ShyamSDeepti7ਇਨ੍ਹਾਂ ਹਾਲਤਾਂ ਵਿਚਜਿਨ੍ਹਾਂ ਬਾਂਦਰਾਂ ਨੇ ਹਿੰਮਤ ਕਰਕੇ ਆਪਣੇ ਸੁਰੱਖਿਅਤ ਘੇਰੇ ਨੂੰ ਤੋੜਿਆ ਅਤੇ ਅੱਗੇ ਵਧੇ ...
(15 ਦਸੰਬਰ 2017)

 

MansJourney1

 

ਅਸੀਂ ਅਕਸਰ ਸੁਣਦੇ ਜਾਂ ਕਹਿੰਦੇ ਹਾਂ, ‘ਬੰਦਾ ਬਣ’, ‘ਇਨਸਾਨ ਬਣਨ ਦੀ ਕੋਸ਼ਿਸ਼ ਕਰ। ਜਦੋਂ ਅਸੀਂ ਇਹ ਭਾਵ ਪ੍ਰਗਟਾ ਰਹੇ ਹੁੰਦੇ ਹਾਂ ਤਾਂ ਸਾਡਾ ਕੀ ਮਤਲਬ ਹੁੰਦਾ ਹੈ? ਕੀ ਅਸੀਂ ਇਹ ਕਹਿ ਰਹੇ ਹੁੰਦੇ ਹਾਂ ਕਿ ਕੁਦਰਤ ਨੇ ਤੇਰੇ ਅੰਦਰ ਕਿੰਨੀਆਂ ਵਿਸ਼ੇਸ਼ਤਾਵਾਂ ਅਤੇ ਵਿਲੱਖਣਤਾਵਾਂ ਭਰੀਆਂ ਹਨ, ਉਨ੍ਹਾਂ ਵੱਲ ਝਾਤੀ ਮਾਰ, ਉਨ੍ਹਾਂ ਦਾ ਇਸਤੇਮਾਲ ਕਰ ਜਾਂ ਇਹ ਕਹਿ ਰਹੇ ਹੁੰਦੇ ਹਾਂ ਕਿ ਤੇਰੇ ਅੰਦਰ ਇਸ ਗੱਲ ਦੀ ਸਮਰੱਥਾ ਹੈ ਕਿ ਤੂੰ ਮਨੁੱਖ ਹੋਣ ਦੇ ਨਾਤੇ, ਕਈ ਕੁਝ ਨਵਾਂ ਸਿਰਜ ਸਕਦਾ ਹੈਂ ਤੇ ਆਪਣੀ ਜ਼ਿੰਦਗੀ ਅਤੇ ਆਲੇ-ਦੁਆਲੇ ਨੂੰ ਸੰਵਾਰ ਨਿਖਾਰ ਸਕਦਾ ਹੈਂ ਇਹ ਸਭ ਹੁੰਦਿਆਂ ਵੀ ਕੀ ਗੱਲ ਹੈ ਕਿ ਤੂੰ ਆਪਣੀਆਂ ਕਾਬਲੀਅਤਾਂ ਤੋਂ ਕੰਮ ਨਹੀਂ ਲੈਂਦਾ? ਅੱਗੇ ਵੱਲ ਕਿਉਂ ਨਹੀਂ ਤੁਰਦਾ। ਕੁਦਰਤ ਨੇ ਸਾਨੂੰ ਮਨੁੱਖ ਤਾਂ ਪੈਦਾ ਕੀਤਾ ਹੀ ਹੈ, ਹੁਣ ਤਾਂ ਲੋੜ ਹੈ, ਆਪਣੇ ਜਨਮ ਤੋਂ ਲੈ ਕੇ, ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਤਕ, ਮਨੁੱਖ ਤੋਂ ਅੱਗੇ ਸਫ਼ਰ ਕਰਨ ਦੀ, ਮਨੁੱਖ ਤੋਂ ਮਹਾਂ ਮਨੁੱਖ ਬਨਣ ਦੀ।

