਬਣੇ ਸਿਆਸਤਦਾਨ ਵੀ ਆਮ ਆਦਮੀ ਦੇ ਸਿਰ ’ਤੇ ਜਿੱਤਦੇ ਹਨ, ਪਰ ਉਹ ਵੀ ਜਿੱਤਣ ਤੋਂ ਬਾਅਦ ਆਪਣੇ ਵਰਗ ਨੂੰ ਹੀ ਚੇਤੇ ਨਹੀਂ ਰੱਖਦੇ। ਹੌਲੀ-ਹੌਲੀ ਕਰ ਕੇ ਉਹ ਵੀ ਆਪਣੇ ਲਾਣੇ ਨੂੰ ਛੱਡ ਕੇ ਖ਼ਾਸ ਸ਼੍ਰੇਣੀ ਵਿੱਚ ਰਲਣ ਦਾ ਜਤਨ ਕਰਦਿਆਂ ਆਪਣੀ ਔਕਾਤ ਨੂੰ ਭੁੱਲਣ ਵਿੱਚ ਦੇਰ ਨਹੀਂ ਲਾਉਂਦੇ। ਇਹ ਕੁਝ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ।

ਸਿਆਸੀ ਪਾਰਟੀਆਂ ਆਮ ਆਦਮੀ ਨੂੰ ਵਰਤ ਕੇ ਜਿੱਤ ਦੇ ਡੰਕੇ ਵਜਾ ਲੈਂਦੀਆਂ ਹਨ, ਪਰ ਉਹ ਵਿਚਾਰਾ ਆਪਣਾ ਖ਼ਾਲੀ ਢਿੱਡ ਵਜਾਉਣ ਤੋਂ ਸਿਵਾ ਕੁਝ ਨਹੀਂ ਕਰ ਸਕਦਾ। ਉਸ ਦੀ ਵੋਟਰ ਹੋਣ ਤੋਂ ਵੱਧ ਹੋਰ ਕੋਈ ਅਹਿਮੀਅਤ ਨਹੀਂ ਹੁੰਦੀ।

ਜਿਹੜੀਆਂ ਸਿਆਸੀ ਪਾਰਟੀਆਂ ਧਨਾਢ ਸਿਆਸੀ ਪਾਰਟੀਆਂ ਵਿਰੁੱਧ ਮੈਦਾਨ ਵਿੱਚ ਨਿੱਤਰਦੀਆਂ ਹਨ, ਜਿੱਤਣ ਤੋਂ ਬਾਅਦ ਗ਼ਰੀਬਾਂ ਲਈ ਕੁਝ ਨਹੀਂ ਕਰਦੀਆਂ, ਉਹ ਲੋਕਾਂ ਦੇ ਮਨਾਂ ਵਿੱਚੋਂ ਉੱਤਰ ਜਾਂਦੀਆਂ ਹਨ, ਜਿਸ ਕਾਰਨ ਖ਼ਾਲੀ ਹੋਈ ਥਾਂ ’ਤੇ ਮੁੜ ਧਨਾਢ ਪਾਰਟੀਆਂ ਆ ਕਾਬਜ਼ ਹੋ ਜਾਂਦੀਆਂ ਹਨ, ਕਿਉਂਕਿ ਉਹ ਕਦੇ ਵੀ ਚਤੁਰਾਈ ਦਾ ਲਿਬਾਸ ਨਹੀਂ ਉਤਾਰਦੀਆਂ। ਇਸ ਤਰ੍ਹਾਂ ਧਨਾਢ ਪਾਰਟੀਆਂ ਗ਼ਰੀਬ ਦੇ ਹੱਕ ਵਿੱਚ ਕਦੇ ਭੁਗਤਦੀਆਂ ਹੀ ਨਹੀਂ ਅਤੇ ਗ਼ਰੀਬਾਂ ਦੀ ਪ੍ਰਤੀਨਿਧਤਾ ਦਾ ਦਾਅਵਾ ਕਰਨ ਵਾਲੀਆਂ ਪਾਰਟੀਆਂ ਉਨ੍ਹਾਂ ਵਾਸਤੇ ਕੁਝ ਕਰਨ ਜੋਗੀਆਂ ਹੀ ਨਹੀਂ ਹੁੰਦੀਆਂ, ਕਿਉਂਕਿ ਉਨ੍ਹਾਂ ਦੇ ਹੱਥ ਕਦੇ ਸੱਤਾ ਆਉਂਦੀ ਹੀ ਨਹੀਂ।

ਆਮ ਆਦਮੀ ਦੀ ਨੁਮਾਇੰਦਗੀ ਕਰਨ ਵਾਲੀਆਂ ਸਿਆਸੀ ਪਾਰਟੀਆਂ ਜਿੰਨਾ ਚਿਰ ਤਨੋਂ-ਮਨੋਂ ਆਮ ਆਦਮੀ ਨਾਲ ਇੱਕ-ਮਿੱਕ ਹੋ ਕੇ ਉਨ੍ਹਾਂ ਦੇ ਦੁੱਖਾਂ-ਦਰਦਾਂ ਵਿੱਚ ਸਾਥ ਨਹੀਂ ਦਿੰਦੀਆਂ, ਉਦੋਂ ਤੱਕ ਖ਼ਾਲੀ ਸਪੇਸ ਧਨਾਢ ਪਾਰਟੀਆਂ ਮੱਲਦੀਆਂ ਹੀ ਰਹਿਣਗੀਆਂ। ਇਸ ਤਰ੍ਹਾਂ ਆਮ ਆਦਮੀ ਨੂੰ ਵਰਤਦੀਆਂ ਹੋਈਆਂ ਹਕੂਮਤ ਉੱਤੇ ਛਾਈਆਂ ਹੀ ਰਹਿਣਗੀਆਂ।

