LabhSKheeva7ਦਰਅਸਲ ਉਹ (ਅਸ਼ੋਕ ਵਾਜਪੇਈ) ਮੱਧ ਪ੍ਰਦੇਸ਼ ਦੇ ਡਾ. ਐੱਮ.ਐੱਸ. ਰੰਧਾਵਾ ਹਨ ...
(16 ਦਸੰਬਰ 2017)

 

AshokVajpeyi3ਜਦੋਂ ਤੋਂ ਮੋਦੀ ਸਰਕਾਰ ਨੇ ਦੇਸ਼ ਦਾ ਰਾਜ ਭਾਗ ਸੰਭਾਲਿਆ ਹੈ, ਬੜੇ ਨਵੇਂ ਨਵੇਂ ਕਾਨੂੰਨ, ਨੀਤੀਆਂ, ਨਾਅਰੇ, ਵਾਅਦੇ, ਦਾਅਵੇ ਆਦਿ ਆਵਾਮ ਨੂੰ ਭਰਮਾਉਣ ਲਈ ਦਰਪੇਸ਼ ਹਨ। ਭਾਰਤ ਦੀਆਂ ਸੱਤਾਧਾਰੀ ਜਮਾਤਾਂ ਆਪਣੇ ਆਰਥਿਕ ਹਿਤਾਂ ਮੁਤਾਬਕ ਨੀਤੀਆਂ ਬਣਾਉਂਦੀਆਂ, ਘੜਦੀਆਂ ਤੇ ਲਾਗੂ ਕਰਦੀਆਂ ਆਈਆਂ ਹਨ ਪਰ ਜਦੋਂ ਦੇਸ਼ ਦੇ ਸਮਾਜਿਕ, ਧਾਰਮਿਕ, ਵਿੱਦਿਅਕ ਭਾਸ਼ਾਈ ਤੇ ਸਭਿਆਚਾਰਕ ਤਾਣੇ-ਬਾਣੇ ਨੂੰ ਹੀ ਤਹਿਸ-ਨਹਿਸ ਕੀਤੇ ਜਾਣ ਦਾ ਅਮਲ ਸ਼ੁਰੂ ਹੋ ਜਾਵੇ ਤਾਂ ਚੇਤੰਨ ਬੁੱਧੀਜੀਵੀ ਤਬਕੇ ਵੱਲੋਂ ਪ੍ਰਤੀਕਿਰਿਆ ਜ਼ਾਹਰ ਕਰਨੀ ਸੁਭਾਵਿਕ ਹੈ।  ਸੱਤਾ ਵਿਰੁੱਧ ਅਜੇਹੀ ਨਾਬਰੀ ਰੌਸ਼ਨ-ਦਿਮਾਗ ਲੇਖਕਾਂ, ਕਲਾਕਾਰਾਂ, ਬੁੱਧੀਵਾਨਾਂ, ਦਾ ਧਰਮ ਤੇ ਮੁੱਕਦਸ ਕਾਰਜ ਹੈ।  ਭਾਰਤ ਦੀ ਸੰਯੁਕਤ/ਸਾਂਝੀ ਤਹਿਜ਼ੀਬ ਉੱਤੇ ਬਣੇ ਤਾਣੇ-ਬਾਣੇ ਨੂੰ ਖਿੰਡਾ ਕੇ ਸਿਰਫ਼ ਭਗਵਾਂ ਕਰਨ ਦੀ ਨੀਤੀ ਵਿਰੁੱਧ ਕੁੱਝ ਬੁੱਧੀਜੀਵੀਆਂ ਨੇ ਨਾਬਰੀ ਵਿਖਾਈ ਤਾਂ ਉਨ੍ਹਾਂ ਨੂੰ ਆਪਣੀ ਜਾਨ ਦੇਣੀ ਪਈ। ਸੱਤਾ ਇਸ ਨਾਬਰੀ ਨੂੰ ਕਿਸੇ ਤਰ੍ਹਾਂ ਵੀ ਸਹਿਣ ਕਰਨ ਲਈ ਤਿਆਰ ਨਹੀਂ ਹੈ। ਸੱਤਾ ਤੋਂ ਨਾਬਰ ਹੋਣ ਦੀ ਲਹਿਰ ਅਕਤੂਬਰ 2015 ਨੂੰ ਉਸ ਸਮੇਂ ਸ਼ੁਰੂ ਹੋਈ, ਜਦੋਂ ਬੁੱਧੀਜੀਵੀਆਂ, ਤਰਕਸ਼ੀਲਾਂ ਦੀਆਂ ਹਤਿਆਵਾਂ ਦੇ ਵਿਰੁੱਧ ਨਾਮਵਰ ਲੇਖਕਾਂ ਨੇ ਭਾਰਤੀ ਸਾਹਿਤ ਆਕਾਦਮੀ ਦੇ ਦਿੱਤੇ ਇਨਾਮਾਂ/ਸਨਮਾਨਾਂ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬੀ ਵਿੱਚ ਗੁਰਬਚਨ ਸਿੰਘ ਭੁੱਲਰ ਤੇ ਹਿੰਦੀ ਵਿੱਚ ਅਸ਼ੋਕ ਵਾਜਪੇਈ ਨੇ ਅਜਿਹੀ ਪਹਿਲ ਕਦਮੀ ਵਿਖਾਈ ਕਿ ਵਾਪਸੀ ਦੇ ਢੇਰ ਲੱਗ ਗਏ। ਰੋਸ ਵਜੋਂ ਕਈ ਲੇਖਕਾਂ ਨੇ ਲਿਖਣ-ਕਾਰਜ ਨੂੰ ਅਲਵਿਦਾ ਕਹਿ ਦਿੱਤੀ। ਸੱਤਾ ਕੁੱਝ ਹਿੱਲੀ ਤੇ ਭਰੋਸੇ/ਵਾਅਦਿਆਂ ਨਾਲ ਇਨਾਮ ਵਾਪਸ ਕਰਨ ਦੇ ਰੁਝਾਣ ਨੂੰ ਠੱਲ੍ਹਣ ਵਿੱਚ ਸਫ਼ਲ ਹੋ ਗਈ।