ਅਸੀਂ ਅਕਸਰ ਆਪਣੇ ਇਤਿਹਾਸ ਵਿੱਚੋਂ ਜਾਂ ਵਰਤਮਾਨ ਵਿੱਚੋਂ ਵੀ ਕਈ ਸ਼ਖ਼ਸੀਅਤਾਂ ਨੂੰ ਜਾਣ ਕੇ, ਉਨ੍ਹਾਂ ਬਾਰੇ ਪੜ੍ਹ-ਸੁਣ ਕੇ, ਉਨ੍ਹਾਂ ਨੂੰ ਮਹਾਂਮਾਨਵੀ ਸ਼ਖ਼ਸੀਅਤਾਂ ਕਹਿੰਦੇ ਹਾਂ ਜਾਂ ਮਹਾਨ ਵਿਅਕਤੀ ਦੱਸਦੇ ਹਾਂ। ਉਦੋਂ ਸਾਡੇ ਮਨ ਵਿਚ ਕੀ ਭਾਵ ਪੈਂਦਾ ਹੁੰਦਾ ਹੈ, ਕੀ ਖਾਸ ਹੈ? ਇਸ ਸੰਦਰਭ ਵਿਚ ਅਸੀਂ ਗੁਰੂ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ, ਕਾਰਲ ਮਾਰਕਸ ਆਦਿ ਗਿਆਨਵਾਨ, ਵਿਗਿਆਨੀ, ਸੰਘਰਸ਼ਸ਼ੀਲ ਵਿਅਕਤੀਆਂ ਨੂੰ ਰੱਖ ਸਕਦੇ ਹਾਂ। ਮਹਾਨ ਵਿਗਿਆਨੀ ਆਈਨਸਟਾਈਨ ਦਾ ਕਥਨ ਹੈ ਕਿ ਕਿਸੇ ਲਈ ਜੀਵੀ ਗਈ ਜ਼ਿੰਦਗੀ ਹੀ ਅਸਲ ਜ਼ਿੰਦਗੀ ਹੈ। ਫਿਰ ਜਦੋਂ ਅਸੀਂ ਕਿਸੇ ਇਤਿਹਾਸਕ-ਸਮਾਜਿਕ ਸ਼ਖਸੀਅਤ ਬਾਰੇ ਪੜ੍ਹਦੇ ਹਾਂ ਤਾਂ ਅਗਲੇ ਪਲ ਆਪ ਹੀ ਇਹ ਨਤੀਜਾ ਵੀ ਕੱਢਦੇ ਹਾਂ ਕਿ ਇਹ ਵਿਸ਼ੇਸ਼ ਵਿਅਕਤੀ ਸੀ, ਕੋਈ ਅਦੁੱਤੀ ਸਖਸ਼ੀਅਤ, ਇਸ ’ਤੇ ਕੋਈ ਦੈਵੀ ਜਾਂ ਰੱਬੀ ਕਿਰਪਾ ਸੀ। ਇਸ ਤਰ੍ਹਾਂ ਕਰਕੇ ਅਸੀਂ ਉਸ ਵਿਅਕਤੀਤਵ ਨੂੰ ਸਹੀ ਅਰਥਾਂ ਵਿਚ ਸਮਝਣ ਤੋਂ ਮਨਾਹੀ ਕਰ ਰਹੇ ਹੁੰਦੇ ਹਾਂ ਤੇ ਇਕ ਦੂਰੀ ਬਣਾ ਲੈਂਦੇ ਹਾਂ। ਪਰ ਇਹ ਇਕ ਸੱਚ ਹੈ ਕਿ ਅਸੀਂ ਜੇਕਰ ਅਜਿਹੇ ਮਨੁੱਖ/ਮਹਾਂਮਨੁੱਖ ਨੂੰ ਵਾਧੂ ਸ਼ਰਧਾ (ਅੰਨ੍ਹੀ ਸ਼ਰਧਾ) ਤੋਂ ਪਰੇ ਹਟਾ ਕੇ ਦੇਖੀਏ ਤਾਂ ਉਸ ਸਖਸ਼ੀਅਤ ਦੇ ਮਨੁੱਖੀ ਕਿਰਦਾਰ ਨੂੰ ਵਧੀਆ ਢੰਗ ਨਾਲ ਸਮਝ ਸਕਦੇ ਹਾਂ ਕਿ ਕਿਵੇਂ ਇਨ੍ਹਾਂ ਨੇ ਆਪਣੀਆਂ ਮਨੁੱਖੀ ਤਾਕਤਾਂ ਨੂੰ ਪਛਾਣਿਆ ਅਤੇ ਵਿਕਸਿਤ ਕੀਤਾ ਤੇ ਇਕ ਉਦਾਹਰਨ ਬਣ ਕੇ ਉੱਭਰੇ। ਇਹ ਵਿਅਕਤੀ ਸਾਨੂੰ ਇਹ ਸੁਨੇਹਾ ਦਿੰਦੇ ਹਨ ਕਿ ਹਰ ਮਨੁੱਖ ਉਨ੍ਹਾਂ ਵਾਂਗ ਹੋ ਸਕਦਾ ਹੈ, ਬਣ ਸਕਦਾ ਹੈ ਤੇ ਸਮਾਜ ਲਈ ਆਪਣਾ ਫਰਜ਼ ਨਿਭਾ ਸਕਦਾ ਹੈ।

ਇਨ੍ਹਾਂ ਸ਼ਖ਼ਸੀਅਤਾਂ ਤੋਂ ਜੋ ਸਿੱਖਣ ਅਤੇ ਅਪਨਾਉਣ ਦੀ ਲੋੜ ਹੈ ਤਾਂ ਉਹ ਇਹ ਕਿ ਕਿਵੇਂ ਮਨੁੱਖ ਤੋਂ ਮਹਾਂ ਮਨੁੱਖ ਜਾਂ ਪਰਮ ਮਨੁੱਖ ਬਣਿਆ ਜਾਵੇ। ਮਨੁੱਖੀ ਰੂਪ, ਨੈਣ-ਨਕਸ਼, ਲੱਤਾਂ-ਬਾਹਾਂ ਤੋਂ ਲੈ ਕੇ ਦਿਲ ਦਿਮਾਗ ਦੀ ਬਣਤਰ, ਕੁਦਰਤ ਦੇ ਵਿਕਾਸ ਦੀ ਦੇਣ ਹੈ ਤੇ ਹੁਣ ਇਸ ਰੂਪ ਨੂੰ ਸਮਾਜਿਕ ਰੂਪ ਵਿਚ ਢਾਲਣ ਅਤੇ ਸਮਾਜ ਨੂੰ ਇਕ ਵਧੀਆ ਜੀਣ-ਜੋਗੀ ਥਾਂ ਬਣਾਉਣ ਵੱਲ ਇਕ ਕਦਮ ਪੁੱਟਣਾ, ਅਗਲੇ ਸਫ਼ਰ ਵੱਲ ਜਾਣਾ ਹੈ। ਇਸ ਸਮਾਜਿਕ ਸਫ਼ਰ ਦਾ ਇਤਿਹਾਸ ਵੀ ਸਾਡੇ ਕੋਲ ਹੈ ਅਤੇ ਉਹ ਤਜ਼ਰਬੇ ਵੀ ਸਾਡੇ ਕੋਲ ਹਨ, ਜਿੱਥੇ ਇਹ ਸੰਭਵ ਹੋਇਆ ਹੈ। ਇਸ ਦੇ ਲਈ, ਬੱਚੇ ਨੂੰ ਜਨਮ ਦੇ ਰੂਪ ਤੋਂ ਲੈ ਕੇ ਅਗਲੇ ਸਫ਼ਰ ’ਤੇ ਤੋਰਨ ਲਈ ਪਰਿਵਾਰ, ਸਕੂਲ ਅਤੇ ਸਮੁੱਚੇ ਸਮਾਜ ਦੀ ਭੂਮਿਕਾ ਦੀ ਲੋੜ ਹੈ।