ਹੁਣ ਆਈ ਗੱਲ ਕਿ ਆਮ ਆਦਮੀ ਦੀ ਸਾਰ ਲਈ ਕਿਉਂ ਨਹੀਂ ਜਾਂਦੀ? ਆਮ ਆਦਮੀ ਗ਼ਰੀਬੀ ਕਰਕੇ ਵੀ ਏਕਾ ਨਹੀਂ ਕਰਦੇ। ਇਸੇ ਕਰ ਕੇ ਉਨ੍ਹਾਂ ਵਿੱਚੋਂ ਇੱਕ ਆਵਾਜ਼ ਨਹੀਂ ਨਿਕਲਦੀ। ਇੱਕ ਰਾਹ ਨਹੀਂ ਹੁੰਦਾ। ਕੋਈ ਧਰਮ ਮਗਰ ਤੁਰ ਪੈਂਦਾ ਹੈ ਕੋਈ ਜਾਤ ਮਗਰ, ਕੋਈ ਭਾਵੁਕਤਾ ਪਿੱਛੇ ਕੋਈ ਪਾਰਟੀ ਪਿੱਛੇ, ਕੋਈ ਦਾਰੂ ਮਗਰ ਕੋਈ ਪੈਸੇ ਪਿੱਛੇ। ਇਸ ਤਰ੍ਹਾਂ ਦੇ ਵਿਹਾਰ ਕਰ ਕੇ ਖਰੇ-ਖੋਟੇ ਆਗੂ ਦੀ ਪਛਾਣ ਹੀ ਨਹੀਂ ਰਹਿੰਦੀ। ਅਕਸਰ ਉਹ ਹੀ ਚੁਣਿਆ ਜਾਂਦਾ ਹੈ, ਜਿਸ ਨੂੰ ਆਮ ਆਦਮੀ ਨਾਲ ਤੇਹ-ਮੋਹ ਨਹੀਂ ਹੁੰਦਾ, ਜਿਸ ਨੂੰ ਗ਼ਰੀਬ ਦੀ ਹੋਣੀ ਯਾਦ ਹੀ ਨਹੀਂ ਰਹਿੰਦੀ।

ਇਹ ਵੀ ਕਿ ਆਮ ਆਦਮੀ ਇਕੱਠੇ ਹੋ ਕੇ ਕੋਈ ਸੰਘਰਸ਼ ਵੀ ਨਹੀਂ ਕਰਦੇ, ਆਵਾਜ਼ ਵੀ ਬੁਲੰਦ ਨਹੀਂ ਕਰਦੇ। ਉਨ੍ਹਾਂ ਨੂੰ ਇਹ ਗੱਲ ਜ਼ਰੂਰ ਸਮਝ ਕੇ ਦੇਖ ਲੈਣੀ ਚਾਹੀਦੀ ਹੈ ਕਿ ਜਦੋਂ ਵੋਟ ਦਾ ਮੁੱਲ ਕਿਸੇ ਨਾਲ ਕਿਸੇ ਰੂਪ ਵਿੱਚ ਪਹਿਲਾਂ ਹੀ ਵੱਟ ਲਿਆ, ਫੇਰ ਕੋਈ ਸਿਆਸੀ ਪਾਰਟੀ ਜਾਂ ਨੇਤਾ ਉਨ੍ਹਾਂ ਦੀ ਸਾਰ ਲਵੇ ਤਾਂ ਕਿਉਂ ਲਵੇ?

ਆਖ਼ਿਰ ਜ਼ਿੰਮੇਵਾਰੀ ਆਮ ਆਦਮੀ ’ਤੇ ਹੀ ਆਉਂਦੀ ਹੈ ਕਿ ਉਹ ਉਸੇ ਪਾਰਟੀ ਪਿੱਛੇ ਲੱਗੇ, ਜੋ ਉਸ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਭੂਮਿਕਾ ਵਿੱਚ ਅਹਿਮ ਹਿੱਸਾ ਪਵੇ। ਅਜਿਹਾ ਤਾਂ ਹੀ ਸੰਭਵ ਹੈ, ਜੇ ਆਮ ਆਦਮੀ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਇਹ ਅਹਿਸਾਸ ਕਰਵਾਉਂਦੇ ਰਹਿਣ ਕਿ ਉਨ੍ਹਾਂ ਦੇ ਮਸਲੇ ਅਤੇ ਹੋਣੀ ਵੱਲ ਧਿਆਨ ਦਿੱਤੇ ਬਗ਼ੈਰ ਹਮਾਇਤ ਨਹੀਂ ਮਿਲਣ ਲੱਗੀ। ਆਮ ਆਦਮੀ ਦੀ ਸਾਰ ਉਦੋਂ ਹੀ ਲਈ ਜਾਣ ਲੱਗੇਗੀ, ਜਦੋਂ ਉਹ ਬੰਦ ਅੱਖਾਂ ਖੋਲ੍ਹ ਲੈਣਗੇ ਅਤੇ ਹਮਾਇਤ ਦੀ ਨਿਰੰਤਰ ਗਰੰਟੀ ਤੋਂ ਸਾਫ਼-ਸਪਸ਼ਟ ਜਵਾਬ ਦੇ ਦੇਣਗੇ।

*****

(937)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author