ਸੱਤਾ ਤੇ ਨਾਬਰੀ ਇੱਕ ਮਿਆਨ ਵਿੱਚ ਨਹੀਂ ਸਮੋਅ ਸਕਦੇ। ਅਸ਼ੋਕ ਵਾਜਪੇਈ ਹਿੰਦੀ ਦੇ ਕੱਦਾਵਰ ਕਵੀ ਤੇ ਆਲੋਚਕ ਹਨ। ਸਾਹਿਤ ਵਿੱਚ ਉਨ੍ਹਾਂ ਦੀ ਇਸ ਅਜ਼ੀਮ ਸਖ਼ਸ਼ੀਅਤ ਕਰਕੇ ਹੀ ਉਨ੍ਹਾਂ ਨੂੰ ਭਾਰਤੀ ਲਲਿਤ ਕਲਾ ਅਕਾਦਮੀ ਦਾ ਚੇਅਰਮੈਨ ਬਣਾਇਆ ਗਿਆ ਸੀ, ਪਰ ਹੁਣ ਉਨ੍ਹਾਂ ਉੱਤੇ ਇਹ ਦੋਸ਼ ਲਾ ਕੇ ਕਿ ਕਲਾਕਾਰਾਂ ਨੂੰ ਆਰਟ ਗੈਲਰੀ ਦੀਆਂ ਮੁਫ਼ਤ ਸਹੂਲਤਾਂ ਦਿੱਤੀਆਂ ਗਈਆਂ, ਸੀ.ਬੀ.ਆਈ. ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਹ ਕੋਈ ਹੋਰਨਾਂ ਸਿਆਸਤਦਾਨਾਂ/ਵਜ਼ੀਰਾਂ ਵਾਂਗ ਵੱਡੇ ਫੰਡ-ਘਪਲਿਆਂ ਦਾ ਕੇਸ ਨਹੀਂ ਹੈ, ਫਿਰ ਵੀ ਸੱਤਾ ਤੋਂ ਨਾਬਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਰਾਹ ਮੋਦੀ ਸਰਕਾਰ ਪਈ ਹੋਈ ਹੈ। ਅਸ਼ੋਕ ਵਾਜਪੇਈ ਕੋਈ ਸਾਧਾਰਨ ਲੇਖਕ/ਸਖ਼ਸ਼ ਨਹੀਂ ਹੈ। ਉਹ ਇੱਕ ਆਈ.ਏ.ਐੱਸ. ਅਫ਼ਸਰ ਰਿਟਾਇਰ ਹੋਇਆ ਹੈ। ਮੱਧ ਪ੍ਰਦੇਸ਼ ਵਿੱਚ ਭਾਰਤ-ਭਵਨਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਦਾ ਮੁੱਖ ਕੇਂਦਰ ਹੈ। ਇਹ ਅਸ਼ੋਕ ਵਾਜਪੇਈ ਦੀ ਦੇਣ ਹੈ, ਜਿਸਦਾ ਉਦਘਾਟਨ ਇੰਦਰਾ ਗਾਂਧੀ ਨੇ ਕੀਤਾ ਸੀ। ਇਸ ਆਈ.ਏ.ਐੱਸ. ਅਫ਼ਸਰ ਨੇ ਲਗਭਗ 11 ਸੱਭਿਆਚਾਰਕ ਸੰਸਥਾਵਾਂ ਮੱਧ ਪ੍ਰਦੇਸ਼ ਵਿੱਚ ਬਤੌਰ ਸੱਭਿਆਚਾਰਕ ਸਕੱਤਰ ਹੁੰਦਿਆਂ ਸਥਾਪਤ ਕੀਤੀਆਂ। ਉਹ ਭਾਰਤ ਸਰਕਾਰ ਦੇ ਸੱਭਿਆਚਾਰਕ ਸਕੱਤਰ ਵੀ ਰਹੇ ਹਨ। ਮਹਾਤਮਾ ਗਾਂਧੀ ਅੰਤਰ-ਰਾਸ਼ਟਰੀ ਹਿੰਦੀ ਵਿਸ਼ਵ ਵਿਦਿਆਲਾ ਦੇ ਉਪ-ਕੁਲਪਤੀ, ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਦੇ ਟਰਸਟੀ, ਇੰਡੀਅਨ ਕਾਊਂਸਲ ਫਾਰ ਕਲਚਰਲ ਰੀਲੇਸ਼ਨ ਦੇ ਮੈਂਬਰ ਤੇ ਸੰਗੀਤ ਨਾਟਕ ਅਕਾਡਮੀ ਦੇ ਕਾਰਜਕਰਨੀ ਮੈਂਬਰ ਦੇ ਤੌਰ ’ਤੇ ਉਹ ਲਗਾਤਾਰ ਕਾਰਜਸ਼ੀਲ ਰਹੇ। ਦਰਅਸਲ, ਉਹ ਮੱਧ ਪ੍ਰਦੇਸ਼ ਦੇ ਡਾ. ਐੱਮ.ਐੱਸ. ਰੰਧਾਵਾ ਹਨ।