ਇਸ ਤਰ੍ਹਾਂ ਮਨੁੱਖੀ ਬਣਤਰ ਅਤੇ ਮਨੁੱਖ ਵੱਲੋਂ ਸਿਰਜੇ ਸੰਕਲਪਾਂ ਅਤੇ ਕਾਰਜਾਂ ਦੇ ਮੱਦੇਨਜ਼ਰ, ਬੱਚੇ ਨੂੰ ਇਕ ਵਧੀਆ ਹਾਂ ਪੱਖੀ ਮਾਹੌਲ ਮਿਲੇ, ਜਿੱਥੇ ਉਹ ਆਪਣੀਆਂ ਕਾਬਲੀਅਤਾਂ ਨੂੰ ਪਛਾਣ ਕੇ ਸੰਵਾਰ-ਸ਼ਿੰਗਾਰ ਸਕੇ ਇਸ ਦਿਸ਼ਾ ਵਿਚ ਹੋਏ ਕਾਰਜਾਂ ਤਹਿਤ ਇਹ ਵਿਕਾਸ ਮੁਸ਼ਕਿਲ ਨਹੀਂ ਹੈ।

ਜੇਕਰ ਮਨੁੱਖੀ ਵਿਕਾਸ ਦੇ ਮੂਲਭੂਤ ਸਰੋਤਾਂ ਬਾਰੇ ਗੱਲ ਕਰਨੀ ਹੋਵੇ ਤਾਂ ਇਹ ਮੁੱਖ ਤੌਰ ਤੇ ਤਿੰਨ ਹਨ। ਇਹ ਹਨ ਖੁਰਾਕ, ਸੁਰੱਖਿਆ ਅਤੇ ਪਿਆਰ। ਇਨ੍ਹਾਂ ਨੂੰ ਵੱਖ ਵੱਖ ਸ਼ਬਦਾਂ ਰਾਹੀਂ ਸਰੀਰਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਕਹਿ ਕੇ ਵੀ ਵਿਚਾਰਿਆ ਜਾ ਸਕਦਾ ਹੈ। ਪਰ ਸਰੀਰ ਦੀ ਹੋਂਦ ਤੋਂ ਹੀ ਸਭ ਪੜਾਅ ਸ਼ੁਰੂ ਹੁੰਦੇ ਹਨ ਅਤੇ ਸਰੀਰ ਦੀ ਬਣਤਰ ਅਤੇ ਸੁਰੱਖਿਆ ਲਈ ਖੁਰਾਕ ਸਭ ਤੋਂ ਅਹਿਮ ਹੈ। ਭਾਵੇਂ ਸਰੀਰ ਦੀਆਂ ਲੋੜਾਂ ਕਈ ਹਨ ਅਤੇ ਸੁਰੱਖਿਆ ਦਾ ਸੰਕਲਪ ਵੀ ਵਸੀਹ ਹੈ।

ਕੁਦਰਤ ਦੀ ਆਪਣੀ ਇਕ ਖੂਬੀ ਹੈ, ਜੇਕਰ ਅਸੀਂ ਗੌਰ ਨਾਲ ਉਸਦੇ ਕਾਰਜ ਨੂੰ ਦੇਖੀਏ-ਸਮਝੀਏਕੁਦਰਤ ਵਿਚ ਕ੍ਰਮਵਾਰ ਵਿਕਾਸ (ਐਵੋਲਿਉਸ਼ਨ) ਦੌਰਾਨ ਧਰਤੀ ਉੱਪਰ ਜੀਵ ਦੀ ਉਤਪਤੀ ਹੋਈ। ਜੋ ਸਮਝਣ ਵਾਲੀ ਗੱਲ ਹੈ ਕਿ ਜੀਵ ਜਿਸ ਵੀ ਥਾਂ ’ਤੇ ਪੈਦਾ ਹੋਇਆ ਹੈ, ਕੁਦਰਤ ਨੇ ਉਸ ਦੇ ਜੀਵਨ ਲਈ, ਉਸ ਦੀ ਸਰੀਰਕ ਸੰਰਚਨਾ ਮੁਤਾਬਕ ਵਾਤਾਵਰਨ ਪਹਿਲਾਂ ਤਿਆਰ ਕੀਤਾ ਹੈ। ਉਸ ਲਈ ਲੋੜੀਦੀਆਂ ਮੁੱਢਲੀਆਂ ਜ਼ਰੂਰਤਾਂ, ਹਵਾ, ਪਾਣੀ, ਖੁਰਾਕ ਆਦਿ ਅਤੇ ਉਸ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਹੈ।

ਇਹ ਵੀ ਇਕ ਜੀਵ ਵਿਗਿਆਨਕ ਸਚਾਈ ਹੈ ਕਿ ਧਰਤੀ ਦੇ ਜਿਸ ਵੀ ਵਾਤਾਵਰਨ ਵਿਚ ਮਨੁੱਖ ਜਾਂ ਹੋਰ ਜੀਵ ਰਹਿੰਦੇ ਨੇ, ਉਸ ਦੇ ਆਲੇ-ਦੁਆਲੇ ਦੀ ਕੁਦਰਤੀ ਪੈਦਾਵਾਰ ਹੀ, ਉਸ ਦੀ ਵਧੀਆ ਖੁਰਾਕ ਹੁੰਦੀ ਹੈ। ਇਹ ਖੁਰਾਕ ਉਸ ਖਿੱਤੇ ਦੇ ਮੌਸਮ ਦੀ ਲੋੜ ਦੇ ਮੱਦੇਨਜ਼ਰ ਹੁੰਦੀ ਹੈ। ਇਹ ਖੁਰਾਕ ਉਸ ਖਿੱਤੇ ਦੇ ਮਨੁੱਖ ਦੀਆਂ ਸਰੀਰਕ ਲੋ ੜਾਂ ਅਤੇ ਉਸ ਦੀ ਟੁੱਟ ਭੱਜ ਨੂੰ ਪੂਰਾ ਕਰਨ ਲਈ ਹੀ ਤਿਆਰ ਕੀਤੀ ਹੁੰਦੀ ਹੈ। ਅਸੀਂ ਆਪਣੇ ਖਿੱਤੇ ਵਿਚ ਵੀ ਮੌਸਮ ਮੁਤਾਬਕ ਫਲ, ਸਬਜ਼ੀਆਂ, ਅਨਾਜ ਜਾਂ ਸੁੱਕੇ ਮੇਵੇ ਤੇ ਬੀਜ ਆਦਿ ਦਾ ਹੋਰ ਖੇਤਰਾਂ ਤੋਂ ਫ਼ਰਕ ਸਾਫ ਮਹਿਸੂਸ ਕਰ ਸਕਦੇ ਹਾਂ। ਅਖਰੋਟ, ਬਦਾਮ ਦੀ ਪੈਦਾਵਾਰ ਅਤੇ ਹਲਦਵਾਨਾ ਅਤੇ ਕੀਨੂੰ ਦੀ ਪੈਦਾਵਾਰ ਦਾ ਫ਼ਰਕ, ਉਸ ਖਿੱਤੇ ਦੇ ਜੀਵਾਂ ਦੇ ਮੱਦੇਨਜ਼ਰ ਹੈ। ਇਹ ਕੁਦਰਤ ਦਾ ਕਮਾਲ ਹੈ ਕਿ ਉਹ ਹਰ ਜੀਵ/ ਮਨੁੱਖ ਨੂੰ ਜ਼ਿੰਦਾ ਰਹਿਣ ਦੇ ਮੌਕੇ ਖੁਦ ਹੀ ਮੁਹਈਆ ਕਰਦੀ ਹੈ।

ਮਨੁੱਖੀ ਵਿਕਾਸ ਦੀ ਦੂਸਰੀ ਜ਼ਰੂਰਤ ਹੈ, ਸੁਰੱਖਿਆ। ਇਹ ਸੁਰੱਖਿਆ ਵਾਲਾ ਪਹਿਲੂ ਬਹੁਤ ਵਸੀਹ ਹੈ। ਇਹ ਕੁਦਰਤੀ ਆਫਤਾਂ ਤੋਂ ਸੁਰਖਿਆ ਤੋਂ ਲੈ ਕੇ ਸਮਾਜਿਕ, ਮਾਨਸਿਕ, ਆਰਥਿਕ ਸੁਰਖਿਆ ਤਕ ਫੈਲਿਆ ਹੋਇਆ ਹੈ। ਪਰ ਮੁਢਲੇ ਤੌਰ ’ਤੇ ਸਰੀਰ ਦੀ ਸੁਰੱਖਿਆ ਹੈ, ਭਾਵ ਆਪਣੇ ਆਪ ਨੂੰ ਬਚਾ ਕੇ ਰੱਖਣਾ। ਖੁਰਾਕ ਦੀ ਘਾਟ ਨੇ ਵੀ ਜੀਵਾਂ ਦੀਆਂ ਕਈ ਕਿਸਮਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਆਪਣੇ ਆਪ ਕੁਦਰਤੀ ਆਫਤਾਂ ਤੋਂ ਨਾ ਬਚਾ ਸਕਣ ਦੀ ਮਜਬੂਰੀ ਨੇ ਵੀ।