ਅਸ਼ੋਕ ਵਾਜਪੇਈ ਨੇ ਤਕਰੀਬਨ 23 ਪੁਸਤਕਾਂ ਲਿਖ ਕੇ ਸਾਹਿਤ ਤੇ ਕਲਾ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਾਹਿਤ ਅਕਾਡਮੀ ਨੇ 1994 ਵਿੱਚ ਉਨ੍ਹਾਂ ਦੀ ਕਾਵਿ ਪੁਸਤਕ ‘ਕਹੀਂ ਨਹੀਂ ਵਹੀਂ’ ਨੂੰ ਸਨਮਾਨ ਦਿੱਤਾ ਸੀ। ਉਨ੍ਹਾਂ ਨੂੰ ਦਿਆਵਤੀ ਮੋਦੀ ਕਵੀ ਸ਼ੇਖਰ ਸਨਮਾਨ ਮਿਲਿਆ ਤੇ 2006 ਵਿੱਚ ਕਬੀਰ ਸਨਮਾਨ ਵੀ ਪ੍ਰਾਪਤ ਹੋਇਆ। ਰੋਹਿਤ ਵੇਮੂਲਾ ਦੀ ਖ਼ੁਦਕੁਸ਼ੀ ਦਾ ਵਿਰੋਧ ਕਰਦਿਆਂ ਰੋਸ ਵਜੋਂ ਉਨ੍ਹਾਂ ਡੀ. ਲਿੱਟ ਦੀ ਡਿਗਰੀ ਵਾਪਸ ਕਰ ਦਿੱਤੀ ਸੀ। ਇੰਨੇ ਮਾਨਾਂ-ਸਨਮਾਨਾਂ ਦੇ ਮਾਲਕ, ਦੋ ਦਰਜਨ ਪਾਏਦਾਰ ਪੁਸਤਕਾਂ ਦਾ ਸਿਰਜਕ ਤੇ ਕਲਾ-ਪ੍ਰੇਮੀ ਪ੍ਰਸ਼ਾਸਨਿਕ ਅਧਿਕਾਰੀ ਮਹਿਜ਼ ਕਲਾਕਾਰਾਂ ਨੂੰ ਜਾਇਜ਼/ਨਜਾਇਜ਼ ਸਹੂਲਤਾਂ ਦੇਣ ਦੇ ਦੋਸ਼ ਵਿੱਚ ਸੀ.ਬੀ.ਆਈ. ਦੀ ਕੋਰਟ ਦੇ ਕਟਹਿਰੇ ਵਿੱਚ ਖੜ੍ਹਾ ਹੋਵੇ, ਸੱਤਾ ਦੇ ਨਾਬਰੀ ਨੂੰ ਸਬਕ ਸਿਖਾਉਣ ਦੀ ਕੋਝੀ ਕਵਾਇਦ ਹੈ। ਜਦੋਂ ਕਿ ਭਾਰਤ ਵਰਗੇ ਵਿਸ਼ਾਲ ਤੇ ਬਹੁਰੰਗੀ ਦੇਸ਼ ਨੂੰ ਇੱਕ ਰੰਗ ਵਿੱਚ ਰੰਗਣਾ ਸੱਤਾ ਦੀ ਭ੍ਰਾਂਤੀ ਹੈ ਤੇ ਇਸ ਭ੍ਰਾਂਤੀ ਵਿਰੁੱਧ ਨਾਬਰੀ ਆਪਣੇ ਹੀ ਢੰਗ-ਤਰੀਕੇ ਅਪਣਾਉਂਦੀ ਰਹੇਗੀ।

*****

(932)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਲਾਭ ਸਿੰਘ ਖੀਵਾ

ਡਾ. ਲਾਭ ਸਿੰਘ ਖੀਵਾ

Dean, Guru Kashi University, Talwandi Sabo, Punjab, India.
Phone: (91 - 94171 - 78487)
Email: (kheevals@yahoo.in)