ਅਸਲ ਵਿਚ ਆਪਣੇ ਆਪ ਨੂੰ ਬਚਾ ਕੇ ਰੱਖ ਸਕਣ ਵਿਚ ਪਹਿਲੀ ਅਤੇ ਮੁੱਢਲੀ ਜ਼ਰੂਰਤ ਹੀ ਖੁਰਾਕ ਹੈ। ਖੁਰਾਕ ਦੀ ਘਾਟ ਨੇ ਜਿੱਥੇ ਕਈ ਜੀਵਾਂ ਦੀਆਂ ਜਾਤੀਆਂ ਦਾ ਵਿਨਾਸ਼ ਕੀਤਾ ਹੈ, ਉੱਥੇ ਕਈਆਂ ਨੂੰ ਆਪਣੇ ਵਿਵਹਾਰ ਅਤੇ ਆਪਣੀ ਥਾਂ ਬਦਲਣ ਲਈ ਵੀ ਮਜਬੂਰ ਕੀਤਾ ਹੈ। ਖੁਰਾਕ ਦੀ ਘਾਟ ਨੇ ਹੀ ਮਨੁੱਖੀ ਵਿਕਾਸ ਲੜੀ ਵਿਚ ਉਸ ਨੂੰ ਧਰਤੀ ਦੇ ਹਰ ਕੋਨੇ ਵਿਚ ਪਹੁੰਚਾਇਆ ਹੈ ਅਤੇ ਇਸੇ ਤਰ੍ਹਾਂ ਹੀ ਕੁਦਰਤੀ ਆਫਤਾਂ ਤੋਂ ਬਚਣ ਲਈ ਵੀ।

ਹਰ ਜੀਵ ਕੋਲ ਇਕ ਸੁਰੱਖਿਅਤ ਥਾਂ-ਢੰਗ ਹੈ, ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ। ਚਾਹੇ ਉਹ ਜ਼ਮੀਨ ਅੰਦਰ ਖੁੱਡਾਂ ਬਣਾ ਕੇ ਰਹੇ, ਚਾਹੇ ਦਰਖਤ ਦੀਆਂ ਟੀਸੀਆਂ ’ਤੇ ਜਾਂ ਦਰਖਤ ਵਿਚ ਖੋੜਾਂ ਬਣਾ ਕੇ। ਇਸੇ ਤਰ੍ਹਾਂ ਕਿਸੇ ਵੱਡੀ ਆਫਤ ਵੇਲੇ ਕੋਈ ਦੌੜਾਕ ਹੈ ਤੇ ਕਿਸੇ ਕੋਲ ਭਿੜ ਜਾਣ ਲਈ ਤਿੱਖੇ ਦੰਦ, ਨਹੁੰ ਜਾਂ ਜ਼ਹਿਰੀਲਾ ਡੰਗ ਹੈ। ਇਸੇ ਤਰ੍ਹਾਂ ਹੀ ਸਰੀਰ ਦੇ ਕੰਡੇ ਜਾਂ ਗਿਰਗਟ ਦਾ ਰੰਗ ਬਦਲਣਾ ਉਨ੍ਹਾਂ ਦੀ ਸੁਰੱਖਿਆ ਦੇ ਸਾਧਨ ਹਨ। ਇਹੀ ਸਾਧਨ ਹੀ ਹਨ, ਜਿਨ੍ਹਾਂ ਕਰਕੇ ਜੀਵ ਆਪਣੀ ਹੋਂਦ ਬਣਾਈ ਰਖਦੇ ਹਨ। ਇਹੀ ਕਾਰਨ ਹੀ ਹਨ ਕਿ ਵਿਕਾਸ ਲੜੀ ਵਿਚ, ਇਸ ਲੜੀ ਨੂੰ ਸਮਝਣ ਲਈ ਸਾਡੇ ਕੋਲ ਤਰਤੀਬਵਾਰ ਸਾਰੇ ਜੀਵਾਂ ਦੀ ਹੋਂਦ ਨਜ਼ਰ ਆਉਂਦੀ ਹੈ।

ਕਈ ਵਾਰ ਸਵਾਲ ਉੱਠਦਾ ਹੈ ਕਿ ਮੱਛੀਆਂ ਤੋਂ ਅਗਲਾ ਵਿਕਾਸ ਪੜਾਅ ਜਾਂ ਲੜੀ ਡੱਡੂ ਹੈ ਤਾਂ ਫਿਰ ਸਾਰੀਆਂ ਮੱਛੀਆਂ ਡੱਡੂ ਕਿਉਂ ਨਹੀਂ ਬਣ ਗਈਆਂ ਜਾਂ ਫਿਰ ਬਾਂਦਰ ਤੋਂ ਮਨੁੱਖ ਬਣੇ ਤਾਂ ਬਾਂਦਰ ਵੀ ਕਿਉਂ ਤੁਰੇ ਫਿਰਦੇ ਹਨ। ਉਨ੍ਹਾਂ ਨੂੰ ਮਨੁੱਖ ਬਣਨ ਵਿਚ ਕੀ ਦਿੱਕਤ ਸੀ? ਸਵਾਲ ਵਾਜਬ ਲਗਦਾ ਹੈ। ਇਸ ਦਾ ਮਤਲਬ ਭਾਵੇਂ ਡਾਰਵਿਨ ਨੇ ਵਿਗਿਆਨਕ ਢੰਗ ਨਾਲ ਦਿੱਤਾ ਹੈ ਕਿ ਕਿਵੇਂ ਜੀਵਾਂ ਵਿਚ ਤਬਦੀਲੀਆਂ ਹੁੰਦੀਆਂ ਹਨ, ਕਿਵੇਂ ਕੁਦਰਤ ਦੇ ਹਾਲਾਤ ਤਬਦੀਲੀ ਵਿਚ ਸਹਾਈ ਹੁੰਦੇ ਹਨ। ਕਿਵੇਂ ਪਾਣੀ ਨਾ ਮਿਲ ਸਕਣ ਦੀ ਸੂਰਤ ਵਿਚ ਜੀਵ ਨੇ ਉਸ ਸੰਘਰਸ਼ ਵਿੱਚੋਂ, ਅਗਲੇ ਪੜਾਅ ਦਾ ਵਿਕਾਸ ਕੀਤਾ ਤੇ ਪਾਣੀ ਅਤੇ ਜ਼ਮੀਨ ਦੋਹਾਂ ਥਾਵਾਂ ’ਤੇ ਰਹਿ ਸਕਣ ਦੇ ਯੋਗ ਹੋਇਆ।

ਬਾਂਦਰ ਤੋਂ ਮਨੁੱਖ ਹੋਣ ਦੀ ਤਬਦੀਲੀ ਨੂੰ, ਸਧਾਰਨ ਅਤੇ ਸਾਹਿਤਕ ਭਾਸ਼ਾ ਵਿਚ, ਚੀਨ ਦੇ ਸਾਹਿਤਕਾਰ ਲੂ-ਸ਼ੁਨ ਨੇ ਬੜੇ ਵਧੀਆ ਢੰਗ ਨਾਲ ਸਮਝਾਇਆ ਹੈ। ਜਦੋਂ ਉਹ ਇਸ ਪ੍ਰਸ਼ਨ ਦੇ ਰੂਬਰੂ ਹੋਇਆ ਤਾਂ ਉਸਨੇ ਇੰਜ ਕਿਹਾ ਕਿ ਬਾਂਦਰ ਜੰਗਲਾਂ ਵਿਚ ਦਰਖਤਾਂ ਉੱਪਰ ਰਹਿਣ ਵਾਲਾ ਜਾਨਵਰ ਹੈ। ਜਾਨਵਰਾਂ ਦੀ ਤਾਦਾਦ ਵਧੀ ਜਾਂ ਕਿਸੇ ਕਾਰਨ ਦਰਖਤਾਂ ਉੱਪਰੋਂ ਖਾਣ ਦੀਆਂ ਵਸਤਾਂ ਦੀ ਘਾਟ ਹੋਈ ਤਾਂ ਬਾਂਦਰਾਂ ਨੂੰ ਜ਼ਮੀਨ ’ਤੇ ਉੱਤਰਨਾ ਪਿਆ। ਉਹ ਪਹਿਲੀ ਵਾਰੀ ਜ਼ਮੀਨ ’ਤੇ ਉੱਤਰੇ। ਥੋੜ੍ਹਾ ਜਿਹਾ ਤੁਰੇ, ਥੋੜ੍ਹਾ ਹੋਰ ਤੁਰੇ। ਕੁਝ ਮਿਲਿਆ, ਪਰ ਕੰਮ ਨਾ ਸਰਿਆ। ਆਪਾਂ ਜਾਣਦੇ ਹਾਂ ਕਿ ਹਰ ਜੀਵ ਦੀ ਇਕ ਸੀਮਾ ਹੁੰਦੀ ਹੈ, ਜਿੱਥੋਂ ਤਕ ਉਹ ਘੁੰਮ ਫਿਰ ਸਕਦੇ ਹਨ। ਉਸ ਤੋਂ ਬਾਹਰ ਉਹ ਨਹੀਂ ਜਾਂਦੇ, ਉਹ ਜਾਨਵਰਾਂ ਦਾ ਸੁਰੱਖਿਅਤ ਘੇਰਾ ਹੁੰਦਾ ਹੈ। ਇਨ੍ਹਾਂ ਹਾਲਤਾਂ ਵਿਚ, ਜਿਨ੍ਹਾਂ ਬਾਂਦਰਾਂ ਨੇ ਹਿੰਮਤ ਕਰਕੇ ਆਪਣੇ ਸੁਰੱਖਿਅਤ ਘੇਰੇ ਨੂੰ ਤੋੜਿਆ ਅਤੇ ਅੱਗੇ ਵਧੇ, ਉਹ ਮਨੁੱਖ ਬਣ ਗਏ। ਜਿਨ੍ਹਾਂ ਨੇ ਜੀਣ ਦੀ ਲਾਲਸਾ ਨੂੰ ਬਰਕਰਾਰ ਰੱਖਿਆ ਤੇ ਹਾਲਾਤ ਨਾਲ ਲੋਹਾ ਲਿਆ, ਉਹ ਮਨੁੱਖ ਬਣ ਗਏ, ਬਾਕੀ ਬੰਦਰ ਹੀ ਰਹੇ। ਕਹਿਣ ਤੋਂ ਭਾਵ ਹੈ ਕਿ ਸੁਰੱਖਿਆ ਲਈ ਜਿੱਥੇ ਕੁਦਰਤ ਸਾਥ ਦਿੰਦੀ ਹੈ, ਉੱਥੇ ਖੁਦ ਵੀ ਹਿੰਮਤ ਕਰਨੀ ਹੁੰਦੀ ਹੈ, ਫੈਸਲੇ ਲੈਣੇ ਹੁੰਦੇ ਹਨ ਅਤੇ ਇਹ ਗੁਣ ਵੀ ਹਨ, ਮਨੁੱਖ ਅੰਦਰ।

ਮਨੁੱਖੀ ਹੋਂਦ ਲਈ ਅਸੀਂ ਖੁਰਾਕ ਨੂੰ ਸੁਰੱਖਿਆ ਲਈ ਪੇਸ਼ ਕੀਤਾ, ਉੱਥੇ ਘਰ ਵੀ ਉੰਨਾ ਹੀ ਜ਼ਰੂਰੀ ਹੈ ਤੇ ਪਿਆਰ ਵੀ। ਜੇਕਰ ਗੌਰ ਨਾਲ ਦੇਖੀਏ ਤਾਂ ਇਹ ਤਿੰਨੋਂ ਹੀ ਇੱਕੋ ਮੁੱਖ ਕੇਂਦਰ ਦਾ ਹਿੱਸਾ ਹਨ। ਪਰ ਫਿਰ ਵੀ ਖੁਰਾਕ ਅਤੇ ਘਰ, ਆਪਣੀ ਹੋਂਦ ਬਰਕਰਾਰ ਰੱਖਣ ਲਈ, ਮਨੁੱਖੀ ਵਿਕਾਸ ਲਈ, ਅੱਗੇ ਵਧਣ ਲਈ, ਸਾਡੇ ਮਹਾਂਮਾਨਵੀ ਜਾਂ ਪਰਮ ਮਨੁੱਖੀ ਪੜਾਅ ਵਲ ਇਕ ਆਧਾਰ ਤਾਂ ਹਨ ਹੀ।

ਅੱਜ ਮਨੁੱਖ ਆਪਣੀਆਂ ਪ੍ਰਾਪਤੀਆਂ ਦੀ ਸੂਚੀ ਵਿਚ ਕਿੰਨਾ ਕੁਝ ਜੋੜਨ ਅਤੇ ਉਸ ਨੂੰ ਵਡਿਆਉਣ ਦੇ ਕਾਬਿਲ ਹੋਇਆ ਹੈ। ਗੁਫ਼ਾਵਾਂ ਦੀ ਤਲਾਸ਼ ਤੋਂ ਲੈ ਕੇ, ਖੁਦ ਗੁਫ਼ਾਵਾਂ ਵਰਗੇ ਘਰਾਂ ਦਾ ਨਿਰਮਾਣ ਕਰਨ ਤੋਂ ਤੁਰਦੇ-ਤੁਰਦੇ ਅਸੀਂ ਮਹਿਲਾਂ ਵਰਗੇ ਘਰ ਸਿਰਜੇ ਹਨ। ਇਹ ਸਭ ਮਨੁੱਖ ਦੀ ਸੁਰੱਖਿਆ ਪ੍ਰਤੀ ਸਮਝ ਦਾ ਨਤੀਜਾ ਹੈ। ਚੰਦਰਮਾ ਅਤੇ ਮੰਗਲ ਗ੍ਰਹਿ ’ਤੇ ਘਰ ਵਸਾਉਣ ਤੋਂ ਲੈ ਕੇ, ਸਮੁੰਦਰ ਵਿਚ ਰਹਿਣ ਦੇ ਸੁਪਨੇ ਮਨੁੱਖ ਨੇ ਹੀ ਲਏ ਹਨ। ਅਜਿਹਾ ਬਹੁਤ ਕੁਝ ਹੈ, ਪਰ ਇਕ ਸੱਚ ਇਹ ਵੀ ਹੈ ਕਿ ਇਕ ਵੱਡੀ ਗਿਣਤੀ ਭੁੱਖਮਰੀ ਦਾ ਸ਼ਿਕਾਰ ਹੈ ਤੇ ਧਰਤੀ ਦੇ ਪਲੰਗ ਤੇ ਅਸਮਾਨ ਨੂੰ ਉੱਪਰ ਲੈ ਕੇ ਸੌਂਦੀ ਹੈ।

ਖੁਰਾਕ ਅਤੇ ਸੁਰੱਖਿਆ ਵਰਗੀਆਂ ਮੂਲਭੂਤ ਲੋੜਾਂ ਦਾ ਰਿਸ਼ਤਾ, ਮਨੁੱਖੀ ਸਰੀਰ ਨੂੰ ਠੀਕ-ਠਾਕ, ਸਿਹਤਮੰਦ ਰੱਖਣ ਤੋਂ ਅੱਗੇ, ਸਰੀਰ ਦੇ ਪ੍ਰਮੱਖ ਅੰਗ ਦਿਮਾਗ ਦੀ ਕਾਰਜ ਕੁਸ਼ਲਤਾ ਨਾਲ ਵੀ ਹੈ। ਉਹੀ ਦਿਮਾਗ ਜਿਸ ਨੇ ਮਨੁੱਖੀ ਸਮਝ ਦੇ ਵਿਕਾਸ ਨਾਲ, ਮਨੁੱਖੀ ਹਿਆਤੀ ਨੂੰ ਵੀ ਵਿਕਸਿਤ ਕੀਤਾ ਹੈ। ਇਹ ਵਿਗਿਆਨਕ ਖੋਜਾਂ ਨੇ ਸਾਹਮਣੇ ਲਿਆਂਦਾ ਹੈ ਕਿ ਖੁਰਾਕ ਦੀ ਘਾਟ, ਦਿਮਾਗ ਦੀ ਕਾਰਗੁਜ਼ਾਰੀ ਨੂੰ ਨੀਵੇਂ ਪੱਧਰ ’ਤੇ ਲੈ ਜਾਂਦੀ ਹੈ। ਮਨੁੱਖੀ ਵਿਕਾਸ ਦੇ ਇਸ ਮਹੱਤਵਪੂਰਨ ਸੋਮੇ ਨੂੰ ਸਾਡੀ ਮੂਲ-ਭੂਤ, ਕੇਂਦਰੀ ਲੋੜ ਹੀ ਪਿਛਾਂਹ ਨੂੰ ਧੱਕ ਰਹੀ ਹੈ।

ਧਰਤੀ ਕਹੀਏ, ਕੁਦਰਤ ਕਹੀਏ, ਉਸਨੇ ਪਹਿਲੋਂ ਇਕ ਢੁੱਕਵਾਂ ਮਾਹੌਲ ਤਿਆਰ ਕੀਤਾ, ਫਿਰ ਜੀਵ ਪੈਦਾ ਕੀਤੇ। ਮਾਂ ਦੀ ਕੁੱਖ ਪਹਿਲਾਂ ਤਿਆਰ ਹੁੰਦੀ ਹੈ, ਬੱਚੇ ਨੂੰ ਸਾਂਭਣ ਲਈ, ਮਾਂ ਦੀਆਂ ਛਾਤੀਆਂ ਵਿਚ ਦੁੱਧ ਬਣਦਾ ਤੇ ਫਿਰ ਬੱਚਾ ਮਾਂ ਦੀ ਗੋਦ ਵਿਚ ਦਿੱਤਾ ਜਾਂਦਾ ਹੈ। ਇਸ ਸੰਦਰਭ ਵਿਚ ਜਦੋਂ ਅਸੀਂ ਭੁੱਖਮਰੀ ਦੀ ਗੱਲ ਕਰਦੇ ਹਾਂ ਤਾਂ ਹੈਰਾਨਗੀ ਹੁੰਦੀ ਹੈ। ਤੇ ਇਸ ਦੇ ਲਈ ਕੁਦਰਤ ਨੂੰ ਬਿਲਕੁਲ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਜਦੋਂ ਅਸੀਂ ਭੁੱਖਮਰੀ ਦੀਆਂ ਵਿਸ਼ਲੇਸ਼ਣੀ ਖੋਜਾਂ ਵਲ ਜਾਂਦੇ ਹਾਂ ਤਾਂ ਸਾਨੂੰ ਪਤਾ ਚਲਦਾ ਹੈ ਕਿ ਦਿਮਾਗ ਦੀ ਕਾਰਗੁਜ਼ਾਰੀ ਤਹਿਤ ਖੁਰਾਕ ਦੇ ਪਹਿਲੂ ਤੋਂ ਕਈ ਨਵੇਂ ਤੱਥ ਸਾਹਮਣੇ ਲਿਆਉਂਦੇ ਹਨ, ਜੋ ਕਿ ਕੁਦਰਤ ਦੀ ਦੇਣ ਨੂੰ ਹੋਰ ਅੱਗੇ ਲੈ ਜਾਣ ਵਾਲੇ ਹਨ। ਖੁਰਾਕ ਦੇ ਪੱਖ ਤੋਂ ਪੈਦਾਵਾਰੀ ਸਾਧਨਾਂ ਅਤੇ ਸਮਾਨ ਦੀ ਘਾਟ ਨਹੀਂ ਹੈ, ਇਹ ਮਨੁੱਖੀ ਵੰਡ ਪ੍ਰਣਾਲੀ ਦਾ ਹੀ ਕਸੂਰ ਹੈ, ਜੋ ਕਿ ਲਗਭਗ ਇਕ ਤਿਹਾਈ ਅਬਾਦੀ ਨੂੰ ਭੁੱਖੇ ਪੇਟ ਸੌਣਾ ਪੈਂਦਾ ਹੈ। ਇਹ ਕੁਦਰਤੀ ਨਹੀਂ, ਸਮਾਜਿਕ ਕਾਰਨਾਂ ਕਰਕੇ ਹੈ। ਇਨ੍ਹਾਂ ਕਾਰਨਾਂ ਬਾਰੇ ਵਿਸਥਾਰ ਵਿਚ ਗੱਲ ਹੋ ਸਕਦੀ ਹੈ ਤੇ ਕਰਨੀ ਬਣਦੀ ਹੈ, ਪਰ ਸਭ ਤੋਂ ਪਹਿਲਾਂ, ਮਹੱਤਵਪੂਰਨ ਸਵਾਲ ਹੈ ਕਿ ਅਸੀਂ ਸਮਝੀਏ ਕਿ ਮਨੁੱਖੀ ਕਾਬਲੀਅਤ ਨੂੰ, ਮਨੁੱਖ ਦੇ ਵਿਕਾਸ ਨੂੰ ਪੁੱਠਾ ਗੇੜ ਦੇਣ ਵਾਲੀ ਗੱਲ ਹੈ, ਜੇਕਰ ਉਸ ਨੂੰ ਭੁੱਖੇ ਰੱਖਿਆ ਜਾਂਦਾ ਹੈ, ਖਾਸਕਰ ਉਸ ਹਾਲਤ ਵਿਚ ਜਦੋਂ ਅਸੀਂ ਇਸ ਕੰਮ ਨੂੰ ਕਰਨ ਦੇ ਸਮਰਥ ਹਾਂ ਕਿ ਕੋਈ ਵੀ ਭੁੱਖਾ ਨਾ ਰਹੇ।

*****

(930)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author